ਅਬੋਹਰ ‘ਚ ਪਰਿਵਾਰ ਲਈ ਅੰਗੀਠੀ ਬਣੀ ਕਾਲ, 3 ਮਾਸੂਮਾਂ ਦੀ ਮੌਤ, ਮਾਪਿਆਂ ਦੀ ਹਾਲਤ ਨਾਜ਼ੁਕ

3 ਮਾਸੂਮਾਂ ਦੀ ਮੌਤ, ਮਾਪਿਆਂ ਦੀ ਹਾਲਤ ਨਾਜ਼ੁਕ

(ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ’ਚ ਠੰਢ ਕਾਰਨ ਕਮਰੇ ਅੰਦਰ ਅੰਗੀਠੀ ਬਾਲ ਕੇ ਸੁੱਤੇ ਪਏ ਪਰਿਵਾਰ ਲਈ ਅੰਗੀਠੀ ਕਾਲ ਬਣ ਗਈ। ਕਮਰੇ ਅੰਦਰ ਅੰਗੀਠੀ ਦੇ ਜ਼ਹਿਰੀਲੇ ਧੂੰਏਂ ਕਾਰਨ ਦਮ ਘੁੱਟਣ ਨਾਲ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਤੇ ਬੱਚਿਆਂ ਦੇ ਪਿਤਾ ਕ੍ਰਿਸ਼ਨ ਅਤੇ ਮਾਤਾ ਰਾਧਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਜਿਨਾਂ ਮਾਸੂਮਾਂ ਦੀ ਮੌਤ ਹੋਈ ਹੈ ਉਨਾਂ ’ਚ 2 ਸਾਲਾ ਪੂਨਮ, 5 ਸਾਲਾ ਦੀਪਾ ਅਤੇ 7 ਸਾਲਾ ਪੂਜਾ ਸ਼ਾਮਲ ਹਨ। ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਅਬੋਹਰ ਦੇ ਨੇੜਲੇ ਪਿੰਡ ਅਜੀਤ ਨਗਰ ਵਿੱਚ ਸਥਿਤ ਇੱਕ ਬੀਜ ਫਾਰਮ ਵਿੱਚ ਕੰਮ ਕਰਦਾ ਹੈ ਅਤੇ ਉੱਥੇ ਪਤਨੀ ਰਾਧਾ ਅਤੇ ਬੱਚਿਆਂ ਨਾਲ ਰਹਿੰਦਾ ਹੈ। ਰਾਤ ਨੂੰ ਉਹ ਪਤਨੀ ਅਤੇ ਬੱਚਿਆਂ ਨਾਲ ਕਮਰੇ ਵਿੱਚ ਸੌਂ ਗਿਆ। ਅੱਤ ਦੀ ਠੰਢ ਕਾਰਨ ਉਸ ਨੇ ਕਮਰੇ ਨੂੰ ਗਰਮ ਕਰਨ ਲਈ ਕੋਲੇ ਦੀ ਅੰਗੀਠੀ ਬਾਲੀ ਸੀ। ਕਮਰਾ ਬੰਦ ਹੋਣ ਕਾਰਨ ਚੁੱਲ੍ਹੇ ਵਿੱਚੋਂ ਉੱਠ ਰਿਹਾ ਧੂੰਆਂ ਬਾਹਰ ਨਹੀਂ ਜਾ ਸਕਿਆ। ਸਾਰਾ ਪਰਿਵਾਰ ਸੁੱਤਾ ਪਿਆ ਸੀ ਅਤੇ ਹੌਲੀ-ਹੌਲੀ ਹਵਾ ਜ਼ਹਿਰੀਲੀ ਹੋ ਗਈ ਅਤੇ ਸਾਰਾ ਪਰਿਵਾਰ ਬੇਹੋਸ਼ ਹੋ ਗਿਆ।

ਸਵੇਰੇ ਜਦੋਂ ਕ੍ਰਿਸ਼ਨ ਕੁਮਾਰ ਕਮਰੇ ’ਚੋਂ ਬਾਹਰ ਨਹੀਂ ਆਇਆ ਤਾਂ ਆਸ-ਪਾਸ ਰਹਿੰਦੇ ਲੋਕਾਂ ਨੇ ਉਸ ਨੂੰ ਸੰਭਾਲਿਆ। ਸਾਰਾ ਪਰਿਵਾਰ ਬੇਸੁੱਧ ਮਿਲਿਆ। ਜਿਸ ਦੇ ਸੂਚਨਾ ਸਮਾਜ ਸੇਵੀ ਸੰਸਥਾ ਨਰ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਦਿੱਤੀ ਗਈ। ਜਿਨਾਂ ਨੇ ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਤਿੰਨਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਨ੍ਹਾਂ ਵਿੱਚ 2 ਸਾਲਾ ਮਾਸੂਮ ਪੂਨਮ, 5 ਸਾਲਾ ਦੀਪਾ ਅਤੇ 7 ਸਾਲਾ ਪੂਜਾ ਦੀ ਮੌਤ ਹੋ ਗਈ ਹੈ। ਕ੍ਰਿਸ਼ਨ ਕੁਮਾਰ ਅਤੇ ਰਾਧਾ ਨੂੰ ਫਰੀਦਕੋਟ ਕੀਤਾ ਗਿਆ, ਜਿੱਥੇ ਉਨਾਂ ਦੇ ਇਲਾਜ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ