ਤੇਜ਼ ਰਫਤਾਰ ਬੱਸ ਹਾਦਸੇ ਕਾਰਨ ਔਰਤ ਦੀ ਦਰਦਨਾਕ ਮੌਤ, ਡਰਾਇਵਰ ਫਰਾਰ

Bus, Accident, Woman, Tragic, Death, Driver, Absconded

ਸ੍ਰੀ ਮੁਕਤਸਰ ਸਾਹਿਬ, ਭਜਨ ਸਿੰਘ ਸਮਾਘ/ਸੱਚ ਕਹੂੰ ਨਿਊਜ਼

ਇੱਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਮੁਕਤਸਰ-ਮਲੋਟ ਰੋਡ ‘ਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵੱਲੋਂ ਲੱਕੜਾਂ ਚੁੱਗ ਰਹੀ ਇੱਕ ਔਰਤ ਨੂੰ ਦਰੜੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਸਾਡੇ ਪੱਤਰਕਾਰ ਵੱਲੋਂ ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੋਨਿਆਣਾ ਦੀ ਰਹਿਣ ਵਾਲੀ ਰਾਣੀ ਕੌਰ (55) ਪਤਨੀ ਬਿੰਦਰ ਸਿੰਘ ਬਾਲਣ ਲਈ ਸੜਕ ਕਿਨਾਰੇ ਲੱਕੜਾਂ ਚੁਗ ਰਹੀ ਸੀ, ਅਚਾਨਕ ਹੀ ਇੱਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਉਸ ਔਰਤ ਤੇ ਜਾ ਚੜ੍ਹੀ ਤੇ ਉਹ ਸੱਜੇ ਪਾਸੇ ਦੇ ਮੁਹਰਲੇ ਟਾਇਰ ਕੋਲ ਬੰਪਰ ਵਿੱਚ ਅੜ ਕੇ ਖਤਾਨਾ ਵਿੱਚ ਜਾ ਡਿੱਗੀ।

ਇਹ ਬੱਸ ਇੱਕ ਮੋਟੇ ਸਫੇਦੇ ਦੇ ਨਾਲ ਬਿਲਕੁਲ ਖਹਿ ਕੇ ਲੰਘੀ, ਜਿਸ ਕਾਰਨ ਔਰਤ ਬੱਸ ਅਤੇ ਸਫੇਦੇ ਦੇ ਵਿੱਚਕਾਰ ਬੁਰੀ ਤਰ੍ਹਾਂ ਦਰੜੀ ਗਈ। ਉਸ ਦੀਆਂ ਦੋਹੇ ਲੱਤਾਂ ਧੜ ਨਾਲੋਂ ਅਲੱਗ ਹੋ ਗਈਆਂ, ਚਿਹਰਾ ਅਤੇ ਧੜ ਵੀ ਬੁਰੀ ਤਰ੍ਹਾਂ ਫਿੱਸ ਗਏ। ਮੌਕੇ ‘ਤੇ ਮੌਜੂਦ ਮ੍ਰਿਤਕ ਔਰਤ ਦੇ ਦੇਵਰ ਸਤਪਾਲ ਸਿੰਘ ਨੇ ਦੱਸਿਆ ਕਿ ਰਾਣੀ ਕੌਰ ਦੇ ਇੱਕ ਲੜਕਾ ਹੈ ਅਤੇ ਇੱਕ ਲੜਕੀ ਹੈ, ਜੋ ਵਿਆਹੇ ਹੋਏ ਹਨ।

ਰਾਣੀ ਕੌਰ ਦਾ ਪਤੀ ਬਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਰਿਕਸ਼ਾ ਚਲਾਉਂਦਾ ਹੈ। ਅਚਾਨਕ ਬੱਸ ਦੇ ਖਤਾਨਾਂ ਵਿੱਚ ਡਿੱਗਣ ਨਾਲ ਜੋ ਝਟਕਾ ਲੱਗਿਆ ਉਸ ਨਾਲ ਕਰੀਬ ਅੱਧੀ ਦਰਜਨ ਸਵਾਰੀਆਂ ਦੇ ਸੱਟਾਂ ਲੱਗੀਆਂ ਜਿਨਾ ਵਿੱਚੋ ਤਿੰਨ ਔਰਤਾਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਖਮੀਆਂ ਦੀ ਪਛਾਣ ਤੇਜ਼ ਕੌਰ (60) ਪਤਨੀ ਬਿੰਦਰ ਸਿੰਘ ਨਿਵਾਸੀ ਭੰਗਚੜੀ, ਬਲਵੀਰ ਕੌਰ (45) ਪਤਨੀ ਸਤਨਾਮ ਸਿੰਘ ਨਿਵਾਸੀ ਰੱਤਾ ਖੇੜਾ, ਸਰਬਜੀਤ ਕੌਰ (30) ਪਤਨੀ ਹਰਭਜਨ ਸਿੰਘ ਨਿਵਾਸੀ ਧਿਗਾਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਵੱਜੋ ਹੋਈ ਹੈ । ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ।ਖ਼ਬਰ ਲਿਖੇ ਜਾਣ ਤੱਕ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਨਹੀਂ ਪੁੱਜੀ ਸੀ। ਜਦਕਿ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।