ਔਲਾਦ ਦੀ ਬੇਕਦਰੀ ਦਾ ਸ਼ਿਕਾਰ ਬਜ਼ੁਰਗ ਮਾਪੇ

0
114

ਔਲਾਦ ਦੀ ਬੇਕਦਰੀ ਦਾ ਸ਼ਿਕਾਰ ਬਜ਼ੁਰਗ ਮਾਪੇ

ਸਾਡੇ ਪੰਜਾਬੀ ਵਿਰਸੇ ਅੰਦਰ ਵੀਹਵੀਂ ਸਦੀ ਦੇ ਅੰਤ ਤੱਕ ਲੋਕਾਂ ਤੇ ਪਰਿਵਾਰਾਂ ਵਿੱਚ ਆਪਸੀ ਮੋਹ-ਪਿਆਰ ਦੀਆਂ ਤੰਦਾਂ ਇੱਟ ਵਰਗੀਆਂ ਪੱਕੀਆਂ ਤੇ ਸਮੁੰਦਰ ਵਾਂਗ ਡੂੰਘੀਆਂ ਸਨ। ਜੋ ਛੇਤੀ ਕੀਤਿਆਂ ਟੁੱਟਦੀਆਂ ਨਹੀਂ ਸਨ, ਉਨ੍ਹਾਂ ਸਮਿਆਂ ਵਿੱਚ ਘਰ ਦੀ ਮੁਖਤਿਆਰੀ ਤੇ ਜ਼ਿੰਮੇਵਾਰੀ ਵੱਡੇ ਬਜ਼ੁਰਗਾਂ ਹੱਥ ਹੁੰਦੀ ਸੀ, ਤੇ ਵੱਡੀ ਬੇਬੇ ਦੀ ਸਰਦਾਰੀ ਵੀ ਕਿਸੇ ਗੱਲੋਂ ਘੱਟ ਨਹੀਂ ਸੀ ਹੁੰਦੀ। ਖਾਣ-ਪੀਣ ਦੇ ਸਾਮਾਨ ਵਾਲੀ ਕੋਠੀ ਤੇ ਸੰਦੂਕ ਦੇ ਜਿੰਦੇ ਦੀਆਂ ਕੁੰਜੀਆਂ ਵੀ ਵੱਡੀ ਬੇਬੇ ਦੀ ਚੁੰਨੀ ਦੇ ਲੜ ਨਾਲ ਹੀ ਬੰਨ੍ਹੀਆਂ ਹੁੰਦੀਆਂ ਸਨ।

ਉਨ੍ਹਾਂ ਸਮਿਆਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਾਇਮ ਸੀ ਤੇ ਕਿਸੇ ਦੀ ਜ਼ੁਰਅਤ ਨਹੀਂ ਪੈਂਦੀ ਸੀ, ਘਰ ਦਾ ਕੋਈ ਮੈਂਬਰ, ਬਜ਼ੁਰਗਾਂ ਦੀ ਕਹੀ ਗੱਲ ਨੂੰ ਉਲੱਦ ਦੇਵੇ, ਜਿਸ ਕਾਰਨ ਘਰੇਲੂ ਝਗੜੇ ਤੇ ਪਰਿਵਾਰਕ ਕਲੇਸ਼ ਨਾਮਾਤਰ ਹੀ ਸਨ। ਕਿਤੇ ਆਉਣਾ-ਜਾਣਾ, ਕੋਈ ਲੀੜਾ ਕੱਪੜਾ ਨਵਾਂ ਬਣਾਉਣਾ, ਵਿਆਹ-ਸ਼ਾਦੀਆਂ ਦੇ ਕਾਰਜ ਕਰਨੇ, ਚੁੱਲੇ੍ਹ-ਚੌਂਕੇ ਦੇ ਕੰਮ-ਕਾਜ, ਗਹਿਣਾ-ਗੱਟਾ ਤੇ ਕੱਪੜੇ ਪਹਿਨਣਾ, ਰਿਸ਼ਤੇਦਾਰੀਆਂ ਵਿੱਚ ਮੇਲ-ਜੋਲ ਸਬੰਧੀ, ਦੁੱਖ-ਸੁੱਖ ਵੇਲੇ ਜਾਣ-ਆਉਣ ਬਾਰੇ, ਪੈਸੇ-ਧੇਲੇ ਦੇ ਲੈਣ-ਦੇਣ ਬਾਰੇ, ਫਸਲਾਂ ਆਦਿ ਦੀ ਸਾਂਭ-ਸੰਭਾਲ, ਪਸ਼ੂ ਢਾਂਡੇ ਦੀ ਸਾਂਭ-ਸੰਭਾਲ ਤੇ ਸਾਰੇ ਪਰਿਵਾਰ ਦੀਆਂ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਵੱਡੇ ਬਜ਼ੁਰਗਾਂ ਦੀ ਸਹਿਮਤੀ ਤੋਂ ਬਿਨਾਂ ਕਰਨ ਦਾ ਅਧਿਕਾਰ, ਕਿਸੇ ਕੋਲ ਨਹੀਂ ਹੁੰਦਾ ਸੀ।

ਜੇਕਰ ਕਿਸੇ ਗੁਆਂਡੀ ਨੇ ਘਰ ਆਉਣਾ ਹੁੰਦਾ ਸੀ ਤਾਂ ਅੱਜ ਵਾਂਗ ਗੇਟ ਦੇ ਬਾਹਰ ਡੋਰ ਬੈੱਲ ਨਹੀਂ ਹੁੰਦੀ ਸੀ। ਵੱਡੇ ਬਜ਼ੁਰਗਾਂ ਨੂੰ ਮੁਖਾਤਿਬ ਹੋ ਕੇ ਬੇਬੇ ਜਾਂ ਬਾਪੂ ਕਹਿ ਕੇ ਅਵਾਜ਼ ਮਾਰੀ ਜਾਂਦੀ ਸੀ। ਅੱਜ ਤਕਰੀਬਨ ਅਜਿਹਾ ਸਭ ਕੁਝ ਖਤਮ ਹੋ ਗਿਆ ਹੈ। ਪਰਿਵਾਰ ਦੇ ਬਜ਼ੁਰਗਾਂ ਦੀਆਂ ਨਸੀਹਤਾਂ ਨੂੰ ਬੇਬੁਨਿਆਦ ਤੇ ਆਪਣੇ-ਆਪ ਨੂੰ ਲੋੜ ਤੋਂ ਜ਼ਿਆਦਾ ਸਿਆਣੇ ਸਮਝਦੇ ਹੋਏ ਪਰਿਵਾਰ ਟੁੱਟ ਕੇ ਹਿੱਸਿਆਂ ਵਿੱਚ ਵੰਡੇ ਜਾ ਰਹੇ ਹਨ।

ਜਿਸ ਕਾਰਨ ਮਾਂ-ਬਾਪ ਨੂੰ ਸਾਂਭਣ ਲਈ ਕੋਈ ਵੀ ਪੁੱਤ ਧੀ ਤਿਆਰ ਨਹੀਂ ਹੁੰਦਾ, ਬਦੌਲਤ ਬਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਅੱਜ-ਕੱਲ੍ਹ ਦੇ (ਕੇਅਰ ਟੇਕਰ) ਦੇ ਨਾਂਅ ’ਤੇ ਲਗਾਤਾਰ ਵਾਧਾ ਹੋ ਰਿਹਾ ਹੈ। ਜਿੰਦਗੀ ਦੀ ਹਕੀਕਤ ਵਿੱਚ ਦੇਖਿਆ ਹੈ ਕਿ ਸਿਰ ਦਾ ਸਾਈਂ ਉੱਠ ਜਾਣ ਤੋਂ ਬਾਅਦ ਵੀ ਮਮਤਾ ਵਿੱਚ ਅੰਨ੍ਹੀ ਹੋਈ ਮਾਂ ਆਪਣੇ ਤਿੰਨ-ਚਾਰ ਪੁੱਤਰਾਂ-ਧੀਆਂ ਨੂੰ ਕਿਸੇ ਤਰੀਕੇ ਪਾਲ ਲੈਂਦੀ ਹੈ, ਤੇ ਅਹਿਸਾਨ ਵੀ ਨਹੀਂ ਜਤਾਉਂਦੀ। ਪ੍ਰੰਤੂ ਅੱਜ ਦੇ ਵਰਤਾਰੇ ਤੋਂ ਬਿਲਕੁਲ ਸਪੱਸ਼ਟ ਹੈ ਕਿ ਚਾਰ ਪੁੱਤਰਾਂ-ਧੀਆਂ ਨੂੰ ਇੱਕ ਮਾਂ ਦੀ ਸੰਭਾਲ ਕਰਨੀ ਵੀ ਔਖੀ ਹੋਈ ਪਈ ਹੈ। ਪੁੱਤਰ ਆਪੋ-ਆਪਣੀਆਂ ਪਰਿਵਾਰਕ ਮਜ਼ਬੂਰੀਆਂ ਦੀ ਆੜ ਲੈ ਕੇ ਆਪਣੇ ਮਾਪਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ, ਬੁੱਢੇ-ਵਾਰੇ ਉਨ੍ਹਾਂ ਦੀ ਸੇਵਾ-ਸੰਭਾਲ ਤੋਂ ਪਾਸਾ ਵੱਟਦੇ ਹੋਏ ਬਹਾਨੇ ਬਣਾ ਕੇ, ਆਪਣਾ ਪੱਲਾ ਛੁਡਾਉਣਾ ਚਾਹੁੰਦੇ ਹਨ।

ਸਮਾਜ ਨੂੰ ਸੇਧ ਦੇਣ ਲਈ ਅਜਿਹੀ ਇੱਕ ਕਹਾਣੀ ਹੈ ਕਿ ਇੱਕ ਜੱਜ ਆਪਣੀ ਬੁੱਢੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਗਿਆ। ਆਸ਼ਰਮ ਦੇ ਚੌਂਕੀਦਾਰ ਨਾਲ ਦੋਸਤੀ ਕਾਇਮ ਕਰਦੇ ਹੋਏ, ਕੁਝ ਰੁਪਏ ਦਿੱਤੇ, ਕਿ ਮੇਰੀ ਮਾਂ ਦਾ ਖਾਸ ਖਿਆਲ ਰੱਖੇਗਾ। ਚੌਂਕੀਦਾਰ ਦੇ ਪੁੱਛਣ ’ਤੇ ਜੱਜ ਸਾਹਿਬ ਨੇ ਰੋ ਕੇ ਸਾਰੀ ਦਿਲ ਦੀ ਗੱਲ ਦੱਸ ਦਿੱਤੀ, ਕਿ ਮੇਰੀ ਪਤਨੀ ਮੇਰੀ ਮਾਂ ਨਾਲ ਬਦਸਲੂਕੀ ਕਰਦੀ ਹੈ, ਤੇ ਮੇਰੇ ਦੋਨੋਂ ਬੱਚੇ ਆਪਣੀ ਮਾਂ ਦੇ ਕਹਿਣ ’ਤੇ ਦਾਦੀ ਨਾਲ ਗੱਲਬਾਤ ਕਰਨੋ ਹਟ ਗਏ ਹਨ।

ਜਿਸ ਕਾਰਨ ਮੇਰੀ ਮਾਂ ਇਕੱਲੇਪਣ ਦਾ ਸ਼ਿਕਾਰ ਹੋ ਕੇ ਰੋਂਦੀ ਰਹਿੰਦੀ ਸੀ, ਤੇ ਮੈਂ ਇਸ ਕਰਕੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡਣ ਆਇਆ ਹਾਂ। ਚੌਂਕੀਦਾਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਜੱਜ ਸਾਹਿਬ ਤੁਹਾਡੇ ਸਾਹਮਣੇ ਸਾਰੇ ਸਬੂਤ ਮੌਜੂਦ ਹਨ ਕਿ ਕੌਣ ਸਹੀ ਕੌਣ ਗਲਤ ਹੈ, ਪਰੰਤੂ ਤੁਸੀਂ ਆਪਣੀ ‘ਮਾਂ’ ਨਾਲ ਨਿਆਂ ਨਹੀਂ ਕਰ ਸਕੇ ਫਿਰ ਦੂਜਿਆਂ ਨੂੰ ਕੀ ਨਿਆਂ ਦਿੰਦੇ ਹੋਵੋਗੇ?

ਇਹ ਗੱਲ ਜੱਜ ਦੇ ਦਿਲ ਨੂੰ ਚੁਭ ਗਈ, ਚੌਂਕੀਦਾਰ ਦੀ ਕਹੀ ਹੋਈ ਗੱਲ ਕਾਰਨ ਦੋ ਦਿਨ ਸੌਂ ਨਹੀਂ ਸਕਿਆ। ਨਾ ਕੁੱਝ ਖਾਧਾ ਤੇ ਨਾ ਕਚਹਿਰੀ ਗਿਆ। ਤੀਸਰੇ ਦਿਨ ਜੱਜ ਸਾਹਿਬ ਕਮਰੇ ਤੋਂ ਬਾਹਰ ਆਏ ਤਾਂ ਪਤਨੀ ਤੇ ਬੱਚੇ ਖਾਣਾ ਲੈ ਕੇ ਖੜੇ੍ਹ ਸਨ। ਕਿ ਕਦੋਂ ਸਾਹਿਬ ਖਾਣਾ ਖਾਣ, ਤੁਰੰਤ ਜੱਜ ਸਾਹਿਬ ਨੇ ਇੱਕ ਕਾਗਜ ਪਤਨੀ ਨੁੂੰ ਤੇ ਦੋ ਅਲੱਗ-ਅਲੱਗ ਕਾਗਜ਼ ਬੱਚਿਆਂ ਨੂੰ ਦੇ ਦਿੱਤੇ।

ਕਾਗਜ਼ ਦੀ ਇੱਕ ਲਾਈਨ ਪੜ੍ਹ ਕੇ ਪਤਨੀ ਦੇ ਹੱਥੋਂ ਖਾਣੇ ਵਾਲੀ ਥਾਲੀ ਡਿੱਗ ਪਈ, ਜਿਸ ’ਤੇ ਲਿਖਿਆ ਸੀ ਕਿ ਮੈਂ ਤੈਨੂੰ ਤਲਾਕ ਦੇ ਰਿਹਾ ਹਾਂ ਤੇ ਦੋਨੋਂ ਬੱਚਿਆਂ ਵਾਲੇ ਕਾਗਜ ’ਤੇ ਉਨ੍ਹਾਂ ਦੇ ਨਾਂਅ ਸਾਰੀ ਜ਼ਮੀਨ ਜਾਇਦਾਦ ਸੀ। ਬੱਚਿਆਂ ਨੇ ਜ਼ਬਰਦਸਤੀ ਕੁਰਸੀ ’ਤੇ ਬਿਠਾ ਕੇ ਇਸ ਦਾ ਕਾਰਨ ਪੁੱਛਿਆ ਤਾਂ ਜੱਜ ਸਾਹਿਬ ਦੀਆਂ ਅੱਖਾਂ ’ਚ ਹੰਝੂਆਂ ਦਾ ਸੈਲਾਬ ਆ ਗਿਆ, ਤੇ ਬੋਲੇ, ਮੈਂ ਆਪਣੇ ਬੁੱਢੀ ਮਾਂ ਨੂੰ ਆਸ਼ਰਮ ਛੱਡ ਆਇਆ ਹਾਂ, ਅਣਜਾਣ ਲੋਕਾਂ ਦੇ ਭਰੋਸੇ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਕਾਰਨ ਪੁੱਛ ਰਹੇ ਹੋ।

ਮੇਰੀ ਮਾਂ ਰੋਜ਼ ਕਚਹਿਰੀ ਤੋਂ ਵਾਪਸ ਆਉਣ ਸਮੇਂ ਮੈਨੂੰ ਕਹਿੰਦੀ ਸੀ, ਮੈਨੂੰ ਬਿਰਧ ਆਸ਼ਰਮ ਛੱਡ ਆ, ਤੁਸੀਂ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਸੀ ਤੇ ਤੁਸੀਂ ਇਹ ਵੀ ਭੁੱਲ ਗਏ ਕਿ ਇਸ ਜੱਜ ਨੂੰ ਪੂਰਾ ਸ਼ਹਿਰ ਸਲਾਮ ਕਰਦਾ ਹੈ, ਮੈਨੂੰ ਜੱਜ ਬਣਾਉਣ ਲਈ ‘ਮਾਂ’ ਦਾ ਕਿੰਨਾ ਵੱਡਾ ਰੋਲ ਹੈ। ਰੱਬ ਸਮਾਨ ਮਾਂ ਨੂੰ ਮੈਂ ਬਿਰਧ ਆਸ਼ਰਮ ਛੱਡ ਆਇਆ ਹਾਂ। ਉਨ੍ਹਾਂ ਲੋਕਾਂ ਦੇ ਭਰੋਸੇ, ਜਿਨ੍ਹਾਂ ਨੂੰ ਇਹ ਵੀ ਨਹੀਂ ਪੱਤਾ ਕਿ ਮੇਰੀ ਮਾਂ ਨੂੰ ਕੀ-ਕੀ ਬਿਮਾਰੀ ਹੈ। ਮੈਂ ਜੱਜ ਨਹੀਂ ਗੁਨਾਹਗਾਰ ਹਾਂ, ਮੈਂ ਜੋ ਗੁਨਾਹ ਕੀਤਾ ਹੈ ਸ਼ਾਇਦ ਕਾਨੂੰਨ ਤਾਂ ਮਾਫ ਕਰ ਦੇਵੇ, ਪਰੰਤੂ ਰੱਬ ਦੀ ਕਚਹਿਰੀ ਵਿੱਚ ਮੈਨੂੰ ਮਾਫੀ ਨਹੀਂ ਮਿਲੇਗੀ।

ਇਹ ਕਹਿੰਦੇ ਹੋਏ ਜੱਜ ਨੇ ਕਿਹਾ ਮੈਂ ਆਪਣੇ ਪਾਪਾਂ ਨੂੰ ਬਖਸ਼ਾਉਣ ਜਾ ਰਿਹਾ ਹਾਂ, ਮੈਂ ਆਪਣਾ ਸਾਰਾ ਕੁਝ ਤੁਹਾਨੂੰ ਦੇ ਦਿੱਤਾ ਹੈ, ਤੇ ਮੈਂ ਆਪਣੀ ਮਾਂ ਨਾਲ ਰਹਾਂਗਾ ਤੇ ਉਸ ਦੀ ਸੇਵਾ ਕਰਾਂਗਾ। ਪਤਨੀ ਨੂੰ ਜੱਜ ਸਾਹਿਬ ਨੇ ਕਿਹਾ ਕਿ ਯਾਦ ਰੱਖ ਅੱਜ ਤੂੰ ਮੇਰੀ ‘ਮਾਂ’ ਨੂੰ ਬਿਰਧ ਆਸ਼ਰਮ ਭਿਜਵਾਇਆ ਹੈ, ਤੂੰ ਵੀ ਇੱਕ ‘ਮਾਂ’ ਹੈਂ ਕੱਲ੍ਹ ਤੈਨੂੰ ਕੋਈ ਬਿਰਧ ਆਸ਼ਰਮ ਭੇਜੇਗਾ, ਫਿਰ ਤੈਨੂੰ ਮੇਰੇ ਇਨ੍ਹਾਂ ਸ਼ਬਦਾਂ ਦਾ ਅਰਥ ਸਹੀ ਮਾਇਨੇ ਵਿੱਚ ਸਮਝ ਆਵੇਗਾ।

ਇਹ ਕਹਿ ਕੇ ਜੱਜ ਸਾਹਿਬ ਅੱਧੀ ਰਾਤ ਨੂੰ ਆਸ਼ਰਮ ਪਹੁੰਚ ਗਏ ਤੇ ਦੇਖਿਆ ਕਿ ਮਾਂ ਰੋਣ ਤੋਂ ਬਾਅਦ ਸਾਰੇ ਪਰਿਵਾਰ ਦੀ ਫੋਟੋ ਨਾਲ ਲਿਪਟ ਕੇ ਸੌਂ ਰਹੀ ਸੀ। ਆਸ਼ਰਮ ਦਾ ਸਾਰਾ ਪ੍ਰਸ਼ਾਸਨ ਜਾਗ ਪਿਆ ਸੀ, ਕਿਉਂਕਿ ਜੱਜ ਸਾਹਿਬ ਦੇ ਪਤਨੀ ਤੇ ਬੱਚੇ ਵੀ ਪਿੱਛੇ ਆ ਗਏ ਸਨ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਪਾਪ ਕਰ ਬੈਠੇ ਹਨ ਖੁਸ਼ੀ ਦੇ ਹੰਝੂਆਂ ਨਾਲ ਮਾਂ ਨੂੰ ਘਰੇ ਲਿਆਂਦਾ ਗਿਆ। ਇਹ ਕਹਾਣੀ ਤਾਂ ਸਿੱਖਿਆ ਲਈ ਹੈ ਪਰੰਤੂ ਅਸਲ ਵਿੱਚ ਸੱਚ ਹੈ, ਅਜਿਹਾ ਲਗਾਤਾਰ ਵਾਪਰ ਰਿਹਾ ਹੈ, ਕਿਉਂਕਿ ਅੱਜ ਸੈਕੜੇ ਮਾਵਾਂ ਤੇ ਪਿਓ ਘਰੋਂ ਦੁਰਕਾਰ ਕੇ, ਬਿਰਧ ਆਸ਼ਰਮਾਂ ਦੀਆਂ ਰੋਟੀਆਂ ’ਤੇ ਆਪਣਾ ਗੁਜ਼ਰ-ਬਸਰ ਕਰ ਰਹੇ ਹਨ।

ਇਹ ਨਹੀਂ ਕਿ ਅੱਜ ਬਜ਼ੁਰਗ ਮਾਪਿਆਂ ਨੁੂੰ ਸੰਭਾਲਣ ਤੋਂ ਸਾਰੇ ਪੁੱਤ-ਧੀਆਂ ਪਾਸਾ ਵੱਟ ਰਹੇ ਹਨ, ਪਰ ਬਹੁਗਿਣਤੀ ਅਜਿਹੀ ਹੋਣ ਦੇ ਬਾਵਜ਼ੂਦ ਸੁਲਝੇ ਅਤੇ ਵਿਰਸੇ ਨਾਲ ਜੁੜੇ ਪਰਿਵਾਰ ਅੱਜ ਵੀ ਆਪਣੇ ਬੁੱਢੇ ਮਾਪਿਆਂ ਦੀ ਸੇਵਾ-ਸੰਭਾਲ ਪ੍ਰਤੀ ਸੁਚੇਤ ਹਨ। ਦੁਨੀਆਂ ਵਿੱਚ ਇੱਕ ਕਹਾਵਤ ਮਸ਼ਹੂਰ ਹੈ ‘ਜੋ ਬੀਜੋਗੇ, ਉਹੀ ਵੱਢੋਗੇ’।

ਸੋ ਅੱਜ ਲੋੜ ਹੈ ਬਜ਼ੁਰਗਾਂ ਦੇ ਮਾਣ-ਸਤਿਕਾਰ ਨੂੰ ਬਰਕਰਾਰ ਰੱਖਦੇ ਹੋਏ ਉਨ੍ਹਾਂ ਲਈ ਵੀ ਟਾਈਮ ਕੱਢੋ। ਆਦਰ, ਸਤਿਕਾਰ ਤੇ ਸੇਵਾ-ਸੰਭਾਲ ਵਾਲਾ ਵਤੀਰਾ ਅਪਣਾਓ, ਫਿਰ ਹੀ ਆਉਣ ਵਾਲੀ ਤੁਹਾਡੀ ਅਗਲੀ ਪੀੜ੍ਹੀ ਤੁਹਾਡੇ ਨਕਸ਼ੇ ਕਦਮਾਂ ’ਤੇ ਚੱਲਦੀ ਹੋਈ ਤੁਹਾਡਾ ਮਾਣ-ਸਤਿਕਾਰ ਬਹਾਲ ਰੱਖੇਗੀ। ਜਿਸ ਨਾਲ ਫਿਰ ਦੁਬਾਰਾ ਦਾਦਾ-ਦਾਦੀ ਆਪਣੇ ਪੋਤਰਿਆਂ, ਦੋਹਤਰਿਆਂ ਨਾਲ ਪੁਰਾਤਨ ਗੁਜ਼ਰ ਚੁੱਕੇ ਸਮੇਂ ਵਾਂਗ ਬਾਤਾਂ ਪਾਉਂਦੇ ਹੋਏ ਉਨ੍ਹਾਂ ਨੂੰ ਨੈਤਿਕਤਾ ਦੀ ਗੁੜ੍ਹਤੀ ਦੇਣਗੇ।
ਕੋਟਕਪੂਰਾ (ਜਗਜੀਤ ਸਿੰਘ ਕੰਡਾ)
ਮੋ. 96462-00468

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।