ਚੰਡੀਗੜ ਵਿਖੇ ਰਣਨੀਤੀ ਤਿਆਰ ਕਰਨਗੇ ਕਿਸਾਨ

ਦਿੱਲੀ ਮੀਟਿੰਗ ਬਾਰੇ ਹੋਵੇਗੀ ਚਰਚਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅੱਜ ਚੰਡੀਗੜ ਵਿਖੇ ਰਣਨੀਤੀ ਤਿਆਰ ਕਰਨਗੀਆਂ ਜਿਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣ ਦੀ ਤਿਆਰੀ ਕੀਤੀ ਜਾਵੇਗੀ। ਭਲਕੇ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਹੈ। ਦਿੱਲੀ ਮੀਟਿੰਗ ‘ਚ ਕਿਹੜਾ ਕਿਹੜਾ ਬੁਲਾਰਾ ਸਾਰੀਆਂ ਜਥੇਬੰਦੀਆਂ ਵੱਲੋਂ ਗੱਲਬਾਤ ਰੱਖੇਗਾ, ਇਸ ਸਬੰਧੀ ਵੀ ਕਮੇਟੀ ਦਾ ਗਠਨ ਅੱਜ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਰੇਲ ਸੇਵਾ ਠੱਪ ਰੱਖਣੀ ਹੈ ਜਾਂ ਫਿਰ ਚਲਾਉਣੀ ਹੈ,

ਇਸ ਬਾਰੇ ਵੀ ਅੱਜ ਚੰਡੀਗੜ ਵਿਖੇ ਚਰਚਾ ਹੋਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਡੇਢ ਮਹੀਨੇ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਚੱਲ ਰਿਹਾ ਹੈ। ਪੰਜਾਬ ਵਿੱਚ ਇਸ ਅੰਦੋਲਨ ਦੇ ਚਲਦੇ ਰੇਲ ਸੇਵਾ ਠੱਪ ਹੈ ਤਾਂ ਟੋਲ ਪਲਾਜਾ ਅਤੇ ਮਲਟੀ ਲੈਵਲ ਕੰਪਨੀਆਂ ਦੇ ਸਟੋਰ ਦੇ ਬਾਹਰ ਧਰਨੇ ਜਾਰੀ ਹਨ। ਰਿਲਾਇੰਸ ਪੈਟਰੋਲ ਪੰਪ ਨੂੰ ਵੀ ਪੂਰੀ ਤਰ੍ਹਾਂ ਬੰਦ ਕਰਕੇ ਰੱਖਿਆ ਹੋਇਆ ਹੈ।

ਇਸ ਅੰਦੋਲਨ ਦੇ ਚਲਦੇ ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਹੋ ਗਈ ਹੈ ਤਾਂ ਉਦਯੋਗਪਤੀ ਆਪਣਾ ਸਮਾਨ ਮਾਲ ਗੱਡੀਆਂ ਰਾਹੀਂ ਨਾ ਹੀ ਪੰਜਾਬ ਤੋਂ ਬਾਹਰ ਭੇਜ ਪਾ ਰਹੇ ਹਨ ਅਤੇ ਨਾ ਹੀ ਕੱਚਾ ਮਾਲ ਪੰਜਾਬ ਵਿੱਚ ਮੰਗਵਾ ਪਾ ਰਹੇ ਹਨ। ਇਸ ਅੰਦੋਲਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ 13 ਨਵੰਬਰ ਨੂੰ ਦਿੱਲੀ ਵਿਖੇ ਮੀਟਿੰਗ ਸੱਦੀ ਹੋਈ ਹੈ, ਜਿਸ ਵਿੱਚ ਕਿਸਾਨ ਆਗੂਆਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇਗੀ, ਇਸ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਆਪਣੀ ਰਣਨੀਤੀ ਬਣਾਉਣਾ ਚਾਹੁੰਦੇ ਹਨ, ਜਿਸ ਕਾਰਨ ਹੀ ਅੱਜ ਚੰਡੀਗੜ ਵਿਖੇ ਮੀਟਿੰਗ ਸੱਦੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.