ਸਕੂਲ ਦੀ ਘਾਟ ਪੂਰੀ ਕਰਨ ਹਿੱਤ ਮਾਪਿਆਂ ਲਈ ਜ਼ਰੂਰੀ ਨੁਕਤੇ

0

ਸਕੂਲ ਦੀ ਘਾਟ ਪੂਰੀ ਕਰਨ ਹਿੱਤ ਮਾਪਿਆਂ ਲਈ ਜ਼ਰੂਰੀ ਨੁਕਤੇ

ਵਿਸ਼ਵ-ਵਿਆਪੀ ਕਰੋਨਾ ਮਹਾਂਮਾਰੀ ਸੰਕਟ ਦੇ ਚੱਲਦਿਆਂ ਅੱਜ-ਕੱਲ੍ਹ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਹਨ। ਸਿੱਖਿਆ ਵਿਭਾਗ ਅਤੇ ਵਿੱਦਿਅਕ ਅਦਾਰਿਆਂ ਵੱਲੋਂ ਬੱਚਿਆਂ ਨੂੰ ਘਰ ਬੈਠੇ ਸਿੱਖਿਆ ਮੁਹੱਈਆ ਕਰਵਾਉਣ ਦੀਆਂ ਤਰਕੀਬਾਂ ਲੜਾਈਆਂ ਜਾ ਰਹੀਆਂ ਹਨ। ਸਿੱਖਿਆ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸੂਚਨਾ ਤਕਨੀਕ ਦੀਆਂ ਵੱਖ-ਵੱਖ ਜੁਗਤਾਂ ਰਾਹੀਂ ਬੱਚਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਮਾਪੇ ਤਣਾਅ ਵਿੱਚ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਭਾਰੀ-ਭਰਕਮ ਕੰਮ ਕਰਵਾਉਣ ਵਿੱਚ ਬਹੁਤ ਮਿਹਨਤ ਕਰਨੀ ਪੈ ਰਹੀ ਹੈ।

ਇਸ ਸਮੇਂ ਅਧਿਆਪਕ, ਮਾਪੇ ਅਤੇ ਬੱਚੇ ਵਿਸ਼ੇਸ਼ ਕਿਸਮ ਦੇ ਮਨੋਵਿਗਿਆਨਕ ਫੇਜ਼ ਵਿੱਚੋਂ ਦੀ ਗੁਜ਼ਰ ਰਹੇ ਹਨ। ਬੱਚਿਆਂ ਨੂੰ ਘਰ ਵਿਖੇ ਸਕੂਲ ਦਾ ਕੰਮ ਕਰਵਾਉਣਾ ਬਹੁਤ ਚੁਣੌਤੀ ਵਾਲਾ ਕੰਮ ਹੈ। ਪਰ ਇਸ ਪ੍ਰਕਿਰਿਆ ਦਾ ਇੱਕ ਹਾਂ ਪੱਖੀ ਪਹਿਲੂ ਇਹ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਪਿਛਲੇ ਲੰਬੇ ਸਮੇਂ ਤੋਂ ਐਜੂਸੈੱਟ ਅਤੇ ਹੋਰ ਤਕਨੀਕੀ ਸਾਧਨਾਂ ਰਾਹੀਂ ਬੱਚਿਆਂ ਨੂੰ ਈ-ਕੰਟੈਂਟ ਰਾਹੀਂ ਸਿੱਖਿਆ ਦੇਣ ਦੀ ਮੁਹਿੰਮ ਵੱਡੇ ਤੌਰ ‘ਤੇ ਵਿੱਢੀ ਹੋਈ ਸੀ, ਜਿਸ ਦਾ ਅਸਰ ਸਪੱਸ਼ਟ ਵੇਖਣ ਨੂੰ ਮਿਲ ਰਿਹਾ ਹੈ ਕਿ ਸੀਮਤ ਸਾਧਨਾਂ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਆਨਲਾਈਨ ਪੜ੍ਹਾਈ ਨਾਲ ਜੁੜ ਚੁੱਕੇ ਹਨ।

ਸਕੂਲਾਂ ਵੱਲੋਂ ਵਟਸਐਪ ਸੰਦੇਸ਼ਾਂ ਰਾਹੀਂ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਕਰਵਾਉਣ ਲਈ ਜੱਗ ਜਹਾਨ ਦੇ ਵੀਡੀਓ, ਆਡੀਓ, ਯੂ ਟਿਊਬ ਅਤੇ ਵੈੱਬਸਾਈਟਾਂ ਦੇ ਲਿੰਕ ਭੇਜੇ ਜਾ ਰਹੇ ਹਨ ਜਿਨ੍ਹਾਂ ਦੀ ਸਹੀ ਵਰਤੋਂ ਕਰਨ ਦੇ ਮਾਮਲੇ ‘ਚ ਮਾਪੇ ਅਤੇ ਬੱਚੇ ਤਣਾਅ ਮਹਿਸੂਸ ਕਰ ਰਹੇ ਹਨ। ਇਨ੍ਹਾਂ ਹਾਲਤਾਂ ਵਿੱਚ ਬੱਚਿਆਂ ਦੇ ਬੌਧਿਕ ਵਿਕਾਸ ‘ਚ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਆਨਲਾਈਨ ਪੜ੍ਹਾਈ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਕਰਨਾ ਚਾਹੀਦਾ

ਕਿਉਂਕਿ ਮਾਪਿਆਂ ਵੱਲੋਂ ਪੜ੍ਹਾਈ ਕਰਵਾਉਣਾ ਅਤੇ ਬੱਚਿਆਂ ਵੱਲੋਂ ਕੰਮ ਪੂਰਾ ਕਰਨਾ ਉਨ੍ਹਾਂ ਦੀ ਵਿਅਕਤੀਗਤ ਪਸੰਦ ਹੈ। ਅਜੋਕੇ ਗੈਰ-ਸਕੂਲੀ ਦਿਨਾਂ ਵਿੱਚ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਇਨ੍ਹਾਂ ਦਿਨਾਂ ਨੂੰ ਬੱਚਿਆਂ ਲਈ 100% ਪੜ੍ਹਾਈ ਦੇ ਦਿਨ ਸਮਝਣਾ ਸਾਡੀ ਬਹੁਤ ਵੱਡੀ ਭੁੱਲ ਹੈ। ਬਹੁਤ ਸਾਰੀਆਂ ਅਜਿਹੀਆਂ ਗ਼ੈਰ-ਅਕਾਦਮਿਕ ਕਿਰਿਆਵਾਂ ਹਨ ਜੋ ਅਸਿੱਧੇ ਰੂਪ ‘ਚ ਪੜ੍ਹਾਈ ਦਾ ਹੀ ਹਿੱਸਾ ਹਨ।

ਮਾਪੇ ਉਂਜ ਵੀ ਬੱਚੇ ਦੇ ਪਹਿਲੇ ਟੀਚਰ ਹੁੰਦੇ ਹਨ ਪਰ ਹੁਣ ਤਾਂ ਬੱਚਾ 24 ਘੰਟੇ ਹੀ ਉਨ੍ਹਾਂ ਕੋਲ ਹੈ। ਜੇਕਰ ਬੱਚਾ ਸਕੂਲ ਵੱਲੋਂ ਭੇਜੇ ਕੰਮ ਨੂੰ ਪੂਰਾ ਨਹੀਂ ਕਰਦਾ ਤਾਂ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ। ਹਾਂ, ਬੱਚੇ ਨੂੰ ਪਿਆਰ ਨਾਲ ਪ੍ਰੇਰਿਤ ਕਰਕੇ ਪੜ੍ਹਾਈ ਨਾਲ ਜੋੜਿਆ ਜਾਵੇ। ਬੱਚੇ ਨੂੰ ਸਿਖਾਉਣ ਲਈ ਕਲਾਕਾਰੀ ਜੁਗਤਾਂ ਵਰਤੀਆਂ ਜਾਣ। ਨਿੱਕੀਆਂ ਕਹਾਣੀਆਂ, ਕਵਿਤਾਵਾਂ ਅਤੇ ਰੰਗਾਂ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਵੇ।

ਬੱਚਿਆਂ ਨੂੰ ਪੜ੍ਹਾਈ ਲਈ ਭੇਜੀਆਂ ਜਾ ਰਹੀਆਂ ਡਿਜ਼ੀਟਲ ਸਲਾਈਡਾਂ ਰੰਗਾਂ ਨਾਲ ਸ਼ਿੰਗਾਰੀਆਂ ਹੋਣੀਆਂ ਬਹੁਤ ਜ਼ਰੂਰੀ ਹਨ। ਪੜ੍ਹਾਈ ਦਾ ਮੈਟਰ ਸੰਖੇਪ ਤੇ ਸਰਲ ਹੋਣਾ ਚਾਹੀਦਾ ਹੈ ਤਾਂ ਜੋ ਘੱਟ ਤੋਂ ਘੱਟ ਇੰਟਰਨੈੱਟ ਡਾਟਾ ਖਪਤ ਨਾਲ ਵੱਧ ਤੋਂ ਵੱਧ ਸਿੱਖਿਆ ਦਿੱਤੀ ਜਾ ਸਕੇ। ਬਹੁਤਾ ਮਟੀਰੀਅਲ ਭਾਵੇਂ ਸਿੱਧੇ ਤੌਰ ‘ਤੇ ਨਹੀਂ ਪਰ ਅਸਿੱਧੇ ਤੌਰ ‘ਤੇ ਕਰੋਨਾ ਵਾਇਰਸ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਨਾਲ ਸਬੰਧਿਤ ਹੋਣਾ ਚਾਹੀਦਾ ਹੈ। ਮਾਪਿਆਂ ਦੀ ਚਿੰਤਾ ਹੋ ਸਕਦੀ ਹੈ ਕਿ ਬੱਚਾ ਸਾਰਾ ਦਿਨ ਟੈਲੀਵਿਜ਼ਨ ਵੇਖਦਾ ਹੈ, ਮੋਬਾਈਲ ‘ਤੇ ਗੇਮਾਂ ਖੇਡਦਾ ਹੈ ਜਾਂ ਉਸ ਦੀਆਂ ਖਾਣ-ਪੀਣ, ਉੱਠਣ-ਬੈਠਣ, ਸੌਣ ਦੀਆਂ ਆਦਤਾਂ ਗਲਤ ਹਨ।

ਪਰ ਬੱਚੇ ਦਾ ਆਪਣਾ ਸੰਸਾਰ ਹੈ ਤੇ ਉਸ ਦਾ ਆਪਣਾ ਮੂਡ ਹੈ, ਇਸ ਲਈ ਉਸ ਨੂੰ ਬਹੁਤ ਹੀ ਪਿਆਰ ਅਤੇ ਸਨੇਹ ਨਾਲ ਸਮਝਾਉਣ ਦੀ ਲੋੜ ਹੈ ਤਾਂ ਜੋ ਬੱਚੇ ਨੂੰ ਬਿਨਾਂ ਕਿਸੇ ਦਬਾਅ ਦੇ ਸਹੀ ਪਾਸੇ ਵੱਲ ਤੁਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਬੱਚੇ ਦਾ ਸਕਰੀਨ ਸਮਾਂ ਘੱਟ ਕਰਨ ਲਈ ਮਾਪਿਆਂ ਨੂੰ ਬੱਚਿਆਂ ਨਾਲ ਘੁਲਣਾ-ਮਿਲਣਾ ਤੇ ਖੇਡਣਾ ਚਾਹੀਦਾ ਹੈ। ਪਰ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਤਕਨੀਕ ਦਾ ਜ਼ਮਾਨਾ ਹੈ ਅਤੇ ਬੱਚਾ ਮੋਬਾਈਲ, ਟੀ.ਵੀ., ਕੰਪਿਊਟਰ, ਲੈਪਟਾਪ ਰਾਹੀਂ ਕੁਝ ਨਾ ਕੁਝ ਸਿੱਖ ਜ਼ਰੂਰ ਰਿਹਾ ਹੈ। ਇਸ ਸਾਰੀ ਪ੍ਰਕਿਰਿਆ ਵਿੱਚ ਵੱਡੀ ਮੁਸ਼ਕਲ ਇਹ ਹੈ ਕਿ ਛੋਟੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨਾਲ ਜੋੜਨਾ ਹੋਰ ਵੀ ਔਖਾ ਕਾਰਜ ਹੈ। ਅਜਿਹੇ ਮਾਹੌਲ ਵਿੱਚ ਬੱਚੇ ਨੂੰ ਪੜ੍ਹਾਉਣ ਦੀ ਥਾਂ ਸਿਖਾਉਣ ‘ਤੇ ਜ਼ੋਰ ਲਾਉਣਾ ਜ਼ਿਆਦਾ ਜ਼ਰੂਰੀ ਹੈ।

ਇਸ ਕਰਕੇ ਪੜ੍ਹਨ ਜਾਂ ਲਿਖਤੀ ਕੰਮ ਰਾਹੀਂ ਪੜ੍ਹਾਉਣ ਦੀ ਬਜਾਇ ਬੱਚਿਆਂ ਨੂੰ ਸਰਲ ਮੌਖਿਕ ਕਿਰਿਆਵਾਂ ਰਾਹੀਂ ਸਿਖਾਉਣਾ ਚਾਹੀਦਾ ਹੈ। ਘੰਟਿਆਂਬੱਧੀ ਬੈਠ ਕੇ ਵਰਕੇ ਕਾਲੇ ਕਰਵਾਉਣ ਵਾਲੇ ਕੰਮ ਤੋਂ ਤਾਂ ਬਿਲਕੁਲ ਹੀ ਗੁਰੇਜ਼ ਕਰਨਾ ਚਾਹੀਦਾ ਹੈ। ਰੱਟੇ-ਘੋਟੇ ਅਤੇ ਲਗਾਤਾਰ ਲਿਖਣ ਨਾਲ ਬੱਚੇ ਦੀ ਸਿਰਜਣਾਤਮਿਕਤਾ ਖਤਮ ਹੋ ਜਾਂਦੀ ਹੈ ਤੇ ਉਹ ਲਕੀਰ ਦਾ ਫ਼ਕੀਰ ਬਣ ਜਾਂਦਾ ਹੈ।

ਇਨ੍ਹਾਂ ਕਰਫਿਊ ਵਾਲੇ ਦਿਨਾਂ ਵਿੱਚ ਬੱਚੇ ਦੁਆਰਾ ਦਾਦਾ- ਦਾਦੀ ਤੋਂ ਕਹਾਣੀਆਂ ਸੁਣਨਾ, ਆਪਣੀ ਮਾਤਾ ਦੀ ਖਾਣਾ ਬਣਾਉਣ ਵਿੱਚ ਸਹਾਇਤਾ ਕਰਨਾ, ਗਮਲਿਆਂ ਨੂੰ ਪਾਣੀ ਦੇਣਾ, ਘਰੇਲੂ ਬਗ਼ੀਚੀ ਦੀ ਸਾਂਭ ਸੰਭਾਲ ਕਰਨਾ, ਕੋਰੋਨਾ ਵਾਇਰਸ ਦੀ ਰੋਕਥਾਮ ਲਈ ਚਿੱਤਰਕਾਰੀ ਕਰਨਾ ਆਦਿ ਕੰਮ ਆਨਲਾਈਨ ਪੜ੍ਹਾਈ ਦੇ ਮੁਕਾਬਲੇ ਜ਼ਿਆਦਾ ਲਾਭਦਾਇਕ ਹਨ।

ਇਸ ਤਰ੍ਹਾਂ ਦੇ ਜ਼ਿੰਦਗੀ ਹੁਨਰ ਸਿੱਖਣੇ ਕਿਤਾਬੀ ਪੜ੍ਹਾਈ ਨਾਲੋਂ ਜ਼ਿਆਦਾ ਜ਼ਰੂਰੀ ਹਨ। ਬੱਚਿਆਂ ਅੰਦਰ ਇਸ ਤਰ੍ਹਾਂ ਦੇ ਗੁਣ ਭਰਨ ਲਈ ਥੋੜ੍ਹਾ ਜਾ ਰੁਕੋ ਅਤੇ ਬੱਚਿਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਸਿੱਖਿਅਤ ਕਰੋ। ਬੱਚਿਆਂ ਨੂੰ ਖੁੱਲ੍ਹਾ ਮਾਹੌਲ ਅਤੇ ਆਜ਼ਾਦੀ ਦਿਓ। ਉਹ ਆਪਣੀ ਇੱਛਾ ਅਨੁਸਾਰ ਜੋ ਵੀ ਕਰ ਰਹੇ ਹਨ ਪ੍ਰਸੰਸਾਯੋਗ ਹੈ, ਬਣਦੀ ਸ਼ਾਬਾਸ਼ ਦਿਓ। ਬੱਚਿਆਂ ਨੂੰ ਕਹੋ ਕਿ ਉਹ ਰੋਜ਼ਾਨਾ ਕੀਤੇ ਕੰਮ ਨੂੰ ਬੱਝਵੇਂ ਰੂਪ ਵਿੱਚ ਸ਼ਾਮ ਨੂੰ ਡਾਇਰੀ ਵਿੱਚ ਲਿਖਣ, ਜੇਕਰ ਉਹ ਅਜਿਹਾ ਨਹੀਂ ਵੀ ਕਰਦੇ ਤਾਂ ਉਨ੍ਹਾਂ ਨੂੰ ਜੋ ਵੀ ਕੁਝ ਮਨ ਵਿਚ ਆਉਂਦਾ ਹੈ ਲਿਖਣ ਲਈ ਕਹੋ, ਇਸ ਤਰ੍ਹਾਂ ਨਾਲ਼ ਬੱਚਿਆਂ ਅੰਦਰ ਮੌਜੂਦ ਮੂਲ ਰੁਚੀਆਂ ਦਾ ਵਿਕਾਸ ਹੋਵੇਗਾ।

ਹਿਸਾਬ, ਵਿਗਿਆਨ ਅਤੇ ਨੈਤਿਕ ਸਿੱਖਿਆ ਵਿਸ਼ਿਆਂ ਦੇ ਅਨੇਕਾਂ ਤੱਥ ਅਜਿਹੇ ਹਨ ਜੋ ਬੱਚਿਆਂ ਨੂੰ ਘਰ ਦੇ ਆਮ ਕੰਮ ਕਰਦੇ ਵਕਤ ਨਾਲੋਂ-ਨਾਲ ਸਿਖਾਏ ਜਾ ਸਕਦੇ ਹਨ। ਘਰੇਲੂ ਬਗੀਚੀ ਅਤੇ ਆਲੇ ਦੁਆਲੇ ਦੇ ਪੇੜ ਪੰਛੀਆਂ ਰਾਹੀਂ ਬੱਚੇ ਨੂੰ ਜੀਵਿਤ ਸੰਸਾਰ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਖੇਤਰਫਲ ਬਾਰੇ ਕਮਰੇ ਵਿੱਚ ਬੈਠੇ ਹੀ ਬਿਨਾਂ ਕਾਪੀ- ਕਿਤਾਬ ਤੋਂ ਦੱਸ ਸਕਦੇ ਹਾਂ।

ਜੇਕਰ ਮਾਪੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਹਨ ਤਾਂ ਬੱਚੇ ਨੈਤਿਕ ਸਿੱਖਿਆ ਦਾ ਪਾਠ ਬਿਨਾਂ ਪੜ੍ਹੇ ਹੀ ਯਾਦ ਕਰ ਲੈਂਦੇ ਹਨ। ਬੱਚਿਆਂ ਨੂੰ ਸੁਣਿਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਕੋਲ ਅਨੇਕਾਂ ਹੀ ਨਵੇਂ ਵਿਚਾਰ ਹਨ। ਘਰਾਂ ਦਾ ਤਣਾਅ ਅਤੇ ਰੁੱਖਾ ਮਾਹੌਲ ਬੱਚੇ ਦੇ ਮਾਨਸਿਕ ਵਿਕਾਸ ਤੇ ਬਹੁਤ ਬੁਰਾ ਅਸਰ ਪਾਉਂਦਾ ਹੈ।

ਜੇਕਰ ਬੱਚਿਆਂ ਨੂੰ ਘਰ ਵਿਖੇ ਮਾਤਾ-ਪਿਤਾ ਅਤੇ ਦੂਸਰੇ ਪਰਿਵਾਰਕ ਮੈਂਬਰਾਂ ਵੱਲੋਂ ਸਮਾਂ ਨਹੀਂ ਦਿੱਤਾ ਜਾਵੇਗਾ ਤਾਂ ਉਹ ਆਪਣੇ ਦੋਸਤਾਂ ਨੂੰ ਮਿਸ ਕਰਨਗੇ ਜਿਸ ਨਾਲ ਉਨ੍ਹਾਂ ਅੰਦਰ ਇਕੱਲਤਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਉਸ ਦੀ ਸਿੱਖਣ ਪ੍ਰਕਿਰਿਆ ਵਿੱਚ ਵੱਡੀ ਰੁਕਾਵਟ ਬਣ ਜਾਂਦੀ ਹੈ। ਬੱਚਿਆਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।

ਬੱਚਿਆਂ ਨੂੰ ਘਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਦੇਵੋ ਤਾਂ ਜੋ ਉਨ੍ਹਾਂ ਨੂੰ ਆਪਣੀ ਗੱਲ ਕਰਨ ਲਈ ਲੋੜੀਂਦਾ ਧਰਾਤਲ ਮਿਲ ਸਕੇ। ਮਾਨਸਿਕ ਵਿਕਾਸ ਦੇ ਨਾਲ ਸਰੀਰਕ ਸੁਡੌਲਤਾ ਵੀ ਬਹੁਤ ਜ਼ਰੂਰੀ ਹੈ। ਘਰ ਵਿਖੇ ਹੀ ਹਲਕੀਆਂ-ਫੁਲਕੀਆਂ ਸਰੀਰਕ ਕਸਰਤਾਂ ਦੇ ਸਾਧਨ ਹੋਣੇ ਬਹੁਤ ਜ਼ਰੂਰੀ ਹਨ। ਵਰਜਿਸ਼ ਕਰਨ ਤੋਂ ਬਾਅਦ ਆਈ ਤਾਜ਼ਗੀ ਬੱਚਿਆਂ ਨੂੰ ਮਹਿਸੂਸ ਕਰਵਾਓ ਤੇ ਉਹ ਖੁਦ ਹੀ ਸਿਹਤ ਸੰਭਾਲ ਨਾਲ ਜੁੜ ਜਾਣਗੇ। ਬੱਚਿਆਂ ਨੂੰ ਕੰਮ ਕਰਨ ਲਈ ਸੂਚੀ ਬਣਾ ਕੇ ਦਿਓ ਅਤੇ ਪਰ ਨਾਲ ਹੀ ਉਨ੍ਹਾਂ ਨੂੰ ਖੁੱਲ੍ਹ ਦੇ ਦਿਓ ਕਿ ਉਹ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਕੰਮ ਕਿਸੇ ਸਮੇਂ ਵੀ ਕਰ ਸਕਦੇ ਹਨ।

ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬੱਚਿਆਂ ਅੰਦਰ ਅਸੀਮ ਊਰਜਾ ਤੇ ਬੇਅੰਤ ਸਮਰੱਥਾ ਹੁੰਦੀ ਹੈ ਜਿਸ ਦੀ ਵਰਤੋਂ ਲਈ ਮਾਪਿਆਂ ਦਾ ਸਹਿਯੋਗੀ ਵਤੀਰਾ ਬਹੁਤ ਜ਼ਰੂਰੀ ਹੈ। ਘਰ ਦੇ ਨਿੱਕੇ-ਨਿੱਕੇ ਕੰਮਾਂ ਵਿੱਚ ਬੱਚਿਆਂ ਦੀ ਸ਼ਮੂਲੀਅਤ ਉਨ੍ਹਾਂ ਅੰਦਰ ਵਿੱਚ ਆਤਮ ਵਿਸ਼ਵਾਸ ਭਰ ਦਿੰਦੀ ਹੈ। ਬੱਚਿਆਂ ਦੇ ਪੜ੍ਹਨ, ਖਾਣ ਪੀਣ, ਟੀ ਵੀ ਵੇਖਣ, ਮੋਬਾਈਲ ਵਰਤਣ ਆਦਿ ਬਾਰੇ ਦੋਸਤਾਨਾ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਇਹ ਧਿਆਨ ਰਹੇ ਕਿ ਚਰਚਾ ਦੌਰਾਨ ਵਿਚਾਰੇ ਗਏ ਮੁੱਦਿਆਂ ਵਿੱਚ ਕੁਝ ਗੱਲਾਂ ਬੱਚਾ ਸਾਡੀਆਂ ਮੰਨ ਲਵੇ ਅਤੇ ਕੁਝ ਅਸੀਂ ਬੱਚੇ ਦੀਆਂ ਮੰਨ ਲਈਏ, ਇਸ ਤਰ੍ਹਾਂ ਦੀ ਪ੍ਰਕਿਰਿਆ ਰਾਹੀਂ ਤੈਅ ਕੀਤੇ ਕਾਇਦੇ-ਕਾਨੂੰਨ ਬੱਚਾ ਜ਼ਿਆਦਾ ਮੰਨਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਨਿਯਮ ਉਸ ਨੇ ਆਪ ਹੀ ਬਣਾਏ ਹਨ ਕਿਉਂਕਿ ਸਵਰਾਜ ਸਭ ਨੂੰ ਪਿਆਰਾ ਲੱਗਦਾ ਹੈ।

ਅਨੁਸ਼ਾਸਨ ਰੱਖਣ ਲਈ ਇਸ ਤਰ੍ਹਾਂ ਦੀ ਪਹੁੰਚ ਜਮਾਤ ਦੇ ਕਮਰੇ ਅੰਦਰ ਵੀ ਬਣਾਈ ਜਾਂਦੀ ਹੈ ਜਦੋਂ ਅਧਿਆਪਕ ਤੇ ਬੱਚੇ ਮਿਲ ਕੇ ਨਿਯਮ ਲਿਖਦੇ ਹਨ ਤੇ ਸਾਰੇ ਜਣੇ ਆਪਣੇ ਦਸਤਖਤ ਕਰਕੇ ਜਮਾਤ ਦੇ ਕਮਰੇ ਵਿੱਚ ਚਿਪਕਾ ਦਿੰਦੇ ਹਨ, ਸਿੱਖਿਆ ਮਨੋਵਿਗਿਆਨ ਵਿੱਚ ਇਸ ਨੂੰ ਕਲਾਸਰੂਮ ਕੰਟਰੈਕਟ ਦਾ ਨਾਂਅ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਹੀ ਕਾਰਗਰ ਤੇ ਪ੍ਰਭਾਵਸ਼ਾਲੀ ਵਿਧੀ ਹੈ।

ਬੱਚਿਆਂ ਨੂੰ ਛੋਟੇ-ਛੋਟੇ ਹਲਕੇ-ਫੁਲਕੇ ਪ੍ਰਾਜੈਕਟਾਂ ‘ਤੇ ਕੰਮ ਕਰਨ ਲਈ ਉਤਸ਼ਾਹਿਤ ਕਰੋ। ਆਨਲਾਈਨ ਕਿਤਾਬ ਪੜ੍ਹਨਾ, ਇੱਕ ਜਾਂ ਦੋ ਪਾਤਰਾਂ ਵਾਲਾ ਲਘੂ ਨਾਟਕ ਕਰਨਾ, ਵਿਅਕਤੀਗਤ ਖੇਡ ਲਈ ਅਭਿਆਸ ਕਰਨਾ, ਕਿਸੇ ਇੱਕ ਵਿਸ਼ੇ ‘ਤੇ ਲੇਖ, ਕਵਿਤਾ ਜਾਂ ਗੀਤ ਰਚਨਾ ਕਰਨਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਸਿਰਜਣਾਤਮਕ ਕੰਮ ਹਨ ਜੋ ਬੱਚੇ ਘਰ ਬੈਠ ਕੇ ਲਾਕ-ਡਾਊਨ ਦੇ ਪੀਰੀਅਡ ਦੌਰਾਨ ਕਰ ਸਕਦੇ ਹਨ। ਬਿਨਾਂ ਸ਼ੱਕ ਮਾਪੇ ਇਸ ਘਰ ਬੰਦੀ ਦੇ ਸਮੇਂ ਦੌਰਾਨ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਨ ਪਰ ਫਿਰ ਵੀ ਬੱਚਿਆਂ ਅੰਦਰ ਛੁਪੀ ਅਸਲ ਪ੍ਰਤਿਭਾ ਬਾਹਰ ਕੱਢਣ ਲਈ ਬਾਲ ਮਨੋਵਿਗਿਆਨ ਦੀਆਂ ਨਿੱਕੀਆਂ-ਨਿੱਕੀਆਂ ਜੁਗਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਸਾਰਾ ਕੰਮ ਬੋਝ ਮੁਕਤ ਹੋਣਾ ਚਾਹੀਦਾ ਹੈ। ਨਿਸ਼ਚਿਤ ਸਮੇਂ ਵਿੱਚ ਨਿਰਧਾਰਤ ਟੀਚੇ ਪੂਰੇ ਕਰਨ ਦਾ ਦਬਾਅ ਨਹੀਂ ਹੋਣਾ ਚਾਹੀਦਾ। ਮਾਪਿਆਂ ਵੱਲੋਂ ਅਪਣਾਏ ਜਾ ਸਕਣ ਵਾਲੇ ਇਹ ਛੋਟੇ-ਛੋਟੇ ਨੁਕਤਿਆਂ ਦੁਆਰਾ ਬੱਚੇ ਦਿਲ ਦੇ ਬਾਦਸ਼ਾਹ ਬਣ ਜਾਂਦੇ ਹਨ। ਬੱਚਿਆਂ ਅੰਦਰ ਅਜਿਹੇ ਲੀਡਰਸ਼ਿਪ ਗੁਣਾਂ ਦਾ ਵਿਕਾਸ ਕਰਨ ਲਈ ਮਾਪੇ ਮੋਹਰੀ ਭੂਮਿਕਾ ਨਿਭਾ ਸਕਦੇ ਹਨ। ਬੱਚਿਆਂ ਦਾ ਸਹਿਯੋਗ ਕਰਨ ਲਈ ਮਾਪਿਆਂ ਅੰਦਰ ਸਬਰ ਤੇ ਸਹਿਣਸ਼ੀਲਤਾ ਦਾ ਹੋਣਾ ਜ਼ਰੂਰੀ ਹੈ। ਖਾਸ ਕਰਕੇ ਇਸ ਸੰਕਟ ਦੀ ਘੜੀ ਵਿੱਚ ਬੱਚਿਆਂ ਨਾਲ ਮੋਹ-ਮੁਹੱਬਤ ਵਾਲਾ ਵਰਤਾਓ ਬਹੁਤ ਜ਼ਰੂਰੀ ਹੈ। ਬੱਚਿਆਂ ਦਾ ਸੰਸਾਰ ਛੋਟਾ ਹੁੰਦਾ ਹੈ, ਨਿੱਕੇ- ਨਿੱਕੇ ਡਰ ਤੇ ਅਫ਼ਵਾਹਾਂ ਉਨ੍ਹਾਂ ਨੂੰ ਭੈਅ-ਭੀਤ ਕਰ ਦਿੰਦੇ ਹਨ।

ਇਸ ਲਈ ਇਨ੍ਹਾਂ ਕੱਚੀਆਂ ਕਰੂੰਬਲਾਂ ਨੂੰ ਸਹਾਰਾ ਤੇ ਸਹੀ ਜਾਣਕਾਰੀ ਦੇਣਾ ਸਾਡਾ ਸਭ ਦਾ ਇਖਲਾਕੀ ਫਰਜ਼ ਹੈ। ਖਾਸ ਕਰਕੇ ਇਸ ਸਮੇਂ ਮਾਪੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਚਿੰਤਤ ਹਨ। ਇਸ ਸਮੇਂ ਗਿਆਨ ਨਾਲੋਂ ਸਾਡੀ ਤੰਦਰੁਸਤੀ ਜ਼ਿਆਦਾ ਜ਼ਰੂਰੀ ਹੈ। ਬੱਚਿਆਂ ਨਾਲ ਜੁੜੇ ਰਹੋ ਕਿਉਂਕਿ ਮਾਪਿਆਂ ਨਾਲ ਮਜ਼ਬੂਤ ਸੰਬੰਧ ਉਨ੍ਹਾਂ ਨੂੰ ਅੰਦਰੋਂ ਠੋਸ ਬਣਾ ਦਿੰਦੇ ਹਨ ਅਤੇ ਉਹ ਕਿਸੇ ਵੀ ਮੁਸੀਬਤ ਦਾ ਟਾਕਰਾ ਕਰਨ ਦੇ ਸਮਰੱਥ ਬਣ ਜਾਂਦੇ ਹਨ।
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ, ਬਠਿੰਡਾ
ਮੋ. 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।