ਕਿਸਾਨਾਂ ਨੇ ਮੁੱਖ ਮੰਤਰੀ ਦੀ ਫੋਟੋ ਵਾਲੇ ਬੋਰਡ ਪਾੜੇ, ਕਾਲਖ ਮਲੀ

0
137
farmers-tore-boards-with-cms-photo-and-sooted

ਨਰਮੇ ਸਮੇਤ ਹੋਰ ਫਸਲਾਂ ਦਾ ਮੁਆਵਜ਼ਾ ਨਾ ਮਿਲਣ ਤੋਂ ਰੋਹ ’ਚ ਆਏ ਕਿਸਾਨਾਂ ਨੇ ਚੁੱਕਿਆ ਕਦਮ

ਬਠਿੰਡਾ ਤੋਂ ਕੀਤੀ ਫਲੈਕਸ ਬੋਰਡ ਪਾੜਨ ਦੀ ਸ਼ੁਰੂਆਤ, ਪੰਜਾਬ ਭਰ ’ਚ ਪਾੜੇ ਜਾਣਗੇ ਬੋਰਡ

(ਸੁਖਜੀਤ ਮਾਨ) ਬਠਿੰਡਾ। ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦਾ ਮੁਆਵਜ਼ਾ ਦੇਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਵਾਲੇ ਲਗਾਏ ਫਲੈਕਸ ਬੋਰਡ ਕਿਸਾਨਾਂ ਨੇ ਅੱਜ ਇੱਥੇ ਪਾੜ ਸੁੱਟੇ। ਕਈ ਸਰਕਾਰੀ ਸਕੀਮਾਂ ਤੋਂ ਇਲਾਵਾ ਹੋਰ ਵੀ ਬੋਰਡ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਬਣੇ। ਕਿਸਾਨਾਂ ਨੇ ਢਾਂਗਿਆਂ ਵਾਲੇ ਲੰਬੇ ਬਾਹਿਆਂ ਨਾਲ ਉੱਚੇ-ਉੱਚੇ ਖੰਭਿਆਂ ’ਤੇ ਲੱਗੇ ਫਲੈਕਸ ਬੋਰਡ ਵੀ ਉਤਾਰ ਦਿੱਤੇ। ਆਉਣ ਵਾਲੇ ਦਿਨਾਂ ’ਚ ਰੋਜ਼ਾਨਾ ਹੀ ਕਿਸਾਨਾਂ ਨੇ ਵੱਖ-ਵੱਖ ਢੰਗਾਂ ਨਾਲ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਵੀ ਸਰਕਾਰ ਨੂੰ ਦਿੱਤੀ ਹੈ। ਇਹ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਅਤੇ ਹੋਰ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਲੈਣ ਲਈ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਦਿਨ-ਰਾਤ ਦਾ ਅਣਮਿਥੇ ਸਮੇਂ ਲਈ ਧਰਨਾ ਲਗਾ ਕੇ ਬੈਠੇ ਹੋਏ ਹਨ।Farmers Protest

ਵੇਰਵਿਆਂ ਮੁਤਾਬਿਕ ਗੁਲਾਬੀ ਸੁੰਡੀ ਕਾਰਨ ਨਰਮਾ ਪੱਟੀ ’ਚ ਨਰਮੇ ਦੀ ਫਸਲ ਤਬਾਹ ਹੋ ਗਈ ਹੈ। ਖਰਾਬ ਹੋਈ ਫਸਲ ਦੇ ਮੁਆਵਜ਼ੇ ਲਈ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ ਬਠਿੰਡਾ ’ਚ ਸ਼ੁਰੂ ਹੋਏ ਇਸ ਰੋਸ ਪ੍ਰਦਰਸ਼ਨ ਦੇ ਅੱਜ ਤੀਜੇ ਦਿਨ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਉਨ੍ਹਾਂ ਬੋਰਡਾਂ ਨੂੰ ਨਿਸ਼ਾਨਾ ਬਣਾਇਆ ਜਿੰਨ੍ਹਾਂ ’ਤੇ ਮੁੱਖ ਮੰਤਰੀ ਦੀ ਫੋਟੋ ਲਗਾ ਕੇ ਲਿਖਿਆ ਹੋਇਆ ਸੀ ਕਿ ‘ਘਰ-ਘਰ ਚੱਲੀ ਗੱਲ, ਚੰਨੀ ਕਰਦੈ ਹਰ ਮਸਲੇ ਦਾ ਹੱਲ’, ਕਿਸਾਨਾਂ ਨੂੰ ਨਰਮੇ ਦਾ ਢੁੱਕਵੇ ਮੁਆਵਜ਼ੇ ਤੋਂ ਇਲਾਵਾ ਹਰ ਵਰਗ ਦਾ ਖਿਆਲ ਰੱਖ ਰਹੀ ਹੈ ਪੰਜਾਬ ਸਰਕਾਰ ਆਦਿ ਧਰਨੇ ਵਾਲੀ ਥਾਂ ਤੋਂ ਕਰੀਬ 200 ਕਿਸਾਨ ਜਿੰਨ੍ਹਾਂ ’ਚ ਮਹਿਲਾਵਾਂ ਵੀ ਸ਼ਾਮਿਲ ਸਨ, ਉਗਰਾਹਾਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ’ਚ ਸ਼ਹਿਰ ’ਚ ਨਿੱਕਲੇ ਜਿੰਨ੍ਹਾਂ ਨੇ ਬੱਸ ਅੱਡੇ ਨੇੜੇ, ਖੰਭਿਆਂ ’ਤੇ ਲੱਗੇ ਫਲੈਕਸ ਬੋਰਡ ਪਾੜ ਸੁੱਟੇ ਕਿਸਾਨਾਂ ਨੇ ਬੱਸ ਅੱਡੇ ਦੇ ਅੰਦਰ ਜਾ ਕੇ ਵੀ ਜਿਹੜੀਆਂ ਬੱਸਾਂ ਦੇ ਪਿੱਛੇ ਪੰਜਾਬ ਸਰਕਾਰ ਵਾਲੀਆਂ ਫਲੈਕਸਾਂ ਲੱਗੀਆਂ ਹੋਈਆਂ ਸੀ ਉਨ੍ਹਾਂ ਉੱਪਰ ਕਾਲਖ ਮਲ ਦਿੱਤੀ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਹੋਰ ਆਗੂਆਂ ਨੇ ਆਖਿਆ ਕਿ ਜਿਹੜੇ ਝੂਠੇ ਪੋਸਟਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ’ਤੇ ਕਾਂਗਰਸ ਨੇ ਲਗਵਾਏ ਹੋਏ ਹਨ ਪਿੰਡਾਂ ਅਤੇ ਸ਼ਹਿਰਾਂ ’ਚ ਤੇ ਬੱਸਾਂ ਦੇ ਪਿੱਛੇ ਉਹ ਸਾਰੇ ਪਾੜੇ ਜਾਣਗੇ ਉਨ੍ਹਾਂ ਕਿਹਾ ਕਿ ਬੋਰਡਾਂ ’ਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਨਰਮੇ ਦਾ ਢੁੱਕਵਾਂ ਮੁਆਵਜ਼ਾ,‘ਘਰ-ਘਰ ਚੱਲੀ ਗੱਲ, ਚੰਨੀ ਕਰਦੈ ਹਰ ਮਸਲੇ ਦਾ ਹੱਲ’ ਪਰ ਸਰਕਾਰ ਨੇ ਨਾ ਤਾਂ ਮੁਆਵਜ਼ਾ ਦਿੱਤਾ ਹੈ ਅਤੇ ਨਾ ਹੀ ਮਸਲਾ ਹੱਲ ਕੀਤਾ ਹੈ ਇਸ ਕਰਕੇ ਝੂਠੇ ਬੋਰਡਾਂ ਨੂੰ ਪਾੜਨ ਦੀ ਸ਼ੁਰੂਆਤ ਬਠਿੰਡਾ ਦੇ ਬੱਸ ਅੱਡੇ ਤੋਂ ਕਰ ਦਿੱਤੀ ਹੈ ਰੋਹ ’ਚ ਆਏ ਕਿਸਾਨਾਂ ਨੇ ਕਿਹਾ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਜਿੰਨੇ ਦਿਨ ਸੰਘਰਸ਼ ਚੱਲਿਆ ਹਰ ਦਿਨ ਸੰਘਰਸ਼ ਨੂੰ ਨਵਾਂ ਰੂਪ ਦੇ ਕੇ ਸਰਕਾਰ ਖਿਲਾਫ਼ ਵੱਖਰੇ ਢੰਗਾਂ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਸੰਘਰਸ਼ ਦਾ ਸੇਕ ਸਰਕਾਰ ਤੱਕ ਪੁੱਜ ਸਕੇ।

ਜੋਸ਼ ਦੇ ਨਾਲ ਹੋਸ਼ ਤੋਂ ਲਿਆ ਕੰਮ

ਪੰਜਾਬ ਸਰਕਾਰ ਦੇ ਦਾਅਵਿਆਂ ਵਾਲੇ ਪੋਸਟਰ ਪਾੜਨ ਮੌਕੇ ਕਿਸਾਨਾਂ ਨੇ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲਿਆ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਸਾਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜੇ ਪੋਸਟਰਾਂ ’ਤੇ ਧਾਰਮਿਕ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਜਾਂ ਧਾਰਮਿਕ ਪ੍ਰੋਗਰਾਮ ਵਾਲਾ ਬੋਰਡ ਹੈ ਉਹ ਬੋਰਡ ਨਹੀਂ ਪਾੜੇ ਜਾਣਗੇ ਕਿਸਾਨਾਂ ਨੇ ਪੂਰੇ ਸ਼ਹਿਰ ’ਚ ਪ੍ਰਦਰਸ਼ਨ ਦੌਰਾਨ ਇਸ ਗੱਲ ਦਾ ਖਾਸ ਖਿਆਲ ਰੱਖਿਆ ਅਤੇ ਅਜਿਹੇ ਬੋਰਡ ਪਾੜਨ ਤੋਂ ਗੁਰੇਜ਼ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ