ਪੰਜਾਬ

ਚੋਣਾਂ ਕਰਕੇ 10 ਸਤੰਬਰ ਤੋਂ ਸਰਕਾਰੀ ਸਕੂਲਾਂ ‘ਚ ਹੋਣ ਵਾਲੇ ਪੇਪਰ ਰੱਦ

Elections, 10 September, Government, Schools, Paper Canceled

ਅਧਿਆਪਕਾਂ ਦੀਆਂ ਵੱਡੀ ਗਿਣਤੀ ਡਿਊਟੀਆਂ ਲੱਗੀਆਂ ਇਨ੍ਹਾਂ ਚੋਣਾਂ ‘ਚ

‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ ਪੇਪਰਾਂ ਦਾ ਮਸਲਾ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਕਰਕੇ ਸਰਕਾਰੀ ਸਕੂਲਾਂ ਵਿੱਚ 10 ਸਤੰਬਰ ਨੂੰ ਹੋ ਰਹੇ ਛਿਮਾਹੀ ਪੇਪਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪੇਪਰਾਂ ਨੂੰ ਰੱਦ ਕਾਰਨ ਦਾ ਕਾਰਨ 19 ਸਤੰਬਰ ਨੂੰ ਹੋ ਰਹੀਆਂ ਚੋਣਾਂ ਵਿੱਚ ਵੱਡੀ ਪੱਧਰ ‘ਤੇ ਅਧਿਆਪਕਾਂ ਦੀਆਂ ਲੱਗੀਆਂ ਹੋਈਆਂ ਡਿਊਟੀਆਂ ਹਨ। ਇਸ ਮਸਲੇ ਨੂੰ ‘ਸੱਚ ਕਹੂੰ’ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ ਕਿ ਅਧਿਆਪਕਾਂ ਦੀਆਂ ਡਿਊਟੀਆਂ ਲੱਗਣ ਕਾਰਨ ਵਿਦਿਆਥੀਆਂ ਦੇ ਪੇਪਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ ਜਿਸ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਇਨ੍ਹਾਂ ਪੇਪਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ 10 ਸਤੰਬਰ ਤੋਂ ਛੇਵੀ ਤੋਂ ਦਸਵੀਂ ਜਮਾਤ ਦੇ ਛਿਮਾਹੀ ਪੇਪਰ ਹੋ ਰਹੇ ਹਨ ਅਤੇ ਇਸ ਸਬੰਧੀ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਸੀ। ਇੱਧਰ ਚੋਣ ਕਮਿਸ਼ਨ ਵੱਲੋਂ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਅਤੇ ਜ਼ਿਆਦਾਤਰ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਇਨ੍ਹਾਂ ਚੋਣਾਂ ਨੂੰ ਨੇਪਰੇ ਚੜ੍ਹਾਉਣ ਉੱਪਰ ਲਗਾ ਦਿੱਤੀ ਗਈ।

ਉਂਜ ਇਨ੍ਹਾਂ ਡਿਊਟੀਆਂ ਦਾ ਅਧਿਆਪਕਾਂ ਵੱਲੋਂ ਵਿਰੋਧ ਵੀ ਪ੍ਰਗਟਾਇਆ ਗਿਆ ਸੀ। ਅੱਜ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹੋਣ ਕਾਰਨ ਸਤੰਬਰ ਪ੍ਰੀਖਿਆ ਦਾ ਸ਼ਡਿਊਲ ਰੱਦ ਕੀਤਾ ਜਾਂਦਾ ਹੈ। ਹੁਣ ਇਹ ਪ੍ਰੀਖਿਆ ਚੋਣਾਂ ਤੋਂ ਬਾਅਦ 24 ਸਤੰਬਰ ਤੋਂ ਲਈ ਜਾਵੇਗੀ। ਇਸ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ ਜ਼ਿਲ੍ਹਾ ਪਟਿਆਲਾ ਅੰਦਰ ਹੀ ਕਈ ਅਜਿਹੇ ਸਕੂਲ ਹਨ, ਜਿਨ੍ਹਾਂ ਵਿੱਚੋਂ ਦਰਜ਼ਨ ਤੋਂ ਵੱਧ ਅਧਿਆਪਕਾਂ ਦੀਆਂ ਡਿਊਟੀਆਂ ਇਨ੍ਹਾਂ ਚੋਣਾਂ ਵਿੱਚ ਲਗਾ ਦਿੱਤੀਆਂ ਗਈਆਂ। ਪਿੱਛੇ ਬਚੇ ਕੁਝ ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਵਿਦਿਆਥੀਆਂ ਦੇ ਪੇਪਰ ਅਧਿਆਪਕਾਂ ਦੀ ਘਾਟ ਕਾਰਨ ਕਿਸ ਤਰ੍ਹਾਂ ਲੈਣਗੇ। ਸਰਕਾਰ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਇਨ੍ਹਾਂ ਚੋਣਾਂ ਵਿੱਚੋਂ ਹਟਾਉਣ ਦੀ ਥਾਂ ਪੇਪਰਾਂ ਨੂੰ ਰੱਦ ਕਰਨਾ ਹੀ ਮੁਨਾਸਿਬ ਸਮਝਿਆ ਤਾਂ ਜੋ ਸਿਆਸੀ ਨਮੁੰਇਦਿਆਂ ਦੀ ਚੋਣ ਵਿੱਚ ਕੋਈ ਵਿਘਨ ਨਾ ਪਵੇ। ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਕੁਲਭੂਸਣ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪ੍ਰੀਖਿਆ ਰੱਦ ਹੋਣ ਦੀ ਪੁਸ਼ਟੀ ਕੀਤੀ।

ਪੇਪਰ ਰੱਦ ਕਰ ‘ਤੇ, ਪਰ ਡਿਊਟੀਆਂ ਨ੍ਹੀਂ ਹਟਾਈਆਂ

ਅਧਿਆਪਕ ਆਗੂਆਂ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਈ ਸਾਲਾਂ ਤੋਂ ਵਿਰੋਧ ਕਰਦੇ ਆ ਰਹੇ ਹਨ ਕਿ ਅਧਿਆਪਕਾਂ ਦੀਆਂ ਡਿਊਟੀਆਂ ਚੋਣਾਂ ਅੰਦਰ ਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਕੰਮ ਅਧਿਆਪਕਾਂ ਦੇ ਸਿਰ ਮੜਦੀ ਰਹਿੰਦੀ ਹੈ ਅਤੇ ਉੱਪਰੋਂ 100 ਫੀਸਦੀ ਨਤੀਜ਼ੇ ਵੀ ਭਾਲਦੀ ਹੈ। ਉਨ੍ਹਾਂ ਕਿਹਾ ਕਿ ਦੇਖੋ ਵਿਦਿਆਰਥੀਆਂ ਦੇ ਪੇਪਰ ਤਾਂ ਰੱਦ ਕਰ ਦਿੱਤੇ, ਪਰ ਅਧਿਆਪਕਾਂ ਦੀਆਂ ਡਿਊਟੀਆਂ ਨਹੀਂ ਹਟਾਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top