ਕਿਸਾਨ ਜਥੇਬੰਦੀਆਂ ਨੇ ਘੇਰਿਆ ਬਾਦਲਾਂ ਦਾ ਪਿੰਡ ਅਤੇ ਕੈਪਟਨ ਦਾ ਸ਼ਹਿਰ

0
Farmer Suicide

ਨਾ ਸਾਡਾ ਅਮਰਿੰਦਰ ਨਾਲ ਹੇਜ ਆ, ਨਾ ਸਾਡੀ ਬਾਦਲ ਕੇ ਲਾਣੇ ਨਾਲ ਯਾਰੀ ਆ: ਉਗਰਾਹਾਂ

ਮੁੱਖ ਮੰਤਰੀ ਦੇ ਸ਼ਹਿਰ ‘ਚ ਕਿਸਾਨਾਂ ਵੱਲੋਂ ਪੱਕਾ ਮੋਰਚਾ ਸ਼ੁਰੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਸਬੰਧੀ ਹੁੰਕਾਰ ਭਰੀ ਗਈ ਹੈ। ਕਿਸਾਨਾਂ ਨੇ ਸ਼ਹਿਰ ਦੇ ਵਿਚਕਾਰ ਪੁੱਡਾ ਗਰਾਊਂਡ ‘ਚ ਪੱਕਾ ਮੋਰਚਾ ਠੋਕ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਕਿਸਾਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸਾਂ ਅਤੇ ਅਮਰਿੰਦਰ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਰੋਹ ਦੇਖਿਆ ਗਿਆ। ਧਰਨੇ ਦੀ ਵੱਡੀ ਗੱਲ ਇਹ ਰਹੀ ਕਿ ਅੱਜ ਤੋਂ ਸ਼ੁਰੂ ਹੋਏ ਇਸ ਪੱਕੇ ਮੋਰਚੇ ਵਿੱਚ ਪੁੱਜੀਆਂ ਔਰਤਾਂ ਨੇ ਦੋਵੇਂ ਸਰਕਾਰਾਂ ਨੂੰ ਲਲਕਾਰਿਆ ਹੈ।   ਉੱਧਰ ਕਿਸਾਨ ਜਥੇਬੰਦੀ ਨੇ ਕੇਂਦਰੀ ਆਰਡੀਨੈਂਸਾਂ ਦੇ ਖਿਲਾਫ਼ ਪਿੰਡ ਬਾਦਲ ‘ਚ ਬਾਦਲ ਪਰਿਵਾਰ ਦੀ ਰਿਹਾਇਸ਼ ਨੂੰ ਵੀ ਘੇਰੀ ਰੱਖਿਆ।

ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੱਕ ਮੋਰਚਾ ਮੁੱਖ ਮੰਤਰੀ ਦੇ ਸ਼ਹਿਰ ‘ਚ ਲਗਾਇਆ ਗਿਆ ਹੈ ਜਦਕਿ ਦੂਜਾ ਮੋਰਚਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਲਗਾਇਆ ਹੈ। ਪਟਿਆਲਾ ਵਿਖੇ ਲਗਾਏ ਮੋਰਚੇ ਵਿੱਚ ਕੈਪਟਨ ਸਰਕਾਰ ਵੱਲੋਂ ਵੋਟਾਂ ਵੇਲੇ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਵੰਗਾਰਿਆ ਗਿਆ ਜਦਕਿ ਬਾਦਲ ਪਿੰਡ ਵਿਖੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸਾਂ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਰੋਹ ਭਰਪੂਰ ਤਕਰੀਰ ਕਰਦਿਆਂ ਆਖਿਆ ਕਿ ਪੰਜਾਬ ਦੇ ਜੁਝਾਰੂ ਕਿਸਾਨ ਇਨ੍ਹਾਂ ਕਾਗਜ਼ ਦੇ ਟੁਕੜੇ ਆਰਡੀਨੈਂਸਾਂ ਅੱਗੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਬਿੱਲਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਬਿੱਲ ਲਾਗੂ ਹੋ ਜਾਣ ਸਬੰਧੀ ਸਵਾਲ ਦੇ ਜਵਾਬ ‘ਚ ਉਹਨਾਂ ਰੋਹ ‘ਚ ਕਿਹਾ ਕਿ ਸਰਕਾਰਾਂ ਕਾਗਜਾਂ ਦਾ ਢਿੱਡ ਪੂਰਾ ਕਰ ਲੈਣ ਪਰ ਉਹ ਪ੍ਰਾਈਵੇਟ ਮੰਡੀਆਂ ਨੂੰ ਚੱਲਣ ਨਹੀਂ ਦੇਣਗੇ।

ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਅਤੇ ਕਿਰਤੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ, ਘਰ-ਘਰ ਪੱਕਾ ਰੁਜ਼ਗਾਰ,  ਨਸ਼ਿਆਂ ਦਾ ਖ਼ਾਤਮਾ, ਭੂ ਮਾਫੀਆ, ਰੇਤ ਮਾਫੀਆ ਅਤੇ ਕੇਬਲ ਮਾਫੀਆ ਨੂੰ ਨੱਥ ਪਾਉਣਗੇ, ਪਰ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿਤੈਸੀ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਬਿਆਨਾਂ ਵਿੱਚ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਇੱਥੇ ਪੰਜ ਦਿਨਾਂ ਤੱਕ ਇਸੇ ਤਰ੍ਹਾਂ ਪੱਕਾ ਮੋਰਚਾ ਜਾਰੀ ਰਹੇਗਾ ਅਤੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਕੈਪਟਨ ਅਤੇ ਮੋਦੀ ਸਰਕਾਰ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦੇ ਰਹਿਣਗੇ।

ਆਗੂਆਂ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਲੋਕਾਂ ‘ਚ ਨਾ ਵਿਚਰੇ ਅਤੇ ਆਪਣੇ ਘਰ ‘ਚੋਂ ਹੀ ਬਾਹਰ ਨਾ ਨਿੱਕਲੇ ਤਾਂ ਅਜਿਹੇ ਵਿਅਕਤੀ ਨੂੰ ਕੁਰਸੀ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਾ ਸਾਡਾ ਅਮਰਿੰਦਰ ਨਾਲ ਹੇਜ ਆ, ਨਾ ਸਾਡੀ ਬਾਦਲ ਕੇ ਲਾਣੇ ਨਾਲ ਯਾਰੀ ਆ, ਜੋ ਵੀ ਰਾਜਸੀ ਆਗੂ ਕਿਸਾਨਾਂ ਦੇ ਵਿਰੁੱਧ ਭੁਗਤੇਗਾ, ਚਾਹੇ ਉਹ ਅਮਰਿੰਦਰ ਹੋਵੇ, ਚਾਹੇ ਬਾਦਲ ਪਰਿਵਾਰ ਹੋਵੇ, ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।  ਉਨ੍ਹਾਂ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਚੋਣਾਂ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ। ਦੱਸਣਯੋਗ ਹੈ ਕਿ ਇਸ ਧਰਨੇ ਵਿੱਚ ਪਟਿਆਲਾ, ਸੰਗਰੂਰ,  ਲੁਧਿਆਣਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕਿਸਾਨ ਪੁੱਜੇ ਹੋਏ ਸਨ। ਕਿਸਾਨਾਂ ਦੇ ਧਰਨੇ ਨੂੰ ਦੇਖਦਿਆਂ ਪੁਲਿਸ ਵੱਲੋਂ ਤਕੜੇ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਜਸਵਿੰਦਰ ਸਿੰਘ, ਜਗਤਾਰ ਸਿੰਘ ਕਾਲਾਝਾੜ, ਰੂਪ ਸਿੰਘ ਛੰਨਾ, ਸੁਦਾਗਰ ਸਿੰਘ, ਮਨਜੀਤ ਸਿੰਘ ਨਿਆਲ, ਚਮਕੌਰ ਸਿੰਘ, ਜਰਨੈਨ ਸਿੰਘ, ਬਹਾਲ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।