ਵਰਦਾਨ ਬਣ ਸਕਦੀ ਹੈ ਮਜ਼ਬੂਰੀ ‘ਚ ਕੀਤੀ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ!

0

ਵਰਦਾਨ ਬਣ ਸਕਦੀ ਹੈ ਮਜ਼ਬੂਰੀ ‘ਚ ਕੀਤੀ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ!

ਕੋਰੋਨਾ ਵਾਇਰਸ ਨੇ ਸੰਸਾਰ ਦੇ ਹਰ ਕੋਨੇ ‘ਚ ਹਰ ਖੇਤਰ ‘ਤੇ ਆਪਣਾ ਪ੍ਰਭਾਵ ਛੱਡਿਆ ਹੈ ਸ਼ਾਇਦ ਹੀ ਕੋਈ ਮੁਲਕ ਹੋਵੇ ਜਿਸ ਦੀ ਆਰਥਿਕਤਾ ਦੀਆਂ ਚੂਲਾਂ ਨਾ ਹਿੱਲੀਆਂ ਹੋਣ ਵਿਕਸਤ ਮੁਲਕਾਂ ਦੇ ਮੁਕਾਬਲੇ ਵਿਕਾਸਸ਼ੀਲ ਅਤੇ ਪੱਛੜੇ ਮੁਲਕਾਂ ਦੇ ਹਾਲਤ ਜ਼ਿਆਦਾ ਨਾਜ਼ੁਕ ਬਣੇ ਹੋਏ ਹਨ ਕਿੰਨੇ ਹੀ ਮੁਲਕਾਂ ‘ਚ ਲੋਕ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ ਹਨ।

ਮਜ਼ਦੂਰਾਂ ਦੀ ਹਾਲਤ ਅਤਿ ਨਾਜ਼ੁਕ ਬਣੀ ਹੋਈ ਹੈ। ਮਜ਼ਦੂਰਾਂ ਦੇ ਮਾਮਲੇ ‘ਚ ਸਾਡੇ ਆਪਣੇ ਮੁਲਕ ਦੇ ਹਾਲਤ ਵੀ ਬਹੁਤੇ ਸੁਖਾਵੇਂ ਨਹੀਂ ਹਨ। ਪੱਛੜੇ ਸੂਬਿਆਂ ਤੋਂ ਹੋਰਨਾਂ ਸੂਬਿਆਂ ‘ਚ ਕਿਰਤ ਦੇ ਮਕਸਦ ਨਾਲ ਆਏ ਪ੍ਰਵਾਸੀ ਮਜ਼ਦੂਰਾਂ ਨੇ ਘਰਾਂ ਵੱਲ ਅਜਿਹੀਆਂ ਵਾਪਸੀਆਂ ਕੀਤੀਆਂ ਕਿ ਕਈਆਂ ਨੂੰ ਘਰ ਨਸੀਬ ਹੀ ਨਹੀਂ ਹੋ ਸਕੇ। ਕਈ ਵਿਚਾਰੇ ਮਾੜੇ ਹਾਲਾਤਾਂ ਦੇ ਮਾਰੇ ਰਸਤੇ ‘ਚ ਹੀ ਦਮ ਤੋੜ ਗਏ। ਸਭ ਤੋਂ ਦੁਖਦ ਗੱਲ ਇਹ ਹੈ ਕਿ ਘਰਾਂ ਵੱਲ ਪਰਤਣ ਵਾਲੇ ਇਹਨਾਂ ਮਜ਼ਦੂਰਾਂ ਦੇ ਉੱਥੇ ਦੇ ਹਾਲਾਤ ਹਿਜ਼ਰਤ ਵਾਲੇ ਖੇਤਰਾਂ ਨਾਲੋਂ ਵੀ ਕਿਤੇ ਜ਼ਿਆਦਾ ਬਦਤਰ ਹਨ।

ਪ੍ਰਵਾਸੀ ਮਜ਼ਦੂਰ ਪ੍ਰਮੁੱਖ ਤੌਰ ‘ਤੇ ਉਦਯੋਗਿਕ ਤੇ ਖੇਤੀ ਖੇਤਰ ‘ਚ ਕਿਰਤ ਕਰਨ ਦੇ ਮਨੋਰਥ ਨਾਲ ਘਰਾਂ ਤੋਂ ਦੂਰ ਜਾਂਦੇ ਹਨ। ਪੰਜਾਬ ਵਿੱਚ ਜ਼ਿਆਦਾ ਮਜਦੂਰ ਖੇਤੀ ਖੇਤਰ ‘ਚ ਕੰਮ ਕਰਨ ਲਈ ਆਉਂਦੇ ਹਨ। ਪੰਜਾਬ ‘ਚ ਝੋਨੇ ਦੀ ਖੇਤੀ ਦੀ ਆਮਦ ਹੋਣ ਨਾਲ ਝੋਨੇ ਦੀ ਫਸਲ ਦਾ ਸਾਰਾ ਦਾਰੋਮਦਾਰ ਹੀ ਇਹਨਾਂ ਪਰਵਾਸੀ ਮਜ਼ਦੂਰਾਂ ਦੇ ਸਿਰਾਂ ‘ਤੇ ਅਟਕ ਕੇ ਰਹਿ ਗਿਆ ਹੈ।

ਬੇਸ਼ੱਕ ਸਾਡੇ ਸਥਾਨਕ ਮਜਦੂਰਾਂ ਵੱਲੋਂ ਵੀ ਝੋਨਾ ਲਗਾਇਆ ਜਾਂਦਾ ਹੈ ਪਰ ਪ੍ਰਵਾਸੀ ਮਜ਼ਦੂਰਾਂ ਵਾਲੀ ਫੁਰਤੀ ਅਤੇ ਹੁਨਰ ਇਹਨਾਂ ਕੋਲ ਨਜ਼ਰ ਨਹੀਂ ਆਉਂਦਾ। ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ ‘ਚ ਵਾਪਸੀ ਨਾਲ ਝੋਨੇ ਦੀ ਲਵਾਈ ਦੀਆਂ ਬਰੂਹਾਂ ‘ਤੇ ਖੜ੍ਹੇ ਕਿਸਾਨਾਂ ਲਈ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਸਥਾਨਕ ਮਜ਼ਦੂਰਾਂ ਨਾਲ ਕਈ ਥਾਵਾਂ ‘ਤੇ ਲੁਆਈ ਦੇ ਰੇਟਾਂ ‘ਤੇ ਸਹਿਮਤੀ ਦੀ ਸਮੱਸਿਆ ਵੀ ਆ ਰਹੀ ਹੈ। ਰੇਟ ਤੋਂ ਇਲਾਵਾ ਸਥਾਨਕ ਮਜ਼ਦੂਰਾਂ ਦੀ ਘੱਟ ਨਫਰੀ ਅਤੇ ਘੱਟ ਫੁਰਤੀ ਦੇ ਚੱਲਦਿਆਂ ਵੀ ਸਮੁੱਚੇ ਰਕਬੇ ‘ਚ ਲੁਆਈ ਕਰ ਸਕਣਾ ਸਥਾਨਕ ਮਜ਼ਦੂਰਾਂ ਦੇ ਵੱਸ ਦੀ ਗੱਲ ਨਹੀਂ ਹੈ।

ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਨਾਲ ਝੋਨੇ ਦੀ ਲੁਆਈ ਦੇ ਰੇਟਾਂ ‘ਚ ਆਈ ਤੇਜ਼ੀ ਤੇ ਮਜ਼ਦੂਰਾਂ ਦੀ ਗਿਣਤੀ ਘੱਟ ਹੋਣ ਦੀ ਮਜ਼ਬੂਰੀ ਦੇ ਚੱਲਦਿਆਂ ਕਿਸਾਨਾਂ ਨੇ ਵੱਡੀ ਗਿਣਤੀ ‘ਚ ਝੋਨੇ ਦੀ ਲੁਆਈ ਦੀ ਬਜਾਏ ਬਿਜਾਈ ਕਰਨ ਦਾ ਮਨ ਬਣਾ ਲਿਆ ਹੈ ਖੇਤਾਂ ‘ਚ ਟਰੈਕਟਰਾਂ ਪਿੱਛੇ ਚੱਲਦੀਆਂ ਮਸ਼ੀਨਾਂ ਕਣਕ ਦੀ ਬਿਜਾਈ ਵਾਂਗ ਹੀ ਝੋਨੇ ਦੀ ਬਿਜਾਈ ਕਰਦੀਆਂ ਨਜ਼ਰ ਆ ਰਹੀਆਂ ਹਨ।

ਕਿਸਾਨਾਂ ਲਈ ਝੋਨੇ ਦੀ ਬਿਜਾਈ ਦਾ ਇਹ ਤਰੀਕਾ ਨਵਾਂ ਹੋਣ ਕਾਰਨ ਸਿੱਧੀ ਬਿਜਾਈ ਕਰਦੇ ਕਿਸਾਨ ਕਿਤੇ ਨਾ ਕਿਤੇ ਖੌਫ ਵਿੱਚ ਵੀ ਵਿਖਾਈ ਦੇ ਰਹੇ ਹਨ ਬਹੁਗਿਣਤੀ ਕਿਸਾਨਾਂ ਨੂੰ ਸਿੱਧੀ ਬਿਜਾਈ ਰਾਹੀਂ ਝੋਨੇ ਦਾ ਝਾੜ ਘਟਣ ਦਾ ਵੀ ਤੌਖਲ਼ਾ ਹੈ ਜਦਕਿ ਮਾਹਿਰਾਂ ਵੱਲੋਂ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵਧਣ ਦੀ ਗੱਲ ਕਹੀ ਜਾ ਰਹੀ ਹੈ ਝੋਨੇ ਦੀ ਲੁਆਈ ਵਿੱਚ ਆ ਰਹੀ ਸਮੱਸਿਆ ਅਤੇ ਸਿੱਧੀ ਬਿਜਾਈ ਦੇ ਝਾੜ ਪ੍ਰਤੀ ਤੌਖਲਿਆਂ ਦੇ ਚੱਲਦਿਆਂ ਕਈ ਖੇਤਰਾਂ ‘ਚ ਜ਼ਮੀਨਾਂ ਦੇ ਠੇਕਿਆਂ ਬਾਰੇ ਵੀ ਵਿਵਾਦ ਖੜ੍ਹੇ ਹੋਣ ਦੀਆਂ ਖਬਰਾਂ ਹਨ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਦੀ ਤਕਨੀਕ ਤਕਰੀਬਨ ਪੰਜ ਵਰੇ ਪਹਿਲਾਂ ਦੋ ਹਜ਼ਾਰ ਪੰਦਰਾਂ ਵਿੱਚ ਝੋਨੇ ਦੀ ਲੁਆਈ ਦੇ ਰਵਾਰਿਤੀ ਤਰੀਕੇ ਨਾਲ ਵਾਤਾਵਰਨ ਅਤੇ ਪਾਣੀ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਅਮਲ ਵਿੱਚ ਲਿਆਂਦੀ ਗਈ ਸੀ ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਲਈ ਜ਼ਮੀਨ ਤਿਆਰ ਕਰਨ ‘ਤੇ ਰਵਾਇਤੀ ਤਰੀਕੇ ਨਾਲ ਲੁਆਈ ਕਰਨ ਨਾਲੋਂ ਕਈ ਗੁਣਾ ਘੱਟ ਖਰਚਾ ਆਉਂਦਾ ਹੈ ਸਿੱਧੀ ਬਿਜਾਈ ਵਾਲੀ ਫਸਲ ‘ਚ ਨਦੀਨਾਂ ਦੀ ਸਮੱਸਿਆ ਦੇ ਖਾਤਮੇ ਲਈ ਵੀ ਕਿਸਾਨਾਂ ਵੱਲੋਂ ਖੁਦ ਅਤੇ ਮਾਹਿਰਾਂ ਵੱਲੋਂ ਹਲ ਤਲਾਸ਼ੇ ਜਾ ਰਹੇ ਹਨ

ਬਿਜਾਈ ਤੋਂ ਪਹਿਲਾਂ ਪਾਣੀ ਲੱਗੀ ਜਮੀਨ ਨੂੰ ਵਾਹ ਕੇ ਨਦੀਨਾਂ ਦੇ ਉੱਗਣ ਲਈ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਤੇ ਨਦੀਨਾਂ ਦੇ ਉੱਗ ਜਾਣ ਤੋਂ ਬਾਅਦ ਫਿਰ ਤੋਂ ਪਾਣੀ ਲਗਾ ਕੇ ਨਦੀਨਾਂ ਨੂੰ ਵਿੱਚੇ ਹੀ ਵਾਹ ਕੇ ਨਸ਼ਟ ਕਰ ਦਿੱਤਾ ਜਾਂਦਾ ਹੈ। ਤਰ ਵੱਤਰ ਹੋਈ ਜ਼ਮੀਨ ਵਿੱਚ ਮਸ਼ੀਨ ਨਾਲ ਝੋਨਾ ਬੀਜ ਲਿਆ ਜਾਂਦਾ ਹੈ ਅਤੇ ਨਦੀਨ ਹੋਣ ਦੀ ਰਹਿੰਦੀ ਗੁੰਜਾਇਸ਼ ਨੂੰ ਨਦੀਨ ਨਾਸ਼ਕ ਦਵਾਈਆਂ ਦੇ ਇਸਤੇਮਾਲ ਨਾਲ ਖਤਮ ਕਰ ਦਿੱਤੇ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਸਿੱਧੀ ਬਿਜਾਈ ਨਾਲ ਪਾਣੀ ਦੀ ਵੱਡੇ ਪੱਧਰ ‘ਤੇ ਬੱਚਤ ਹੋਵੇਗੀ ਮਾਹਿਰਾਂ ਅਨੁਸਾਰ ਬਿਜਾਈ ਦੇ ਤਕਰੀਬਨ ਇੱਕੀ ਦਿਨਾਂ ਬਾਅਦ ਫਸਲ ਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਹਫਤੇ ਦਸ ਦਿਨਾਂ ਬਾਅਦ ਹੀ ਜ਼ਮੀਨ ਦੀ ਕਿਸਮ ਅਨੁਸਾਰ ਪਾਣੀ ਲਗਾਉਣ ਦੀ ਜਰੂਰਤ ਦੱਸੀ ਜਾ ਰਹੀ ਹੈ।

ਜਿੱਥੇ ਲੁਆਈ ਵਾਲੇ ਝੋਨੇ ‘ਚ ਪਾਣੀ ਦੀ ਮਣਾਂ ਮੂੰਹੀਂ ਖਪਤ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਉੱਥੇ ਸਿੱਧੀ ਬਿਜਾਈ ਵਾਲੀ ਫਸਲ ਲਈ ਪਾਣੀ ਦੀ ਖਪਤ ਅਣਕਿਆਸੇ ਪੱਧਰ ਤੱਕ ਘਟ ਜਾਂਦੀ ਹੈ।ਸਿੱਧੀ ਬਿਜਾਈ ਦੌਰਾਨ ਕੱਦੂ ਨਾ ਹੋਣ ਕਾਰਨ ਝੋਨੇ ਵਾਲੀ ਜ਼ਮੀਨ ਪਾਣੀ ਨੂੰ ਜ਼ਮੀਨ ਹੇਠਾਂ ਜਾਣ ਤੋਂ ਨਹੀਂ ਰੋਕਦੀ।ਪਾਣੀ ਦੇ ਜ਼ਮੀਨ ਹੇਠਾਂ ਜਾਣ ਨਾਲ ਜਿੱਥੇ ਬਰਸਾਤਾਂ ਦਾ ਪਾਣੀ ਜਮੀਨ ਹੇਠ ਪਹੂੰਚ ਕੇ ਜ਼ਮੀਨ ਦੋਜ਼ ਪਾਣੀ ਦਾ ਪੱਧਰ ਸੁਧਾਰੇਗਾ ਉੱਥੇ ਹੀ ਖੇਤਾਂ ‘ਚ ਪਾਣੀ ਖੜਾ ਰਹਿਣ ਕਾਰਨ ਪੈਦਾ ਹੋਣ ਵਾਲੀ ਹੁੰਮਸ ਤੋਂ ਵੀ ਰਾਹਤ ਮਿਲੇਗੀ।

ਅਜਿਹਾ ਹੋਣ ਨਾਲ ਬਰਸਾਤਾਂ ਦੀ ਆਮਦ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਮਜ਼ਦੂਰਾਂ ਦੀ ਕਮੀ ਦੀ ਮਜ਼ਬੂਰੀ ਵੱਸ ਕਿਸਾਨਾਂ ਵੱਲੋਂ ਅਪਣਾਇਆ ਜਾ ਰਿਹਾ ਸਿੱਧੀ ਬਿਜਾਈ ਦਾ ਤਰੀਕਾ ਸੂਬੇ ਲਈ ਵਰਦਾਨ ਸਿੱਧ ਹੋ ਸਕਦਾ ਹੈ।ਸ਼ਾਇਦ ਕੋਰੋਨਾ ਕਹਿਰ ਬਦੌਲ਼ਤ ਪੈਦਾ ਹੋਈ ਮਜ਼ਦੂਰਾਂ ਦੀ ਕਮੀ ਸੂਬੇ ਨੂੰ ਰੇਗਿਸਤਾਨ ਵੱਲ ਜਾਣ ਤੋਂ ਰੋਕਣ ਦਾ ਹੀ ਕੋਈ ਕੁਦਰਤੀ ਵਸੀਲਾ ਹੋਵੇ।
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।