ਬਜ਼ੁਰਗਾਂ ਦਾ ਬੁਝਾਰਤਾਂ, ਬਾਤਾਂ ਪਾਉਣਾ, ਬੁੱਝਣਾ ਤੇ ਸੁਣਾਉਣਾ ਹੋ ਗਿਐ ਅਲੋਪ

0
Elderly, Knitting, Talking, Weeding, Listening

ਸੰਦੀਪ ਕੰਬੋਜ

ਸਾਂਝੇ ਪਰਿਵਾਰ ਤੇ ਸਾਂਝੇ ਸਮਾਜਿਕ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਚਲਾਉਣ ਦੀ ਪ੍ਰਥਾ ਦਾ ਇੱਕ ਬਹੁਤ ਵੱਡਾ ਸਕੂਲ ਸੀ, ਬਾਤਾਂ ਪਾਉਣਾ, ਸੁਣਾਉਣਾ, ਸੁਣਨਾ ਅਤੇ ਬੁੱਝਣਾ। ਜਿਹੜਾ ਬੱਚਿਆਂ ਦੀ ਸ਼ਖ਼ਸੀਅਤ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦਾ ਸੀ। ਅੱਜ ਅਸੀਂ ‘ਪੰਜਾਬੀ ਬੁਝਾਰਤਾਂ’ ਬਾਰੇ ਗੱਲ ਕਰਾਂਗੇ, ਪਿਛਲੇ ਸਮਿਆਂ ‘ਚ ਟੀ.ਵੀ., ਕੰਪਿਊਟਰ, ਫੋਨ ਤਾਂ ਹੁੰਦੇ ਨਹੀਂ ਸਨ, ਉਹਨਾਂ ਸਮਿਆਂ ‘ਚ ਦਿਲ-ਪ੍ਰਚਾਵਾ ਕਰਨ ਲਈ ਲੋਕ ਆਪ ਹੀ ਆਪਣੇ ਤਰੀਕੇ ਵਰਤਦੇ ਸਨ।

ਬੱਚਿਆਂ ਵਿਚ ਧਿਆਨ ਕੇਂਦਰਿਤ ਕਰਨ ਦਾ ਅਭਿਆਸ, ਸਮੂਹਿਕ ਉੱਠਣ-ਬੈਠਣ ਦੀ ਰੁਚੀ ਦਾ ਵਿਕਾਸ, ਉਨ੍ਹਾਂ ਦੀ ਬੁੱਧੀ ਨੂੰ ਤੇਜ਼ ਕਰਨ ਦਾ ਸਾਧਨ ਅਤੇ ਭਾਸ਼ਾ ਗਿਆਨ ਦੇਣ ਦਾ ਵੱਡਾ ਜ਼ਰੀਆ ਸੀ। ਇਹ ਪ੍ਰਥਾ, ਨਾਵਲ ਕਹਾਣੀ ਦੇ ਸਾਰੇ ਚੰਗੇ ਗੁਣ, ਜਿਨ੍ਹਾਂ ਨੂੰ ਵੱਡੇ ਹੋ ਕੇ ਕਿਤਾਬਾਂ ‘ਚੋਂ ਪੜ੍ਹਦੇ ਰਹੇ ਹਾਂ, ਦਾਦੀ ਕਹਾਣੀਆਂ ਰਾਹੀਂ ਸੁਤੇ-ਸਿਧ ਸਮਝਾ ਦਿੰਦੀ ਸੀ। ਭਾਸ਼ਾ ਦੀ ਸੁਭਾਸ਼ਤਾ, ਰਵਾਨਗੀ, ਸਸਪੈਂਸ, ਮਨ-ਪ੍ਰਚਾਵਾ ਬੱਚਿਆਂ ਨੂੰ ਕੀਲ ਕੇ ਰੱਖ ਦਿੰਦਾ ਸੀ। ਰਾਤ ਦੇ ਸਮੇਂ ਘਰ ਦੇ ਬੱਚੇ ਹੀ ਨਹੀਂ, ਨਾਲ ਦੇ ਘਰਾਂ ਦੇ ਬੱਚੇ ਵੀ ਇਹ ਸੁਣਨ ਸਣਾਉਣ ਵਿਚ ਸ਼ਾਮਲ ਹੁੰਦੇ। ਕਥਾਵਾਂ ਸੁਣਦੇ-ਸੁਣਦੇ ਸੌਂ ਜਾਂਦੇ। ਗੁਆਂਢੀਆਂ ਨੂੰ  ਹਾਕਾਂ ਮਾਰ ਕੇ ਘਰੇ ਜੁਆਕਾਂ ਨੂੰ ਘਰੇ ਭੇਜਣਾ। ਅਖ਼ੇ, ਬਿਸ਼ਨੀਏਂ ਮੁੰਡਾ ਸੌਂ ਗਿਆ, ਭਾਨੀਏ ਕੁੜੀ ਸੁੱਤੀ ਪਈਐ ਆ ਕੇ ਲੈ ਜੋ ਭਾਈ! ਕਹਾਣੀ ਸੁਣਾਉਣ ਵਾਲੀਆਂ ਦੇ ਵਾਰੇ ਜਾਈਏ, ਸੌ ਵਾਰ ਸੁਣਾਉਣ ‘ਤੇ ਵੀ ਓਹੀ ਸ਼ਬਦ, ਓਹੀ ਸਸਪੈਂਸ, ਓਹੀ ਰੌਚਿਕਤਾ।

ਬਾਤਾਂ ਸੁਣਨੀਆਂ, ਬੁੱਝਣੀਆਂ ਅਤੇ ਮੌਕੇ ‘ਤੇ ਘੜ-ਘੜ ਨਵੀਆਂ ਬਾਤਾਂ ਬੁੱਝਣ ਲਈ ਪਾਉਣੀਆਂ। ਅਤਾ-ਪਤਾ ਦੇਣਾ, ਹਾਰ ਮੰਨਣ ‘ਤੇ ਆਪ ਦੱਸਣਾ। ਏਸ ਤਰ੍ਹਾਂ ਦੇ ਕਈ-ਕਈ ਸ਼ਬਦ ‘ਕੱਠੇ, ਬਿਨਾਂ ਰੁਕੇ ਬੋਲਣ ਲਈ ਕਹਿਣਾ, ਜਿਨ੍ਹਾਂ ਨੂੰ ਬੋਲਣ ਲੱਗਿਆਂ ਜੀਭ ਨੂੰ ਵਾਰ-ਵਾਰ ਉਲਟਾਉਣਾ ਪੈਂਦਾ। ਜਿਵੇਂ ਰਾਜਾ ਗੋਪ ਗਪੰਗਮ ਖਾਂ, ਜਿਸ ਨੂੰ ਲਗਾਤਾਰ ਬੋਲਣਾ ਪਰ ਦੋ ਤਿੰਨ ਵਾਰ ਬੋਲਣ ਤੋਂ ਬਾਅਦ ਗ਼ਲਤ ਬੋਲਿਆ ਜਾਣਾ, ਜਾਂ ਜਿਵੇਂ, ਮੂੰਢਕੜਾ ਦਦਹੇੜ ਢਕੜਬਾ ਰੱਖੜਾ ਕਲਿਆਨ ਆਸੇਮਾਜਰਾ ਰੌਣੀ ਜੱਸੋਆਲ। ਅਜਿਹੇ ਸ਼ਬਦ ਕਈ-ਕਈ ਵਾਰ ਬੋਲਣ ਲਈ ਕਹੇ ਜਾਂਦੇ।

ਹੁਣ ਟੀ ਵੀ ਕਲਚਰ, ਮੋਬਾਇਲ ਇੰਟਰਨੈੱਟ, ਮਨ-ਪ੍ਰਚਾਵੇ ਦੇ ਹੋਰ ਸਾਧਨ ਹੋਣ ਕਰਕੇ ਅਤੇ ਸਾਂਝਾ ਪਰਿਵਾਰ ਨਾ ਰਹਿਣ ਕਾਰਨ ਇਹ ਸਭ ਕੁਝ ਅਲੋਪ ਹੁੰਦਾ ਜਾ ਰਿਹਾ ਹੈ। ਮੋਬਾਇਲ ਫੋਨ ਨੇ ਦੁਨੀਆ ਦੀ ਜੀਵਨਸ਼ੈਲੀ ਅਤੇ ਸੋਚ ਬਦਲ ਕੇ ਰੱਖ ਦਿੱਤੀ ਹੈ। ਅੱਜ ਮੋਬਾਇਲ ਫੋਨ ਆਮ ਆਦਮੀ ਦੀ ਜ਼ਰੂਰਤ ਬਣ ਗਿਆ ਹੈ ਅਤੇ ਨਵੀਂ ਪੀੜ੍ਹੀ ਬਾਰੇ ਤਾਂ ਕਿਹਾ ਜਾ ਰਿਹਾ ਹੈ ਕਿ ਉਸਦਾ ਲਗਾਓ ਇਸ ਨਾਲ ਜਾਨੂੰਨ ਦੀ ਹੱਦ ਤੱਕ ਹੈ। ਹੁਣ ਸਕੂਲ ਪੜ੍ਹਦੇ ਬੱਚਿਆਂ ਨੂੰ ਮੋਬਾਇਲ ਫੋਨ ਲੈ ਕੇ ਦੇਣਾ ਮਾਪਿਆਂ ਦੀ ਮਜ਼ਬੂਰੀ ਬਣ ਗਿਆ ਹੈ।

ਸੋਸ਼ਲ ਮੀਡੀਆ ਉੱਪਰ ਸਰਗਰਮ ਲੋਕ ਸਰੀਰਕ ਕੰਮਾਂ ਨੂੰ ਲਗਭਗ ਭੁੱਲ ਹੀ ਜਾਂਦੇ ਹਨ। ਉਹ ਲੋਕ ਦਿਨ-ਰਾਤ ਮੋਬਾਈਲ ਦੀ ਟੱਚ ਉੱਪਰ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ। ਇਸ ਕਰਕੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੇ ਅਜਿਹੇ ਲੋਕਾਂ ਨੂੰ ਘੇਰਾ ਪਾ ਗਿਆ ਹੈ। ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਗਈ ਹੈ, ਮੋਟਾਪੇ ਦੇ ਸ਼ਿਕਾਰ ਹੋ ਗਏ ਹਨ ਤੇ ਇਕਲਾਪੇ ਕਰਕੇ ਮਾਨਸਿਕ ਰੋਗੀ ਵੀ ਬਣਦੇ ਜਾ ਰਹੇ ਹਨ। ਅੱਜ-ਕੱਲ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਵਧ ਗਿਆ ਹੈ। ਮਾਨਸਿਕ ਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਹਨਾਂ ਦਾ ਮੂਲ ਕਾਰਨ ਹੈ ‘ਸੋਸ਼ਲ- ਮੀਡੀਆ ਦੀ ਹੱਦੋਂ ਵੱਧ ਵਰਤੋਂ’ ਮਨੁੱਖ ਕੋਲ ਆਪਣੇ ਦੁੱਖ-ਸੁਖ ਦੱਸਣ ਲਈ ਵਕਤ ਹੀ ਨਹੀਂ ਹੈ। ਇਸ ਲਈ ਉਹ ਪੂਰਾ ਦਿਨ ਇੰਟਰਨੈੱਟ ਦੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ। ਇਸ ਕਰਕੇ ਉਹ ਆਪਣੇ ਆਸ-ਪਾਸ ਦੀ ਅਸਲ ਦੁਨੀਆਂ ਨਾਲੋਂ ਟੁੱਟ ਜਾਂਦਾ ਹੈ ਅਤੇ ਕਲਪਨਾ ਦੇ ਸੰਸਾਰ ਵਿਚ ਗੁਆਚ ਜਾਂਦਾ ਹੈ। ਇਸ ਕਲਪਨਾ ਦੇ ਸੰਸਾਰ ਕਰਕੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਸੋ ਦੋਸਤੋ, ਇੰਟਰਨੈੱਟ ਦੀ ਦੁਨੀਆਂ ਤੋਂ ਬਾਹਰ ਨਿੱਕਲੋ ਅਤੇ ਆਪਣੇ ਆਲੇ-ਦੁਆਲੇ ਦੀ ਖੂਬਸੂਰਤੀ ਦਾ ਜੀ ਭਰ ਕੇ ਅਨੰਦ ਲਓ। ਜ਼ਿੰਦਗੀ ਦਾ ਸਮਾਂ ਬਹੁਤ ਥੋੜ੍ਹਾ ਹੈ, ਇਸ ਨੂੰ ਸਮਾਰਟ ਫ਼ੋਨ ਦੀ ਦੁਨੀਆਂ ਵਿੱਚ ਬਰਬਾਦ ਨਾ ਕਰੋ, ਸਮਾਜਿਕ ਪ੍ਰਾਣੀ ਬਣ ਕੇ ਸਮਾਜਿਕਤਾ ਦਾ ਆਨੰਦ ਲਉ। ਸਮਾਰਟ ਫੋਨ ਦੀ ਵਰਤੋਂ ਨਾਲ ਬੱਚੇ ਸਮਾਜਿਕ ਪੱਖੋਂ ਵੀ ਟੁੱਟ ਰਹੇ ਹਨ।  ਇੱਕ ਸਮਾਂ ਸੀ ਜਦੋਂ ਬੱਚੇ ਟੋਲੀਆਂ ਬਣਾ ਖੇਡਦੇ ਸਨ, ਪਰ ਜਦੋਂ ਤੋਂ ਸਮਾਜ ਵਿੱਚ ਦੁਰਾਚਾਰ, ਬੱਚਿਆਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਮਾਪੇ ਬੱਚਿਆਂ ਨੂੰ ਘਰ ਦੇ ਅੰਦਰ ਹੀ ਮਹਿਫੂਜ਼ ਸਮਝਦੇ ਹਨ। ਅੱਜ-ਕੱਲ੍ਹ ਜਦੋਂ ਮਾਪੇ ਬੱਚਿਆਂ ਨੂੰ ਲੈ ਕੇ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੇ ਹਨ ਤਾਂ ਵੱਡੇ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ ਤੇ ਬੱਚੇ ਅਤੇ ਨੌਜਵਾਨ ਮੋਬਾਈਲ ‘ਤੇ ਲੱਗੇ ਰਹਿੰਦੇ ਹਨ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀ ਸਾਂਝ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾਂ ਰੋਂਦਾ ਬੱਚਾ ਆਪਣੀ ਮਾਂ ਦੀ ਗੋਦੀ ‘ਚ ਆ ਕੇ ਚੁੱਪ ਕਰ ਜਾਂਦਾ ਸੀ, ਪਰ ਅੱਜ-ਕੱਲ੍ਹ ਬੱਚਾ ਜਦੋਂ ਰੋਂਦਾ ਹੈ ਤਾਂ ਮੋਬਾਈਲ ਦੀ ਸਕਰੀਨ ਵੇਖ ਕੇ ਚੁੱਪ ਹੋ ਜਾਂਦਾ ਹੈ।

ਗੋਲੂ ਕਾ ਮੋੜ
ਗੁਰੂਹਰਸਹਾਏ (ਫਿਰੋਜ਼ਪੁਰ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।