ਕਿਸਾਨਾਂ ਨੂੰ 2600 ਕਰੋੜ ਰੁਪਏ ਦੀ ਹੋਈ ਸਿੱਧੀ ਅਦਾਇਗੀ: ਆਸ਼ੂ

0
2620

ਮੰਡੀਆਂ ’ਚ 54 ਲੱਖ ਮੀਟਰਕ ਟਨ ਕਣਕ ਦੀ ਹੋਈ ਆਮਦ, 50 ਲੱਖ ਮੀਟਿ੍ਰਕ ਟਨ ਖਰੀਦ ਕੀਤੀ

ਅਸ਼ਵਨੀ ਚਾਵਲਾ, ਚੰਡੀਗੜ।

ਪੰਜਾਬ ਰਾਜ ਦੇ ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਅੱਜ ਤੱਕ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ) ਸਕੀਮ ਤਹਿਤ 2600 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਕਤ ਜਾਣਕਾਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਇਥੇ ਦਿੱਤੀ ਗਈ। ਉਨਾਂ ਦੱਸਿਆ ਕਿ ਬੀਤੇ ਕੱਲ ਤੱਕ 1141 ਕਰੋੜ ਰੁਪਏ ਦੀਆਂ ਅਦਾਇਗੀਆਂ ਕਰ ਦਿੱਤੀਆਂ ਗਈਆਂ ਸਨ, 1500 ਕਰੋੜ ਰੁਪਏ ਅੱਜ ਤੱਕ ਕਲੀਅਰ ਹੋ ਗਏ ਹਨ ਅਤੇ ਭਲਕ ਤੱਕ ਕੁੱਲ 4200 ਕਰੋੜ ਰੁਪਏ ਦੀਆਂ ਅਦਾਇਗੀਆਂ ਨੂੰ ਵੀ ਕਲੀਅਰ ਕਰ ਦਿੱਤਾ ਜਾਵੇਗਾ।

ਭਾਰਤ ਭੂਸ਼ਣ ਆਸ਼ੂ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਉਨਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ 54 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਪਹਿਲਾਂ ਹੀ 50 ਲੱਖ ਮੀਟਿ੍ਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 20 ਲੱਖ ਮੀਟਰਕ ਟਨ ਕਣਕ ਪਹਿਲਾਂ ਹੀ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਚੁਕਾਈ ਕੀਤੀ ਗਈ ਹੈ। ਬਾਰਦਾਨਾ (ਖਾਲੀ ਬੋਰੀਆਂ) ਦੇ ਮੁੱਦੇ ’ਤੇ, ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਅਤੇ ਪੱਛਮੀ ਬੰਗਾਲ ਵਿੱਚ ਚੋਣਾਂ ਦੇ ਕਾਰਨ, ਬਹੁਤ ਸਾਰੀਆਂ ਜੂਟ ਮਿੱਲਾਂ ਬੰਦ ਹਨ, ਜਿਸ ਨਾਲ ਦੇਸ਼ ਭਰ ਵਿੱਚ ਬਾਰਦਾਨੇ ਦੀ ਭਾਰੀ ਕਿੱਲਤ ਆਈ ਹੈ।

ਉਨ੍ਹਾਂ ਕਿਹਾ ਕਿ ਉਨਾਂ ਇਹ ਮੁੱਦਾ ਭਾਰਤ ਦੇ ਜੂਟ ਕਮਿਸ਼ਨਰ ਕੋਲ ਵੀ ਚੁੱਕਿਆ ਸੀ, ਪਰ ਉਹ ਪੰਜਾਬ ਸੂਬੇ ਦੀ ਮਦਦ ਕਰਨ ਵਿੱਚ ਅਸਫਲ ਰਹੇ। ਉਨਾਂ ਕਿਹਾ ਕਿ ਸ਼ੁਰੂ ਵਿਚ ਬਾਰਦਾਨੇ ਦੀ ਕੁਝ ਘਾਟ ਸੀ, ਪਰ ਹੁਣ ਮਾਮਲਾ ਸੁਲਝ ਗਿਆ ਹੈ। ਉਨਾਂ ਕਿਹਾ ਕਿ 12 ਅਪ੍ਰੈਲ, 2021 ਨੂੰ ਭਾਰਤ ਸਰਕਾਰ ਨੇ ਆੜਤੀਆਂ ਦੁਆਰਾ ਵਰਤੇ ਗਏ ਬਰਦਾਨੇ ਦੀ ਵਰਤੋਂ ਲਈ ਸੂਬਾ ਸਰਕਾਰ ਨੂੰ ਇਜਾਜ਼ਤ ਦੇ ਦਿੱਤੀ ਸੀ, ਜਿਸ ਲਈ 41.90 ਰੁਪਏ ਪ੍ਰਤੀ ਬੋਰੀ ਮੁੱਲ ਤੈਅ ਕੀਤਾ ਗਿਆ ਹੈ। ਭਾਰਤ ਭੂਸ਼ਣ ਆਸ਼ੂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਦਾ ਸਿਆਸੀਕਰਨ ਨਾ ਕਰਨ ਉਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਅਤੇ ਆੜਤੀਏ (ਕਮਿਸ਼ਨ ਏਜੰਟ) ਦੋਵੇਂ ਹੀ ਚੱਲ ਰਹੀ ਕਣਕ ਦੀ ਖਰੀਦ ਤੋਂ ਖੁਸ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।