ਲੇਖ

ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ

Farmer, Awareness, App, CattleBidding, Requirement, 

ਸੁਰਜੀਤ ਸਿੰਘ ‘ਜੱਸਲ’

ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ ‘ਤੇ ਨਿਰਭਰ ਮਨੁੱਖ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ, ਬਜ਼ੁਰਗ ਗੱਲ ਕੀ ਹਰ ਉਮਰ ਦੇ ਬੰਦੇ ਨੂੰ ਮੋਬਾਇਲ ਨੇ ਆਪਣੇ ਵੱਸ ‘ਚ ਕੀਤਾ ਹੋਇਆ ਹੈ। ਇਸ ਗਿਆਨ ਦੀ ਵਿਸ਼ਾਲ ਦੁਨੀਆਂ ਨਾਲ ਜੁੜੇ ਤਜ਼ਰਬੇਕਾਰ ਤਕਨੀਕੀ ਮਾਹਿਰਾਂ ਨੇ ਹੋਰ ਜਾਣਕਾਰੀਆਂ ਤੋਂ ਇਲਾਵਾ ਹੁਣ ਦੇਸ਼ ਦੇ ਅੰਨਦਾਤੇ ਕਿਸਾਨ ਬਾਰੇ ਇੱਕ ਖਾਸ ਪਲੇਟਫਾਰਮ ਤਿਆਰ ਕੀਤਾ ਹੈ। ਜੋ ਕਿਸਾਨੀ ਜ਼ਿੰਦਗੀ ਦੇ ਕੰਮਾਂ-ਕਾਰਾਂ ਨੂੰ ਸੁਖਾਲਾ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗਾ ਤੇ ਹਰੇਕ ਸਮੱਸਿਆ ਦਾ ਹੱਲ ਘਰ ਬੈਠਿਆਂ ਮਿਲ ਸਕੇਗਾ। ਜਿਸ ਨਾਲ ਉਸਨੂੰ ਫਾਇਦਾ ਵੀ ਹੋਵੇਗਾ ਤੇ ਗਿਆਨ ਵੀ ਵਧੇਗਾ। ਇਹ ਸਭ ਕਿਵੇਂ ਹੋਵੇਗਾ, ਇਸ ਬਾਰੇ ਸਬੰਧਤ ਐਪ ਨੂੰ ਐਂਡਰਾਇਡ ਫ਼ੋਨ ਜ਼ਰੀਏ ਡਾਊਨਲੋਡ ਕਰਕੇ ਸਮਝਣ ਦੀ ਲੋੜ ਹੈ।

ਫਰਵਰੀ  ਮਹੀਨੇ ਦੇ ਪਹਿਲੇ ਹਫ਼ਤੇ ਲਾਂਚ ਕੀਤੀ ਜਾ ਰਹੀ ਵਿਲੱਖਣ ਸੋਚ ਵਾਲੀ ਐਪ ‘ਪਸ਼ੂ ਬੋਲੀ’ ਸਿਰਫ਼ ਪਸ਼ੂ-ਪਾਲਕਾਂ ਤੱਕ ਹੀ ਸੀਮਤ ਨਹੀਂ ਹੋਵੇਗੀ ਸਗੋਂ ਕਿਰਸਾਨੀ ਕਿੱਤੇ ਨਾਲ ਜੁੜੇ ਉਸ ਹਰੇਕ ਵਿਅਕਤੀ ਲਈ ਲਾਹੇਵੰਦ ਸਿੱਧ ਹੋਵੇਗੀ ਜੋ ਆਪਣੇ ਵਪਾਰ ਅਤੇ ਜੀਵਨਸ਼ੈਲੀ ਨੂੰ ਉੱਚਾ ਚੁੱਕ ਕੇ ਆਪਣਾ ਭਵਿੱਖ ਉੱਜਵਲ ਬਣਾਉਣਾ ਚਾਹੁੰਦਾ ਹੈ। ਇਹ ਐਪ ਜਿੱਥੇ ਕਿਸਾਨੀ ਕਿੱਤੇ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ, ਨਵੀਂ ਤਕਨੀਕ ਦੀ ਜਾਣਕਾਰੀ, ਉੱਨਤ ਕਿਸਮ ਦੇ ਬੀਜ, ਖੇਤੀ ਦਵਾਈਆਂ, ਖਾਦਾਂ ਸਬੰਧੀ ਮੁਕੰਮਲ ਜਾਣਕਾਰੀ ਮਾਹਿਰਾਂ ਵੱਲੋਂ ਮੁਹੱਈਆ ਕਰਵਾਏਗੀ, ਉੱਥੇ ਖੇਤੀ ਕਰਨ ਦੀ ਨਵੀਂ ਤਕਨੀਕ, ਘੱਟ ਜ਼ਮੀਨ ਵਿੱਚੋਂ ਵਧੇਰੇ ਪੈਦਾਵਾਰ ਲੈਣ ਦੀ ਵਿਧੀ ਬਾਰੇ ਵੀ ਜਾਣੂ ਕਰਵਾਏਗੀ। ਇਸ ਤੋਂ ਇਲਾਵਾ ਪਸ਼ੂ ਪਾਲਣ ਸਬੰਧੀ, ਵੇਚ-ਖਰੀਦ, ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਸਬੰਧੀ ਮਾਹਿਰ ਵੈਟਨਰੀ ਡਾਕਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਵਾਏਗੀ। ਇਹ ਸਭ ਕਿਵੇਂ ਹੋਵੇਗਾ, ਇਸ ਬਾਰੇ ‘ਐਪ’ ਦੁਆਰਾ ਹੀ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਹਿੰਦੀ, ਪੰਜਾਬੀ ਤੋਂ ਇਲਾਵਾ ਦੇਸ਼ ਦੀਆਂ ਬਾਕੀ ਭਾਸ਼ਾਵਾਂ ਵਿੱਚ ਵੀ  ਹੋਵੇਗੀ।

ਇਸ ਐਪ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਨੁਮਾਇੰਦੇ ਨੇ ਵਿਸਥਾਰਪੂਰਵਕ ਦੱਸਿਆ ਕਿ 40 ਬੰਦਿਆਂ ਦੀ ਇੱਕ ਵੱਡੀ ਟੀਮ ਨੇ ਪਿਛਲੇ ਚਾਰ ਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਖੇਤੀ ਸੈਕਟਰਾਂ ਵਿੱਚ ਕਿਸਾਨੀ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਘੋਖ- ਪੜਤਾਲ ਕਰਨ ਮਗਰੋਂ ਇੱਕ ਪਲੇਟਫਾਰਮ ਦੇ ਰੂਪ ‘ਚ ਇਹ ਐਪ ਤਿਆਰ ਕੀਤੀ ਹੈ। ਵੱਖ-ਵੱਖ ਦੇਸ਼ਾਂ ਦੇ ਸਰਵੇਖਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਦੁਨੀਆਂ ਦੇ ਬਹੁਤੇ ਦੇਸ਼ ਖੇਤੀ ਧੰਦੇ ਨਾਲ ਜੁੜੇ ਹੋਏ ਹਨ। ਅਮਰੀਕਾ, ਕੈਨੇਡਾ ਵਰਗੇ ਉੱਨਤ ਦੇਸ਼ਾਂ ਦੇ 80 ਪ੍ਰਤੀਸ਼ਤ ਬਿਜਨਸਮੈਨ ਖੇਤੀ ਉਦਯੋਗ ਨਾਲ ਜੁੜ ਕੇ ਸਫ਼ਲ ਮੰਡੀਕਰਨ ਕਰ ਰਹੇ ਹਨ।

ਇਹ ਵੀ ਸੱਚਾਈ ਹੈ ਕਿ ਭਾਰਤ ਦਾ ਬਹੁਤਾ ਯੂਥ ਖਾਸਕਰ ਪੰਜਾਬ, ਹਰਿਆਣਾ, ਗੁਜ਼ਰਾਤ ਵਿਦੇਸ਼ਾਂ ਵਿੱਚ ਗੋਰਿਆਂ ਕੋਲ ਖੇਤੀ ਕਰਦਾ ਹੈ। ਇਹ ਉਹੀ ਕਿਸਾਨ ਹੈ ਜੋ ਪੰਜਾਬ ਵਿੱਚ ਖੇਤੀ ਕਰਨ ‘ਚ ਅਸਫ਼ਲ ਰਿਹਾ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਡੇ ਦੇਸ਼ ਦੇ ਕਿਸਾਨਾਂ ਕੋਲ ਜਾਗਰੂਕਤਾ ਦੀ ਘਾਟ ਹੈ ਜਦਕਿ ਗੋਰੇ ਕਿਸਾਨ ਇਸ ਵਿੱਚ ਨਿਪੁੰਨ ਹਨ, ਉਨ੍ਹਾਂ ਨੂੰ ਤਕਨੀਕੀ ਸੂਝ ਹੈ ਜਦਕਿ ਸਾਡੇ ਜਿਆਦਾਤਰ ਕਿਸਾਨਾਂ ਕੋਲ ਸਿਰਫ਼ ਰੀਸ ਹੈ, ਭੇਡਚਾਲ ਹੈ ਜਿਸ ਦੇ ਮਗਰ ਲੱਗ ਕੇ ਉਹ ਕਰਜ਼ਾ ਚੁੱਕ ਕੇ ਖੇਤੀ ਮਸ਼ੀਨਰੀ, ਕਾਰਾਂ, ਕੋਠੀਆਂ ਆਦਿ ਲੈਂਦਾ ਹੈ, ਮਹਿੰਗੇ ਵਿਆਹਾਂ ਦੀ ਦੌੜ ਵਿੱਚ ਸ਼ਾਮਲ ਹੋ ਕੇ ਕਰਜ਼ਾਈ ਹੋ ਜਾਂਦਾ ਹੈ ਤੇ  ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ ਹੈ।

ਇਸ ਐਪ ਦੀ ਵਰਤੋਂ ਨਾਲ ਦੇਸ਼ ਦੇ ਹਰੇਕ ਛੋਟੇ-ਵੱਡੇ ਕਿਸਾਨ ਨੂੰ ਫਾਇਦਾ ਹੋਵੇਗਾ। ਉਦਾਹਰਨ ਦੇ ਤੌਰ ‘ਤੇ ਇੱਕ ਕਿਸਾਨ ਕੋਲ ਕਿੰਨੀ ਜ਼ਮੀਨ ਹੈ, ਉਸਨੇ ਕਿਹੜੀ ਖੇਤੀ ਕਰਨੀ ਹੈ, ਕਿਹੜੀ ਰੇਹ-ਸਪਰੇਅ ਵਰਤਣਾ ਹੈ, ਕਿੰਨੀ ਪੈਦਾਵਾਰ ਹੋਵੇਗੀ, ਕਿਹੜੀ ਮੰਡੀ ਵਿੱਚ ਵਧੇਰੇ ਮੁਨਾਫ਼ਾ ਹੋਵੇਗਾ। ਇਹ ਸਭ ਕੁਝ ਬਾਰੇ ਇਹ ਐਪ ਦੱਸ ਸਕੇਗੀ। ਇਹ ਇੱਕ ਸੱਚਾਈ ਹੈ ਕਿ ਇੱਕ ਪਿੰਡ ਦਾ ਸਰਵੇ ਕੀਤਾ ਗਿਆ ਜਿਸ ਵਿੱਚ ਇਹ ਗੱਲ ਸਪੱਸ਼ਟ ਹੋਈ ਕਿ ਪੰਜ ਏਕੜ ਵਾਲੇ ਕਿਸਾਨ ਕੋਲ ਵੀ ਟਰੈਕਟਰ, ਰੀਪਰ, ਕੰਬਾਇਨ ਆਦਿ ਮਹਿੰਗੀ ਖੇਤੀ ਮਸ਼ੀਨਰੀ ਹੈ ਤੇ ਵੀਹ ਏਕੜ ਵਾਲੇ ਕੋਲ ਵੀ, ਜੋ ਕਿ ਗਲਤ ਹੈ। ਇਸ ਐਪ ਰਾਹੀਂ ਪਿੰਡ ਦੇ ਹਰੇਕ ਛੋਟੇ-ਵੱਡੇ ਕਿਸਾਨ ਨੂੰ ਇੱਕ ਸਾਂਝੀ ਸੰਸਥਾ ਨਾਲ ਜੋੜਿਆ ਜਾਵੇਗਾ ਜਿੱਥੋਂ ਉਹ ਸਸਤੇ ਭਾਅ ਅਤੇ ਕਿਰਾਏ ‘ਤੇ ਆਪਣੀਆਂ ਲੋੜਾਂ ਪੂਰੀਆਂ ਕਰ ਸਕਣਗੇ।। ਇਸ ਤਰ੍ਹਾਂ ਮੱਧਵਰਗੀ ਕਿਸਾਨਾਂ ਦੇ ਖਰਚੇ ਘਟਣਗੇ ਤੇ ਆਮਦਨ ਵਧੇਗੀ।

ਪਸ਼ੂਧਨ ਦੇ ਖੇਤਰ ਵਿੱਚ ਵੀ ਇਹ ਐਪ ਬਹੁਤ ਫਾਇਦੇਮੰਦ ਰਹੇਗੀ। ਹਰੇਕ ਕਿਸਾਨ ਦੇ ਘਰ ਲਵੇਰਾ ਹੁੰਦਾ ਹੈ। ਉਸਦੀਆਂ ਬਿਮਾਰੀਆਂ ਅਤੇ ਮੁਕੰਮਲ ਡਾਕਟਰੀ ਦਾ ਹੱਲ ਇਸ ਐਪ ਰਾਹੀਂ ਤਜ਼ਰਬੇਕਾਰ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਹੱਲ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਆਪਣੇ ਪਸ਼ੂ ਦੀ ਖਰੀਦ-ਵੇਚ ਕਰਨੀ ਚਾਹੇ ਤਾਂ ਵੀ ਇਸ ਐਪ ਦੀ ਮੱਦਦ ਲੈ ਸਕਦਾ ਹੈ ਕਿਸਾਨ ਲਈ ਉੁਪਜਾਊ ਮਿੱਟੀ ਦਾ ਹੋਣਾ ਬਹੁਤ ਜਰੂਰੀ ਹੈ। ਮਿੱਟੀ ਦੀ ਗੁਣਵੱਤਾ, ਲੋੜੀਂਦੇ ਤੱਤਾਂ ਦੀ ਪੂਰਤੀ, ਖਾਦਾਂ ਆਦਿ ਦਾ ਪੂਰਨ ਵੇਰਵਾ ਵੀ ਇਸ ਐਪ ਰਾਹੀਂ ਮਿਲ ਸਕੇਗਾ। ਇਹ ਵੀ ਜਾਣਕਾਰੀ ਮਿਲੇਗੀ ਕਿ ਕਿਹੜੀ ਫ਼ਸਲ ਦੀ ਪੈਦਾਵਾਰ ਉਨ੍ਹਾਂ ਨੂੰ ਵਧੇਰੇ ਮੁਨਾਫ਼ਾ ਦੇ ਸਕਦੀ ਹੈ। ਸਾਡੇ ਦੇਸ਼ ਦਾ ਕਿਸਾਨ ਬਹੁਤ ਮਿਹਨਤੀ  ਹੈ, ਨਿੱਡਰ ਹੈ ਪਰ ਅਫਸੋਸ ਕਿ ਜਾਗਰੂਕਤਾ ਦੀ ਘਾਟ ਹੈ। ਇਹ ਐਪ ਉਸਦੀ ਸਫ਼ਲ ਜ਼ਿੰਦਗੀ ਲਈ ਰਾਹ-ਦਸੇਰਾ ਬਣੇਗੀ। ਇਹ ਐਪ ਗਿਆਨ ਦੇ ਨਾਲ-ਨਾਲ ਮਨੋਰੰਜਨ ਜਗਤ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਏਗੀ ਜੋ ਵੱਖ-ਵੱਖ ਸੂਬਿਆਂ ਦੀ ਬੋਲੀ ਅਧਾਰਿਤ ਗੀਤ-ਸੰਗੀਤ ਦੀ ਜਾਣਕਾਰੀ ਅਤੇ ਮਨੋਰੰਜਨ ਨਾਲ ਜੋੜੇਗੀ। ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਦੇਸ਼ ਦਾ ਹਰ ਛੋਟਾ-ਵੱਡਾ ਕਿਸਾਨ ਇਸ ਐਪ ਨਾਲ ਆਪਣੇ-ਆਪ ਨੂੰ ਜੋੜ ਕੇ ਦੇਸ਼ ਨੂੰ ਉੱਨਤੀ ਦੇ ਰਾਹਾਂ ਵੱਲ ਤੋਰਨ ਵਿੱਚ ਯਤਨਸ਼ੀਲ ਹੋਵੇਗਾ। ਆਓ, ਅੱਜ ਦੇ ਤਕਨੀਕੀ ਗਿਆਨ ਦੀ ਪੂਰਤੀ ਲਈ ਇਸ ਗਿਆਨ ਭਰਪੂਰ ਐਪ ‘ਪਸ਼ੂ ਬੋਲੀ’ ਨਾਲ ਜੁੜ ਕੇ ਆਪਣੇ ਗਿਆਨ ਭੰਡਾਰ ਵਿੱਚ ਵਾਧਾ ਕਰੀਏ ਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਈਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top