ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ

0
1067

ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ

ਤਮਾਮ ਤਰ੍ਹਾਂ ਦੀਆਂ ਸੁਖ-ਸਹੂਲਤਾਂ ਅਤੇ ਵਸੀਲੇ ਜੁਟਾਉਣ ਲਈ ਕੀਤੇ ਜਾਣ ਵਾਲੇ ਮਨੁੱਖੀ ਕ੍ਰਿਰਿਆਕਲਾਪਾਂ ਕਾਰਨ ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਦੀ ਭਿਆਨਕ ਸਮੱਸਿਆ ’ਚ ਘਿਰੀ ਹੈ ਇਸ ਲਈ ਵਾਤਾਵਰਨ ਸੁਰੱਖਿਆ ਸਬੰਧੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਅਤੇ ਧਰਤੀ ਨੂੰ ਬਚਾਉਣ ਲਈ ਸੰਕਲਪ ਦੇ ਨਾਲ ਹਰ ਸਾਲ 22 ਅਪਰੈਲ ਨੂੰ ਵਿਸ਼ਵ ਭਰ ’ਚ ਧਰਤੀ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੁਨੀਆ ਦੇ ਲਗਭਗ ਸਾਰੇ ਹਿੱਸਿਆਂ ’ਚ ਲੱਗੇ ਲਾਕਡਾਊਨ ਦੇ ਦੌਰ ’ਚ ਰੁਕ ਗਈਆਂ ਮਨੁੱਖੀ ਗਤੀਵਿਧੀਆਂ ਕਾਰਨ ਇਹ ਦਿਵਸ ਅਜਿਹੇ ਸਮੇਂ ’ਚ ਮਨਾਇਆ ਗਿਆ ਸੀ, ਜਦੋਂ ਦੁਨੀਆ ਭਰ ਦੇ ਲੋਕਾਂ ਨੂੰ ਪਹਿਲੀ ਵਾਰ ਧਰਤੀ ਨੂੰ ਕਾਫ਼ੀ ਹੱਦ ਤੱਕ ਸਾਫ਼-ਸੁਥਰੀ ਅਤੇ ਪ੍ਰਦੂਸ਼ਣ ਰਹਿਤ ਦੇਖਣ ਦਾ ਚੰਗਾ ਮੌਕਾ ਮਿਲਿਆ ਸੀ।

ਹਾਲਾਂਕਿ ਕੋਰੋਨਾ ਸੰਕਟ ਦੇ ਚੱਲਦਿਆਂ ਲਾਏ ਗਏ ਲਾਕਡਾਊਨ ਕਾਰਨ ਪੂਰੀ ਦੁਨੀਆ ਨੂੰ ਵਾਤਾਵਰਨ ਸੁਰੱਖਿਆ ਸਬੰਧੀ ਸੋਚਣ ਦਾ ਬਿਹਤਰੀਨ ਮੌਕਾ ਮਿਲਿਆ ਸੀ, ਜਿਸ ਨਾਲ ਦੁਨੀਆ ਭਰ ਦੇ ਤਮਾਮ ਦੇਸ਼ ਇਕੱਠੇ ਹੋ ਕੇ ਅਜਿਹੀਆਂ ਯੋਜਨਾਵਾਂ ’ਤੇ ਵਿਚਾਰ ਕਰ ਸਕਣ, ਜਿਨ੍ਹਾਂ ਨਾਲ ਵਾਤਾਵਰਨ ਸੁਰੱਖਿਆ ’ਚ ਲੋੜੀਂਦੀ ਮੱਦਦ ਮਿਲ ਸਕੇ ਪਰ ਬਿਡੰਬਨਾ ਦੇਖੋ ਕਿ ਲਾਕਡਾਊਨ ਹਟਦਿਆਂ ਹੀ ਧਰਤੀ ਦੀ ਹਾਲਤ ਹੌਲੀ-ਹੌਲੀ ਹਰ ਜਗ੍ਹਾ ਪਹਿਲਾਂ ਤੋਂ ਬਦਤਰ ਹੁੰਦੀ ਗਈ। ਕੁਦਰਤ ਕਦੇ ਸਮੁੰਦਰੀ ਤੂਫ਼ਾਨ ਤਾਂ ਕਦੇ ਭੂਚਾਲ, ਕਦੇ ਸੋਕਾ ਤੇ ਕਦੇ ਆਕਾਲ ਦੇ ਰੂਪ ’ਚ ਆਪਣਾ ਭਿਆਨਕ ਰੂਪ ਦਿਖਾ ਕੇ ਸਾਨੂੰ ਲਗਾਤਾਰ ਚਿਤਾਵਨੀਆਂ ਦਿੰਦੀ ਰਹੀ ਹੈ, ਪਰ ਜਲਵਾਯੂ ਬਦਲਾਅ ਨਾਲ ਨਜਿੱਠਣ ਦੇ ਨਾਂਅ ’ਤੇ ਸੰਸਾਰਕ ਚਿੰਤਾ ਪ੍ਰਗਟ ਕਰਨ ਤੋਂ ਅੱਗੇ ਅਸੀਂ ਸ਼ਾਇਦ ਕੁਝ ਕਰਨਾ ਹੀ ਨਹੀਂ ਚਾਹੁੰਦੇ।

ਜੇਕਰ ਕੁਦਰਤ ਨਾਲ ਖਿਲਵਾੜ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਕੇ ਅਸੀਂ ਖੁਦ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਬਣੇ ਹਾਂ ਅਤੇ ਗੰਭੀਰ ਵਾਤਾਵਰਨ ਸਮੱਸਿਆਵਾਂ ਸਬੰਧੀ ਅਸੀਂ ਵਾਕਈ ਚਿੰਤਿਤ ਹਾਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਨਿਵਾਰਨ ਵੀ ਸਾਨੂੰ ਹੀ ਕਰਨਾ ਹੋਵੇਗਾ ਤਾਂ ਕਿ ਅਸੀਂ ਕੁਦਰਤ ਦੇ ਕਰੋਪ ਦਾ ਸ਼ਿਕਾਰ ਹੋਣ ਤੋਂ ਬਚ ਸਕੀਏ ਨਹੀਂ ਤਾਂ ਕੁਦਰਤ ਨਾਲ ਜਿਸ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ, ਉਸ ਦਾ ਖਾਮਿਆਜਾ ਸਮੂਹ ਮਨੁੱਖੀ ਜਾਤੀ ਨੂੰ ਆਪਣੇ ਵਿਨਾਸ਼ ਨਾਲ ਚੁਕਾਉਣਾ ਪਵੇਗਾ। ਲੋਕਾਂ ਨੂੰ ਵਾਤਾਵਰਨ ਅਤੇ ਧਰਤੀ ਸੁਰੱਖਿਆ ਲਈ ਜਾਗਰੂਕ ਕਰਨ ਲਈ ਸਾਲ ’ਚ ਸਿਰਫ਼ ਇੱਕ ਦਿਨ ਅਰਥਾਤ 22 ਅਪਰੈਲ ਨੂੰ ‘ਧਰਤੀ ਦਿਵਸ ’ ਮਨਾਉਣ ਦੀ ਰਸਮ ਨਿਭਾਉਣ ਨਾਲ ਕੁਝ ਹਾਸਲ ਨਹੀਂ ਹੋਵੇਗਾ ਜੇਕਰ ਅਸੀਂ ਅਸਲ ਵਿਚ ਧਰਤੀ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ ਤਾਂ ਇਹੀ ‘ਧਰਤੀ ਦਿਵਸ’ ਹਰ ਰੋਜ਼ ਮਨਾਏ ਜਾਣ ਦੀ ਲੋੜ ਹੈ।

ਹਾਲਾਂਕਿ ਧਰਤੀ ਦਿਵਸ ਨੂੰ ਮਨਾਏ ਜਾਣ ਦਾ ਅਸਲ ਲਾਭ ਫ਼ਿਰ ਹੈ, ਜਦੋਂ ਅਸੀਂ ਪ੍ਰੋਗਰਾਮ ਨੂੰ ਸਿਰਫ਼ ਰਸਮ ਅਦਾਇਗੀ ਤੱਕ ਹੀ ਸੀਮਤ ਨਾ ਰੱਖੀਏ ਸਗੋਂ ਧਰਤੀ ਦੀ ਸੁਰੱਖਿਆ ਲਈ ਇਸ ਮੌਕੇ ’ਤੇ ਲਏ ਜਾਣ ਵਾਲੇ ਸੰਕਲਪਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਵੀ ਕਰੀਏ। ਸਾਨੂੰ ਬਾਖੂਬੀ ਸਮਝ ਲੈਣਾ ਹੋਵੇਗਾ ਕਿ ਜੇਕਰ ਧਰਤੀ ਦਾ ਤਾਪਮਾਨ ਸਾਲ-ਦਰ-ਸਾਲ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ ਵਾਲੇ ਸਾਲਾਂ ’ਚ ਸਾਨੂੰ ਇਸ ਦੇ ਬੇਹੱਦ ਗੰਭੀਰ ਨਤੀਜੇ ਭੁਗਤਣ ਨੂੰ ਤਿਆਰ ਰਹਿਣਾ ਹੋਵੇਗਾ।

‘ਪ੍ਰਦੂਸ਼ਣ ਮੁਕਤ ਸਾਹ’ ਕਿਤਾਬ ਅਨੁਸਾਰ ਪੈਟਰੋਲ, ਡੀਜ਼ਲ ਤੋਂ ਪੈਦਾ ਹੋਣ ਵਾਲੇ ਧੂੰਏਂ ਨੇ ਵਾਤਾਵਰਨ ’ਚ ਕਾਰਬਨ ਡਾਈਅਕਸਾਈਡ ਅਤੇ ਗਰੀਨ ਹਾਊਸ ਗੈਸਾਂ ਦੀ ਮਾਤਰਾ ਨੂੰ ਖ਼ਤਰਨਾਕ ਪੱਧਰ ਤੱਕ ਪਹੁੰਚਾ ਦਿੱਤਾ ਹੈ ਅਤੇ ਵਾਤਾਵਰਨ ’ਚ ਪਹਿਲਾਂ ਹੀ ਮੁਕਾਬਲਤਨ 30 ਫੀਸਦੀ ਜ਼ਿਆਦਾ ਕਾਰਬਨ ਡਾਈਅਕਸਾਈਡ ਮੌਜੂਦ ਹੈ, ਜਿਸ ਦੀ ਜਲਵਾਯੂ ਬਦਲਾਅ ’ਚ ਅਹਿਮ ਭੂਮਿਕਾ ਹੈੈ। ਰੁੱਖ ਕਾਰਬਨ ਡਾਈਅਕਸਾਈਡ ਨੂੰ ਲੈ ਕੇ ਵਾਤਾਵਰਨ ਸੰਤੁਲਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਪਰ ਪਿਛਲੇ ਕੁਝ ਦਹਾਕਿਆਂ ’ਚ ਜੰਗਲਾਤ ਖੇਤਰਾਂ ਨੂੰ ਵੱਡੇ ਪੈਮਾਨੇ ’ਤੇ ਕੰਕਰੀਟ ਦੇ।

ਜੰਗਲਾਂ ’ਚ ਤਬਦੀਲ ਕੀਤਾ ਜਾਂਦਾ ਰਿਹਾ ਹੈ। ਧਰਤੀ ’ਤੇ ਵਧਦੇ ਦਬਾਅ ਦਾ ਇੱਕ ਮਹੱਤਵਪੂਰਨ ਕਾਰਨ ਬੇਤਹਾਸ਼ਾ ਅਬਾਦੀ ਵਾਧਾ ਵੀ ਹੈ ਜਿੱਥੇ 20ਵੀਂ ਸਦੀ ’ਚ ਸੰਸਾਰਕ ਅਬਾਦੀ ਕਰੀਬ 1.7 ਅਰਬ ਸੀ, ਹੁਣ ਵਧ ਕੇ ਕਰੀਬ 7.8 ਅਰਬ ਹੋ ਗਈ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਧਰਤੀ ਦਾ ਖੇਤਰਫ਼ਲ ਤਾਂ ਓਨਾ ਹੀ ਰਹੇਗਾ, ਇਸ ਲਈ ਕਈ ਗੁਣਾ ਵਧੀ ਅਬਾਦੀ ਦੇ ਰਹਿਣ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਵਸੀਲਿਆਂ ਦੀ ਵੱਡੇ ਪੈਮਾਨੇ ’ਤੇ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਵਾਤਾਵਰਨ ਦੀ ਸਿਹਤ ’ਤੇ ਜੋ ਵਾਰ ਹੋ ਰਿਹਾ ਹੈ, ਉਸ ਦਾ ਨਤੀਜਾ ਹੈ ਕਿ ਧਰਤੀ ਹੁਣ ਕੁਰਲਾ ਰਹੀ ਹੈ।

ਭਾਰਤ ਦੇ ਕਈ ਹਿੱਸਿਆਂ ’ਚ ਇਸ ਸਾਲ ਜਿਸ ਤਰ੍ਹਾਂ ਮਾਰਚ ਮਹੀਨੇ ’ਚ ਹੀ ਵਧਦੇ ਪਾਰੇ ਦੀ ਕਰੋਪੀ ਦੇਖੀ ਗਈ, ਉਹ ਜਲਵਾਯੂ ਬਦਲਾਅ ਦਾ ਸਪੱਸ਼ਟ ਸੰਕੇਤ ਹੈ ਕਰੀਬ ਦੋ ਦਹਾਕੇ ਪਹਿਲਾਂ ਦੇਸ਼ ਦੇ ਕਈ ਰਾਜਾਂ ’ਚ ਅਪਰੈਲ ਮਹੀਨੇ ’ਚ ਜ਼ਿਆਦਤਰ ਤਾਪਮਾਨ ਔਸਤਨ 32-33 ਡਿਗਰੀ ਰਹਿੰਦਾ ਸੀ, ਉੱਥੇ ਹੁਣ ਮਾਰਚ ਮਹੀਨੇ ’ਚ ਹੀ ਪਾਰਾ 40 ਡਿਗਰੀ ਤੱਕ ਪਹੁੰਚਣ ਲੱਗਾ ਹੈ। 2016 ’ਚ ਰਾਜਸਥਾਨ ਦੇ ਫ਼ਲੌਦੀ ਦਾ ਤਾਪਮਾਨ ਤਾਂ 51 ਡਿਗਰੀ ਦਰਜ ਕੀਤਾ ਗਿਆ ਸੀ ਅਤੇ ਇਸ ਤਾਪਮਾਨ ’ਚ ਹੋਰ ਵਾਧੇ ਦੀ ਸੰਭਾਵਨਾ ਹੈ।

ਕੁਦਰਤ ਕਦੇ ਸਮੁੰਦਰੀ ਤੂਫ਼ਾਨ ਤੇ ਕਦੇ ਭੂਚਾਲ, ਕਦੇ ਸੋਕਾ ਤੇ ਕਦੇ ਆਕਾਲ ਦੇ ਰੂਪ ’ਚ ਆਪਣਾ ਭਿਆਨਕ ਰੂਪ ਦਿਖਾ ਕੇ ਸਾਨੂੰ ਚਿਤਾਵਨੀਆਂ ਦਿੰਦੀ ਰਹੀ ਹੈ ਪਰ ਜਲਵਾਯੂ ਬਦਲਾਅ ਨਾਲ ਨਜਿੱਠਣ ਦੇ ਨਾਂਅ ’ਤੇ ਸੰਸਾਰਕ ਚਿੰਤਾ ਪ੍ਰਗਟ ਕਰਨ ਤੋਂ ਅੱਗੇ ਅਸੀਂ ਨਹੀਂ ਸਮਝਣਾ ਚਾਹੁੰਦੇ ਕਿ ਪਹਾੜਾਂ ਦਾ ਸੀਨਾ ਚੀਰ ਕੇ ਹਰੇ-ਭਰੇ ਜੰਗਲਾਂ ਨੂੰ ਤਬਾਹ ਕਰਕੇ ਅਸੀਂ ਕੰਕਰੀਟ ਦੇ ਜੋ ਜੰਗਲ ਵਿਕਸਿਤ ਕਰ ਰਹੇ ਹਾਂ, ਉਹ ਅਸਲ ਵਿਚ ਵਿਕਾਸ ਨਹੀਂ ਸਗੋਂ ਵਿਕਾਸ ਦੇ ਨਾਂਅ ’ਤੇ ਅਸੀਂ ਆਪਣੇ ਵਿਨਾਸ਼ ਦਾ ਹੀ ਰਾਹ ਪੱਧਰਾ ਕਰ ਰਹੇ ਹਾਂ

ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਧਰਤੀ ਮਾਂ ਦੇ ਕਰਜ਼ੇ ਨੂੰ ਥੋੜ੍ਹਾ ਵੀ ਉਤਾਰ ਸਕੀਏ ਤਾਂ ਇਹ ਸਿਰਫ਼ ਤਾਂ ਹੀ ਸੰਭਵ ਹੈ, ਜਦੋਂ ਉਹ ਰੁੱਖਾਂ ਨਾਲ ਭਰੀ, ਜੈਵ-ਵਿਭਿੰਨਤਾ ਨਾਲ ਭਰਪੂਰ ਅਤੇ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਅਤੇ ਸਾਨੂੰ ਚਾਹੀਦਾ ਹੈ ਕਿ ਸਮੂਹਿਕ ਤੌਰ ’ਤੇ ਇਹ ਸਭ ਕਰਨਾ ਏਨਾ ਮੁਸ਼ਕਲ ਵੀ ਨਹੀਂ ਹੈ। ਫ਼ਿਲਹਾਲ, ਇਹ ਹੁਣ ਅਸੀਂ ਹੀ ਤੈਅ ਕਰਨਾ ਹੈ ਕਿ ਅਸੀਂ ਕਿਸ ਯੁੱਗ ’ਚ ਜਿਉਣਾ ਚਾਹੁੰਦੇ ਹਾਂ? ਇੱਕ ਅਜਿਹੇ ਯੁੱਗ ’ਚ, ਜਿੱਥੇ ਸਾਹ ਲੈਣ ਲਈ ਪ੍ਰਦੂਸ਼ਿਤ ਹਵਾ ਹੋਵੇਗੀ ਅਤੇ ਪੀਣ ਲਈ ਪ੍ਰਦੂਸ਼ਿਤ ਅਤੇ ਰਸਾਇਣਯੁਕਤ ਪਾਣੀ ਅਤੇ ਢੇਰ ਸਾਰੀਆਂ ਖ਼ਤਰਨਾਕ ਬਿਮਾਰੀਆਂ ਦੀ ਸੌਗਾਤ ਜਾਂ ਫ਼ਿਰ ਅਜਿਹੇ ਯੁੱਗ ’ਚ, ਜਿੱਥੇ ਅਸੀਂ ਸਾਫ਼-ਸ਼ੁੱਧ ਹਵਾ ਅਤੇ ਸ਼ੁੱਧ ਪਾਣੀ ਦਾ ਅਨੰਦ ਲੈ ਕੇ ਇੱਕ ਤੰਦਰੁਸਤ ਅਤੇ ਸੁਖੀ ਜੀਵਨ ਦਾ ਅਨੰਦ ਲੈ ਸਕੀਏ।

ਯੋਗੇਸ਼ ਕੁਮਾਰ ਗੋਇਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।