ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਘਰ ਦਾ ਮੁੱਕਿਆ ਫਿਕਰ

0
dera followers built a new house for a widow in Punjab

ਡੇਰਾ ਪ੍ਰੇਮੀਆਂ ਕੁੱਝ ਘੰਟਿਆਂ ‘ਚ ਹੀ ਬਦਲੀ ਮਾਤਾ ਦੇ ਖ਼ਸਤਾ ਹਾਲਤ ਘਰ ਦੀ ਦਸ਼ਾ

ਬਰਨਾਲਾ, (ਜਸਵੀਰ ਸਿੰਘ) ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੀਮਾ ਦੀ ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਤੇ ਮਾਮੂਲੀ ਬਾਰਸ਼ ਹੋਣ ਕਾਰਨ ਚਿਉਣ ਲੱਗ ਪੈਂਦੇ ਆਪਣੇ ਘਰ ਦਾ ਫਿਕਰ ਮੁੱਕ ਗਿਆ ਹੈ ਕਿਉਂਕਿ ਬਲਾਕ ਮਹਿਲ ਕਲਾਂ ਦੇ ਡੇਰਾ ਪ੍ਰੇਮੀਆਂ ਨੇ ਕੁੱਝ ਘੰਟਿਆਂ ‘ਚ ਹੀ ਮਾਤਾ ਦੇ ਅਤਿ ਖ਼ਸਤਾ ਹਾਲਤ ਘਰ ਨੂੰ ਢਾਹ ਕੇ ਨਵੇਂ ਸਿਰਿਓਂ ਪਾਉਣ ਸਮੇਤ ਰਸੋਈ ਤੇ ਬਾਥਰੂਮ ਨਵਾਂ ਬਣਾਉਣ ਪਿੱਛੋਂ ਰੰਗ ਰੋਗਨ ਕਰਕੇ ਮਾਤਾ ਨੂੰ ਸੌਂਪ ਦਿੱਤਾ ਹੈ।

ਇਸ ਸਬੰਧੀ ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਬਿਰਧ ਮਾਤਾ ਪ੍ਰੀਤਮ ਕੌਰ ਵਿਧਵਾ ਦਰਬਾਰਾ ਸਿੰਘ ਵਾਸੀ ਚੀਮਾ ਦਾ ਖ਼ਸਤਾ ਹਾਲਤ ਘਰ ਲੰਮੇ ਸਮੇਂ ਤੋਂ ਡਿੱਗਣ ਦੀ ਹਾਲਤ ਵਿੱਚ ਸੀ ਤੇ ਮਾਮੂਲੀ ਮੀਂਹ ਪੈਣ ਕਾਰਨ ਘਰ ਦੀ ਛੱਤ ਥਾਂ ਥਾਂ ਤੋਂ ਚਿਉਣ ਲੱਗ ਪੈਂਦੀ ਸੀ

ਜਿਸ ਕਾਰਨ ਮਾਤਾ ਨੂੰ ਆਪਣੇ ਡਿੰਗੂ ਡਿੰਗੂ ਕਰਦੇ ਘਰ ਕਾਰਨ ਹਰ ਵੇਲੇ ਆਪਣੀ ਜਾਨ ਦੀ ਚਿੰਤਾ ਲੱਗੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਮਾਤਾ ਦੇ ਘਰਵਾਲੇ ਦੀ ਤਕਰੀਬਨ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਪਿੱਛੋਂ ਮਾਤਾ ਆਪਣੇ ਘਰ ਦਾ ਗੁਜਾਰਾ ਲੋਕਾਂ ਦੇ ਘਰਾਂ ‘ਚ ਥੋੜ੍ਹਾ- ਬਹੁਤਾ ਕੰਮਕਾਰ ਕਰਕੇ ਚਲਾਉਂਦੀ ਹੈ ਤੇ ਆਪਣਾ ਘਰ ਦੀ ਛੱਤ ਬਦਲਣ ‘ਚ ਵੀ ਅਸਮਰੱਥ ਸੀ।

ਬਲਾਕ ਭੰਗੀਦਾਸ ਨੇ ਦੱਸਿਆ ਕਿ ਆਪਣੇ ਖ਼ਸਤਾ ਹਾਲਤ ਆਪਣੇ ਘਰ ‘ਚ ਇਕੱਲੀ ਰਹਿ ਰਹੀ ਮਾਤਾ ਨੇ ਪਿੰਡ ਦੇ ਹੀ ਪੰਦਰਾਂ ਮੈਂਬਰ ਮਲਕੀਤ ਸਿੰਘ ਇੰਸਾਂ ਰਾਹੀਂ ਬਲਾਕ ਮਹਿਲ ਕਲਾਂ ਦੀ ਬਲਾਕ ਕਮੇਟੀ ਕੋਲ ਆਪਣੇ ਘਰ ਨੂੰ ਢਾਹ ਕੇ ਨਵੇਂ ਸਿਰਿਓਂ ਬਣਾਉਣ ਦੀ ਮੰਗ ਕੀਤੀ ਸੀ ਜਿਸ ‘ਤੇ ਸਮੂਹ ਜਿੰਮੇਵਾਰਾਂ ਦੁਆਰਾ ਵਿਚਾਰ ਕਰਨ ਪਿੱਛੋਂ ਅੱਜ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦਿਆਂ ਬਲਾਕ ਦੀ ਸਮੂਹ ਸੰਗਤ ਦੇ ਭਰਵੇਂ ਸਹਿਯੋਗ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕੁੱਝ ਕੁ ਘੰਟਿਆਂ ਦੇ ਅੰਦਰ ਹੀ ਮਾਤਾ ਦੇ ਘਰ ਦੀ ਛੱਤ ਬਦਲਣ ਤੋਂ ਇਲਾਵਾ ਮਾਤਾ ਨੂੰ ਇੱਕ ਰਸੋਈ ਤੇ ਇੱਕ ਬਾਥਰੂਮ ਵੀ ਬਣਾ ਕੇ ਦਿੱਤਾ ਹੈ। ਸੇਵਾਦਾਰਾਂ ਨੇ ਨਵੇਂ ਸਿਰਿਓਂ ਤਿਆਰ ਕੀਤੇ ਨਵੇਂ ਘਰ ਨੂੰ ਰੰਗ ਰੋਗਨ ਕਰਕੇ ਮਾਤਾ ਪ੍ਰੀਤਮ ਕੌਰ ਨੂੰ ਸੌਂਪ ਦਿੱਤਾ ਹੈ।

ਇੰਨ੍ਹਾਂ ਨੇ ਨਿਭਾਈ ਮਿਸਤਰੀਆਂ ਦੀ ਸੇਵਾ

ਆਪਣੇ ਕੀਮਤੀ ਘਰੇਲੂ ਰੁਝੇਵਿਆਂ ਨੂੰ ਇੱਕ ਪਾਸੇ ਰੱਖ ਕੇ ਜਗਰੂਪ ਸਿੰਘ ਇੰਸਾਂ ਤੇ ਗੁਰਪ੍ਰੀਤ ਸਿੰਘ ਇੰਸਾਂ ਕੈਰੇ, ਦਲਜੀਤ ਦੱਲੀ ਇੰਸਾਂ ਚੀਮਾ, ਰਜਿੰਦਰ ਇੰਸਾਂ ਤੇ ਕਰਮਜੀਤ ਕਰਮਾ ਇੰਸਾਂ ਮਹਿਲ ਕਲਾਂ ਤੇ ਮਲਕੀਤ ਸਿੰਘ ਠੀਕਰੀਵਾਲਾ ਨੇ ਮਿਸਤਰੀਆਂ ਵਜੋਂ ਇਸ ਮਹਾਨ ਕਾਰਜ਼ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ।

ਇਸ ਮੌਕੇ ਬਲਾਕ ਮਹਿਲ ਕਲਾਂ ਦੇ ਨਾਥ ਸਿੰਘ ਮਹਿਲ ਕਲਾਂ, ਮਲਕੀਤ ਸਿੰਘ ਚੀਮਾ, ਇਕਵਾਲ ਸਿੰਘ ਛੀਨੀਵਾਲ, ਗੁਰਚਰਨ ਸਿੰਘ ਮਹਿਲ ਕਲਾਂ,ਜਸਵਿੰਦਰ ਸਿੰਘ ਬੀਹਲਾ, ਗੋਲਡੀ ਮੱਲੀਆਂ ਆਦਿ ਜਿੰਮੇਵਾਰਾਂ ਤੋਂ ਇਲਾਵਾ ਭੰਗੀਦਾਸ ਧਰਮਪਾਲ ਇੰਸਾਂ ਚੀਮਾ, ਗੁਰਮੇਲ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਅਜੈਬ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ ਤੇ ਕਾਕਾ ਸਿੰਘ ਇੰਸਾਂ ਚੀਮਾ, ਗੁਰਦੇਵ ਸਿੰਘ ਇੰਸਾਂ ਨਾਈਵਾਲਾ, ਸੂਬੇਦਾਰ ਜਾਗਰ ਸਿੰਘ ਠੀਕਰੀਵਾਲਾ, ਦੁੱਲਾ ਸਿੰਘ ਇੰਸਾਂ ਠੀਕਰੀਵਾਲਾ ਆਦਿ ਸੇਵਾਦਾਰਾਂ ਨੇ ਵਧ ਚੜ੍ਹਕੇ ਆਪਣਾ ਸਹਿਯੋਗ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।