ਪੰਜਾਬ

ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਡੇਂਗੂ ਨੇ ਚਲਾਇਆ ਡੰਗ

Dengue Runs, District, Chief Minister, Dung

ਡੇਂਗੂ ਪੀੜਤਾਂ ਦੀ ਗਿਣਤੀ 450 ‘ਤੇ ਪੁੱਜੀ, ਮਲੇਰੀਆ ਦੇ 20 ਕੇਸ ਆਏ ਸਾਹਮਣੇ

2 ਸਵਾਈਨ ਫਲੂ ਅਤੇ 1 ਚਿਕਨਗੁਨੀਆ ਨਾਲ ਪੀੜਤ

ਪਟਿਆਲਾ, ਖੁਸ਼ਵੀਰ ਤੂਰ

ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਡੇਂਗੂ ਨੇ ਵੱਡੀ ਪੱਧਰ ‘ਤੇ ਡੰਗ ਚਲਾਇਆ ਹੈ। ਆਲਮ ਇਹ ਹੈ ਕਿ ਜ਼ਿਲ੍ਹੇ ਅੰਦਰ ਡੇਂਗੂ ਪੀੜਤਾਂ ਦੀ ਗਿਣਤੀ 450 ‘ਤੇ ਪੁੱਜ ਗਈ ਹੈ। ਇਸ ਦੇ ਨਾਲ ਹੀ ਮਲੇਰੀਆ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 20 ‘ਤੇ ਪੁੱਜ ਗਈ ਹੈ। ਇੱਧਰ ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਤੱਕ 450 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 140 ਕੇਸ ਪੇਂਡੂ ਇਲਾਕਿਆਂ ਨਾਲ ਸਬੰਧਿਤ ਹਨ ਜਦਕਿ 310 ਕੇਸ ਸ਼ਹਿਰੀ ਇਲਾਕਿਆਂ ਦੇ ਲੋਕਾਂ ਵਿੱਚ ਪਾਏ ਗਏ ਹਨ। ਇਸ ਤੋਂ ਇਲਾਵਾ ਮਲੇਰੀਆ ਦੇ 20 ਕੇਸ ਸਾਹਮਣੇ ਆਏ ਹਨ। ਚਿਕਨਗੁਨੀਆ ਦਾ 1 ਕੇਸ ਜਦਕਿ ਸਵਾਈਨ ਫਲੂ ਦੇ 2 ਕੇਸ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਨੇ ਸਭ ਤੋਂ ਵੱਧ ਹੱਲਾ ਬੋਲਿਆ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ ਜਿਆਦਾ ਪਾਈ ਗਈ ਹੈ ਜਦਕਿ ਪੇਂਡੂ ਇਲਾਕਿਆਂ ਵਿੱਚ ਇਹ ਗਿਣਤੀ ਘੱਟ ਹੈ।

ਇੱਧਰ ਸਿਹਤ ਵਿਭਾਗ ਵੱਲੋਂ ਰਾਜਿੰਦਰਾ ਹਸਪਤਾਲ ਵਿਖੇ ਡੇਂਗੂ ਪੀੜਤਾਂ ਦੇ ਇਲਾਜ ਲਈ ਵੱਖਰੀਆਂ ਵਾਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਡੇਂਗੂ ਪੀੜਤਾਂ ਲਈ ਹਰ ਤਰ੍ਹਾਂ ਦੇ ਇਲਾਜ ਦੀ ਗੱਲ ਕਹੀ ਜਾ ਰਹੀ ਹੈ। ਤਾਜਾ ਪਈ ਬਰਸਾਤ ਦੇ ਮੱਦੇਨਜ਼ਰ ਸਿਹਤ ਵਿਭਾਗ ਸਮੇਤ ਹੋਰਨਾਂ ਵਿਭਾਗ ਦੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਲਈ ਜਿੰਮੇਵਾਰ ਕਾਰਨਾਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਡੇਂਗੂ ਨੇ ਆਪਣਾ ਸਭ ਤੋਂ ਵੱਧ ਕਹਿਰ ਢਾਹਿਆ ਸੀ ਅਤੇ ਡੇਂਗੂ ਪੀੜਤਾਂ ਦੀ ਗਿਣਤੀ 2400 ਤੋਂ ਟੱਪ ਗਈ ਸੀ। ਇਸ ਵਾਰ ਵੀ ਤਾਜ਼ਾ ਪਈ ਬਰਸਾਤ ਕਾਰਨ ਡੇਂਗੂ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ ਹੈ ਜੋ ਕਿ ਸਿਹਤ ਵਿਭਾਗ ਲਈ ਪ੍ਰੀਖਿਆ ਦੀ ਘੜੀ ਸਾਬਤ ਹੋ ਸਕਦਾ ਹੈ।

265 ਚਲਾਨ ਕੱਟੇ : ਸਿਵਲ ਸਰਜਨ

ਇਸ ਸਬੰਧੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਡੇਂਗੂ ਵਾਲੇ ਮੱਛਰਾਂ ਦੀ ਰੋਕਥਾਮ ਕਰਨ ਦੌਰਾਨ  265 ਚਲਾਨ ਕੀਤੇ ਗਏ ਹਨ ਅਤੇ ਲੰਘੇ ਐਤਵਾਰ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮ ਵੀ ਵਿੱਢੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣ।

ਸਕੂਲੀ ਵਿਦਿਆਰਥੀਆਂ ਨੂੰ ਪੂਰੇ ਤਨ ਵਾਲੇ ਕੱਪੜੇ ਪਾਉਣ ਦੀ ਸਲਾਹ

ਇੱਧਰ ਵਧੀਕ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਿਵਲ ਸਰਜਨ ਅਤੇ ਸਥਾਨਕ ਸਰਕਾਰਾਂ ਵਿਭਾਗ ਸਮੇਤ ਪੇਂਡੂ ਵਿਕਾਸ ਨਾਲ ਸਬੰਧਿਤ ਅਧਿਕਾਰੀਆਂ ਨੂੰ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਡੇਂਗੂ ਸਮੇਤ ਤਾਜ਼ਾ ਹੋਈ ਬਰਸਾਤ ਦੌਰਾਨ ਮੀਂਹ ਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਦੇ ਬਚਾਅ ਲਈ ਉਚਿਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੂਰੇ ਤਨ ਨੂੰ ਢੱਕਣ ਵਾਲੇ ਕੱਪੜੇ ਪਾਉਣ ਲਈ ਸਲਾਹ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top