ਸਰਕਾਰੇ ਦਰਬਾਰੇ ਸੁਣਵਾਈ ਨਾ ਹੋਣ ਤੋਂ ਨਿਰਾਸ਼ ਬਜ਼ੁਰਗ ਪਾਣੀ ਵਾਲੀ ਟੈਂਕੀ ’ਤੇ ਚੜਿਆ

0
73
Disappointed by the Government Sachkahoon

ਸਰਕਾਰੇ ਦਰਬਾਰੇ ਸੁਣਵਾਈ ਨਾ ਹੋਣ ਤੋਂ ਨਿਰਾਸ਼ ਬਜ਼ੁਰਗ ਪਾਣੀ ਵਾਲੀ ਟੈਂਕੀ ’ਤੇ ਚੜਿਆ

ਸਰਪੰਚ, ਪੰਚਾਂ ਸਮੇਤ ਪਿੰਡ ਦੇ ਹੀ 16 ਵਿਅਕਤੀਆਂ ’ਤੇ ਲਗਾਏ ਧੱਕੇਸ਼ਾਹੀ ਦੇੇ ਦੋਸ਼

(ਜਸਵੀਰ ਸਿੰਘ ਗਹਿਲ) ਬਰਨਾਲਾ। ਸਰਕਾਰੇ- ਦਰਬਾਰੇ ਪੁੱਛ ਪੜਤਾਲ ਨਾ ਹੋਣ ਤੋਂ ਖਫ਼ਾ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ) ਦਾ ਇੱਕ 62 ਕੁ ਸਾਲ ਦਾ ਵਿਅਕਤੀ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ’ਤੇ ਜਾ ਚੜਿਆ, ਜਿਸ ਨੂੰ ਮਨਾਉਣ ਲਈ ਪੁਲਿਸ ਤੇ ਸਰਪੰਚ ਵੱਲੋਂ ਬਾਅਦ ਦੁਪਿਹਰ ਤੱਕ ਕੋਸ਼ਿਸਾਂ ਚੱਲਦੀਆਂ ਰਹੀਆਂ।

ਸ਼ਨਿੱਚਰਵਾਰ ਸਵੇਰੇ 10 ਕੁ ਵਜੇ ਹੀ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ- ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਪੁਰਾ (ਨਾਈਵਾਲਾ) ਵਿਖੇ ਪਿੰਡ ਦਾ ਹੀ ਇੱਕ ਬਜ਼ੁਰਗ ਵਿਅਕਤੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਬੈਠ ਗਿਆ। ਜਿਸ ਦਾ ਪਤਾ ਲਗਦਿਆਂ ਹੀ ਸਬੰਧਿਤ ਥਾਣਾ ਸਦਰ ਬਰਨਾਲਾ ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਜਿਸ ਨੇ ਸਬੰਧਿਤ ਵਿਅਕਤੀ ਨੂੰ ਮਨਾ ਕੇ ਟੈਂਕੀ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ ਕੀਤੀ ਪਰ ਅਸਫ਼ਲ ਰਹੀ। ਮੌਜੂਦਾ ਸਰਪੰਚ ਨੇ ਵੀ ਮਿੰਨਤਾਂ ਕੀਤੀਆਂ ਪਰ ਬਜ਼ੁਰਗ ਆਪਣੀ ਮੰਗ ’ਤੇ ਬਜ਼ਿੱਦ ਸੀ। ਟੈਂਕੀ ’ਤੇ ਬੈਠੇ ਚਰਨ ਸਿੰਘ ਪੁੱਤਰ ਕਾਕਾ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ 1975 ’ਚ ਉਸ ਸਮੇਤ ਕੁੱਲ 42 ਜਣਿਆਂ ਨੂੰ 4-4 ਮਰਲੇ ਦੇ ਪਲਾਟ ਦਿੱਤੇ ਸਨ, ਜਿਸ ’ਤੇ ਉਹ ਆਪਣੇ ਡੰਗਰ ਆਦਿ ਬੰਨਣ ਤੋਂ ਇਲਾਵਾ ਬਾਲਣ ਆਦਿ ਰੱਖਦੇ ਸਨ।

Disappointed by the Government

ਪਰ ਮੌਜੂਦਾ ਸਰਪੰਚ ਜਤਿੰਦਰ ਸਿੰਘ ਦੀ ਅਗਵਾਈ ’ਚ ਪੰਚਾਇਤ ਨੇ ਬਿਨਾਂ ਸਹਿਮਤੀ ਉਨ੍ਹਾਂ ਦੇ ਪਲਾਟ ’ਤੇ ਖੇਡ ਗਰਾਊਂਡ ਦੇ ਨਾਲ ਹੀ ਇੱਕ ਸਰਕਾਰੀ ਪਖਾਨਾ ਬਣਾ ਦਿੱਤਾ। ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਤੇ ਉਨ੍ਹਾਂ ਸਰਪੰਚ ਤੇ ਪੰਚਾਇਤ ਦੀ ਇਸ ਧੱਕੇਸ਼ਾਹੀ ਸਬੰਧੀ 25 ਅਕਤੂਬਰ 2021 ਨੂੰ ਲਿਖਤੀ ਦਰਖਾਸਤ ਰਾਹੀਂ ਡੀਸੀ, ਐਸਡੀਐਮ ਤੇ ਸਬੰਧਿਤ ਵਿਭਾਗ ਦੇ ਬੀਡੀਪੀਓ ਆਦਿ ਅਧਿਕਾਰੀਆਂ ਦੇ ਧਿਆਨ ’ਚ ਵੀ ਲਿਆਂਦਾ ਪ੍ਰੰਤੂ ਤਕਰੀਬਨ ਇੱਕ ਮਹੀਨੇ ਦਾ ਸਮਾਂ ਬੀਤ ਜਾਣ ’ਤੇ ਵੀ ਉਨ੍ਹਾਂ ਦੀ ਮੰਗ ’ਤੇ ਕੋਈ ਗੌਰ ਨਹੀਂ ਕੀਤੀ ਗਈ। ਜਦਕਿ ਸਰਪੰਚ ਵੱਲੋਂ ਸਬੰਧਿਤ ਜਗ੍ਹਾ ’ਤੇ ਹਾਲੇ ਵੀ ਕੰਮ ਜਾਰੀ ਰੱਖਿਆ ਹੋਇਆ ਹੈ। ਚਰਨ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਉਹ ਅੱਜ ਪਾਣੀ ਵਾਲੀ ਟੈਂਕੀ ’ਤੇ ਚੜਿਆ ਹੈ, ਜਿੱਥੋਂ ਉਹ ਕੰਮ ਬੰਦ ਕਰਨ ਤੇ ਪਲਾਟ ਵਾਪਸ ਦੇਣ ਦਾ ਲਿਖਤੀ ਭਰੋਸਾ ਮਿਲਣ ’ਤੇ ਹੀ ਹੇਠਾਂ ਉਤਰੇਗਾ। ਚਰਨ ਸਿੰਘ ਨੇ ਆਪਣੇ ਹੱਥ ’ਚ ਫੜਿਆ ਇੱਕ ਹੱਥ ਨੋਟ ਦਿਖਾਉਂਦਿਆਂ ਕਿਹਾ ਕਿ ਮੌਜੂਦਾ ਸਰਪੰਚ, ਤਿੰਨ ਪੰਚਾਂ ਤੇ ਉਨ੍ਹਾਂ ਦੇ ਦੋ ਲੜਕਿਆਂ ਸਮੇਤ 16 ਵਿਅਕਤੀ ਉਸਦੀ ਮੌਤ ਦੇ ਜਿੰਮੇਵਾਰ ਹੋਣਗੇ, ਜਿਨ੍ਹਾਂ ਨੇ ਜੇਸੀਬੀ ਮਸ਼ੀਨ ਨਾਲ ਪਲਾਟ ’ਚੋਂ ਨਿਉਂ ਪੁੱੱਟੀ ਹੈ। ਟੈਂਕੀ ਹੇਠਾਂ ਖੜੇ ਬਿੱਕਰ ਸਿੰਘ, ਗੁਰਮੇਲ ਕੌਰ, ਜਸਪਾਲ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ ਤੇ ਜਮੇਰ ਕੌਰ ਨੇ ਵੀ ਮੌਜੂਦਾ ਸਰਪੰਚ ’ਤੇ ਗੰਭੀਰ ਦੋਸ਼ ਲਗਾਏ।

ਮੌਕੇ ’ਤੇ ਪਹੁੰਚੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਵੱਲੋਂ ਫੋਨ ਰਾਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਪਿੱਛੋਂ ਪ੍ਰਦਰਸ਼ਨਕਾਰੀ ਬਜ਼ੁਰਗ ਨੂੰ ਬਾਅਦ ਦੁਪਿਹਰ ਸਾਢੇ ਕੁ ਤਿੰਨ ਵਜੇ ਪਾਣੀ ਵਾਲੀ ਟੈਂਕੀ ਤੋਂ ਉਤਾਰ ਲਿਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਤਹਿਸੀਲਦਾਰ ਵੱਲੋਂ ਮੌਕੇ ’ਤੇ ਪੁੱਜ ਕੇ ਦਿਵਾਏ ਭਰੋਸੇ ਪਿੱਛੋਂ ਚਰਨ ਸਿੰਘ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਆਇਆ ਹੈ ਤੇ ਇਸੇ ਸਬੰਧ ਵਿੱਚ ਹੀ ਐਸਡੀਐਮ ਬਰਨਾਲਾ ਵਰਜੀਤ ਵਾਲੀਆਂ ਨੇ ਦੋਵਾਂ ਧਿਰਾਂ ਨੂੰ ਸੋਮਵਾਰ ਨੂੰ ਆਪਣੇ ਦਫ਼ਤਰ ਵੀ ਬੁਲਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ