ਪੰਜਾਬ

ਕਿਸਾਨ ਮਜ਼ਦੂਰ ਧਿਰਾਂ ਵੱਲੋਂ ਪਟਿਆਲਾ ਮੋਰਚੇ ਦੇ ਹੱਕ ‘ਚ ਝੰਡਾ ਮਾਰਚ

Farmer Workers, Patiala Morcha

ਮਾਲਵੇ ਦੀਆਂ ਸੱਥਾਂ ‘ਚ ਪੁੱਜਿਆ ਅਧਿਆਪਕ ਸੰਘਰਸ਼

ਦਸ ਜ਼ਿਲ੍ਹਿਆਂ ਦੇ ਅਧਿਆਪਕਾਂ ਵੱਲੋਂ ਮਨਪ੍ਰੀਤ ਬਾਦਲ ਦਾ ਘਿਰਾਓ

ਅਸ਼ੋਕ ਵਰਮਾ, ਬਠਿੰਡਾ

ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ‘ਤੇ 10 ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਕਿਸਾਨ ਮਜ਼ਦੂਰ ਧਿਰਾਂ ਦੇ ਸਹਿਯੋਗ ਨਾਲ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ ਅਧਿਆਪਕਾਂ ਵੱਲੋਂ ਸਰਕਾਰ ‘ਤੇ ਦਬਾਅ ਬਣਾਉਣ ਲਈ 22 ਨਵੰਬਰ ਨੂੰ ਬਠਿੰਡਾ ‘ਚ ਵੱਡੇ ਐਕਸ਼ਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਇਨ੍ਹਾਂ ਪ੍ਰੋਗਰਾਮਾਂ ‘ਚ ਅਧਿਆਪਕਾਂ ਨਾਲ ਕਿਸਾਨ ਮਜਦੂਰ ਜੱਥੇਬੰਦੀਆਂ ਤੋਂ ਇਲਾਵਾ ਜਨਤਕ ਜਮਹੂਰੀ ਧਿਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਹੈ ਇਸ ਐਲਾਨ ਤੋਂ ਬਾਅਦ ਸਰਕਾਰ ਤੇ ਅਧਿਆਪਕਾਂ ਵਿਚਕਾਰ ਟਕਰਾਅ ਹੋਰ ਵੀ ਤਿੱਖਾ ਹੋ ਗਿਆ ਹੈ ਦੂਸਰੀ ਪਾਸੇ ਮਾਲਵੇ ਦੇ ਪਿੰਡਾਂ ਦੀਆਂ ਸੱਥਾਂ ‘ਚ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਨ ਦੀ ਮੰਗ ਨੇ ਜੋਰ ਫੜ੍ਹ ਲਿਆ ਹੈ

ਪੰਜਾਬ ਦੀਆਂ ਪ੍ਰਮੁੱਖ ਕਿਸਾਨ ਮਜਦੂਰ ਧਿਰਾਂ ਵੱਲੋਂ ਪਟਿਆਲਾ ਮੋਰਚੇ ਦੇ ਹੱਕ ‘ਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਪਿੰਡ ਪਿੰਡ ਝੰਡਾ ਮਾਰਚ ਤੇ ਢੋਲ ਮਾਰਚ ਨਾਲ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ ਮਾਲਵਾ ਖਿੱਤਾ ਲੋਕ ਲਹਿਰਾਂ ਵਾਲੀ ਹੋਣ ਕਰਕੇ ਅਧਿਆਪਕਾਂ ਦੇ ਹੱਕ ‘ਚ ਵੱਡੀ ਲਹਿਰ ਖੜ੍ਹੀ ਹੋ ਗਈ ਹੈ, ਜਿਸ ਨੂੰ ਅਫਸਰ ਨਵੀਂ ਚੁਣੌਤੀ ਵਜੋਂ ਦੇਖ ਰਹੇ ਹਨ ਜਿਸ ਤਰ੍ਹਾਂ ਆਮ ਆਦਮੀ ਨੇ ਠੇਕਾ ਅਧਿਆਪਕ ਸੰਘਰਸ਼ ਦੇ ਹੱਕ ‘ਚ ਸਰਕਾਰ ਖਿਲਾਫ ‘ਝੰਡਾ’ ਚੁੱਕ ਲਿਆ ਹੈ ਉਸ ਨਾਲ ਅਧਿਆਪਕਾਂ ਦੇ ਸੁਰ ਤਿੱਖੇ ਹੋ ਗਏ ਹਨ, ਜਿਸ ਕਰਕੇ ਆਉਂਦੇ ਦਿਨਾਂ ‘ਚ ਇਸ ਮਾਮਲੇ ‘ਤੇ ਹੰਗਾਮਾ ਵਧਣ ਦੀ ਸੰਭਾਵਨਾ ਹੈ ਵੇਰਵਿਆਂ ਅਨੁਸਾਰ ਇਕੱਲੇ ਬਠਿੰਡਾ ਜ਼ਿਲ੍ਹੇ ਦੇ 40 ਦੇ ਕਰੀਬ ਪਿੰਡਾਂ ‘ਚ ਲਾਮਬੰਦੀ ਕੀਤੀ ਜਾ ਚੁੱਕੀ ਹੈ ਜਦੋਂਕਿ ਸ੍ਰੀ ਮੁਕਤਸਰ ਸਾਹਿਬ, ਮੋਗਾ, ਫਾਜ਼ਿਲਕਾ, ਮਾਨਸਾ ਤੇ ਫਰੀਦਕੋਟ ਸਮੇਤ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ‘ਚ ਆਮ ਲੋਕਾਂ ਨੂੰ ਅਧਿਆਪਕਾਂ ਦੇ ਹੱਕ ‘ਚ ਪ੍ਰੇਰਿਤ ਕੀਤਾ ਜਾ ਰਿਹਾ ਹੈ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਖੇਤ ਮਜਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਦਾ ਕਹਿਣਾ ਸੀ ਕਿ ਇਹ ਸਮਾਂ ਹੁਣ ਜਾਗਣ ਤੇ ਸੰਘਰਸ਼ ਦਾ ਹੈ ਕਿਉਂਕਿ ਸਰਕਾਰ ਹੁਣ ਸਿੱਖਿਆ ਦੇ ਨਿੱਜੀਕਰਨ ਦਾ ਰਾਹ ਖੋਲ੍ਹਣ ਦੇ ਨਾਲ ਨਾਲ ਸਰਕਾਰੀ ਸਿੱਖਿਆ ਤਬਾਹ ਕਰਨ ਵੱਲ ਤੁਰ ਪਈ ਹੈ ਉਨ੍ਹਾਂ ਦੋਸ਼ ਲਾਏ ਕਿ ਪੰਜਾਬ ਸਰਕਾਰ ਨੇ ਲਗਾਤਾਰ ਵਾਅਦਿਆਂ ਤੋਂ ਮੁਕਰਨ ਵਾਲਾ ਵਤੀਰਾ ਅਪਣਾਇਆ ਹੋਇਆ ਹੈ ਪਰ ਹੁਣ ਉਹ ਹਕੂਮਤ ਨੂੰ ਭੱਜਣ ਨਹੀਂ ਦੇਣਗੇ ਅਧਿਆਪਕ ਆਗੂ ਗੁਰਮਖ ਸਿੰਘ ਨਥਾਣਾ ਦਾ ਕਹਿਣਾ ਸੀ ਕਿ ਅਗਲੇ ਦਿਨਾਂ ‘ਚ ਜ਼ਿਲ੍ਹਾ ਬਠਿੰਡਾ ਦੇ ਬਾਕੀ ਪਿੰਡ ਕਵਰ ਕਰਨ ਦੀ ਰਣਨੀਤੀ ਘੜੀ ਗਈ ਹੈ ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਇਹੀ ਰੁੱਖ ਅਖਤਿਆਰ ਕਰੀ ਰੱਖਿਆ ਤਾਂ ਚੋਣਾਂ ਦੌਰਾਨ ਸਰਕਾਰ ਨੂੰ ਇਹ ਵਾਅਦਾ ਖਿਲਾਫੀ ਬੜੀ ਮਹਿੰਗੀ ਪਵੇਗੀ ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨਦੀ ਸੰਘਰਸ਼ ਜਾਰੀ ਰੱਖਿਆ ਜਾਏਗਾ

ਮਹਿਲਾਵਾਂ ਵੱਲੋਂ ਪਿੰਡਾਂ ‘ਚ ਰੋਸ ਮਾਰਚ

ਸ਼ੁੱਕਰਵਾਰ ਤੋਂ ਮਹਿਲਾ ਅਧਿਆਪਕਾਂ ਤੇ ਕਿਸਾਨ ਮਜ਼ਦੂਰ ਔਰਤਾਂ ਵੱਲੋਂ ਪਿੰਡਾਂ ‘ਚ ਆਮ ਲੋਕਾਂ ਨੂੰ ਸਰਕਾਰ ਦੇ ਵਤੀਰੇ ਪ੍ਰੀਤੀ ਜਾਗਰੂਕ ਕਰਨ ਲਈ ਝੰਡਾ ਮਾਰਚ ਕੀਤੇ ਜਾਣਗੇ ਇਨ੍ਹਾਂ ਮਾਰਚਾਂ ਦੀ ਅਗਵਾਈ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਪ੍ਰਧਾਨ ਨਵਚਰਨਪ੍ਰੀਤ ਕੌਰ ਤੇ ਬੀਕੇਯੂ ਉਗਰਾਹਾਂ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਕਰਨਗੀਆਂ ਡੀਟੀਐੱਫ ਆਗੂ ਨਵਚਰਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਐੱਸਐੱਸਏ, ਰਮਸਾ, 5178 ਤੇ ਕੰਪਿਊਟਰ ਅਧਿਆਪਕਾਂ ਤੇ ਨਾਨ ਟੀਚਿੰਗ ਐੱਸਐੱਸਏ ਰਮਸਾ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਕਟੌਤੀਆਂ ਕਰਨ ਦੇ ਰਾਹ ਤੁਰ ਪਈ ਹੈ, ਜਿਸ ਨੂੰ ਅਧਿਆਪਕ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top