ਵਿਤਕਰਾ

ਵਿਤਕਰਾ

ਇਹ ਕੋਈ ਨਵੀਂ ਗੱਲ ਨਹੀਂ ਸੀ। ਵਿਤਕਰਾ ਤਾਂ ਉਹਦੇ ਨਾਲ ਜਨਮ ਤੋਂ ਬਾਅਦ ਉਦੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਉਹਦੀ ਜੰਮਣ ਵਾਲੀ ਉਹਦੇ ਦੂਜੇ ਭਰਾ ਨੂੰ ਦੁੱਧ ਚੁੰਘਾਉਂਦੀ ਰਹਿੰਦੀ ਤੇ ਉਹ ਇੱਕ ਪਾਸੇ ਪਿਆ ਵਿਲਕਦਾ ਰਹਿੰਦਾ। ਮਾਸੀ ਦਸਦੀ ਹੁੰਦੀ ਸੀ ਕਿ ਦਸ-ਪੰਦਰਾਂ ਦਿਨਾਂ ਤੱਕ ਤਾਂ ਇਉਂ ਹੀ ਚਲਦਾ ਰਿਹਾ। ਜਦੋਂ ਉਹਦਾ ਚੀਕਣਾ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਤਾਂ ਮਾਂ ਫੇਰ ਕਿਤੇ ਜਾ ਕੇ ਉਹਦੀ ਭੁੱਖ ਮਿਟਾਉਣ ਜੋਗਾ ਦੁੱਧ ਚੁੰਘਾ ਦਿੰਦੀ ਤੇ ਬੱਸ ਫਿਰ ਸਭ ਸ਼ਾਂਤ ਹੋ ਜਾਂਦਾ। ਕੁਝ ਦਿਨਾਂ ਪਿੱਛੋਂ ਉਹਨੇਂ ਵਿਲਕਣਾ ਉੱਕਾ ਹੀ ਬੰਦ ਕਰ ਦਿੱਤਾ। ਭੁੱਖ ਲੱਗੀ ਹੁੰਦੀ ਜਾਂ ਨਾ, ਉਹ ਚੁੱਪ-ਚਾਪ ਪਿਆ ਬਾਲਿਆਂ ਦੀ ਛੱਤ ਵੱਲ ਵੇਖਦਾ ਰਹਿੰਦਾ।

ਸ਼ਾਇਦ ਇਹ ਹੱਕ ਉਹਦੇ ਜੌੜੇ ਭਰਾ ਜੀਹਦਾ ਨਾਂ ਘਰ ਦਿਆ ਨੇ ਗੋਗੀ ਰੱਖਿਆ ਸੀ, ਨੇ ਖੋਹ ਲਿਆ ਸੀ ਕਿ ਮਾਂ ਦਾ ਦੁੱਧ ਗੋਗੀ ਦੇ ਹਿੱਸੇ ਤੇ ਚੰੁੰਘਣੀ ਉਹਦੇ ਹਿੱਸੇ ਆ ਗਈ ਸੀ। ਫਿਰ ਉਹਦੀ ਮਾਂ ਗੋਗੀ ਨੂੰ ਨਾਲ ਲੈ ਕੇ ਆਪਣੇ ਸਹੁਰੇ ਚਲੀ ਗਈ ਤੇ ਉਹਨੂੰ ਉੱਥੇ ਨਾਨਕੇ ਹੀ ਛੱਡ ਗਈ। ਨਾਨਾ-ਨਾਨੀ, ਮਾਮੇਂ-ਮਾਸੀਆਂ ਨੇਂ ਹੀ ਉਹਨੂੰ ਚੁੰਘਣੀ ਨਾਲ ਦੁੱਧ ਪਿਆ-ਪਿਆ ਕੇ ਪਾਲਿਆ। ਕਈ ਵਾਰ ਘਰ ’ਚ ਦੁੱਧ ਘੱਟ ਹੁੰਦਾ ਤਾਂ ਨਿਰੇ ਪਾਣੀ ’ਚ ਥੋੜਾ ਜਿਹਾ ਦੁੱਧ ਪਾ ਕੇ, ਵਿੱਚ ਖੰਡ ਦਾ ਚਮਚਾ ਘੋਲ ਕੇ ਉਹਦੇ ਮੂੰਹ ਨੂੰ ਚੁੰਘਣੀ ਲਾ ਦਿੱਤੀ ਜਾਂਦੀ ਤੇ ਉਹ ਬਿਟ-ਬਿਟ ਤੱਕਦਾ ਬਾਲੇ-ਬਾਲੀਆਂ ਦੀ ਛੱਤ ਵੱਲ ਵੇਖਦਾ ਪਿਆ ਰਹਿੰਦਾ ਤੇ ਚੁੰਘਣੀ ’ਚੋਂ ਦੁੱਧ ਪੀਂਦਾ ਰਹਿੰਦਾ। ਪਰ ਉਹਨੇਂ ਬਹੁਤਾ ਤੰਗ ਨਹੀਂ ਸੀ ਕੀਤਾ ਕਦੇ ਨਾਨਕਿਆਂ ਨੂੰ। ਜੇ ਕਦੇ ਕੁਝ ਦੁੱਖਦਾ ਤਾਂ ਜ਼ਰੂਰ ਥੋੜ੍ਹਾ-ਬਹੁਤਾ ਰੋਂਦਾ। ਨਹੀਂ ਤਾਂ ਬੱਸ ਚੁੱਪ ਕਰਕੇ ਪਿਆ ਰਹਿੰਦਾ ਜਾਂ ਛਣਕਣੇ ਨਾਲ ਖੇਡਦਾ ਰਹਿੰਦਾ। ਇਸੇ ਕਰਕੇ ਉਹਦਾ ਨਾਂ ਨਾਨਕਿਆਂ ਨੇਂ ਭਗਤੋ ਰੱਖ ਦਿੱਤਾ ਸੀ।

ਪੜ੍ਹਨੇ ਪਾਇਆ ਤਾਂ ਭਗਤੋ ਨੂੰ ਸਕੂਲ ਨਾਲ, ਮਾਸਟਰਾਂ ਨਾਲ, ਕਿਤਾਬਾਂ ਨਾਲ ਤੇ ਸਕੂਲ ਦੇ ਮਾਹੌਲ ਨਾਲ ਮੋਹ ਜਿਹਾ ਪੈ ਗਿਆ ਸੀ। ਉਹ ਸਕੂਲੋਂ ਘੱਟ ਹੀ ਗ਼ੈਰ-ਹਾਜ਼ਰ ਹੁੰਦਾ। ਵਿਤਕਰਾ ਤਾਂ ਉਹਦੇ ਨਾਲ ਭਾਵੇਂ ਸਕੂਲ ’ਚ ਵੀ ਹੁੰਦਾ ਸੀ। ਜਿਸ ਦਿਨ ਮੂਹਰਲੇ ਬੈਂਚ ’ਤੇ ਬੈਠ ਜਾਂਦਾ ਜਮਾਤ ’ਚ ਸਾਰਾ ਦਿਨ ਇੱਕ ਘੁਟਨ ਜਿਹੀ ਮਹਿਸੂਸ ਹੁੰਦੀ। ਉਹਨੂੰ ਲੱਗਦਾ ਕਿ ਸਭ ਨਜ਼ਰਾਂ ਉਹਦੇ ਵੱਲ ਹੀ ਤਿਰਛੀਆਂ ਜਿਹੀਆਂ ਹੋ ਕੇ ਟਿਕੀਆਂ ਰਹਿੰਦੀਆਂ। ਪਰ ਜਿਸ ਦਿਨ ਉਹ ਪਿਛਲੇ ਬੈਂਚ ’ਤੇ ਬੈਠ ਜਾਂਦਾ ਤਾਂ ਪੂਰੀ ਜਮਾਤ ਦੇ ਜਵਾਕ ਆਪਸ ਵਿੱਚ ਘਿਉੁ-ਖਿਚੜੀ ਹੋਏ ਰਹਿੰਦੇ। ਉਹਦੇ ਵੱਲ ਕੋਈ ਘੱਟ ਹੀ ਅਹੁੁਲਦਾ।

ਬਸ ਉਹ ਸਭ ਨੂੰ ਗਹੁ ਨਾਲ ਵੇਖਦਾ ਰਹਿੰਦਾ। ਉਂਝ ਉਹ ਇਮਤਿਹਾਨਾਂ ’ਚੋਂ ਅੱਵਲ ਆਉਂਦਾ। ਇਉਂ ਹੀ ਉਹਨੇ ਪਿੰਡ ਦੇ ਸਰਕਾਰੀ ਸਕੂਲ ’ਚੋਂ ਦਸ ਜਮਾਤਾਂ ਪਾਸ ਕਰ ਲਈਆਂ। ਦਸਵੀਂ ’ਚੋਂ ਉਹ ਜ਼ਿਲ੍ਹੇ ਭਰ ’ਚੋਂ ਅੱਵਲ ਆਇਆ। ਭਗਤ ਅਸਲ ਵਿੱਚ ਹੀ ਭਗਤੋ ਸੀ। ਨਾ ਹੀ ਉਹਨੂੰ ਕਿਸੇ ਗੁਆਚੀ ਚੀਜ਼ ਦਾ ਬਹੁਤਾ ਦੁੱਖ ਹੁੰਦਾ ਤੇ ਨਾ ਕਿਸੇ ਪ੍ਰਾਪਤੀ ਦੀ ਬਹੁਤੀ ਖੁਸ਼ੀ। ਬਸ ਕਿਤਾਬਾਂ ਨੂੰ ਜਿੰਦਗੀ ਸਮਝਣ ਵਾਲਾ ਉਹ ਸਰਕਾਰੀ ਸਕੂਲ ਤੋਂ ਸਰਕਾਰੀ ਕਾਲਜ ਤੱਕ ਦੀ ਪੜ੍ਹਾਈ ਪੂਰੀ ਕਰ ਗਿਆ। ਨਾਨਕਿਆਂ ਤੋਂ ਪਿਆਰ ਤਾਂ ਮਿਲਿਆ ਪਰ ਮਾਂ-ਬਾਪ ਦੇ ਪਿਆਰ ਦੀ ਘਾਟ ਤੇ ਪੱਖਪਾਤੀ ਰਵੱਈਆ ਵੀ ਉਹਨੂੰ ਰੜਕਦਾ ਰਿਹਾ।

ਉਹ ਉਹਨੂੰ ਕਦੇ ਬਹੁਤਾ ਮਿਲਣ ਵੀ ਨਹੀਂ ਸੀ ਆਏ।ਸਾਲ-ਦੋ ਸਾਲ ਬਾਅਦ ਗੇੜਾ ਮਾਰ ਜਾਂਦੇ ਤੇ ਫਿਰ ਬਸ। ਉਹਦੀ ਇੱਕ ਵੱਡੀ ਭੈਣ ਵੀ ਸੀ-ਬਿੰਦੀ। ਉਹ ਵੀ ਕਦੇ ਉਹਨੂੰ ਬਹੁਤਾ ਮਿਲਣ ਲਈ ਨਹੀਂ ਸੀ ਆਈ। ਭਗਤ ਨੂੰ ਜਾਪਦਾ ਸੀ ਕਿ ਉਹਦਾ ਸਾਂਵਲਾ ਰੰਗ ਹੀ ਉਹਦੇ ਪ੍ਰਤੀ ਪੱਖਪਾਤ ਦਾ ਕਾਰਨ ਸੀ। ਤੇ ਫੇਰ ਕਾਲਜ ਦੀ ਪੜ੍ਹਾਈ ਤੋਂ ਬਾਅਦ ਉਹਨੇਂ ਮਾਂ-ਬਾਪ ਕੋਲ ਜਾ ਕੇ ਹੀ ਰਹਿਣ ਦਾ ਆਪਣਾ ਫੈਸਲਾ ਸਭ ਨੂੰ ਸੁਣਾ ਦਿੱਤਾ। ਕੀਹਨੂੰ ਦੁੱਖ ਹੋਇਆ, ਕੀਹਨੂੰ ਖੁਸ਼ੀ, ਇਸ ਵੱਲ ਉਹਨੇ ਬਹੁਤੀ ਗ਼ੌਰ ਨਹੀਂ ਕੀਤੀ। ਹਾਂ, ਉਹਦੀ ਨਾਨੀ ਦੀਆਂ ਅੱਖਾਂ ’ਚੋਂ ਜ਼ਰੂਰ ਚਾਰ ਕੁ ਅੱਥਰੂ ਨਿੱਕਲ ਕੇ ਢਿਲਕੀਆਂ ਗੱਲਾਂ ’ਤੇ ਆ ਕੇ ਜੰਮ ਗਏ ਸਨ। ਤੇ ਫਿਰ ਉਹ ਆਪਣੇ ਮਾਂ-ਪਿਉ ਕੋਲ ਪਿੰਡ ਆ ਗਿਆ ਸੀ।

ਇੱਥੇ ਆ ਕੇ ਬਚਪਨ ਵਾਲਾ ਮਾਹੌਲ ਭਾਵ ਪੱਖਪਾਤ ਰਵੱਈਆ ਫਿਰ ਸੁਰਜੀਤ ਹੋ ਗਿਆ ਸੀ। ਬੀ.ਏ. ਦਾ ਰਿਜ਼ਲਟ ਆਇਆ ਤਾਂ ਉਹਨੇਂ ਐੱਮ.ਏ. ਕਰਨ ਲਈ ਆਪਣੇ ਪਿਉ ਤੋਂ ਪੰਜ ਹਜ਼ਾਰ ਰੁਪਈਆਂ ਦੀ ਮੰਗ ਕੀਤੀ। ਆਰਥਿਕ ਤੰਗੀ ਦੇ ਰੋਣੇ ਰੋ ਕੇ ਪੜ੍ਹਾਉਣ ਦੀ ਥਾਂ ਉਹਨੂੰ ਉਹਦੇ ਪਿਉ ਨੇ ਸ਼ਹਿਰ ਕਿਸੇ ਦੁਕਾਨ ’ਤੇ ਮਹੀਨੇਂ ਪਿੱਛੋਂ ਮਿਲਣ ਵਾਲੇ ਛੇ-ਸੱਤ ਸੌ ਰੁਪਏ ਦੀ ਨੌਕਰੀ ਤੇ ਲਾ ਦਿੱਤਾ। ਸੋਲ਼ਾਂ ਕਿੱਲੋਮੀਟਰ ਦਾ ਸਫ਼ਰ ਉਹ ਰੋਜ਼ ਸਾਈਕਲ ਤੇ ਪੂਰਾ ਕਰਦਾ। ਹਫ਼ਤੇ ਕੁ ਬਾਅਦ ਬਿੰਦੀ ਦੀ ਬੀ.ਐੱਡ. ਲਈ ਸੱਠ ਹਜ਼ਾਰ ਰੁਪਏ ਉਹਦੇ ਪਿਉ ਕੋਲ ਕਿਥੋਂ ਆ ਗਏ, ਉਹਨੂੰ ਉੱਕਾ ਹੀ ਸਮਝ ਨਹੀਂ ਸੀ ਆਈ।

ਬਿੰਦੀ ਬੱਸ ’ਤੇ ਚੜ੍ਹ ਕੇ ਕਾਲਜ ਜਾਂਦੀ ਤੇ ਉਹ ਸਾਈਕਲ ਦੇ ਪੈਡਲ ਮਾਰਦਾ ਹੋਇਆ ਆਪਣੀ ਨੌਕਰੀ ’ਤੇ। ਗਰਮੀਂ ’ਚ ਇਹ ਸਫ਼ਰ ਹੋਰ ਵੀ ਔਖਾ ਹੋ ਜਾਂਦਾ। ਗਰਮੀਂ ਦਾ ਕਹਿਰ ਸਵੇਰੇ ਹੀ ਵਰ੍ਹਨਾ ਸ਼ੁਰੂ ਹੋ ਜਾਂਦਾ। ਦੂਜਾ, ਰਾਹ ਵਿੱਚ ਪੈਂਦੀ ਹੱਡਾਂ ਰੋੜੀ ਦਾ ਮੁਸ਼ਕ ਉਹਦੀ ਜਾਨ ਕੱਢਣ ਤੱਕ ਚਲਾ ਜਾਂਦਾ। ਬੱਸਾਂ, ਟਰੱਕਾਂ ਤੇ ਕਾਰਾਂ ਦੀ ਉੱਡਦੀ ਧੂੜ ਉਹਨੂੰ ਮਿੱਟੀ-ਘੱਟੇ ਨਾਲ ਭਰ ਦਿੰਦੀ। ਸ਼ਹਿਰ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਕਿਸੇ ਨਲ਼ਕੇ ਤੋਂ ਚੰਗੀ ਤਰ੍ਹਾਂ ਮੂੰਹ ਧੋਂਦਾ ਤੇ ਸਿਰ ’ਚ ਫਸੀ ਮਿੱਟੀ ਨੂੰ ਝਾੜਦਾ। ਅੱਕੇ ਹੋਏ ਨੇਂ ਉਹਨੇਂ ਬਚਪਨ ਤੋਂ ਰੱਖਿਆ ਜੂੜਾ ਵੀ ਇੱਕ ਦਿਨ ਕਟਵਾ ਦਿੱਤਾ। ਕੁੱਤੇ-ਖਾਣੀ ਉਸ ਦਿਨ ਵੀ ਉਹਦੇ ਨਾਲ ਘਰ ’ਚ ਬਹੁਤ ਹੋਈ ਸੀ। ਪਰ ੳਹ ਚੁੱਪ-ਚਾਪ ਰੋਟੀ ਖਾ ਕੇ ਚਾਦਰ, ਸਿਰ੍ਹਾਣਾ ਚੁੱਕ ਕੋਠੇ ’ਤੇ ਚੜ੍ਹ ਗਿਆ ਸੀ।

ਸਵੇਰੇ ਉੱਠ ਕੇ ਉਹਨੂੰ ਇੱਕ ਕੰਮ ਹੋਰ ਵੀ ਹਰ ਰੋਜ਼ ਕਰਨਾ ਪੈਂਦਾ, ਜਿਸ ਨਾਲ ਉਹਨੂੰ ਸਖ਼ਤ ਘਿ੍ਰਣਾ ਸੀ। ਗੁਸਲਖ਼ਾਨੇ ਦਾ ਸਾਰਾ ਪਾਣੀ ਘਰ ਦੇ ਬਾਹਰ ਪੁੱਟੇ ਇੱਕ ਟੋ੍ਹਏ ’ਚ ਪੈਂਦਾ ਰਹਿੰਦਾ। ਸਵੇਰ ਨੂੰ ਉਹ ਭਰਿਆ ਹੁੰਦਾ। ਪਰ ਪਲਾਸਟਿਕ ਦੇ ਡੱਬੇ ਨਾਲ ਉਹਨੂੰ ਹੀ ਇਹ ਸਾਰਾ ਟੋਅ੍ਹਾ ਖਾਲ੍ਹੀ ਕਰਨਾ ਪੈਂਦਾ। ਹੋਰ ਕੋਈ ਨਹੀਂ ਸੀ ਕਰਦਾ ਇਹ ਕੰਮ। ਜੇ ਉਹ ਕਦੇ ਨਾ ਕਰਦਾ ਤਾਂ ਘਰ ਦੇ ਮਾਹੌਲ ’ਚ ਤਣਾਅ ਭਰ ਜਾਂਦਾ। ਗੱਲਾਂ-ਗੱਲਾਂ ’ਚ ਉਹਨੂੰ ਵਿਹਲੜ ਕਿਹਾ ਜਾਂਦਾ।

ਉਹਦਾ ਦੂਜਾ ਭਰਾ ਗੋਗੀ ਪੜ੍ਹਨ ਵਿੱਚ ਤਾਂ ਠੀਕ-ਠਾਕ ਹੀ ਸੀ। ਬਾਰਵੀਂ ’ਚੋਂ ਦੋ ਵਾਰ ਫ੍ਹੇਲ ਹੋ ਗਿਆ ਸੀ। ਤੀਜੀ ਵਾਰ ਮਸਾਂ ਕਿਤੇ ਪੂਰੇ ਨੰਬਰਾਂ ’ਤੇ ਪਾਸ ਹੋਇਆ। ਪਰ ਜੁੱਸੇ ਦਾ ਤਕੜਾ ਤੇ ਦੌੜਨ-ਭੱਜਣ ਨੂੰ ਫੁਰਤੀਲਾ ਸੀ। ਪੁਲਿਸ ਦੀ ਭਰਤੀ ਖੁੱਲ੍ਹੀ ਤਾਂ ਉਹ ਸਿਲੈਕਟ ਹੋ ਗਿਆ। ਜਿੰਨਾ ਚਿਰ ਉਹਦੀ ਟ੍ਰੇਨਿੰਗ ਚਲਦੀ ਰਹੀ, ਮਾਂ ਉਹਨੂੰ ਕਦੇ ਪੰਜੀਰੀ ਦਾ ਡੱਬਾ ਭਰ ਕੇ ਭੇਜਦੀ ਤੇ ਕਦੇ ਬਾਦਾਮਾਂ ਦੀਆਂ ਗਿਰੀਆਂ । ਕਦੇ ਘਿਉ ਭੇਜਦੀ ਤੇ ਕਦੇ ਮਰੁੱਬਾ। ਇਹ ਢੋਆ-ਢੋਆਈ ਦਾ ਕੰਮ ਵੀ ਭਗਤ ਦੇ ਹਿੱਸੇ ਹੀ ਆਉਂਦਾ ਸੀ। ਹਾਂ, ਜੇ ਕਦੇ ਗੋਗੀ ਨੂੰ ਰੁਪਈਆਂ ਦੀ ਜ਼ਰੂਰਤ ਹੁੰਦੀ ਤਾਂ ਉਹਦਾ ਪਿਉ ਆਪ ਜਾ ਕੇ ਫੜਾ ਆਉਂਦਾ।

ਗੋਗੀ ਜਦ ਘਰ ਹੁੰਦਾ ਤਾਂ ਖੂਬ ਹਾਸੇ-ਠੱਠੇ ਘਰ ’ਚ ਚਲਦੇ ਰਹਿੰਦੇ। ਚੁੱਲ੍ਹੇ ਮੂਹਰੇ ਬੈਠ ਸ਼ਾਮ ਨੂੰ ਗੋਗੀ, ਬਿੰਦੀ ਤੇ ਮਾਂ ’ਚ ਪਤਾ ਨਹੀਂ ਕੀ-ਕੀ ਗੁਰਮਤੇ ਪਕਦੇ ਰਹਿੰਦੇ। ਉਹਨੂੰ ਕੋਲ ਆਉਂਦਿਆਂ ਵੇਖ ਪਰ ਸਾਰੇ ਚੁੱਪ ਕਰ ਜਾਂਦੇ ਜਾਂ ਗੱਲਾਂ ਦਾ ਵਿਸ਼ਾ ਬਦਲ ਲੈਂਦੇ। ਇਸੇ ਕਰਕੇ ਉਹ ਕੰਮ ਤੋਂ ਆ ਕੇ ਰੋਟੀ ਖਾਂਦਾ ਤੇ ਬਾਹਰ ਨੂੰ ਨਿੱਕਲ੍ਹ ਜਾਂਦਾ। ਛੱਪੜੀ ਦੇ ਕਿਨਾਰੇ ਬੈਠ ਪਾਣੀ ’ਚੋਂ ਉਦਾਸ ਜਿਹੇ ਜਾਪਦੇ ਤਾਰਿਆਂ ਨੂੰ ਤੱਕਦਾ ਰਹਿੰਦਾ ਜਾਂ ਸ਼ਿਵ ਦਾ ਕੋਈ ਗੀਤ ਗਾਉਂਦਾ-ਗਾਉਂਦਾ ਆਲ਼ੇ-ਦੁਆਲ਼ੇ ਨਾਲ ਇੱਕ-ਸੁਰ ਹੋ ਜਾਂਦਾ। ਦੂਰ ਤੱਕ ਫੈਲੇ ਖੇਤ, ਡੱਡੂਆਂ ਦੀ ਗੜੈਂ-ਗੜੈਂ ਤੇ ਤਾਰਿਆਂ ਦੀ ਲੋਅ ਉਹਨੂੰ ਆਕਰਸ਼ਿਤ ਕਰਦੇ। ਚੰਗੇ-ਚੰਗੇ ਲੱਗਦੇ।

ਆਉਂਦੇ ਜਾਂਦੇ ਲੋਕ ਉਹਨੂੰ ਕਿਸੇ ਓਪਰੀ ਜਿਹੀ ਨਿਗ੍ਹਾ ਨਾਲ ਤੱਕਦੇ। ਸ਼ਾਇਦ ਸੋਚਦੇ ਹੋਣਗੇ ਕਿ ਇਹ ਪਤਾ ਨਹੀਂ ਇੱਥੇ ਕਿਵੇਂ ਬੈਠ ਜਾਂਦੈ ਆ ਕੇ, ਮੁਸ਼ਕ ਮਾਰਦੀ ਛੱਪੜੀ ਦੇ ਕੰਢੇ। ਜਦ ਕਿ ਉੱਥੋਂ ਤਾਂ ਲੰਘਣਾ ਵੀ ਅਕਸਰ ਔਖਾ ਹੋ ਜਾਂਦਾ ਸੀ। ਲੋਕ ਨੱਕ ਘੁੱਟ ਕੇ ਉੱਥੋਂ ਲੰਘਦੇ। ਪਰ ਉਹਨੂੰ ਕਦੇ ਏਸ ਮੁਸ਼ਕ ਨੇਂ ਤੰਗ ਨਹੀਂ ਸੀ ਕੀਤਾ। ਸਾਹ ਵੀ ਨਹੀਂ ਸੀ ਘੁੱਟਿਆ ਉਹਦਾ। ਉਹਨੂੰ ਜਾਪਦਾ ਕਿ ਉਹਦਾ ਲਹੂ ਵੀ ਸ਼ਾਇਦ ਏਸ ਆਭਾਗੀ ਛੱਪੜੀ ਦੇ ਪਾਣੀ ਵਰਗਾ ਹੈ। ਤਾਂ ਹੀ ਉਹਨੂੰ ਏਸ ਛੱਪੜੀ ਦੇ ਕੰਢੇ ਟਿਕੀ ਰਾਤ ਵਿੱਚ ਬੈਠਣਾ ਚੰਗਾ ਲੱਗਦਾ।

ਬੋਲਦਾ ਤਾਂ ਉਹ ਸ਼ੁਰੂ ਤੋਂ ਹੀ ਘੱਟ ਸੀ। ਕਦੇ ਕਿਸੇ ਦੇ ਵਿਵਹਾਰ ਪ੍ਰਤੀ ਵਿਰੋਧ ਪ੍ਰਗਟ ਨਹੀਂ ਸੀ ਕੀਤਾ। ਬਿੰਦੀ ਦੇ ਵਿਆਹ ’ਚ ਉਹਨੇ ਬੜਾ ਕੰਮ ਕੀਤਾ। ਭਾਵੇਂ ਕਿਸੇ ਨੇਂ ਵੀ ਵਿਆਹ ਦੇ ਮਹੱਤਵਪੂਰਨ ਕੰਮਾਂ ਲਈ ਉਸਦੀ ਸਲਾਹ ਨਹੀਂ ਸੀ ਲਈ। ਗੋਗੀ ਦੇ ਵਿਆਹ ’ਚ ਤਾਂ ਉਹਦੀ ਡਿਊਟੀ ਹੀ ਪਸ਼ੂਆਂ ਨੂੰ ਸਾਂਭਣ ’ਤੇ ਲਾ ਦਿੱਤੀ। ਪਸ਼ੁੂਆਂ ਨੂੰ ਸੰਭਾਲਨ ਦੇ ਬਹਾਨੇ ਉਹਨੂੰ ਬਾਰਾਤ ਵੀ ਨਹੀਂ ਸੀ ਲੈ ਕੇ ਗਏ। ਨਵੀਂ ਭਰਜਾਈ ਸੁਭਾਅ ਦੀ ਕਾਫ਼ੀ ਚੰਗੀ ਸੀ। ਭਗਤ ਨੂੰ ਛੋਟਾ ਭਰਾ ਸਮਝ ਕੇ ਬਹੁਤ ਪਿਆਰ ਦਿੰਦੀ।

ਉਹਦੇ ਕੱਪੜੇ ਧੋਂਦੀ, ਉਹਦੀ ਰੋਟੀ ਬਣਾ ਕੇ ਟਿਫ਼ਨ ਸਾਈਕਲ ਨਾਲ ਟੰਗ ਦਿੰਦੀ, ਆਂਥਣੇ ਆਏ ਨੂੰ ਪਾਣੀ ਦਾ ਗਿਲਾਸ ਫੜਾਉਂਦੀ । ਭਗਤ ਨੂੰ ਇਹ ਸਭ ਬੜਾ ਚੰਗਾ ਲੱਗਦਾ। ਪਰ ਪਤਾ ਨਹੀਂ ਕਿਉਂ, ਹੌਲੀ-ਹੌਲੀ ਭਰਜਾਈ ਦੇ ਵਤੀਰੇ ’ਚ ਫ਼ਰਕ ਆਉਣ ਲੱਗ ਪਿਆ।ਖਵਰੇ ਗੋਗੀ ਜਾਂ ਮਾਂ ਨੇ ਕਹਿਤਾ ਹੋਵੇ ਕੁਝ। ਹੁਣ ਭਰਜਾਈ ਵੀ ਉਹਦੇ ਨਾਲ ਬਹੁਤੀ ਗੱਲ ਨਾ ਕਰਦੀ। ਪਰ ਭਗਤ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਸੀ ਪੈਦਾ। ਇਹ ਵਿਤਕਰਾ ਜਾਂ ਵਿਹਾਰ ਉਹਦੇ ਲਈ ਕੋਈ ਨਵੀਂ ਗੱਲ ਨਹੀਂ ਸੀ। ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆਂ ਸੀ ਉਹ? ਵਤੀਰੇ ’ਚ ਆਏ ਬਦਲਾਵ ਪ੍ਰਤੀ ਉਹਨੇ ਕਦੇ ਭਰਜਾਈ ਨੂੰ ਵੀ ਨਾ ਪੁੱਛਿਆ।

ਐਤਵਾਰ ਦੇ ਦਿਨ ਨੌਕਰੀ ਤੋਂ ਤਾਂ ਛੁੱਟੀ ਹੁੰਦੀ ਉਹਨੂੰ, ਪਰ ਘਰ ਜਾਂ ਖੇਤ ਦੇ ਕੰਮਾਂ ਤੋਂ ਨਹੀਂ। ਸੁਵੱਖਤੇ ਹੀ ਉਹਦਾ ਪਿਉ ਉਹਨੂੰ ਖੇਤ ਕਰਨ ਵਾਲੇ ਕੰਮ ਗਿਣਾ ਦਿੰਦਾ। ਸ਼ਾਮ ਤੱਕ ਉਹ ਖੇਤ ਹੀ ਰਹਿੰਦਾ। ਜੇ ਘਰੇ ਹੁੰਦਾ ਤਾਂ ਗੰਦੇ ਪਾਣੀ ਨਾਲ ਭਰਿਆ ਟੋਅ੍ਹਾ ਖਾਲੀ ਕਰਦਾ, ਪਸ਼ੂਆਂ ਨੂੰ ਨਲ਼ਕੇ ਤੋਂ ਬਾਲ੍ਹਟੀਆਂ ਭਰ-ਭਰ ਕੇ ਨਵਾਉਂਦਾ, ਪੱਠੇ ਲਿਆਉਂਦਾ, ਕੁਤਰਦਾ ਤੇ ਫਿਰ ਆਥਣੇ ਧਾਰਾਂ ਵੀ ਕੱਢਦਾ, ਪਸ਼ੂਆਂ ਨੂੰ ਸੰਭਾਲਦਾ ਪਰ ਜਦੋਂ ਉਹਦੀ ਮਾਂ ਸਭ ਨੂੰ ਰਾਤ ਨੂੰ ਦੁੱਧ ਗਰਮ ਕਰਕੇ ਫੜਾਉਂਦੀ ਤਾਂ ਸਭ ਤੋਂ ਛੋਟਾ ਕੱਪ ਉਹਦੇ ਹਿੱਸੇ ਹੀ ਆਉਂਦਾ। ਜਦ ਵਿਹਲ ਮਿਲਦੀ ਤਾਂ ਉਹ ਅਕਸਰ ਰੁੱਖਾਂ ਥੱਲੇ ਜਾ ਬੈਠਦਾ।

ਸੁੱਕੇ ਪੱਤਿਆਂ ਨੂੰ ਚੁੱਕ-ਚੁੱਕ ਪਤਾ ਨਹੀਂ ਕੀ ਲੱਭਦਾ ਰਹਿੰਦਾ। ਪਿੰਡ ’ਚ ਜਾਣ ਦਾ ਕਦੇ ਬਹੁਤਾ ਮੌਕਾ ਨਹੀਂ ਸੀ ਮਿਲਿਆ ਉਸਨੂੰ। ਦੋਸਤਾਂ ਦੀ ਹਮੇਸ਼ਾ ਕਮੀ ਰਹੀ ਸੀ। ਹਾਂ, ਰੋਜ਼ੀ ਨਾਲ ਜ਼ਰੂਰ ਦੁੱਖ-ਸੁੱਖ ਸਾਂਝੇ ਕਰ ਲੈਂਦਾ ਸੀ। ਰੋਜ਼ੀ ਵੀ ਉਹਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੀ। ਜਿਸ ਦੁਕਾਨ ’ਤੇ ਉਹ ਕੰਮ ਕਰਦਾ ਸੀ, ਉਹਦੇ ਸਾਮ੍ਹਣੇ ਹੀ ਰੋਜ਼ੀ ਦਾ ਘਰ ਸੀ ।

ਰੋਜ਼ੀ ਦਾ ਪਿਉ ਗੁਜ਼ਰ ਗਿਆ ਸੀ। ਘਰ ’ਚ ਮਾਂ ਤੇ ਛੋਟਾ ਭਰਾ ਸਨ। ਉਹ ਸਿਲ਼ਾਈ-ਕਢਾਈ ਦੇ ਕੰਮ ’ਚ ਬਹੁਤ ਮਾਹਿਰ ਸੀ। ਉਸ ਕੋਲ ਅਕਸਰ ਕੁੜੀਆਂ-ਬੁੜ੍ਹੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਆਪਣੇ ਕਿਸੇ ਗਾਹਕ ਨਾਲ ਉਹ ਕਦੇ ਭਗਤ ਦੀ ਦੁਕਾਨ ਤੋਂ ਕੱਪੜਾ ਖ੍ਰੀਦਣ ਆਉਂਦੀ ਤਾਂ ਦੋਵਾਂ ਦੀ ਥੋੜ੍ਹੀ ਬਹੁਤੀ ਗੱਲਬਾਤ ਹੋ ਜਾਂਦੀ।

ਫਿਰ ਕਦੇ ਟਾਈਮ ਮਿਲਦਾ ਤਾਂ ਉਹ ਦੋਵੇਂ ਪਾਰਕ ’ਚ ਜਾ ਕੇ ਬੈਠ ਜਾਂਦੇ। ਰੋਜ਼ੀ ਨਾਲ ਗੱਲ ਕਰਕੇ ਉਹਨੂੰ ਬੜਾ ਸਕੂਨ ਮਿਲਦਾ। ਰੋਜ਼ੀ ਨੂੰ ਵੀ ਜਿਵੇਂ ਇੱਕ ਵਧੀਆ ਦੋਸਤ ਮਿਲ ਗਿਆ ਸੀ। ਉਹ ਐੱਮ.ਏ. ਪਾਸ ਸੀ। ਸਿਲ਼ਾਈ-ਕਢਾਈ ਕਰਨਾ ਉਹਦੀ ਮਜ਼ਬੂਰੀ ਸੀ। ਉਹਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ। ਭਗਤ ਨੂੰ ਤਾਂ ਆਪਣੀ ੋਨੌਕਰੀੋ ’ਚ ਕੋਈ ਦਿਲਚਸਪੀ ਪਹਿਲਾਂ ਹੀ ਨਹੀਂ ਸੀ। ਸੋ ਦੋਵਾਂ ਨੇਂ ਕੋਚਿੰਗ ਸੈਂਟਰ ਖੋਲ੍ਹਣ ਦੀ ਸਲਾਹ ਬਣਾਈ। ਰੋਜ਼ੀ ਨੇਂ ਮਾਂ ਨਾਲ ਸਲਾਹ ਕਰਕੇ ਦੋ ਕਮਰਿਆਂ ਵਾਲਾ ਇੱਕ ਮਕਾਨ ਕਿਰਾਏ ’ਤੇ ਲੈ ਲਿਆ।

ਭਗਤ ਨੇਂ ਵੀ ਆਪਣੀ ੋਨੌਕਰੀੋ ਨੂੰ ਅਲਵਿਦਾ ਕਹਿ ਦਿੱਤੀ। ਦੋਵਾਂ ਨੇਂ ਰਲ਼ ਕੇ ਬੈਨਰ ਬਣਵਾ ਕੇ ਆਪਣੇ ਏਰੀਏ ’ਚ ਲਗਵਾਏ। ਰਿਕਸ਼ੇ ’ਤੇ ਸਪੀਕਰ ਲਗਵਾ ਕੇ ਮੁਨਿਆਦੀ ਵੀ ਕਰਵਾਈ। ਇਸ਼ਤਿਹਾਰ ਛਪਵਾ ਕੇ ਵੰਡੇ। ਇਹਨਾਂ ਕੰਮਾਂ ਲਈ ਰੁਪਏ ਰੋਜ਼ੀ ਨੇਂ ਹੀ ਲਾਏ। ਭਗਤ ਕੋਲ ਤਾਂ ਕਦੇ ਬੱਸ ਦੇ ਕਿਰਾਏ ਜੋਗੇ ਪੈਸੇ ਵੀ ਨਹੀਂ ਸੀ ਜੁੜੇ। ਨਾ ਉਹਨੇ ਆਪਣੀ ਪੁਰਾਣੀ ਨੌਕਰੀੋ ਛੱਡਣ ਬਾਰੇ ਘਰਦਿਆਂ ਨੂੰ ਦੱਸਿਆ ਤੇ ਨਾ ਨਵਾਂ ਕੰਮ ਸ਼ੁਰੂ ਕਰਨ ਬਾਰੇ ਕੋਈ ਇਸ਼ਾਰਾ ਕੀਤਾ। ਕੋਚਿੰਗ ਸੈਂਟਰ ਦਾ ਨਾਮ ਵੀ ਰੋਜ਼ੀ ਕੋਚਿੰਗ ਸੈਂਟਰ ਹੀ ਰੱਖਿਆ ਗਿਆ। ਦੋਵਾਂ ਦੀ ਭੱਜ-ਦੌੜ ’ਤੇ ਕੀਤੀ ਮਿਹਨਤ ਰੰਗ ਲਿਆਉਣ ਲੱਗੀ। ਉਹਨਾਂ ਕੋਲ ਪੜ੍ਹਨ ਲਈ ਆਉਣ ਵਾਲੇ ਬੱਚਿਆਂ ਦੀ ਗਿਣਤੀ ਦਿਨੋਂ ਦਿਨ ਵੱਧਣ ਲੱਗੀ। ਰੋਜ਼ੀ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਤੇ ਉਹ ਵੱਡੇ ਬੱਚਿਆਂ ਨੂੰ।

ਤੇ ਫੇਰ ਅਗਲੇ ਮਹੀਨੇ —

ਜਦ ਉਹਨੇਂ ਚਾਰ ਹਜ਼ਾਰ ਰੁਪਏ ਤੇ ਮਠਿਆਈ ਦਾ ਇੱਕ ਡੱਬਾ ਲਿਆ ਕੇ ਆਪਣੀ ਮਾਂ ਦੀ ਤਲੀ ’ਤੇ ਰੱਖਿਆ ਤਾਂ ਮਾਂ ਦੀਆਂ ਅੱਖਾਂ ਫੈਲ ਕੇ ਚੌੜੀਆਂ ਹੋ ਗਈਆਂ। ਇਸ ਤੋਂ ਪਹਿਲਾਂ ਕਿ ਮਾਂ ਐਨੇ ਪੈਸਿਆਂ ਬਾਰੇ ਉਸ ਤੋਂ ਕੁਝ ਪੁੱਛਦੀ, ਉਹਨੇ ਆਪ ਹੀ ਸਭ ਕੁਝ ਦੱਸ ਦਿੱਤਾ। ਘਰ ਦੇ ਸਾਰੇ ਜੀਆਂ ਨੇ ਪਹਿਲੀ ਵਾਰ ਉਸ ਵੱਲ ਹੈਰਾਨੀ ਤੇ ਅਪਣੱਤ ਭਰੀਆਂ ਨਿਗ੍ਹਾਹਾਂ ਨਾਲ ਵੇਖਿਆ। ਉਹਨੂੰ ਉਸ ਵਕਤ ਜੋ ਅਹਿਸਾਸ ਹੋਇਆ, ਬਸ ਉਹੀ ਜਾਣਦਾ ਸੀ। ਜਜ਼ਬਿਆਂ ਦਾ ਹੜ੍ਹ ਉਸ ਨੇਂ ਮਸਾਂ ਹੀ ਕਾਬੂ ਕੀਤਾ। ਉਸ ਰਾਤ ਉਸਨੂੰ ਪੀਣ ਲਈ ਮਾਂ ਨੇ ਦੁੱਧ ਛੋਟੇ ਕੱਪ ’ਚ ਨਹੀਂ ਸਗੋਂ ਵੱਡੀ ਬਾਟੀ ’ਚ ਦਿੱਤਾ।

ਦਿਨ ਲੰਘਦੇ ਗਏ। ਉਸਨੇ ਅਤੇ ਰੋਜ਼ੀ ਨੇ ਮਿਹਨਤ ਅਤੇ ਲਗਨ ਨਾਲ ਪੜ੍ਹਾਉਣਾ ਜਾਰੀ ਰੱਖਿਆ। ਸ਼ਹਿਰ ’ਚ ਉਹਨਾਂ ਬਾਰੇ ਕੁਝ ਚੁੰਝ ਚਰਚਾ ਵੀ ਹੋਈ। ਪਰ ਉਹਨਾਂ ਦੇ ਕੰਮ ਪ੍ਰਤੀ ਜਜ਼ਬੇ ਨੂੰ ਦੇਖ ਉਹ ਚੁੰਝ ਚਰਚਾ ਬਹੁਤੀ ਪ੍ਰਬਲ ਨਹੀਂ ਹੋਈ। ਦੋ-ਤਿੰਨ ਕੁ ਮਹੀਨਿਆਂ ’ਚ ਟਿਊਸ਼ਨ ਪੜ੍ਹਨ ਵਾਲੇ ਜਵਾਕਾਂ ਦੀ ਗਿਣਤੀ ਪੰਜਾਹ-ਸੱਠ ਦੇ ਕਰੀਬ ਹੋ ਗਈ। ਭਗਤ ਕੋਲ ਬੀ.ਏ. ਦੇ ਵਿਦਿਆਰਥੀ ਵੀ ਅੰਗਰੇਜ਼ੀ ਦੀ ਟਿਊਸ਼ਨ ਲੈਣ ਲਈ ਆਉਣ ਲੱਗੇ। ਰੋਜ਼ੀ ਨੂੰ ਆਪਣੇ ਨਾਲ ਕਿਸੇ ਪ੍ਰਾਈਵੇਟ ਸਕੂਲ ’ਚ ਪੜ੍ਹਾਉਂਦੀ ਇੱਕ ਹੋਰ ਕੁੜੀ ਨੂੰ ਰਲ਼ਾਉਣਾ ਪਿਆ।ਕਿਉਂਕਿ ਉਸ ਕੋਲ ਛੋਟੇ ਬੱਚੇ ਕਾਫ਼ੀ ਵਧ ਗਏ ਸਨ। ਭਗਤ ਵੀ ਦੇਰ ਰਾਤ ਤੱਕ ਪਿੰਡ ਮੁੜਦਾ। ਇੱਕ ਦਿਨ ਉਹਦੇ ਪਿਉ ਨੇਂ ਸਾਫਾ ਝਾੜਦਿਆਂ ਉਸ ਵੱਲ ਬਿਨਾਂ ਵੇਖੇ ਆਖਿਆ ਸੀ,ੋੋਬੱਸ ’ਤੇ ਚਲਾ ਜਾਇਆ ਕਰ, ਜੇ ਸਾਈਕਲ ਤੇ ਔਖਾ ਹੁੰਨਾਂ ਤਾਂ।ੌ ਪਹਿਲੀ ਵਾਰ ਉਸਨੇ ਪਿਉ ਤੋਂ ਐਨੇ ਮਿਠਾਸ ਭਰੇ ਬੋਲ ਆਪਣੇ ਲਈ ਸੁਣੇ ਸਨ। ਤੇ ਫਿਰ ਅਗਲੇ ਦਿਨ ਉਹ ਬੱਸ ’ਤੇ ਜਾਣ ਲੱਗ ਪਿਆ ਸੀ।

ਤੇ ਫੇਰ ਅਗਲੇ ਮਹੀਨੇ–

ਅਗਸਤ ਦੀ ਦੋ ਤਾਰੀਕ ਨੂੰ ਆਥਣੇ ਘਰ ਆ ਕੇ ਉਹਨੇਂ ਇੱਕ ਲਿਫਾਫਾ ਆਪਣੇ ਪਿਉ ਨੂੰ ਫੜਾ ਕੇ ਪੈਰੀਂ ਹੱਥ ਲਾਏ। ਉਹਦੇ ਪਿਉ ਨੇਂ ਲਿਫਾਫਾ ਖੋਲ੍ਹ ਕੇ ਰੁਪਏ ਗਿਣੇ ਤਾਂ ਪੂਰੇ ਪੱਚੀ ਹਜ਼ਾਰ ਸਨ। ਮਾਂ ਨੇਂ ਆ ਕੇ ਠੰਢੇ ਪਾਣੀ ਦਾ ਗਿਲਾਸ ਫੜ੍ਹਾਇਆ। ਭਰਜਾਈ ਨੇਂ ਉਹਦੇ ਨਹਾਉਣ ਲਈ ਗੁਸਲਖ਼ਾਨੇ ’ਚ ਬਾਲ੍ਹਟੀ ਭਰ ਕੇ ਰੱਖ ਦਿੱਤੀ ਤੇ ਉਹਨੂੰ ਨਵਾਂ ਤੌਲੀਆ ਵੀ ਫੜ੍ਹਾ ਦਿੱਤਾ। ਰਾਤੀ ਰੋਟੀ ਖਾ ਕੇ ਉਹ ਬਾਹਰ ਛੱਪੜੀ ਤੱਕ ਗਿਆ ਤਾਂ ਡੱਡੂ ਚੁੱਪ ਸਨ। ਰੁਮਕਦੀ ਹਵਾ ਨਾਲ ਹਿੱਲਦੇ ਪਾਣੀ ’ਚ ਤਾਰੇ ਜਿਵੇਂ ਅਠਖੇਲ੍ਹੀਆਂ ਕਰ ਰਹੇ ਸਨ।

ਅਗਲੇ ਦਿਨ ਐਤਵਾਰ ਸੀ। ਉਹਨੂੰ ਕਿਸੇ ਨੇਂ ਵੀ ਜਲਦੀ ਨਹੀਂ ਉਠਾਇਆ। ਫੇਰ ਉਹਦੀ ਮਾਂ ਨੇਂ ਪਿਆਰ ਨਾਲ ਉਹਦਾ ਮੋਢਾ ਫੜ੍ਹ ਕੇ ਹਲੂਣਦਿਆਂ ਚਾਹ ਪੀਣ ਲਈ ਕਿਹਾ। ਆਪ ਉਹਦੇ ਮੰਜੇ ਦੀ ਪੈਂਦ ਤੇ ਬੈਠ ਗਈ ਤੇ ਕਹਿਣ ਲੱਗੀ ਕਿ ਰੋਜ਼ੀ ਦਾ ਫੋਨ ਆਇਆ ਸੀ। ਉਹ ਤੇ ਉਹਦੀ ਮੰਮੀ ਨੇਂ ਆਉਣਾ ਅੱਜ ਆਪਣੇ ਘਰ। ਫੋਨ ਦੀ ਘੰਟੀ ਫਿਰ ਵੱਜੀ। ਮਾਂ ਉੱਠ ਕੇ ਫੋਨ ਸੁਣਨ ਚਲੀ ਗਈ। ਫੋਨ ਸੁਣ ਕੇ ਬਾਹਰ ਆਈ ਤਾਂ ਕਹਿਣ ਲੱਗੀ ਕਿ ਬਿੰਦੀ ਨੇਂ ਆਉਣਾ ਘੰਟੇ ਕੁ ਤੱਕ। ਉਹ ਕਹਿੰਦੀ ਸੀ ਗੋਗੀ ਵੀ ਘਰ ਰਹੇ ।ਮੈਂ ਆਪਣੇ ਦੋਵੇਂ ਵੀਰਾਂ ਦੇ ਰੱਖੜ੍ਹੀ ਬੰਨ੍ਹ ਕੇ ਜਾਊਂ। ਗੋਗੀ ਨੇ ਨਵਾਂ ਮੋਬਾਇਲ ਲਿਆ ਸੀ। ਉਹਨੇ ਆ ਕੇ ਉਵੇਂ ਹੀ ਚਾਹ ਪੀਂਦੇ ਭਗਤ ਨਾਲ ਆਪਣੀ ਇੱਕ ਫ਼ੋਟੋ ਖਿੱਚ ਲਈ !!
ਕੁਲਵਿੰਦਰ ਵਿਰਕ, ਪੁਰਾਣਾ ਸ਼ਹਿਰ ਕੋਟਕਪੂਰਾ (ਫਰੀਦਕੋਟ),
ਮੋ: 7814654133

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ