ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਸੈਕੰਡਰੀ ਸਕੂਲਾਂ ‘ਚ ਭੇਜਣ ਦੀ ਡੀ ਟੀ ਐੱਫ ਵੱਲੋਂ ਨਿਖੇਧੀ

0
48

ਸਿੱਖਿਆ ਵਿਭਾਗ ਨੇ ਮੰਨਿਆ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ

ਪਟਿਆਲਾ, (ਸੱਚ ਕਹੂੰ ਨਿਊਜ)। ਸਿੱਖਿਆ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਪਹਿਲੀ ਵਾਰ ਸਿੱਖਿਆ ਵਿਭਾਗ ਨੇ ਮੰਨਿਆ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਇਸ ਘਾਟ ਨੂੰ ਦੂਰ ਕਰਨ ਲਈ ਅਧਿਆਪਕਾਂ ਦੀ ਭਰਤੀ ਦੀ ਲੋੜ ਮਹਿਸੂਸ ਕਰਨ ਦੀ ਥਾਂ ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਬਦਲਵੇਂ ਪ੍ਰਬੰਧ ਵਜੋਂ ਭੇਜਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਡੈਮੋਕ੍ਰੇਟਿਕ ਟੀਚਰਜ ਫਰੰਟ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰ ਪਾਲ ਸਿੰਘ ਘੱਗਾ , ਜਨਰਲ ਸਕੱਤਰ ਅਮਨਦੀਪ ਸਿੰਘ ਦੇਵੀਗੜ੍ਹ ਅਤੇ ਹਰਵਿੰਦਰ ਸਿੰਘ ਰੱਖੜਾ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਅਤੇ ਇਸ ਸਾਲ 31 ਮਾਰਚ ਅਤੇ 30 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਵਿਭਾਗ ਵਿੱਚੋਂ ਅਧਿਆਪਕ ਰਿਟਾਇਰ ਹੋ ਗਏ ਹਨ,

ਇਸ ਤੋਂ ਇਲਾਵਾ ਕੋਰੋਨਾ ਸੰਕਟ ਕਾਰਣ ਮੱਧ ਵਰਗ ਦੇ ਕਚੂੰਮਰ ਨਿਕਲਣ ਕਾਰਣ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਣ ਅਧਿਆਪਕਾਂ ਦੀ ਭਾਰੀ ਘਾਟ ਦੀ ਸਮੱਸਿਆ ਬੁਰੀ ਤਰ੍ਹਾਂ ਗਹਿਰਾ ਗਈ ਹੈ। ਸਿੱਖਿਆ ਵਿਭਾਗ ਇਸ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਨਾ ਕਰਕੇ ਡੰਗ ਟਪਾਊ ਨੀਤੀ ‘ਤੇ  ਉੱਤਰ ਆਇਆ ਹੈ ਅਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਦੇ ਹੋਣ ਵਾਲੇ ਨੁਕਸਾਨ ਨੂੰ ਅੱਖੋਂ ਪਰੋਖੇ ਕਰਨ ਦਾ ਸਿੱਖਿਆ ਮਾਰੂ ਫੈਸਲਾ ਲੈ ਰਿਹਾ ਹੈ।

ਡੀ ਟੀ ਐੱਫ ਦੇ ਭਰਤ ਕੁਮਾਰ, ਭੁਪਿੰਦਰ ਸਿੰਘ, ਰਜਿੰਦਰ ਸਿੰਘ ਸਮਾਣਾ, ਹਰਿੰਦਰ ਸਿੰਘ, ਜਗਪਾਲ ਸਿੰਘ ਚਹਿਲ, ਸਤਨਾਮ ਸਿੰਘ ਘਨੌਰ, ਰਾਮ ਸ਼ਰਨ, ਸੁਖਦੇਵ ਸਿੰਘ ਰਾਜਪੁਰਾ, ਵਿਕਰਮ ਆਲੂਣਾ, ਦਵਿੰਦਰ ਸਿੰਘ, ਚਮਕੌਰ ਸਿੰਘ, ਲੈਕ. ਜਗਤਾਰ ਰਾਮ, ਜਸਪਾਲ ਚੌਧਰੀ, ਸਤਪਾਲ ਸਿੰਘ ਸਮਾਣਾ ਅਤੇ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਗੁਰਜੀਤ ਸਿੰਘ ਘੱਗਾ ਨੇ ਕਿਹਾ ਕਿ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਇਸਦਾ ਸਖਤ ਵਿਰੋਧ ਕਰਦਾ ਹੈ ਅਤੇ ਵੱਡੀ ਗਿਣਤੀ ਵਿੱਚ ਖਾਲੀ ਪੋਸਟਾਂ ‘ਤੇ ਅਧਿਆਪਕਾਂ ਦੀ ਤੁਰੰਤ ਭਰਤੀ ਦੀ ਮੰਗ ਕਰਦਾ ਹੈ। ਆਗੂਆਂ ਵੱਲੋਂ ਸਿੱਖਿਆ ਸਕੱਤਰ ਦੁਆਰਾ ਪੇਸ਼ ਕੀਤੇ ਜਾ ਰਹੇ ਝੂਠੇ ਅੰਕੜਿਆਂ ‘ਤੇ ਅਧਾਰਿਤ ਵਿਦਿਆਰਥੀਆਂ ਨੂੰ ਮਾਨਸਿਕ ਰੋਗੀ ਬਣਾ ਰਹੀ ਆਨ-ਲਾਈਨ ਸਿੱਖਿਆ ਦੇਣ ਦੀ ਥਾਂ ਅਸਲ ਸਿੱਖਿਆ ਲਈ ਸਾਰੇ ਸਕੂਲਾਂ ਨੂੰ ਅਨੁਪਾਤਕ ਢੰਗ ਨਾਲ ਖੋਲ੍ਹੇ ਜਾਣ ਦੀ ਮੰਗ ਨੂੰ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਫਿਰ ਦੁਹਰਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.