ਸਿਆਸੀ ਰੈਲੀਆਂ ਦਾ ਖਾਮਿਆਜ਼ਾ

0
613

ਸਿਆਸੀ ਰੈਲੀਆਂ ਦਾ ਖਾਮਿਆਜ਼ਾ

ਸਿਆਸੀ ਲਾਪਰਵਾਹੀਆਂ ਦਾ ਨਤੀਜਾ ਕਿਸ ਤਰ੍ਹਾਂ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਸ ਦੀ ਮਿਸਾਲ ਸਾਹਮਣੇ ਆ ਗਈ ਹੈ ਬੰਗਾਲ, ਅਸਾਮ ਸਮੇਤ ਪੰਜ ਰਾਜਾਂ ’ਚ ਸਿਆਸੀ ਪਾਰਟੀਆਂ ਨੇ ਰੱਜ ਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਤੇ ਹੁਣ ਇਹਨਾਂ ਰਾਜਾਂ ’ਚ ਕੋਰੋਨਾ ਮਰੀਜ਼ਾਂ ਦੀ ਰਫ਼ਤਾਰ ਨੂੰ ਵੀ ਖੰਭ ਲੱਗ ਗਏ ਹਨ ਇਹ ਰੈਲੀਆਂ ਉਦੋਂ ਹੋਈਆਂ ਜਦੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਕੋਰੋਨਾ ਦੇ ਕੇਸ ਬਹੁਤ ਜ਼ਿਆਦਾ ਵਧਣ ਦੇ ਆਸਾਰ ਹਨ ਇੱਕ ਮੀਡੀਆ ਰਿਪੋਰਟ ਅਨੁਸਾਰ ਸਿਆਸੀ ਰੈਲੀਆਂ ਨਾਲ ਬੰਗਾਲ ’ਚ 420 ਫੀਸਦੀ, ਅਸਾਮ ’ਚ 532 ਫੀਸਦੀ ਤੇ ਤਾਮਿਲਨਾਡੂ 160 ਫੀਸਦੀ ਕੇਸ ਵਧੇ ਹਨ ਤੇ ਮੌਤਾਂ ’ਚ 45 ਫੀਸਦੀ ਇਜ਼ਾਫ਼ਾ ਹੋਇਆ ਹੈ ਸੱਤਾ ਦੀ ਜੰਗ ’ਚ ਸਿਆਸੀ ਆਗੂ ਇਹ ਭੁੱਲ ਗਏ ਸਨ ਕਿ ਕੋਰੋਨਾ ਅਜੇ ਗਿਆ ਨਹੀਂ ਪਾਰਟੀਆਂ ਨੇ ਇੱਕ-ਦੂਜੇ ਤੋਂ ਵੱਧ ਇਕੱਠ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ

ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਆਗੂ ਪਿਛਲੇ ਸਾਲ ਲਾਕਡਾਊਨ ’ਚ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਹੱਥ ਜੋੜਦੇ ਨਜ਼ਰ ਆਉਂਦੇ ਸਨ ਉਹੀ ਆਗੂ ਹਜ਼ਾਰਾਂ, ਲੱਖਾਂ ਦੀ ਭੀੜ ’ਚ ਉੱਚੀ-ਉੱਚੀ ਭਾਸ਼ਣ ਦਿੰਦੇ ਨਜ਼ਰ ਆਏ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਹੀ ਕੁਝ ਹੋਇਆ ਜਦੋਂ ਸਿਆਸੀ ਪਾਰਟੀਆਂ ਨੇ ਆਪਣੇ ਰੋਡ ਸ਼ੋਅ ’ਤੇ ਇਕੱਠਾਂ ਦੀਆਂ ਤਸਵੀਰਾਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਇਹੀ ਦ੍ਰਿਸ਼ ਦੇਸ਼ ’ਚ ਕੋਰੋਨਾ ਕਾਰਨ ਸਭ ਤੋਂ ਵੱਧ ਮੌਤ ਦਰ ਵਾਲੇ ਸੂਬੇ ਪੰਜਾਬ ’ਚ ਫ਼ਰਵਰੀ ਮਹੀਨੇ ’ਚ ਵੇਖਣ ਨੂੰ ਮਿਲੇ ਜਦੋਂ ਸ਼ਹਿਰੀ ਚੋਣਾਂ ’ਚ ਸਾਰੀਆਂ ਪਾਰਟੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ

ਸੜਕਾਂ ’ਤੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟਣ ਵਾਲੀ ਪੁਲਿਸ ਨੇ ਕਿਸੇ ਵੀ ਪਾਰਟੀ ਦੇ ਆਗੂ ਨੂੰ ਹੱਥ ਨਹੀਂ ਪਾਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇੱਕ-ਦੋ ਰੈਲੀਆਂ ਤੋਂ ਬਾਅਦ ਕੋਰੋਨਾ ਹੋ ਗਿਆ ਤਾਂ ਪਾਰਟੀ ਨੇ ਰੈਲੀਆਂ ਇੱਕ ਵਾਰ ਰੋਕ ਦਿੱਤੀਆਂ ਹੁਣ ਪੰਜਾਬ ’ਚ ਰੋਜ਼ਾਨਾ ਹੀ ਮੇਅਰ/ਪ੍ਰਧਾਨਾਂ ਦੀ ਚੋਣ ਲਈ ਇਕੱਠ ਤਾਂ ਹੋ ਰਹੇ ਹਨ ਪਰ ਰਾਤ ਨੂੰ ਕਰਫ਼ਿਊ ਹੈ

ਉਂਜ ਕੋਰੋਨਾ ਬਹੁਤ ਸਿਆਣਾ ਹੈ ਜੋ ਉਹ ਸਿਆਸੀ ਇਕੱਠਾਂ ਨੂੰ ਤਾਂ ਕੁਝ ਨਹੀਂ ਕਹਿੰਦਾ ਪਰ ਰਾਤ ਨੂੰ ਫੈਲਦਾ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੱਤਾ ਤੇ ਅਹੁਦੇਦਾਰੀਆਂ ਦੇ ਦੌਰ ’ਚ ਨਾਗਰਿਕਾਂ ਦੀ ਸਿਹਤ ਕੋਈ ਕੀਮਤ ਨਹੀਂ ਰੱਖਦੀ ਹੈ ਅਸੀਂ ਪਹਿਲਾਂ ਹੀ ਉਸ ਦੇਸ਼ ਦੇ ਬਾਸ਼ਿੰਦੇ ਹਾਂ ਜਿੱਥੇ ਸਾਵਧਾਨੀਆਂ ਵਰਤਣ ਲਈ ਜਨਤਾ ਨੂੰ ਬੜੀ ਸਖ਼ਤੀ ਨਾਲ ਸਮਝਾਉਣਾ ਪੈਂਦਾ ਹੈ ਉੱਤੋਂ ਸਿਆਸਤਦਾਨ ਵੀ ਲਾਪਰਵਾਹ ਹੋ ਜਾਣ ਫ਼ਿਰ ਰੱਬ ਹੀ ਰਾਖਾ ਹੈ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਕੂਲੀ ਪ੍ਰੀਖਿਆਵਾਂ ਰੱਦ ਕਰਨੀਆਂ ਤਾਂ ਦਰੁਸਤ ਕਦਮ ਹੈ ਪਰ ਕੋਰੋਨਾ ਲਈ ਸਾਵਧਾਨੀਆਂ ਲਾਗੂ ਕਰਨ ਲਈ ਸਿਰਫ਼ ਸਿੱਖਿਆ ਹੀ ਇੱਕੋ-ਇੱਕ ਖੇਤਰ ਨਹੀਂ ਹੈ, ਸਿਆਸੀ ਆਗੂਆਂ ’ਤੇ ਵੀ ਨਿਯਮ ਲਾਗੂ ਹੋਣੇ ਚਾਹੀਦੇ ਹਨ ਸਿਆਸਤਦਾਨ ਜਨਤਾ ਦੀ ਸਿਹਤ ਨਾਲ ਖਿਲਵਾੜ ਨਾ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.