ਫਰਜ਼ (Duty)

ਫਰਜ਼

ਅੱਜ ਆਪਣੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਮੈਂ ਸਕੂਲੋਂ ਛੁੱਟੀ ਲਈ ਹੋਈ ਸੀ। ਲਗਭਗ 10 ਕੁ ਵਜੇ ਮੈਂ ਬੱਸ ਅੱਡੇ ‘ਤੇ ਪਹੁੰਚ ਗਿਆ ਅਤੇ ਬੱਸ ਦਾ ਇੰਤਜ਼ਾਰ ਕਰਨ ਲੱਗ ਗਿਆ। 5-7 ਮਿੰਟ ਪਿੱਛੋਂ ਹੀ ਬੱਸ ਆ ਗਈ। ਮੈਂ ਬੱਸ ਅੰਦਰ ਚੜ੍ਹ ਗਿਆ ਅਤੇ ਸੀਟ ਲੈ ਕੇ ਬੈਠ ਗਿਆ। ਅਗਲੇ ਬੱਸ ਅੱਡੇ ਉੱਪਰ ਜਾ ਕੇ ਕੰਡਕਟਰ ਨੇ ਸੀਟੀ ਮਾਰੀ ਅਤੇ ਬੱਸ ਰੁਕ ਗਈ।

ਕੁਝ ਕੁ ਸਵਾਰੀਆਂ ਉੱਤਰੀਆਂ ਅਤੇ ਕੁਝ ਕੁ ਚੜ੍ਹ ਗਈਆਂ। ਚੜ੍ਹਨ ਵਾਲੀਆਂ ਸਵਾਰੀਆਂ ਵਿੱਚ 65-70 ਕੁ ਸਾਲ ਦਾ ਇੱਕ ਬਜ਼ੁਰਗ ਬਾਬਾ ਵੀ ਸੀ। ਉਸਦੇ ਮੈਲੇ ਜਿਹੇ ਕੱਪੜੇ ਅਤੇ ਮੁਰਝਾਏ ਹੋਏ ਚਿਹਰੇ ਤੋਂ ਇੰਝ ਲੱਗਦਾ ਸੀ ਕਿ ਜ਼ਰੂਰ ਉਹ ਬਾਬਾ ਕਿਸੇ ਮੁਸੀਬਤ ਦਾ ਮਾਰਿਆ ਲੱਗਦਾ ਹੈ। ਮੈਂ ਉਸਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬਿਠਾ ਲਿਆ। ਇੰਨੇ ਨੂੰ ਕੰਡਕਟਰ ਟਿਕਟਾਂ ਕੱਟਦਾ-ਕੱਟਦਾ ਸਾਡੇ ਕੋਲ ਆ ਗਿਆ। ਮੈਂ ਆਪਣੀ ਟਿਕਟ ਕਟਾ ਕੇ ਟਿਕਟ ਬਟੂਏ ‘ਚ ਪਾ ਲਈ। ਫਿਰ ਉਸਨੇ ਬਾਬੇ ਨੂੰ ਵੀ ਟਿਕਟ ਕਟਵਾਉਣ ਲਈ ਕਿਹਾ।

ਤਾਂ ਬਾਬੇ ਨੇ ਜਦ ਆਪਣੇ ਖੀਸੇ ਵਿੱਚ ਹੱਥ ਮਰਿਆ ਤਾਂ ਉਸਦਾ ਬਟੂਆ ਗ਼ਾਇਬ ਸੀ। ਸ਼ਾਇਦ ਕਾਹਲੀ ‘ਚ ਉਹ ਆਪਣਾ ਬਟੂਆ ਭੁੱਲ ਆਇਆ ਹੋਣਾ। ਕੰਡਕਟਰ ਉਸਨੂੰ ਬਹੁਤ ਬੁਰਾ-ਭਲਾ ਬੋਲਿਆ, ‘ਅਖੇ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਮੂੰਹ ਚੱਕ ਕੇ, ਜੇ ਪੈਸੇ ਹੈ ਤਾਂ ਦੇ ਨਹੀਂ ਚੱਲ ਉੱਤਰ ਬੱਸ ‘ਚੋਂ।’ ਇਸ ਤਰ੍ਹਾਂ ਬੋਲਦਾ-ਬੋਲਦਾ ਅਜੇ ਉਹ ਬਾਬੇ ਦੀ ਬਾਂਹ ਨੂੰ ਹੱਥ ਪਾਉਣ ਹੀ ਲੱਗਾ ਸੀ ਕਿ ਇੰਨੇ ਨੂੰ ਮੈਂ ਉੱਠ ਕੇ ਖੜ੍ਹਾ ਹੋ ਗਿਆ ਅਤੇ ਕੰਡਕਟਰ ਨੂੰ ਕਿਹਾ ਕਿ ਭਾਈ ਸਾਹਿਬ! ਜ਼ਰਾ ਤਮੀਜ਼ ਨਾਲ ਗੱਲ ਕਰੋ।

ਤੁਹਾਡੇ ਨਾਲੋਂ ਇਹ ਬਹੁਤ ਵੱਡੇ ਨੇ। ਕੀ ਪਤਾ ਅਗਲਾ ਕਿਸ ਮੁਸੀਬਤ ਦਾ ਮਾਰਿਆ ਹੋਣਾ। ਐਵੇਂ ਮਾੜਾ ਬੋਲ ਬੋਲ ਕੇ ਦੁਰ-ਅਸੀਸ ਨਾ ਲਵੋ। ਸਭ ਸਵਾਰੀਆਂ ਸ਼ਾਂਤ ਹੋ ਗਈਆਂ।  ਮੈਂ ਆਪਣੇ ਬਟੂਏ ‘ਚੋਂ ਕਿਰਾਇਆ ਕੱਢਿਆ ਅਤੇ ਇਨਸਾਨੀਅਤ ਦੇ ਨਾਤੇ ਬਾਬਾ ਜੀ ਦੀ ਵੀ ਟਿਕਟ ਕਟਾ ਲਈ। ਫਿਰ ਅਸੀਂ ਦੋਵੇਂ ਜਣੇ ਗੱਲਾਂ ਕਰਨ ਲੱਗ ਪਏ। ਗੱਲਾਂ-ਗੱਲਾਂ ‘ਚ ਬਾਬਾ ਜੀ ਮੈਨੂੰ ਪੁੱਛਣ ਲੱਗੇ, ”ਕੀ ਕੰਮ ਕਰਦੈਂ ਸ਼ੇਰਾ?” ਮੈਂ ਕਿਹਾ, ”ਬਾਬਾ ਜੀ ਮੈਂ ਇੱਕ ਸਰਕਾਰੀ ਅਧਿਆਪਕ ਹਾਂ।” ਫਿਰ ਮੈਂ ਬਾਬਾ ਜੀ ਨੂੰ ਪੁੱਛਿਆ, ”ਬਾਬਾ ਜੀ ਕਿਸੇ ਮੁਸੀਬਤ ‘ਚ ਲੱਗਦੇ ਓ?” ਬਾਬਾ ਜੀ ਫਿਰ ਦੱਸਣ ਲੱਗੇ ਕਿ ਮੇਰਾ ਇੱਕੋ-ਇੱਕ ਪੁੱਤਰ ਹੈ। ਜਿਹੜਾ ਕਿ ਹਸਪਤਾਲ ‘ਚ ਦਾਖਲ ਹੈ ਅਤੇ ਮੈਂ ਉਸੇ ਨੂੰ ਮਿਲਣ ਜਾ ਰਿਹਾ ਹਾਂ। ਡਾਕਟਰਾਂ ਮੁਤਾਬਿਕ ਉਹ ਬੱਸ ਕੁਝ ਕੁ ਦਿਨਾਂ ਦਾ ਹੀ ਮਹਿਮਾਨ ਹੈ।

ਸ਼ੇਰਾ, ਮੈਂ ਕਾਹਲ਼ੀ ‘ਚ ਆਪਣਾ ਬਟੂਆ ਘਰ ਭੁੱਲ ਆਇਆ ਹਾਂ। ਬਾਬਾ ਜੀ ਨੇ ਫਿਰ ਮੈਨੂੰ ਦੱਸਿਆ ਕਿ ਪਹਿਲਾਂ ਉਸਦੇ ਦੋ ਪੁੱਤਰ ਹੁੰਦੇ ਸਨ। ਵੱਡੇ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਮੈਨੂੰ ਬਾਬਾ ਜੀ ਉੱਪਰ ਬਹੁਤ ਤਰਸ ਆਇਆ। ਮੈਂ ਜੇਬ੍ਹ ਵਿੱਚੋਂ ਇੱਕ ਪਰਚੀ ਉੱਪਰ ਆਪਣਾ ਮੋਬਾਇਲ ਨੰਬਰ ਲਿਖ ਕੇ ਬਾਬਾ ਜੀ ਨੂੰ ਫੜਾ ਦਿੱਤਾ ਅਤੇ ਕਿਹਾ ਕਿ ਬਾਬਾ ਜੀ ਅਗਰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਫੋਨ ਕਰ ਦਿਓ। ਜਿੰਨੀ ਕੁ ਮੇਰੇ ਤੋਂ ਮੱਦਦ ਹੋਈ ਮੈਂ ਜ਼ਰੂਰ ਕਰੂੰ। ਬਾਬਾ ਜੀ ਦੀਆਂ ਅੱਖਾਂ ‘ਚ ਪਾਣੀ ਆ ਗਿਆ। ਸ਼ਾਇਦ ਬਾਬਾ ਇਹ ਸੋਚਦਾ ਹੋਣਾ, ਕਿ ਕਾਹਨੂੰ ਰੱਬ ਕਿਸੇ ਦੇ ਪੱਲੇ ਪਾਵੇ।

ਇੰਨੇ ਨੂੰ ਬੱਸ ਅੱਡਾ ਆ ਗਿਆ ਅਤੇ ਅਸੀਂ ਦੋਵੇਂ ਜਣੇ ਉੱਤਰ ਗਏ। ਮੈਂ ਬਾਬਾ ਜੀ ਦੇ ਪੈਰੀਂ ਹੱਥ ਲਾਏ, ਬਾਬਾ ਜੀ ਨੇ ਬਹੁਤ ਅਸੀਸਾਂ ਦਿੱਤੀਆਂ ਅਤੇ ਫਿਰ ਅਸੀਂ ਆਪੋ-ਆਪਣੇ ਰਸਤੇ ਚੱਲ ਪਏ। ਇਸ ਘਟਨਾ ਨੂੰ ਲਗਭਗ 15 ਦਿਨ ਹੋ ਗਏ ਸਨ। ਅਚਾਨਕ ਮੇਰੇ ਫੋਨ ਉੱਪਰ ਕਿਸੇ ਅਣਜਾਣੇ ਜਿਹੇ ਨੰਬਰ ਤੋਂ ਫੋਨ ਆਇਆ। ਮੈਂ ਫੋਨ ਚੁੱਕ ਕੇ ਹੈਲੋ ਕਿਹਾ ਤਾਂ ਅੱਗਿਓਂ ਇੱਕ ਮੁੰਡਾ ਬੋਲਿਆ, ਕਿ ਵੀਰ ਜੀ ਮੈਂ ਉਸੇ ਬਾਬਾ ਜੀ ਦਾ ਮੁੰਡਾ ਹਾਂ, ਜਿਸਦੀ ਤੁਸੀਂ ਅੱਜ ਤੋਂ 15 ਦਿਨ ਪਹਿਲਾਂ ਬੱਸ ਦਾ ਕਿਰਾਇਆ ਦੇ ਕੇ ਮੱਦਦ ਕੀਤੀ ਸੀ। ਮੈਂ ਉਸੇ ਬਾਬਾ ਜੀ ਦਾ ਮੁੰਡਾ ਬੋਲ ਰਿਹਾ ਹਾਂ। ਮੈਂ ਥੋੜ੍ਹਾ ਸੋਚ ਕੇ ਜਿਹੇ ਕਿਹਾ, ਅੱਛਾ! ਅੱਛਾ! ਫਿਰ ਮੈਂ ਉਸਦਾ ਅਤੇ ਬਾਬਾ ਜੀ ਦਾ ਹਾਲ-ਚਾਲ ਪੁੱਛਿਆ।

ਬਾਬਾ ਜੀ ਦੇ ਮੁੰਡੇ ਨੇ ਦੱਸਿਆ ਕਿ ਅਸੀਂ ਬਹੁਤ ਵਧੀਆ ਹਾਂ। ਮੁੰਡੇ ਨੇ ਦੱਸਿਆ ਕਿ ਵੀਰ ਜੀ ਅਗਰ ਉਸ ਦਿਨ ਤੁਸੀਂ ਮੇਰੇ ਬਾਪੂ ਜੀ ਦੀ ਮੱਦਦ ਨਾ ਕਰਦੇ ਤਾਂ ਮੈਂ ਸ਼ਾਇਦ ਅੱਜ ਜਿਉਂਦਾ ਨਾ ਹੁੰਦਾ। ਕਿਉਂਕਿ ਮੇਰੇ ਬਾਪੂ ਜੀ ਨੇ ਮੈਨੂੰ ਜਾ ਕੇ ਬਹੁਤ ਹੌਂਸਲਾ ਦਿੱਤਾ ਅਤੇ ਮੇਰੀ ਜਿਉਣ ਦੀ ਉਮੀਦ ਨੂੰ ਬਰਕਰਾਰ ਰੱਖਿਆ। ਫਿਰ ਮੈਂ ਉਸਨੂੰ ਕਿਹਾ ਕਿ ਵੀਰ ਮੈਂ ਤਾਂ ਆਪਣਾ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ। ਬਾਕੀ ਕਰਨ ਕਰਾਉਣ ਵਾਲਾ ਤਾਂ ਉਹ ਪਰਮਾਤਮਾ ਹੈ।

ਮੈਂ ਕਿਹਾ ਕਿ ਅੱਜ ਦਾ ਇਨਸਾਨ ਬਹੁਤ ਖ਼ੁਦਗਰਜ਼ ਹੋ ਗਿਆ ਹੈ। ਓਹਨੂੰ ਸਿਰਫ ਆਪਣੇ ਤੱਕ ਮਤਲਬ ਹੈ। ਫਿਰ ਬਾਬਾ ਜੀ ਦਾ ਮੁੰਡਾ ਕਹਿਣ ਲੱਗਾ ਕਿ ਵੀਰ ਜੀ ਅਸੀਂ ਥੋਡੀ ਕੀ ਸੇਵਾ ਕਰ ਸਕਦੇ ਹਾਂ? ਮੈਂ ਉਸਨੂੰ ਕਿਹਾ ਕਿ ਬੱਸ, ਜਿੱਥੇ ਵੀ ਕੋਈ ਲਾਚਾਰ ਇਨਸਾਨ ਮਿਲੇ ਤਾਂ ਉਸਦੀ ਮੱਦਦ ਕਰ ਦੇਣਾ। ਇਹੀ ਮੇਰੇ ਲਈ ਮੱਦਦ ਹੋਵੇਗੀ। ਫਿਰ ਉਸਨੇ ਸਤਿ ਸ੍ਰੀ ਅਕਾਲ ਬੁਲਾ ਕੇ ਫੋਨ ਕੱਟ ਦਿੱਤਾ। ਮੈਨੂੰ ਆਪਣੇ ਦੁਆਰਾ ਕੀਤੇ ਪੁੰਨ ‘ਤੇ ਬਹੁਤ ਖੁਸ਼ੀ ਹੋਈ ਅਤੇ ਮੈਂ ਪਰਮਾਤਮਾ ਦਾ ਕੋਟਿਨ-ਕੋਟ ਧੰਨਵਾਦ ਕੀਤਾ ਕਿ ਜਿਸਨੇ ਮੈਨੂੰ ਇੱਕ ਲੋੜਵੰਦ ਦੀ ਮੱਦਦ ਕਰਨ ਦੀ ਸੋਝੀ ਅਤੇ ਹਿੰਮਤ ਬਖਸ਼ੀ।
ਗੁਰਵਿੰਦਰ ਸਿੰਘ ਉੱਪਲ,
ਈ.ਟੀ.ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ (ਸੰਗਰੂਰ)
ਮੋ. 98411-45000

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ