ਖਿੱਚ-ਧੂਹ

0

ਖਿੱਚ-ਧੂਹ

ਜਰਨੈਲ ਕੌਰ ਨੂੰ ਆਪਣੇ ਜਨਮ ਦਾ ਸਹੀ ਪਤਾ ਤਾਂ ਨਹੀਂ ਸੀ, ਪੁੱਛਣ ‘ਤੇ ਏਨਾ ਜ਼ਰੂਰ ਦੱਸਦੀ ਕਿ ਹੱਲਿਆਂ ਵੇਲੇ ਉਹ 7-8 ਸਾਲ ਦੀ ਸੀ। ਹੱਲਿਆਂ ਤੋਂ ਬਾਦ ਉਹ ਏਧਰ ਆ ਕੇ ਵੱਸ ਗਏ ਉਹ ਜਵਾਨ ਹੋਈ ਤੇ ਉਸਦਾ ਵਿਆਹ ਵੀ ਇੱਕ ਫੌਜੀ ਨਾਲ ਕਰ ਦਿੱਤਾ ਗਿਆ। ਹੁਣ ਜਰਨੈਲ ਕੌਰ ਸੌ ਸਾਲ ਦੇ ਕਰੀਬ ਪਹੁੰਚ ਚੁੱਕੀ ਹੈ। ਉਸਦੇ ਫੌਜੀ ਪਤੀ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਗਈ ਸੀ। ਉਸਦੇ ਪਤੀ ਦੀ ਪੈਨਸ਼ਨ ਉਸਨੂੰ ਮਿਲਦੀ ਹੈ ਅਤੇ ਜਮੀਨ ਦਾ ਠੇਕਾ ਵੀ ਉਸਨੂੰ ਮਿਲਦਾ ਹੈ। ਜਰਨੈਲ ਕੌਰ ਦੇ 6 ਲੜਕੇ ਅਤੇ ਚਾਰ ਲੜਕੀਆਂ ਹਨ।

ਸਭ ਵਿਆਹੇ ਹੋਏ ਹਨ। ਕਰੀਬ 10 ਡਲੀਵਰੀਆਂ ਤੋਂ ਬਾਦ ਵੀ ਬੇਬੇ ਜਰਨੈਲ ਕੌਰ ਕਰੀਬ 100 ਸਾਲ ਦੀ ਹੋ ਗਈ ਹੈ, ਪੋਤਿਆਂ, ਪੜੋਤਿਆਂ ਤੇ ਅੱਗੇ ਦੋਹਤੇ, ਦੋਹਤੀਆਂ ਦੇ ਵੀ ਗਾਂਹ ਬੱਚੇ ਹੋ ਗਏ ਹਨ। ਬੇਬੇ ਕੋਲ ਛੇ ਕਿੱਲੇ ਜਮੀਨ ਹੈ ਬੇਬੇ ਜਰਨੈਲ ਕੌਰ ਕੋਲ ਬੇਸ਼ੱਕ ਜਮੀਨ ਹੈ ਅਤੇ ਉਸਨੂੰ 15 ਹਜਾਰ ਰੁਪਏ ਪੈਨਸ਼ਨ ਵੀ ਆਉਂਦੀ ਹੈ ਪਰ ਉਹ ਆਪਣੀ ਔਲਾਦ ਦੇ ਲਾਲਚ ਕਾਰਨ ਆਪਣੀ ਖਿੱਚ-ਧੂਹ ਤੋਂ ਬਚ ਨਹੀਂ ਸਕੀ।   ਬੇਬੇ ਕਈ ਸਾਲਾਂ ਤੋਂ ਆਪਣੇ ਵੱਡੇ ਲੜਕੇ ਗੁਰਜੀਤ ਸਿੰਘ ਨਾਲ ਰਹਿ ਰਹੀ ਹੈ।

ਗੁਰਜੀਤ ਸਿੰਘ ਆਪਣੀ ਬੇਬੇ ਦੀ ਸੇਵਾ ਬਦਲੇ ਬੇਬੇ ਦੀ ਹਿੱਸੇ ਦੀ ਜਮੀਨ ਦਾ ਠੇਕਾ ਅਤੇ ਉਸਦੀ ਪੈਨਸ਼ਨ ਦੇ ਰੁਪਏ ਲੋੜ ਅਨੁਸਾਰ ਆਪਣੀ ਕਬੀਲਦਾਰੀ ਲਈ ਵਰਤ ਲੈਂਦਾ ਹੈ। ਬੇਬੇ ਜਰਨੈਲ ਕੌਰ ਵੀ ਖੁੱਲ੍ਹੇ ਹੱਥ ਦੀ ਹੈ, ਜਦੋਂ ਉਸਦੀਆਂ ਧੀਆਂ ਵਿਚੋਂ ਕੋਈ ਲੜਕੀ ਉਸਦੇ ਕੋਲ ਆਉਂਦੀ ਤਾਂ ਸਭ ਨੂੰ ਕੁੱਝ ਨਾ ਕੁੱਝ ਰੁਪਏ ਦੇ ਕੇ ਮੋੜਦੀ, ਬੇਬੇ ਦੇ ਦੋਹਤੇ-ਦੋਹਤੀਆਂ, ਪੋਤਰੇ-ਪੋਤਰੀਆਂ ਨੂੰ ਵੀ ਉਹ ਖਾਲੀ ਨਾ ਮੋੜਦੀ। ਹੁਣ ਬੇਬੇ ਜਰਨੈਲ ਕੌਰ ਆਪਣੀ ਉਮਰ ਦੇ ਆਖਰੀ ਪੜਾਅ ‘ਤੇ ਹੈ ਤੇ ਉਸਦੀ ਖਿੱਚ-ਧੂਹ ਹੋਣੀ ਸ਼ੁਰੂ ਹੋ ਗਈ ਹੈ।

ਬੇਬੇ ਦੀ ਸੇਵਾ ਕਰਨ ਦੇ ਬਹਾਨੇ ਪਹਿਲਾਂ ਉਸਦੀ ਲੜਕੀ ਉਸਨੂੰ ਆਪਣੇ ਘਰ ਲੈ ਗਈ ਤਾਂ ਕਿ ਹੁਣ ਕੁੱਝ ਸਮਾਂ ਬੇਬੇ ਦੀ ਪੈਨਸ਼ਨ ਅਤੇ ਠੇਕੇ ਦਾ ਲੁਤਫ ਉਹ ਲੈ ਸਕੇ, ਫੇਰ ਬੇਬੇ ਦੀ ਕੁੜੀ ਦੇ ਘਰੋਂ ਬੇਬੇ ਨੂੰ ਜਬਰੀ ਉਸਦਾ ਇੱਕ ਲੜਕਾ ਚੁੱਕ ਕੇ ਲੈ ਗਿਆ ਅਤੇ ਜਦੋਂ ਦੂਸਰੇ ਲੜਕੇ ਨੂੰ ਪਤਾ ਲੱਗਾ ਕਿ ਬੇਬੇ ਨੂੰ ਭੈਣ ਦੇ ਘਰੋਂ ਉਸਦਾ ਭਾਈ ਮੁਖਤਿਆਰ ਸਿੰਘ ਬੇਬੇ ਨੂੰ ਲੈ ਗਿਆ ਹੈ ਤਾਂ ਝੱਟ ਗੁਰਜੀਤ ਸਿੰਘ, ਆਪਣੇ ਭਾਈ ਮੁਖਤਿਆਰ ਸਿੰਘ ਦੇ ਘਰ ਚਲਾ ਗਿਆ ਤੇ ਉਸਦੀ ਗੈਰ-ਹਾਜ਼ਰੀ ਵਿਚ ਬੇਬੇ ਨੂੰ ਕਾਰ ਵਿੱਚ ਸੁੱਟ ਕੇ ਵਾਪਸ ਆਪਣੇ ਘਰ ਲੈ ਆਇਆ।

ਇਸ ਤਰ੍ਹਾਂ ਬੇਬੇ ਦੇ ਹਿੱਸੇ ਦੀ ਜਮੀਨ ਦੇ ਠੇਕੇ ਅਤੇ ਪੈਨਸ਼ਨ ਪਿੱਛੇ ਬੇਬੇ ਦੇ ਲੜਕੇ-ਲੜਕੀਆਂ ਨੇ ਬੇਬੇ ਦੀ ਖਿੱਚ-ਧੂਹ ਸ਼ੁਰੂ ਕੀਤੀ ਹੋਈ ਹੈ ਬੇਬੇ ਨੂੰ ਕਦੇ ਕੋਈ ਚੁੱਕ ਕੇ ਲੈ ਜਾਂਦਾ ਹੈ ਅਤੇ ਕਦੇ ਕੋਈ। ਬੇਬੇ ਦੀ ਸਿਹਤ ਨਾਲ ਕਿਸੇ ਨੂੰ ਕੋਈ ਵਾਹ-ਵਾਸਤਾ ਨਹੀਂ, ਬੱਸ ਉਸਦੀ ਜਮੀਨ ਦੇ ਠੇਕੇ ਅਤੇ ਪੈਨਸ਼ਨ ਹਥਿਆਉਣ ਪਿੱਛੇ ਸਾਰੇ ਲੜਕੇ-ਲੜਕੀਆਂ ਬੇਬੇ ਦੀ ਖਿੱਚ-ਧੂਹ ਕਰਨ ਲੱਗੇ ਪਏ ਹਨ।

ਬੱਚਿਆਂ ਦਾ ਖੂਨ ਚਿੱਟਾ ਹੋ ਗਿਆ ਹੈ। ਬੇਬੇ ਜਰਨੈਲ ਕੌਰ ਜੋ ਉੱਠ ਬੈਠ ਨਹੀਂ ਸਕਦੀ, ਮੰਜੇ ‘ਤੇ ਪਈ ਚੰਗਿਆੜਾਂ ਮਾਰਦੀ ਹੋਈ ਆਖਦੀ ਹੈ ਕਿ ਤੁਸੀਂ ਮੇਰੇ ਧੀਆਂ-ਪੁੱਤਰ ਹੋ ਜਾਂ ਮੇਰੇ ਦੁਸ਼ਮਣ, ਕਦੇ ਮੈਨੂੰ ਕੋਈ ਜਬਰੀ ਚੁੱਕ ਕੇ ਲੈ ਜਾਂਦਾ ਹੈ ਅਤੇ ਕਦੇ ਕੋਈ, ਜਦੋਂ ਮੈਂ ਮਰ ਗਈ ਜੈਵੱਡਿਓ ਮੇਰੀ ਜਮੀਨ ਦਾ ਹਿੱਸਾ ਅਤੇ ਪੈਨਸ਼ਨ ਦੀ ਰਕਮ ਬਰਾਬਰ-ਬਰਾਬਰ ਵੰਡ ਲੈਣਾ, ਇੰਜ ਮੇਰੀ ਖਿੱਚ-ਧੂਹ ਕਰਕੇ ਮੇਰੀ ਜਾਨ ਦੇ ਪਿੱਛੇ ਕਿਉਂ ਪਏ ਓ। ਪਰ ਬੇਬੇ ਦੀਆਂ ਚੰਗਿਆੜਾਂ ਕੋਈ ਨਹੀਂ ਸੁਣ ਰਿਹਾ, ਸਭ ਨੂੰ ਬੇਬੇ ਦੀ ਪੈਨਸ਼ਨ ਦੀ ਜਮ੍ਹਾ ਰਕਮ ਅਤੇ ਬੇਬੇ ਦੀ ਜਮੀਨ ਦਾ ਠੇਕਾ ਦਿਸ ਰਿਹਾ ਹੈ। ਕੋਈ ਕਹਿੰਦਾ, ਮੈਂ ਖਾ ਲਵਾਂ ਤੇ ਕੋਈ ਕਹਿੰਦਾ ਮੈਂ ਖਾ ਲਵਾਂ। ਇਸ ਤਰ੍ਹਾਂ ਬੇਬੇ ਦੇ ਹਿੱਸੇ ਠੇਕੇ ਅਤੇ ਪੈਨਸ਼ਨ ਦੀ ਰਕਮ ਹੜੱਪ ਕਰਨ ਲਈ ਸਭ ਉਸਨੂੰ ਵਾਰੋ-ਵਾਰੀ ਖਿੱਚੀ ਫਿਰਦੇ ਹਨ।
ਜਤਿੰਦਰ ਦੇਵਗਨ, ਬਰਨਾਲਾ
ਮੋ. 93175=00031

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।