Breaking News

ਆੜ੍ਹਤੀਏ ‘ਤੇ ਕਿਸਾਨ ਦੀ ਨਰਮੇ ਦੀ ਭਰੀ ਟਰਾਲੀ ਖੋਹਣ ਦਾ ਦੋਸ਼, ਕਿਸਾਨ ਯੂਨੀਅਨ ਨੇ ਲਾਇਆ ਧਰਨਾ

Farmers, Accused, Snatching,trail, cotton, Arthi, planted, Kisan, Union

ਆੜ੍ਹਤੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ, ਮਸਲਾ ਕਰਜ਼ੇ ਦਾ ਦੱਸਿਆ

ਸ੍ਰੀ ਮੁਕਤਸਰ ਸਾਹਿਬ(ਸੱਚ ਕਹੂੰ ਨਿਊਜ਼) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ ਦੀ ਅਗਵਾਈ ਹੇਠ ਕਥਿਤ ਤੌਰ ‘ਤੇ ਆੜ੍ਹਤੀਏ ਵੱਲੋਂ ਪਿੰਡ ਭਾਗਸਰ ਦੇ ਕਿਸਾਨ ਜਸਵਿੰਦਰ ਸਿੰਘ ਦੀ ਨਰਮੇ ਦੀ ਟਰਾਲੀ ਖੋਹ ਲਏ ਜਾਣ ਵਿਰੁੱਧ ਥਾਣਾ ਸਿਟੀ ਮੂਹਰੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਧਰਨੇ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਕਿਸਾਨ ਆਗੂਆਂ ਪੂਰਨ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਗੁਰਭਗਤ ਸਿੰਘ ਭਲਾਈਆਣਾ ਜਰਨਲ ਸਕੱਤਰ ਨੇ ਦੋਸ਼ ਲਾਇਆ ਕਿ ਪੰਜਾਬ ‘ਚ ਜੰਗਲ ਰਾਜ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ। ਉਨ੍ਹਾਂ ਆਪਣੇ ਸੰਬੋਧਨ ਵੇਲੇ ਕਿਹਾ ਕਿ ਭਾਗਸਰ ਦੇ ਕਿਸਾਨ ਦੀ ਕਿਰਾਏ ‘ਤੇ ਕੀਤੀ ਟਰੈਕਟਰ ਟਰਾਲੀ ਜਿਸ ਵਿੱਚ 70-75 ਮਣ ਨਰਮਾ ਸੀ ਸਥਾਨਕ ਮੰਡੀ ਦਾ ਆੜ੍ਹਤੀਆ 19 ਨਵੰਬਰ ਨੂੰ ਧੱਕੇ ਨਾਲ ਖੋਹ ਕੇ ਲੈ ਗਿਆ, ਜੋ ਅਜੇ ਵੀ ਆੜ੍ਹਤੀਏ ਦੇ ਕਬਜ਼ੇ ਵਿੱਚ ਹੀ ਹੈ।

ਇਸ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਅੱਜ ਸਾਨੂੰ ਰੋਸ ਧਰਨਾ ਲਾਉਣਾ ਪਿਆ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਕਿਸਾਨ ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਆੜ੍ਹਤੀ ਦਾ ਕਰਜ਼ ਦੇਣਾ ਹੈ, ਪ੍ਰੰਤੂ ਇਸ ਤਰ੍ਹਾਂ ਨਰਮੇ ਦੀ ਟਰਾਲੀ ਧੱਕੇ ਨਾਲ ਖੋਹਣ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਇਸ ਲਈ ਆੜ੍ਹਤੀਏ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਥਾਣਾ ਮੂਹਰੇ ਧਰਨੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਜਿਸ ਕਰਕੇ ਪ੍ਰੇਸ਼ਾਨ ਹੋਏ ਕਈ ਸ਼ਹਿਰ ਨਿਵਾਸੀ ਧਰਨਾਕਾਰੀਆਂ ਨਾਲ ਉਲਝਦੇ ਨਜ਼ਰ ਆਏ। ਇਸ ਮੌਕੇ ਜ਼ਿਲ੍ਹਾ ਪੁਲਿਸ ਅਧਿਕਾਰੀ ਜਸਪਾਲ ਐੱਸਪੀ, ਤਲਵਿੰਦਰ ਸਿੰਘ ਗਿੱਲ ਡਿਪਟੀ ਐੱਸਪੀ, ਥਾਣਾ ਸਿਟੀ ਇੰਚਾਰਜ ਭੁਪਿੰਦਰ ਸਿੰਘ, ਸਬ ਇੰਸਪੈਕਟਰ ਪ੍ਰੀਤਮ ਸਿੰਘ ਆਦਿ ਪੁਲਿਸ ਪਾਰਟੀ ਨਾਲ ਹਜ਼ਾਰ ਸਨ।

ਇਸ ਮੌਕੇ ਗੱਲਬਾਤ ਦੌਰਾਨ ਐੱਸਪੀ ਜਸਪਾਲ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਵਾਸਤੇ ਆੜ੍ਹਤੀ ਧਿਰ ਨੂੰ ਬੁਲਾਇਆ ਗਿਆ ਹੈ, ਉਨ੍ਹਾਂ ਦੇ ਆਉਣ ‘ਤੇ ਇਸ ਸਬੰਧੀ ਅੱਗੇ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਧਰ ਪਿੰਡ ਭਾਗਸਰ ਦੇ ਹੀ ਵਸਨੀਕ ਆੜ੍ਹਤੀ ਅੰਗਰੇਜ ਸਿੰਘ ਦਾ ਕਹਿਣਾ ਹੈ ਕਿ ਉਕਤ ਕਿਸਾਨ ਨਰਮਾ ਵੇਚਣ ਵਾਸਤੇ ਖੁਦ ਟਰਾਲੀ ਮੰਡੀ ਵਿੱਚ ਲੈ ਕੇ ਆਇਆ ਸੀ ਤੇ ਆਪਣੀ ਹਾਜ਼ਰੀ ਵਿੱਚ ਨਰਮਾ ਵੇਚਣ ਦੀ ਗੱਲ ਕਰਕੇ ਕੁਝ ਸਮੇਂ ਬਾਅਦ ਵਾਪਸ ਆਉਣ ਦਾ ਕਹਿ ਕੇ ਗਿਆ ਸੀ, ਪ੍ਰੰਤੂ ਬਾਅਦ ਵਿੱਚ ਪੁਲਿਸ ਪਾਸ ਟਰਾਲੀ ਖੋਹਣ ਦੀ ਦਰਖਾਸਤ ਦੇ ਦਿੱਤੀ। ਜਦਕਿ ਸਹੀ ਗੱਲ ਇਹ ਹੈ ਕਿ ਅਸੀਂ ਉਕਤ ਕਿਸਾਨ ਤੋਂ ਪੈਸੇ ਲੈਣੇ ਹਨ, ਜਿਸ ਕਰਕੇ ਉਹ ਅਜਿਹਾ ਕਰ ਰਿਹਾ ਹੈ। ਇਸ ਬਾਰੇ ਸਾਨੂੰ ਪਹਿਲਾਂ ਹੀ ਸ਼ੱਕ ਪੈਦਾ ਹੋ ਗਿਆ ਸੀ ਜਿਸ ਕਰਕੇ ਇਸ ਸਬੰਧੀ ਪਹਿਲਾਂ ਹੀ ਪੁਲਿਸ ਨੂੰ ਅਸੀਂ ਲਿਖਤੀ ਦਰਖਾਸਤ ਰਾਹੀਂ ਸੂਚਨਾ ਦੇ ਦਿੱਤੀ ਸੀ।

ਇਸ ਸਬੰਧੀ ਸਥਾਨਕ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਬਾਂਸਲ ਨੇ ਕਿਹਾ ਕਿ ਕਿਸਾਨ ਤੇ ਆੜ੍ਹਤੀ ਦਾ ਰਿਸ਼ਤਾ ਨਹੁੰ-ਮਾਸ ਵਾਂਗ ਹੈ, ਇਸ ਵਿੱਚ ਤਰੇੜ ਪਾਉਣ ਦੀਆਂ ਕਿਸੇ ਨੂੰ ਵੀ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਬਾਰੇ ਪੈਦਾ ਹੋਏ ਮਸਲੇ ਨੂੰ ਮਿਲ ਬੈਠ ਕੇ ਆਪਸੀ ਸਹਿਮਤੀ ਨਾਲ ਸੁਲਝਾਉਣਾ ਚਾਹੀਦਾ ਹੈ, ਕਿਸਾਨ ਆਗੂਆਂ ਦੀ ਕਰਜ਼ੇ ‘ਤੇ ਲਕੀਰ ਫੇਰਨ ਦੀ ਮੰਗ ਸਾਰੀ ਅਸਲੀਅਤ ਬਿਆਨ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top