ਢਿੱਲੋਂ ਹੀ ਰਹਿ ਗਏ ਸੰਗਰੂਰ ਤੋਂ ਕੇਵਲ, ਮਨੀਸ਼ ਤਿਵਾੜੀ ਨੂੰ ਆਨੰਦਪੁਰ ਸਾਹਿਬ

0
Dhillon, Sangrur, ManishTewari, AnandpurSahib

ਬਠਿੰਡਾ ਤੇ ਫਿਰੋਜ਼ਪੁਰ ਸੀਟ ‘ਤੇ ਫਸਿਆ ਹੋਇਆ ਐ ਪੇਚ

ਰਾਹੁਲ ਗਾਂਧੀ ਨਾਲ ਅਮਰਿੰਦਰ ਸਿੰਘ ਨੇ ਕੀਤੀ ਮੁਲਾਕਾਤ, 2 ਸੀਟਾਂ ਬਾਰੇ ਹੋਇਆ ਫੈਸਲਾ

ਚੰਡੀਗੜ੍ਹ, ਅਸ਼ਵਨੀ ਚਾਵਲਾ

ਕਾਫ਼ੀ ਜ਼ਿਆਦਾ ਮੱਥਾਪੱਚੀ ਕਰਨ ਤੋਂ ਬਾਅਦ ਸੰਗਰੂਰ ਸੀਟ ਤੋਂ ਕੇਵਲ ਸਿੰਘ ਢਿੱਲੋਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਉਹ ਸੰਗਰੂਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਤੇ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਕਾਂਗਰਸ ਦੇ ਉਮੀਦਵਾਰ ਹੋਣਗੇ। ਪੰਜਾਬ ਦੀਆਂ 13 ਸੀਟਾਂ ਵਿੱਚੋਂ ਪਹਿਲਾਂ ਹੀ 9 ਉਮੀਦਵਾਰਾਂ ਦਾ ਸਾਹਮਣਾ ਕਰ ਦਿੱਤਾ ਗਿਆ ਸੀ ਪਰ 4 ਸੀਟਾਂ ‘ਤੇ ਸਹਿਮਤੀ ਨਹੀਂ ਹੋ ਰਹੀ ਸੀ, ਜਿਸ ਵਿੱਚੋਂ 2 ਸੀਟਾਂ ‘ਤੇ ਵੀਰਵਾਰ ਨੂੰ ਸਥਿਤੀ ਸਪਸ਼ਟ ਕਰ ਦਿੱਤੀ ਗਈ ਹੈ, ਬਠਿੰਡਾ ਅਤੇ ਫਿਰੋਜ਼ਪੁਰ ਸੀਟ ਸਬੰਧੀ ਪੇਚ ਫਸਿਆ ਹੋਇਆ ਹੈ।

ਕੇਵਲ ਸਿੰਘ ਢਿੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਸੰਗਰੂਰ ਸੀਟ ਤੋਂ ਆਪਣੀ ਤਿਆਰੀ ਵੀ ਕਰ ਰਹੇ ਸਨ ਪਰ ਇਸ ਸੀਟ ਤੋਂ ਕਾਂਗਰਸ ਪਾਰਟੀ ਕਿਸੇ ਹਿੰਦੂ ਚਿਹਰੇ ਨੂੰ ਉਤਾਰਨਾ ਚਾਹੁੰਦੀ, ਜਿਸ ਕਾਰਨ ਸੰਗਰੂਰ ਸੀਟ ਦੇ ਐਲਾਨ ‘ਚ ਦੇਰੀ ਹੋ ਰਹੀਂ ਸੀ। ਸੰਗਰੂਰ ਸੀਟ ਤੋਂ ਟਿਕਟ ਮੰਗ ਰਹੇ ਕੇਵਲ ਸਿੰਘ ਢਿੱਲੋਂ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਿਫ਼ਾਰਸ਼ ਕਰਨ ਵਿੱਚ ਲੱਗੇ ਹੋਏ ਸਨ ਪਰ ਕਾਂਗਰਸ ਪਾਰਟੀ ਇਸ ਸਿਫ਼ਾਰਸ਼ ਦੇ ਬਾਵਜ਼ੂਦ ਕਿਸੇ ਹਿੰਦੂ ਚਿਹਰੇ ਦੀ ਭਾਲ ਵਿੱਚ ਲਗੀ ਹੋਈ ਸੀ।  ਵੀਰਵਾਰ ਨੂੰ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਸੀਟਾਂ ਬਾਰੇ ਫੈਸਲਾ ਲੈਣ ਬਾਰੇ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਅਤੇ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਬਾਰੇ ਹਰੀ ਝੰਡੀ ਦੇ ਦਿੱਤੀ ਗਈ ।

ਮਨੀਸ ਤਿਵਾੜੀ ਨੂੰ ਰਾਹੁਲ ਗਾਂਧੀ ਟਿਕਟ ਨਹੀਂ ਦੇਣਾ ਚਾਹੁੰਦੇ ਸਨ, ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਉਹ ਚੋਣ ਮੈਦਾਨ ਵਿੱਚੋਂ ਭੱਜ ਗਏ ਸਨ ਅਤੇ ਇਸ ਗੱਲ ਦੀ ਨਰਾਜ਼ਗੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿੱਚ ਸੀ ਪਰ ਮਨੀਸ਼ ਤਿਵਾੜੀ ਲਈ ਵੀ ਅਮਰਿੰਦਰ ਸਿੰਘ ਹੀ ਜ਼ੋਰ ਲਾ ਰਹੇ, ਜਿਸ ਕਾਰਨ ਸ੍ਰੀ ਤਿਵਾੜੀ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।