ਦਹੇਜ (Dowry Short Story)

ਦਹੇਜ (Dowry Short Story)

ਕੁਲਰਾਜ ਨੇ ਆਪਣੀ ਬੇਟੀ ਸਪਨਾ ਨੂੰ ਬੁਹਤ ਵਧੀਆ ਸੰਸਕਾਰ ਦਿੱਤੇ ਤੇ ਉਹ ਪੜ੍ਹਾਈ ਵਿਚ ਹੁਸ਼ਿਆਰ ਸੀ । ਉਹ ਇੱਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਨ ਲੱਗ ਪਈ । ਕੁਲਰਾਜ ਨੇ ਸਪਨਾ ਦੀ ਪੜ੍ਹਾਈ-ਲਿਖਾਈ ‘ਤੇ ਸਾਰੀ ਜਮ੍ਹਾ ਪੂੰਜੀ ਖਰਚ ਦਿੱਤੀ । ਸਪਨਾ ਦੇ ਰਿਸ਼ਤੇ ਬਾਰੇ ਗੱਲ ਚੱਲੀ ਤਾਂ ਸਪਨਾ ਅਤੇ ਮੁੰਡੇ ਨੇ ਇੱਕ-ਦੂਜੇ ਨੂੰ ਪਸੰਦ ਕਰ ਲਿਆ, ਬਾਕੀ ਦੀ ਗੱਲਬਾਤ ਕਰਨ ਲਈ ਕੁਲਰਾਜ ਅਤੇ ਉਸਦੀ ਘਰਵਾਲੀ ਮੁੰਡੇ ਵਾਲਿਆਂ ਦੇ ਘਰ ਗਏ। ਮੁੰਡਾ ਅਤੇ ਉਸਦੇ ਮਾਂ-ਬਾਪ ਸਾਰਿਆਂ ਨੇ ਕੁਲਰਾਜ ਨਾਲ ਗੱਲ-ਬਾਤ ਸ਼ੁਰੂ ਕੀਤੀ।  ਕੁਲਰਾਜ ਨੇ ਦਾਜ-ਦਹੇਜ ਬਾਰੇ ਪੁੱਛਿਆ ਮੁੰਡੇ ਤੇ ਉਸ ਦੇ ਮਾਪਿਆਂ ਨੇ ਸਾਫ ਮਨ੍ਹਾ ਕਰ ਦਿੱਤਾ । ਕੁਲਰਾਜ ਖੁਸ਼ ਹੋਇਆ ਕਿ ਕੁੜੀ ਦੇ ਸਹੁਰੇ ਵਧੀਆ ਸੋਚ ਦੇ ਮਾਲਕ ਹਨ। ਐਨੇ ਨੂੰ ਮੁੰਡੇ ਦੀ ਮਾਂ ਬੋਲੀ ਕਿ ਦਾਜ ਤਾਂ ਅਸੀਂ ਕੁਝ ਨਹੀਂ ਲੈਣਾ, ਆਓ! ਤੁਹਾਨੂੰ ਸਾਡਾ ਨਵਾਂ ਘਰ ਦਿਖਾਉਂਦੀ ਹਾਂ, ਜਿੱਥੇ ਵਿਆਹ ਤੋਂ ਬਾਅਦ ਅਸੀਂ ਰਹਿਣਾ ਹੈ। ਕੋਠੀ ਬੁਹਤ ਵਧੀਆ ਸੀ ਪਰ ਸੀ ਖਾਲੀ, ਕੋਈ ਸਾਮਾਨ ਨਹੀਂ ਸੀ।

ਮੁੰਡੇ ਦੀ ਮਾਂ ਨੇ ਕਿਹਾ ਕਿ ਤੁਹਾਡੀ ਕੁੜੀ ਨੇ ਵਿਆਹ ਤੋਂ ਬਾਅਦ ਏਥੇ ਰਹਿਣਾ ਹੈ ਤੇ ਜੋ ਕੁਝ ਤੁਸੀਂ ਉਸ ਨੂੰ ਦੇਣ ਦੇ ਇੱਛੁਕ ਹੋ ਦੇ ਸਕਦੇ ਹੋ, ਘਰ ਅਸੀਂ ਬਣਾ ਦਿੱਤਾ ਹੈ ਮੁੰਡੇ ਲਈ ਬਾਕੀ ਤੁਸੀਂ ਘਰ ਦਾ ਸਾਮਾਨ ਦੇ ਦੇਣਾ ਆਪਣੀ ਕੁੜੀ ਲਈ, ਪਰ ਸਾਨੂੰ ਕੋਈ ਦਾਜ ਨਹੀਂ ਚਾਹੀਦਾ। ਕੁਲਰਾਜ ਨੇ ਰਿਸ਼ਤੇ ਲਈ ਮਨ੍ਹਾ ਕਰ ਦਿੱਤਾ, ਕਿਉਂਕਿ ਉਹ ਜਾਣ ਗਿਆ ਸੀ ਕਿ ਇਹ ਮੁੰਡੇ ਦਾ ਵਿਆਹ ਨਹੀਂ ਸੌਦਾ ਕਰਨਾ ਚਾਹੁੰਦੇ ਹਨ। ਫਿਰ ਮੁੰਡੇ ਵਾਲਿਆਂ ਨੇ ਕਿਸੇ ਹੋਰ ਦਾਜ ਦੇਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ।  ਕੁਲਰਾਜ ਨੇ ਚੰਗੇ ਬੰਦਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਦਹੇਜ ਕਿਸੇ ਵੀ ਤਰੀਕੇ ਨਾਲ ਨਾ ਮੰਗਦੇ ਹੋਣ। ਕੁਲਰਾਜ ਅੱਜ-ਕੱਲ੍ਹ ਦੇ ਲੋਕਾਂ ਦੇ ਦਹੇਜ ਮੰਗਣ ਦੇ ਨਵੇਂ ਤਰੀਕੇ ਤੋਂ ਹੈਰਾਨ ਸੀ।
ਗੁਰਪ੍ਰੀਤ ਸਿੰਘ ਭੱਟੀ,
ਵਕੀਲ, ਸਿਵਿਲ ਕੋਰਟ, ਦਸੂਹਾ
ਮੋ. 94659-25700

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ