Breaking News

ਕਿਸਾਨੀ ਸੰਸਦ ਨੇ ਲਿਆ ਫੈਸਲਾ, ਖ਼ੁਦ ਲੜਨਗੇ ਚੋਣਾਂ, ਖ਼ੁਦ ਕਰਨਗੇ ਆਪਣੇ ਮਸਲੇ ਹੱਲ

Farmer, Parliament, Decided, Elections, Issues

ਚੰਡੀਗੜ ਵਿਖੇ ਹੋਈ ਕਿਸਾਨੀ ਸੰਸਦ ਵਿੱਚ ਨਕਾਰਿਆ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ

ਕਿਸਾਨੀ ਸੰਸਦ ਵਿੱਚੋਂ ਗਾਇਬ ਰਹੀਂ ਕਾਂਗਰਸ ਪਾਰਟੀ, ਨਹੀਂ ਭੇਜਿਆ ਕੋਈ ਨੁਮਾਇੰਦਾ

ਭਾਜਪਾ ਤੇ ਅਕਾਲੀ ਦਲ ਨੇ ਆਪਣੀ ਪਾਰਟੀ ਨੂੰ ਦੱਸਿਆ ਕਿਸਾਨ ਹਿਤੈਸ਼ੀ

ਚੰਡੀਗੜ੍ਹ, ਅਸ਼ਵਨੀ ਚਾਵਲਾ

ਰਵਾਇਤੀ ਪਾਰਟੀਆਂ ਵੱਲੋਂ ਕਿਸਾਨ ਪੱਖੀ ਕੋਈ ਨੀਤੀ ਨਾ ਦੇਣ ਤੇ ਸੰਸਦ ‘ਚ ਕਿਸਾਨਾਂ ਦੇ ਹੱਕ ਵਿੱਚ ਕੋਈ ਗੱਲ ਨਹੀਂ ਰੱਖਣ ਤੋਂ ਨਰਾਜ਼ ਹੋਏ ਕਿਸਾਨ ਹੁਣ ਖ਼ੁਦ ਚੋਣਾਂ ਲੜਨਗੇ। ਚੰਡੀਗੜ੍ਹ ਵਿਖੇ ਹੋਏ ਕਿਸਾਨੀ ਸੰਸਦ ਸੰਮੇਲਨ ‘ਚ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਲੀਡਰ ਖ਼ੁਦ ਚੋਣ ਲੜਨਗੇ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਵਿਧਾਨ ਸਭਾ ‘ਚ ਕਿਸਾਨਾਂ ਦੀ ਗੱਲ ਰੱਖਣਗੇ, ਜਿਸ ਤੋਂ ਬਾਅਦ ਅਗਲੀਆਂ ਲੋਕ ਸਭਾ ਚੋਣਾਂ ‘ਚ ਵੀ ਕਿਸਾਨਾਂ ਵੱਲੋਂ ਉਮੀਦਵਾਰ ਐਲਾਨੇ ਜਾਣਗੇ। ਹਾਲਾਂਕਿ ਕਿਸਾਨੀ ਸੰਸਦ ਤਾਂ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕਰਨਾ ਚਾਹੁੰਦੀ ਸੀ ਪਰ ਸਮਾਂ ਘੱਟ ਹੋਣ ਕਾਰਨ ਇਸ ਫੈਸਲੇ ਨੂੰ ਵਿਧਾਨ ਸਭਾ ਤੋਂ ਲਾਗੂ ਕਰਨ ਬਾਰੇ ਐਲਾਨ ਕਰ ਦਿੱਤਾ ਗਿਆ ਹੈ।

ਕਿਸਾਨੀ ਮੁੱਦਿਆਂ ‘ਤੇ ਗੰਭੀਰ ਚਰਚਾ ਕਰਨ ਤੇ ਕਿਸਾਨਾਂ ਨਾਲ ਹੋ ਰਹੇ ਵਿਤਕਰੇ ਬਾਰੇ ਚੰਡੀਗੜ੍ਹ ਵਿਖੇ ਵੀਰਵਾਰ ਨੂੰ ਕਿਸਾਨੀ ਸੰਸਦ ਸੱਦੀ ਗਈ ਸੀ, ਜਿਸ ਵਿੱਚ ਕਿਸਾਨੀ ਦੇ ਮਾਹਿਰ ਦਵਿੰਦਰ ਸ਼ਰਮਾ ਨੂੰ ਸਪੀਕਰ ਬਣਾਇਆ ਗਿਆ ਸੀ ਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣਾ-ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਸੀ।

ਕਿਸਾਨਾਂ ਦਾ ਸਭ ਤੋਂ ਵੱਡਾ ਸੁਆਲ ਸੀ ਕਿ ਉਨਾਂ ਦੀ ਫਸਲ ਦਾ ਬਣਦਾ ਮੁੱਲ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਵੱਡੇ ਵੱਡੇ ਘਰਾਣਿਆਂ ਦੇ ਕਰਜ਼ੇ ਤਾਂ ਮੁਆਫ਼ ਕੀਤੇ ਜਾ ਰਹੇ ਹਨ ਪਰ ਕਿਸਾਨੀ ਕਰਜ਼ ਬਾਰੇ ਕੋਈ ਗੱਲ ਕਿਉਂ ਨਹੀਂ ਕਰਦਾ ਹੈ। ਪੰਜਾਬ ਨੇ ਵੀ ਕਰਜ਼ਾ ਮੁਆਫ਼ੀ ਤਾਂ ਕੀਤੀ ਪਰ ਵਿੱਚ ਧੋਖਾ ਹੀ ਕੀਤਾ ਹੈ, ਕਿਉਂਕਿ ਕਰਜ਼ ਮੁਆਫ਼ੀ ਦੀ ਸਮਾਂ ਤੈਅ ਕਰ ਦਿੱਤੀ ਗਈ ਹੈ।

ਕਿਸਾਨੀ ਸੰਸਦ ਵਿੱਚ ਵੱਡੇ ਪੱਧਰ ‘ਤੇ ਸੁਆਲ ਚੁੱਕੇ ਗਏ ਅਤੇ ਉਨ੍ਹਾਂ ਦੇ ਜੁਆਬ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਤੋਂ ਲਏ ਗਏ ਪਰ ਕਿਸੇ ਤੋਂ ਵੀ ਕਿਸਾਨ ਸੰਤੁਸ਼ਟ ਨਜ਼ਰ ਨਹੀਂ ਆਏ। ਇਸ ਕਿਸਾਨੀ ਸੰਸਦ ‘ਚੋਂ ਕਾਂਗਰਸ ਪਾਰਟੀ ਤਾਂ ਗਾਇਬ ਹੀ ਰਹੀ, ਜਿਸ ਕਾਰਨ ਕਿਸਾਨਾਂ ਨੇ ਕਾਂਗਰਸ ਪਾਰਟੀ ਨੂੰ ਭਗੌੜਾ ਕਰਾਰ ਦਿੰਦੇ ਹੋਏ ਕਿਸਾਨਾਂ ਨਾਲ ਧੋਖਾ ਕਰਨ ਵਾਲੀ ਪਾਰਟੀ ਵੀ ਕਹਿ ਦਿੱਤਾ।

ਕਾਂਗਰਸ ਨੇ ਕੀਤਾ ਕਿਸਾਨਾਂ ਨਾਲ ਧੋਖਾ, ਘੱਟ ਕੀਤਾ ਜਾ ਰਿਹਾ ਐ ਕਰਜ਼ਾ ਮੁਆਫ਼ : ਅਕਾਲੀ-ਭਾਜਪਾ

ਅਕਾਲੀ ਦਲ ਵੱਲੋਂ ਕਿਸਾਨੀ ਸੰਸਦ ਵਿੱਚ ਪੁੱਜੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਧੇ ਤੌਰ ‘ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਕਰਜ਼ ਮੁਆਫ਼ੀ ਦਾ ਵਾਅਦਾ 90 ਹਜ਼ਾਰ ਕਰੋੜ ਰੁਪਏ ਦਾ ਕੀਤਾ ਗਿਆ ਸੀ, ਜਦੋਂ ਕਿਸਾਨਾਂ ਦਾ ਸਿਰਫ਼ 2 ਲੱਖ ਰੁਪਏ ਤੱਕ ਦਾ ਹੀ ਕਰਜ਼ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨਾਲ ਧੋਖਾ ਕਰਕੇ ਕਾਂਗਰਸ ਪਾਰਟੀ ਨੇ ਸੱਤਾ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੋਖਾ ਕਰਨ ਵਾਲੀ ਕਾਂਗਰਸ ਦਾ ਅੱਜ ਕੋਈ ਵੀ ਨੁਮਾਇੰਦਾ ਇਸ ਕਿਸਾਨੀ ਸੰਸਦ ਵਿੱਚ ਇਸੇ ਕਰਕੇ ਹੀ ਨਹੀਂ ਆਇਆ ਹੈ, ਕਿਉਂਕਿ ਉਨ੍ਹਾਂ ਨੂੰ ਜਵਾਬ ਦੇਣਾ ਕਾਫ਼ੀ ਜਿਆਦਾ ਔਖਾ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਹੈ, ਕਿਉਂਕਿ ਕਰਜ਼ਾ ਮੁਆਫ਼ੀ ਦਾ ਵਾਅਦਾ ਤਾਂ ਉਨ੍ਹਾਂ ਨੇ ਵੀ ਕੀਤਾ ਸੀ ਪਰ ਉਹ ਨੁਸਖਾ ਤਾਂ ਦੱਸ ਦੇਣ, ਜਿਸ ਰਾਹੀਂ ਕਰਜ਼ ਮੁਆਫ਼ ਕਰਨਾ ਸੀ।

ਕਿਸਾਨਾਂ ਨੂੰ ਪਹੁੰਚਾਇਆ ਗਿਆ 45 ਲੱਖ ਕਰੋੜ ਦਾ ਨੁਕਸਾਨ

ਕਿਸਾਨੀ ਦੇ ਮਾਹਿਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਇੱਕ ਸਟੱਡੀ ਦੇ ਅਨੁਸਾਰ 2001 ਤੋਂ ਲੈ ਕੇ 2017 ਤੱਕ ਕਿਸਾਨਾਂ ਵੱਲੋਂ ਪੈਦਾ ਕੀਤੇ ਜਾ ਰਹੇ ਅਨਾਜ ਦੀਆਂ ਕੀਮਤਾਂ ਵਿੱਚ ਓਨਾ ਵਾਧਾ ਨਹੀਂ ਕੀਤਾ ਗਿਆ ਹੈ, ਜਿੰਨਾ ਉਨ੍ਹਾਂ ਦਾ ਹੱਕ ਬਣਦਾ ਸੀ। ਜਿਸ ਨਾਲ ਕਿਸਾਨਾਂ ਨੂੰ ਇਸ ਸਮੇਂ ਦੌਰਾਨ ਸਿਰਫ਼ ਭਾਰਤ ਵਿੱਚ ਹੀ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਦੀ ਇਹ ਹਾਲਤ ਹੈ। ਅੱਜ ਪੰਜਾਬ ਸਣੇ ਦੇਸ਼ ਦਾ ਕਿਸਾਨ ਖ਼ੁਦਕੁਸ਼ੀ ਵੱਲ ਜਾ ਰਿਹਾ ਹੈ, ਜਿਸ ਲਈ ਸਰਕਾਰਾਂ ਜਿੰਮੇਵਾਰ ਹਨ।

ਮਾਫਿਆ ਨੂੰ ਸੁੱਟਣਾ ਸੀ ਜੇਲ੍ਹ, ਕਮਾਈ ਆਉਣੀ ਸੀ ਸਰਕਾਰੀ ਖਜ਼ਾਨੇ ‘ਚ : ਕੁਲਤਾਰ ਸੰਧਵਾ

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਸਾਨੀ ਸੰਸਦ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆ ਜਾਂਦੀ ਤਾਂ ਉਨ੍ਹਾਂ ਨੇ ਰੇਤ ਮਾਫਿਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਤੇ ਨਸ਼ਾ ਮਾਫੀਆ ਨੂੰ ਜੇਲ੍ਹ ‘ਚ ਡੱਕ ਦੇਣਾ ਸੀ ਤੇ ਕੰਮ ਨੂੰ ਸਰਕਾਰੀ ਹੱਥਾਂ ‘ਚ ਦਿੰਦੇ ਹੋਏ ਹੋਣ ਵਾਲੀ ਕਰੋੜਾਂ ਰੁਪਏ ਦੀ ਕਮਾਈ ਨਾਲ ਕਿਸਾਨੀ ਕਰਜ਼ ਮੁਆਫ਼ ਕਰਨਾ ਸੀ ਪਰ ਸੱਤਾ ‘ਚ ਨਾ ਆਉਣ ਕਾਰਨ ਅੱਜ ਵੀ ਮਾਫੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜ਼ਿਆਦਾ ਖ਼ੁਦਕੁਸ਼ੀ ਬੇਰੁਜ਼ਗਾਰੀ ਤੇ ਬਿਮਾਰੀ ਨਾਲ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top