ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਹੱਥੇ ਰਹਿਣਗੇ ‘ਖ਼ਾਲੀ’, ਪੰਜਾਬ ਵੀ ਨਹੀਂ ਦੇਵੇਗਾ 500 ਰੁਪਏ

Stubble Burning

ਪੰਜਾਬ ਵੱਲੋਂ ਕੇਂਦਰ ਤੇ ਦਿੱਲੀ ਦੀ ਮਦਦ ਨਾਲ 2500 ਦੇਣ ਦਾ ਸੀ ਵਾਅਦਾ, ਹੁਣ ਨਹੀਂ ਮਿਲੇਗਾ ਕੋਈ ਪੈਸਾ (Stubble Burning)

  • ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਾਤਾਵਰਨ ਮੰਤਰੀ ਗੁਰਮੀਤ ਹੇਅਰ ਨੇ ਕੀਤਾ ਐਲਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪਰਾਲੀ ਨਹੀਂ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੀ ਪੈਸਾ ਬਤੌਰ ਮੁਆਵਜ਼ਾ ਨਹੀਂ ਮਿਲੇਗਾ ਅਤੇ ਉਨਾਂ ਦੇ ਹੱਥ ਖ਼ਾਲੀ ਹੀ ਰਹਿਣਗੇ। (Stubble Burning) ਪੰਜਾਬ ਸਰਕਾਰ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਦੀ ਮੱਦਦ ਨਾਲ 2500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਸੀ ਪਰ ਕੇਂਦਰ ਸਰਕਾਰ ਦੀ ਇਨਕਾਰੀ ਤੋਂ ਬਾਅਦ ਦਿੱਲੀ ਸਰਕਾਰ ਵੀ ਇਹ ਮੁਆਵਜ਼ਾ ਦੇਣ ਤੋਂ ਪਿੱਛੇ ਹੱਟ ਗਈ ਹੈ ਤਾਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ 500 ਰੁਪਏ ਦਾ ਫੈਸਲਾ ਵੀ ਵਾਪਸ ਲੈ ਲਿਆ ਹੈ।

ਜਿਸ ਕਾਰਨ ਪੰਜਾਬ ਵੀ ਆਪਣੇ ਹਿੱਸੇ ਆਉਣ ਵਾਲੇ ਪ੍ਰਤੀ ਏਕੜ 500 ਰੁਪਏ ਨਹੀਂ ਦੇਵੇਗਾ ਹਾਲਾਂਕਿ ਇਹ ਸਿਧਾਂਤਕ ਫੈਸਲਾ ਨਹੀਂ ਸੀ, ਕਿਉਂਕਿ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੇ ਨਾਲ ਸਾਂਝੇ ਤੌਰ ’ਤੇ ਸਹਿਮਤੀ ਹੋਣ ਤੋਂ ਬਾਅਦ ਇਸ ਦੇ ਆਦੇਸ਼ ਜਾਰੀ ਹੋਣੇ ਸਨ ਪਰ ਪੰਜਾਬ ਸਰਕਾਰ ਦੇ ਕਿਸਾਨਾਂ ਨੂੰ ਇਸ ਤਰਾਂ ਦਾ ਵਾਅਦਾ ਜ਼ਰੂਰ ਕੀਤਾ ਜਾ ਰਿਹਾ ਸੀ ਤੇ ਕੇਂਦਰ ਸਰਕਾਰ ਨੂੰ ਸਕੀਮ ਵੀ ਬਣਾ ਕੇ ਭੇਜੀ ਗਈ ਸੀ।

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ

ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਪੈਸਾ ਨਹੀਂ ਦੇਣ ਦਾ ਐਲਾਨ ਖ਼ੁਦ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਉੱਚ ਸਿੱਖਿਆ ਤੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਨਾ ਸਾੜਨ, ਕਿਉਂਕਿ ਇਹੋ ਜਿਹਾ ਕਰਨ ਨਾਲ ਸਭ ਤੋਂ ਪਹਿਲਾਂ ਨੁਕਸਾਨ ਖ਼ੁਦ ਕਿਸਾਨ ਤੇ ਉਸ ਦੇ ਪਰਿਵਾਰ ਦਾ ਹੋ ਰਿਹਾ ਹੈ।

ਇਸ ਲਈ ਉਨਾਂ ਨੂੰ ਸਮਝਾਉਣ ਲਈ ਉਹ ਖ਼ੁਦ ਇੱਕ ਇੱਕ ਕਿਸਾਨ ਜਾਂ ਫਿਰ ਯੂਨੀਅਨ ਕੋਲ ਜਾਣ ਲਈ ਵੀ ਤਿਆਰ ਹਨ ਤਾਂ ਕਿ ਪਰਾਲੀ ਸਾੜਨ ਦਾ ਕੰਮ ਖ਼ਤਮ ਹੋ ਸਕੇ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇੱਕ ਸਾਂਝੀ ਸਕੀਮ ਸਬੰਧੀ ਪੱਤਰ ਲਿਖਿਆ ਗਿਆ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਹੇਠ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਬਾਅਦ ਵਿੱਚ ਦਿੱਲੀ ਤੇ ਪੰਜਾਬ ਸਰਕਾਰ ਨੇ ਵੀ ਆਪਣੇ ਆਪਣੇ ਹਿੱਸੇ ਦੇ 500-500 ਰੁਪਏ ਪ੍ਰਤੀ ਏਕੜ ਦੇਣ ਦਾ ਵਿਚਾਰ ਟਾਲ ਦਿੱਤਾ ਹੈ। ਉਨਾਂ ਸਾਫ਼ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨਹੀਂ ਸਾੜਨ ਲਈ ਕੋਈ ਵੀ ਮੁਆਵਜ਼ਾ ਨਹੀਂ ਦੇਣ ਜਾ ਰਹੀ ਹੈ।

ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਹੋਏਗਾ ਮਾਮਲਾ ਦਰਜ਼, ਕੈਬਨਿਟ ਮੰਤਰੀ ਨੇ ਵੱਟੀ ਚੁੱਪ

ਪੰਜਾਬ ਦੇ ਕਿਸਾਨਾਂ ਨੇ ਜੇਕਰ ਪਰਾਲੀ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਵਾਲੇ ਨਿਯਮਾਂ ਅਨੁਸਾਰ ਹੀ ਉਨਾਂ ’ਤੇ ਮਾਮਲਾ ਦਰਜ਼ ਕੀਤਾ ਜਾਏਗਾ। ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ਼ ਨਾ ਕਰਨ ਜਾਂ ਫਿਰ ਕਰਨ ਸਬੰਧੀ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਪੁੱਛਿਆ ਗਿਆ ਤਾਂ ਉਨਾਂ ਨੇ ਚੁੱਪ ਹੀ ਵੱਟ ਕੇ ਰੱਖੀ ਅਤੇ ਕੋਈ ਵੀ ਜਵਾਬ ਨਹੀਂ ਦਿੱਤਾ। ਉਨਾਂ ਨੂੰ ਕਈ ਵਾਰ ਇਹ ਸੁਆਲ ਕੀਤਾ ਗਿਆ ਕਿ ਕੀ ਕਿਸਾਨਾਂ ਪਰਾਲੀ ਸਾੜਨ ’ਤੇ ਪਰਚੇ ਦਰਜ਼ ਹੋਣਗੇ ਜਾਂ ਫਿਰ ਨਹੀਂ ? ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਇਹ ਸੁਆਲ ਵਾਰ-ਵਾਰ ਟਾਲਦੇ ਹੋਏ ਕੋਈ ਜੁਆਬ ਨਹੀਂ ਦਿੱਤਾ। ਜਿਸ ਤੋਂ ਸਾਫ਼ ਸੀ ਕਿ ਸਰਕਾਰ ਵੱਲੋਂ ਪੁਰਾਣੇ ਨਿਯਮਾਂ ਤਹਿਤ ਹੀ ਕਾਰਵਾਈ ਕੀਤੀ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here