ਐਵੇਂ ਨਾ ਸਹਾਰੇ ਲੱਭਦੇ ਰਿਹਾ ਕਰੋ

0
112

ਐਵੇਂ ਨਾ ਸਹਾਰੇ ਲੱਭਦੇ ਰਿਹਾ ਕਰੋ

ਖੁਸ਼ੀਆਂ ਤੇ ਗਮ ਸਾਡੀ ਜ਼ਿੰਦਗੀ ਵਿਚ ਵਾਰੋ-ਵਾਰੀ ਗੇੜਾ ਮਾਰਦੇ ਰਹਿੰਦੇ ਹਨ ਜਿਸ ਨਾਲ ਵਿਅਕਤੀ ਦੀ ਜ਼ਿੰਦਗੀ ’ਚ ਹਾਲਾਤ ਮੌਸਮਾਂ ਵਾਂਗ ਬਦਲਦੇ ਰਹਿੰਦੇ ਹਨ। ਕਈ ਵਾਰ ਇਹ ਹਾਲਾਤ ਵਿਅਕਤੀ ਨੂੰ ਇੰਨਾ ਕਮਜ਼ੋਰ ਬਣਾ ਦਿੰਦੇ ਹਨ ਕਿ ਉਸ ਨੂੰ ਇਸ ਵਿਚੋਂ ਨਿੱਕਲਣ ਦਾ ਕੋਈ ਤਰੀਕਾ ਨਹੀਂ ਸੁੱਝਦਾ। ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਆਪਣੇ ਨਜ਼ਦੀਕ ਦੇ ਸਬੰਧਾਂ ਵਿਚੋਂ ਸਹਾਰਾ ਲੈਣ ਲਈ ਮਜ਼ਬੂਰ ਹੋ ਜਾਂਦਾ ਹੈ। ਜਦੋਂ ਸਹਾਰਾ ਆਸਾਨੀ ਨਾਲ ਮਿਲ ਜਾਵੇ ਤਾਂ ਹੌਲੀ-ਹੌਲੀ ਦੂਸਰਿਆਂ ਕੋਲੋਂ ਸਹਾਰਾ ਲੱਭਣਾ ਵਿਅਕਤੀ ਦੀ ਆਦਤ ਬਣ ਜਾਂਦੀ ਹੈ ਜੋ ਬਾਅਦ ਦੇ ਜੀਵਨ ਵਿਚ ਬਹੁਤੀ ਵਾਰ ਨਮੋਸ਼ੀ ਦਾ ਕਾਰਨ ਵੀ ਬਣਦੀ ਹੈ। ਵੇਦ ਵਿਆਸ ਜੀ ਦੇ ਕਥਨ ਅਨੁਸਾਰ:-
‘‘ਕਿਸੇ ਤੋਂ ਸਹਾਰਾ ਲਏ ਬਿਨਾਂ ਕੋਈ ਉੱਪਰ ਨਹੀਂ ਚੜ੍ਹ ਸਕਦਾ। ਹਰ ਕਿਸੇ ਨੂੰ ਜ਼ਿੰਦਗੀ ਵਿਚ ਕਦੇ ਨਾ ਕਦੇ, ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਹੀ ਪੈਂਦਾ ਹੈ।’’

ਸਿਆਣੇ ਕਹਿੰਦੇ ਹਨ ਕਿ ਸਦਾ ਬੇਗਾਨੇ ਖੰਭਾਂ ਦਾ ਸਹਾਰਾ ਲੱਭਣ ਵਾਲੇ ਲੋਕ ਫਿਰ ਸਾਰੀ ਉਮਰ ਹਨ੍ਹੇਰਾ ਹੀ ਢੋਂਹਦੇ ਰਹਿੰਦੇ ਹਨ ਤੇ ਕਦੇ ਵੀ ਸਫਲਤਾ ਦੀਆਂ ਉੱਚਾਈਆਂ ਹਾਸਲ ਨਹੀਂ ਕਰ ਸਕਦੇ। ਵਿਅਕਤੀ ਨੂੰ ਖੁਸ਼ਹਾਲੀ ਦੀਆਂ ਮੰਜ਼ਿਲਾਂ ਪ੍ਰਾਪਤ ਕਰਨ ਤੇ ਆਪਣੀ ਪਰਛਾਈ ਲਈ, ਖੁਦ ਧੁੱਪ ਵਿਚ ਖੜੇ੍ਹ ਰਹਿਣਾ ਪੈਂਦਾ ਹੈ। ਦੂਜਿਆਂ ਦੀ ਛਾਂ ਵਿਚ ਖੜ੍ਹੇ ਰਹਿ ਕੇ ਅਸੀਂ ਆਪਣੀ ਪਰਛਾਈ ਗੁਆ ਦਿੰਦੇ ਹਾਂ ਜਿਸ ਕਾਰਨ ਜ਼ਿੰਦਗੀ ਵਿਚ ਬਹੁਤ ਤਕਲੀਫ ਮਿਲਦੀ ਹੈ। ਤੈਰਨਾ ਸਿੱਖਣਾ ਹੈ ਤਾਂ ਪਾਣੀ ਵਿਚ ਉੱਤਰਨਾ ਹੀ ਪਵੇਗਾ। ਕਿਨਾਰੇ ਬੈਠ ਕੇ ਕੋਈ ਗੋਤਾਖੋਰ ਨਹੀਂ ਬਣ ਸਕਦਾ।

ਆਪਣੇ ਸੁਪਨਿਆਂ ਦੀ ਮੰਜ਼ਿਲ ਪ੍ਰਾਪਤੀ ਤੇ ਮਾੜੇ ਹਾਲਾਤਾਂ ਵਿਚੋਂ ਨਿੱਕਲਣ ਲਈ ਪਹਿਲੀ ਪੁਲਾਂਘ ਖੁਦ ਦੇ ਹੌਂਸਲੇ ਨਾਲ ਹੀ ਪੁੱਟਣੀ ਪੈਂਦੀ ਹੈ। ਪਰਮਾਤਮਾ ਨੇ ਹਰ ਵਿਅਕਤੀ ਨੂੰ ਅਨੋਖੀਆਂ ਸ਼ਕਤੀਆਂ ਦਿੱਤੀਆਂ ਹਨ ਪਰ ਜੋ ਵਿਅਕਤੀ ਹਾਲਾਤ ਦੇ ਅੱਗੇ ਹਾਰ ਜਾਂਦੇ ਹਨ, ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਆਪਣੇ ਪੈਰਾਂ ’ਤੇ ਖੜੇ੍ਹ ਹੋਣ ਦਾ ਹੀਆ ਨਹੀਂ ਕਰਦੇ, ਉਹ ਸਮੇਂ ਦੀ ਧੂੜ ਵਿਚ ਹੀ ਗੁਆਚ ਜਾਂਦੇ ਹਨ ਤੇ ਮੰਗਤਿਆਂ ਵਾਂਗ ਦੂਸਰਿਆਂ ਦੇ ਸਾਹਮਣੇ ਤਰਸ ਦੇ ਪਾਤਰ ਬਣੇ ਰਹਿੰਦੇ ਹਨ। ਇਸ ਲਈ ਮਨੁੱਖ ਨੂੰ ਹਰ ਗੱਲ ’ਤੇ ਆਸਰੇ ਲੈਣ ਵਾਲਾ ਨਹੀਂ ਬਣਨਾ ਚਾਹੀਦਾ।

ਜ਼ਰੂਰਤ ਤੋਂ ਜ਼ਿਆਦਾ ਦੂਜਿਆਂ ’ਤੇ ਨਿਰਭਰਤਾ, ਇਨਸਾਨ ਨੂੰ ਅਪਾਹਿਜ਼ ਬਣਾ ਦਿੰਦੀ ਹੈ ਤੇ ਅਜਿਹੇ ਲੋਕ ਸਮੇਂ ਦੀ ਅੱਖ ਵਿਚ ਅੱਖ ਪਾ ਕੇ ਵੇਖਣ ਦੀ ਜ਼ੁਰੱਅਤ ਨਹੀਂ ਕਰ ਸਕਦੇ। ਜ਼ਿੰਦਗੀ ਵਿਚ ਖੁਦ ਹਿੰਮਤ ਕਰੋਗੇ ਤਾਂ ਸਾਰਾ ਕੁਝ ਬਦਲ ਸਕਦੇ ਹੋ। ਕਈ ਵਾਰ ਵਾਰ-ਵਾਰ ਸਹਾਰਾ ਪ੍ਰਾਪਤ ਕਰਨ ਦੀ ਆਦਤ ਕਾਰਨ, ਸਹਾਰਾ ਦੇਣ ਵਾਲੇ ਖੁਦ ਹੀ ਮੰਜ਼ਿਲਾਂ ਤੋਂ ਗੁਮਰਾਹ ਵੀ ਕਰ ਦਿੰਦੇ ਹਨ। ਦੂਜਿਆਂ ਤੋਂ ਮਿਲਣ ਵਾਲੇ ਸਹਾਰੇ ’ਤੇ ਰਹਿਣ ਨਾਲ, ਜੀਵਨ ਹੀ ਬੰਦ ਹੋ ਜਾਂਦਾ ਹੈ। ਜਿਹੜਾ ਵਿਅਕਤੀ ਅਪਾਹਿਜ਼ ਹੋਣ ਦੇ ਬਾਵਜੂਦ ਵੀ ਚੱਲਦਾ ਰਹਿੰਦਾ ਹੈ, ਉਸ ਨੂੰ ਅੱਗੋਂ ਕਿਸਮਤ ਉਡੀਕ ਰਹੀ ਹੁੰਦੀ ਹੈ।

ਇੱਕ ਵਾਰ ਇੱਕ ਬਜ਼ੁਰਗ ਜੋੜਾ ਹਵਾਈ ਜਹਾਜ਼ ਵਿਚ ਸਫਰ ਕਰ ਰਿਹਾ ਸੀ। ਆਦਮੀ ਦੀ ਉਮਰ ਲਗਭਗ ਅੱਸੀ ਸਾਲ ਦੇ ਕਰੀਬ ਹੋਵੇਗੀ ਤੇ ਔਰਤ ਕੁਝ ਸਾਲ ਘੱਟ। ਜਦੋਂ ਉਹ ਬਜ਼ੁਰਗ ਇੱਕ ਬੋਤਲ ਖੋਲ੍ਹਣ ਲੱਗਾ ਤਾਂ ਉਨ੍ਹਾਂ ਕੋਲੋਂ ਖੁੱਲ੍ਹ ਨਹੀਂ ਸੀ ਰਹੀ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਕੋਲੋਂ ਬੋਤਲ ਖੋਲ੍ਹਣ ਲਈ ਮੰਗੀ ਤਾਂ ਉਨ੍ਹਾਂ ਨੇ ਨਹੀਂ ਦਿੱਤੀ ਪਰ ਆਪਣੀ ਕੋਸ਼ਿਸ਼ ਜਾਰੀ ਰੱਖੀ। ਬੋਤਲ ਨਾ ਖੁੱਲ੍ਹਦੀ ਵੇਖ ਕੇ ਮੈਂ ਵੀ ਉਨ੍ਹਾਂ ਦੀ ਮੱਦਦ ਕਰਨ ਲਈ ਹੱਥ ਵਧਾਇਆ ਪਰ ਸਭ ਕੁਝ ਬੇਕਾਰ। ਆਖਰ ਇੱਕ-ਦੋ ਵਾਰ ਹੋਰ ਕੋਸ਼ਿਸ਼ ਕਰਨ ’ਤੇ ਉਨ੍ਹਾਂ ਨੇ ਬੋਤਲ ਖੋਲ੍ਹ ਲਈ। ਮੇਰੇ ਵੱਲ ਵੇਖ ਕੇ ਕਹਿਣ ਲੱਗੇ :-

‘‘ਦੂਜਿਆਂ ਦੇ ਸਹਾਰੇ ਤੋਂ ਵੱਡਾ ਇਸ ਦੁਨੀਆਂ ਵਿਚ ਕੋਈ ਵਾਇਰਸ ਨਹੀਂ ਤੇ ਖੁਦ ਦੀ ਹਿੰਮਤ ਤੋਂ ਵੱਡੀ ਕੋਈ ਵੈਕਸੀਨ ਨਹੀਂ ਹੁੰਦੀ।’’
ਇਸ ਸੰਸਾਰ ਵਿਚ ਸਭ ਤੋਂ ਵੱਡਾ ਗਰੀਬ ਉਹੀ ਹੈ ਜਿਸ ਦੀਆਂ ਖੁਸ਼ੀਆਂ ਦੂਜਿਆਂ ’ਤੇ ਨਿਰਭਰ ਕਰਦੀਆਂ ਹਨ। ਕੱਪੜਿਆਂ ਦੀ ਮੈਚਿੰਗ ਬਿਠਾਉਣ ਨਾਲ ਸਿਰਫ ਸਰੀਰ ਸੁੰਦਰ ਦਿਸਦਾ ਹੈ ਪਰ ਜੇਕਰ ਹਿੰਮਤ ਤੇ ਸੋਚ ਵਿਚ ਮੈਚਿੰਗ ਬਿਠਾ ਲਈਏ ਤਾਂ ਜੀਵਨ ਸੁੰਦਰ ਬਣ ਜਾਵੇਗਾ।

ਬਦਕਿਸਮਤੀ ਇਹ ਹੈ ਕਿ ਅਸੀਂ ਛੋਟੀ ਜਿਹੀ ਮੁਸ਼ਕਲ ਆ ਜਾਣ ’ਤੇ ਢਿੱਗੀ ਢਾਹ ਬੈਠਦੇ ਹਾਂ ਤੇ ਦੂਜਿਆਂ ਤੋਂ ਸਹਾਰੇ ਦੀ ਉਮੀਦ ਕਰਨ ਲੱਗਦੇ ਹਾਂ। ਬੰਦਾ ਅਪੰਗ ਸਰੀਰ ਤੋਂ ਨਹੀਂ ਸੋਚ ਤੋਂ ਹੁੰਦਾ ਹੈ। ਅਰੁਨਿਮਾ ਵਰਗੀਆਂ ਔਰਤਾਂ ਅਪੰਗ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਨੂੰ ਸਰ ਕਰ ਸਕਦੀਆਂ ਨੇ ਤਾਂ ਅਸੀਂ ਕਿਉਂ ਨਹੀਂ?
ਇਸ ਲਈ ਦੋਸਤੋ, ਆਓ! ਆਪਣੇ ਸੰਕਲਪ ਅਤੇ ਕਰਮ ਨਾਲ ਖੁਦ ਨੂੰ ਨਵੀਂ ਪਛਾਣ ਦੇਈਏ। ਆਸਰੇ ਭਾਲਣ ਦੀ ਬਜਾਏ ਦੂਜਿਆਂ ਨੂੰ ਆਸਰਾ ਦੇਣ ਵਾਲੇ ਬਣੀਏ। ਇਸ ਨਾਲ ਮਨ ਅੰਦਰ ਖੁਸ਼ੀਆਂ ਦੀਆਂ ਨਵੀਆਂ ਕਰੂੰਬਲਾਂ ਫੁੱਟ-ਫੁੱਟ ਪੈਣਗੀਆਂ ਤੇ ਅਸੀਂ ਆਪਣੇ ਅੰਦਰ ਅਪਾਰ ਸੰਤੁਸ਼ਟੀ ਮਹਿਸੂਸ ਕਰਨ ਲੱਗਾਂਗੇ।

ਹੌਂਸਲਾ ਨਾ ਕਰਨ ਤੇ ਦੂਸਰਿਆਂ ਦੇ ਸਹਾਰੇ ਰਹਿਣ ਵਾਲੇ ਲੋਕ ਆਪਣੇ ਮਨ ਵਿਚ ਕਲਪਨਾ ਕਰਕੇ ਤਸਵੀਰਾਂ ਖਿੱਚਣ ਦੇ ਯੋਗ ਨਹੀਂ ਹੁੰਦੇ ਬਲਕਿ ਉਹ ਆਪਣੇ ਅੰਦਰ ਕੇਵਲ ਆਦਰਸ਼ ਦੀ ਧੁੰਦਲੀ ਤਸਵੀਰ ਹੀ ਖਿੱਚ ਸਕਦੇ ਹਨ। ਆਪਣੀ ਸਮਰੱਥਾ ਦੇ ਅਨੁਸਾਰ ਸਾਰੇ ਕੰਮ ਆਪ ਹੀ ਕਰੋ। ‘ਐਵੇਂ ਨਾ ਦੂਜਿਆਂ ਤੋਂ ਸਹਾਰੇ ਲੱਭਦੇ ਰਿਹਾ ਕਰੋ’। ਆਪਣੇ ਸਿਰ ਦੀਆਂ ਉਲਝਣਾਂ ਖੁਦ ਹੀ ਸੁਲਝਾ ਲੈਣੀਆਂ ਚਾਹੀਦੀਆਂ ਹਨ, ਸਹਾਰਾ ਦੇਣ ਵਾਲੇ ਤਾਂ ਕੰਘੇ ਦੀ ਕੀਮਤ ਵੀ ਵਸੂਲ ਕਰਦੇ ਰਹਿੰਦੇ ਹਨ।
ਇਸ ਲਈ ਆਪਣੇ-ਆਪ ’ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਓ ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ, ਇੱਕ ਦਿਨ ਸਾਥ ਛੱਡ ਹੀ ਜਾਂਦੇ ਹਨ ਜਾਂ ਸਾਰੀ ਉਮਰ ਮਿਹਣਿਆਂ ਨਾਲ ਹੀ ਸਵਾਗਤ ਕਰਵਾਉਂਦੇ ਹਨ।

ਤੁਹਾਡੀ ਹਿੰਮਤ ਤੋਂ ਵਧੀਆ, ਤੁਹਾਡਾ ਕੋਈ ਸਹਾਰਾ ਨਹੀਂ ਹੋ ਸਕਦਾ। ਜ਼ਿੰਦਗੀ ਵਿਚ ਜੇਕਰ ਖੁਸ਼ ਰਹਿਣਾ ਹੈ ਤਾਂ ਸਹਾਰੇ ਲੱਭਣਾ ਬੰਦ ਕਰ ਦਿਓ ਤੇ ਹਿੰਮਤ ਦਾ ਪੱਲਾ ਫੜ ਲਓ। ਤੁਹਾਡੇ ’ਚ ਅਨੋਖੀਆਂ ਸ਼ਕਤੀਆਂ ਹਨ, ਇਨ੍ਹਾਂ ਨੂੰ ਜਗਾਓ ਤੇ ਵਰਤੋ। ਆਪਣੀ ਖੁਸ਼ੀ ਲਈ ਪੂਰੀ ਤਰ੍ਹਾਂ ਕਦੇ ਵੀ ਦੂਜਿਆਂ ’ਤੇ ਨਿਰਭਰ ਨਾ ਕਰੋ। ਸਵੈ-ਚਿੰਤਨ ਕਰੋ ਤੇ ਵੇਖੋ ਕਿ ਤੁਹਾਨੂੰ ਆਪਣੇ ਕੰਮ ਲਈ ਆਪਣੇ ਅੰਦਰ ਕਿਹੋ-ਜਿਹੇ ਬਦਲਾਅ ਦੀ ਜ਼ਰੂਰਤ ਹੈ। ਉਨ੍ਹਾਂ ਤਬਦੀਲੀਆਂ ਨੂੰ ਲਿਆ ਕੇ ਕੰਮ ਸ਼ੁਰੂ ਕਰੋ ਤੇ ਮੁਸਕਰਾਹਟਾਂ ਨੂੰ ਆਪਣੇ ਵੱਸ ਵਿਚ ਕਰ ਲਓ। ਜੇਕਰ ਮੁਸਕਰਾਨ ਬਿਖੇਰਨ ਦੀ ਜਾਚ ਆ ਗਈ ਤਾਂ ਜ਼ਿੰਦਗੀ ਸੱਚਮੁੱਚ ਹੀ ਸਵਰਗ ਬਣ ਜਾਵੇਗੀ।

ਇੱਕ ਗੱਲ ਆਪਣੇ ਦਿਲੋ-ਦਿਮਾਗ ’ਚ ਬਿਠਾ ਲਓ ਕਿ ਦੁਨੀਆਂ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਜੋ ਮੈਂ ਨਹੀਂ ਕਰ ਸਕਦਾ। ਦੁਨੀਆਂ ਤੁਹਾਡੇ ਨਾਲ ਪਿਆਰ ਕਰਨ ਲੱਗ ਪਵੇਗੀ। ਇਨਸਾਨ ਦੀ ਬਰਬਾਦੀ ਦਾ ਵਕਤ ਉਦੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਉਹ ਹਰ ਕੰਮ ਲਈ ਦੂਜਿਆਂ ’ਤੇ ਨਿਰਭਰ ਰਹਿਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਸਦਾ ਯਾਦ ਰੱਖੋ:-
ਜ਼ਿੰਦਗੀ ਵਿਚ ਜੇਕਰ ਅੱਗੇ ਵਧਣਾ ਹੈ ਤਾਂ ਕਦੇ ਵੀ ਨਾ ਨਿਰਭਰ ਰਹਿਣਾ ਗੈਰਾਂ ’ਤੇ,
ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਖੜ੍ਹੇ ਹਨ ਆਪਣੇ ਪੈਰਾਂ ’ਤੇ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ