ਨਵਜੋਤ ਸਿੱਧੂ ਖਿਲਾਫ਼ ਮੁਲਾਜ਼ਮਾਂ ਨੇ ਮੋਰਚਾ ਖੋਲ੍ਹਿਆ

Employees, Protest, Navjot Singh Sidhu

ਸਿੱਧੂ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਰਾਜਨ ਮਾਨ, ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਉਹਨਾਂ ਦੇ ਮਹਿਕਮੇ ਦੇ ਕਰਮਚਾਰੀਆਂ ਨੇ ਮੋਰਚਾ ਖੋਲ ਦਿੱਤਾ ਹੈ। ਅੰਮ੍ਰਿਤਸਰ ਨਗਰ ਨਿਗਮ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੇ ਰੋਸ ਵਜੋਂ ਅੱਜ ਅੰਮ੍ਰਿਤਸਰ ਨਿਗਮ ਦੇ ਮੁਲਾਜ਼ਮਾਂ ਨੇ ਸਿੱਧੂ ਖਿਲਾਫ ਰੋਸ ਮੁਜ਼ਾਹਰਾ ਕੀਤਾ।। ਸਿੱਧੂ ਵਿਰੁੱਧ ਮੁਲਾਜ਼ਮਾਂ ਵੱਲੋਂ ਖੋਲ੍ਹੇ ਗਏ ਮੋਰਚੇ ਵਿੱਚ ਮੁਲਾਜ਼ਮਾਂ ਦੇ ਕੁਝ ਧੜਿਆਂ ਨੇ ਹਿੱਸਾ ਨਹੀਂ ਲਿਆ।। ਅੱਜ ਅੰਮ੍ਰਿਤਸਰ ਨਗਰ ਨਿਗਮ ਦਫਤਰ ਬਾਹਰ ਧਰਨੇ ‘ਤੇ ਬੈਠੇ ਕੁਝ ਕਰਮਚਾਰੀਆਂ ਨੇ ਸਿੱਧੂ ਵੱਲੋਂ ਕੀਤੀ ਕਾਰਵਾਈ ਦਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ ਗਈ ਜਦਕਿ ਕੁਝ ਕਰਮਚਾਰੀ ਜਥੇਬੰਦੀਆਂ ਇਸ ਧਰਨੇ ਦਾ ਵਿਰੋਧ ਕਰਦੇ ਨਜ਼ਰ ਆਏ।

ਸਿੱਧੂ ਵਲੋਂ ਬੀਤੇ ਦਿਨ ਅੰਮ੍ਰਿਤਸਰ ਵਿੱਚ ਗ਼ਲਤ ਤਰੀਕੇ ਨਾਲ ਬਣਾਈਆਂ ਗਈਆਂ ਇਮਾਰਤਾਂ ਦੇ ਮਾਮਲੇ ਵਿੱਚ  ਅੰਮ੍ਰਿਤਸਰ ਦੇ ਐਸ.ਟੀ.ਪੀ ਇਕਬਾਲ ਸਿੰਘ ਰੰਧਾਵਾ ਨੂੰ ਮੁਅੱਤਲ ਕਾਰਨ ਦੇ ਨਾਲ-ਨਾਲ ਕਈ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ।

ਅੱਜ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦੀ ਅਗਵਾਈ ਵਿੱਚ ਕਈ ਹੋਰ ਮੁਲਾਜ਼ਮ ਜਥੇਬੰਦੀਆਂ ਨੇ ਨਗਰ ਨਿਗਮ ਦਫਤਰ ਦੇ ਮੁੱਖ ਗੇਟ ‘ਤੇ ਧਰਨਾ ਦਿੱਤਾ ਤੇ ਸਿੱਧੂ ਖਿਲਾਫ ਨਾਅਰੇਬਾਜ਼ੀ ਕੀਤੀ। ਤਾਲਮੇਲ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਵੱਲੋਂ ਗ਼ਲਤ ਤਰੀਕੇ ਨਾਲ ਇਮਾਰਤਾਂ ਦੀ ਉਸਾਰੀ ਦੇ ਮਾਮਲੇ ਵਿੱਚ ਅਫਸਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ।

  ਸਿਰਫ ਦੋ ਯੂਨੀਅਨਾਂ ਵੱਲੋਂ ਹੀ ਕੀਤੀ ਗਈ ਹੜਤਾਲ

ਦੂਜੇ ਪਾਸੇ ਅੰਮ੍ਰਿਤਸਰ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੰਜੇ ਖੋਸਲਾ ਨੇ ਕਿਹਾ ਕਿ ਅੱਜ ਕੀਤੀ ਗਈ ਹੜਤਾਲ ਸਿਰਫ ਦੋ ਯੂਨੀਅਨਾਂ ਵੱਲੋਂ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਅਫਸਰਾਂ ਖਿਲਾਫ ਕੀਤੀ ਗਈ ਕਾਰਵਾਈ ਦਾ ਸਮਰਥਨ ਕਰਦੇ ਹਨ।।ਸਿੱਧੂ ਵੱਲੋਂ ਕੀਤੀ ਗਈ ਕਾਰਵਾਈ ਨਾਲ ਮਹਿਕਮੇ ਵਿੱਚ ਚੱਲ ਰਹੀ ਰਿਸ਼ਵਤਖੋਰੀ ‘ਤੇ ਲਗਾਮ ਲਾਉਣ ਵਿੱਚ ਮਦਦ ਮਿਲੇਗੀ।। ਉਨ੍ਹਾਂ ਕਿਹਾ ਕਿ ਸਿੱਧੂ ਦੀ ਕਾਰਵਾਈ ਦੇ ਹੱਕ ਵਿੱਚ ਅੱਜ ਕੁਝ ਯੂਨੀਅਨਾਂ ਵੱਲੋਂ ਕੀਤੀ ਗਈ ਹੜਤਾਲ ਦਾ ਬਾਈਕਾਟ ਕੀਤਾ ਗਿਆ ਹੈ।

ਸਿੱਧੂ ਵਲੋਂ ਪਿਛਲੇ ਕਈ ਦਿਨਾਂ ਵਿੱਚ ਕਈ ਮੁਲਾਜ਼ਮਾਂ  ਮੁਅੱਤਲ ਕੀਤਾ ਗਿਆ ਹੈ ਅਤੇ ਵੱਡੇ ਪੱਧਰ ਤੇ ਤਬਾਦਲੇ ਕੀਤੇ ਗਏ ਹਨ। ਕਈ ਸ਼ਹਿਰਾਂ ਵਿੱਚ ਅਜੇ ਵੀ ਸਿਆਸੀ ਪਹੁੰਚ ਹੋਣ ਕਾਰਨ ਪੁਰਾਣੇ ਅਫਸਰ ਤਬਾਦਲਿਆਂ ਦੇ ਬਾਵਜੂਦ ਦੋ  ਦਿਨਾਂ ਵਿੱਚ ਹੀ ਵਾਪਿਸ ਪਹਿਲਾਂ ਵਾਲੀ ਥਾਂ ਤੇ ਹੀ ਆ ਗਏ ਹਨ। ਅਜਿਹੇ ਫੈਸਲਿਆਂ ਕਾਰਨ ਵੀ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ।