ਲੇਖ

ਖਾਨਾਪੂਰਤੀ ਹੀ ਨਾ ਬਣ’ਜੇ ਬਾਲ ਮਜ਼ਦੂਰ ਵਿਰੋਧੀ ਦਿਵਸ

ਵਿਸ਼ਵ ਬਾਲ ਮਜ਼ਦੂਰ ਵਿਰੋਧੀ ਦਿਵਸ ‘ਤੇ ਵਿਸ਼ੇਸ਼
ਸੰੰਯੁਕਤ ਰਾਸ਼ਟਰ ਤੇ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੁਆਰਾ 12 ਜੂਨ ਨੂੰ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ । ਇਸਦੀ ਸ਼ੁਰੂਆਤ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵੱਲੋਂ ਸਾਲ 2002 ‘ਚ ਹੋਈ। ਇਸਦਾ ਮੁੱਖ ਟੀਚਾ ਲੋਕਾਂ ਨੂੰ ਇੱਕਜੁੱਟ ਹੋ ਕੇ ਬਾਲ ਮਜ਼ਦੂਰੀ ਦੀ  ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕਰਨਾ ਹੈ।
ਬਚਪਨ ਜ਼ਿੰਦਗੀ ਦਾ ਸਭ ਤੋਂ ਸੋਹਣਾ ਤੇ ਯਾਦਗਾਰ  ਪੜਾਅ  ਹੁੰਦਾ ਹੈ। ਮਾਂ ਦੀ ਮਮਤਾ, ਪਿਤਾ ਦਾ ਪਿਆਰ, ਦੋਸਤਾਂ ਦਾ ਸਾਥ, ਸਕੂਲ ਦੀ ਮੌਜ਼ ਨਾ ਭੁੱਲਣ ਯੋਗ ਯਾਦਾਂ ਹੁੰਦੀਆਂ ਹਨ । ਪਰ ਅਜਿਹਾ ਖੁਸ਼ਹਾਲ ਬਚਪਨ ਹਰ ਇੱਕ ਬੱਚੇ ਨੂੰ ਨਸੀਬ ਨਹੀਂ ਹੁੰਦਾ ਹੈ। ਵਿਕਾਸਸ਼ੀਲ ਦੇਸ਼ਾਂ ਦੇ ਬਹੁਤੇ ਬੱਚੇ ਅਜਿਹੇ ਬਚਪਨ ਨੂੰ ਤਰਸਦੇ ਹੀ ਰਹਿ ਜਾਂਦੇ ਹਨ ਤੇ ਉਨ੍ਹਾਂ ਦਾ ਬਚਪਨ ਇੱਕ ਸਰਾਪ ਬਣਕੇ ਰਹਿ ਜਾਂਦਾ ਹੈ। ਬਹੁਤੇ ਬੱਚਿਆਂ ਨੂੰ ਬਚਪਨ ‘ਚ ਖੇਡਣ ਤੇ ਪੜ੍ਹਨ ਦੀ ਥਾਂ ਕੰਮ ਕਰਨਾ ਪੈਂਦਾ ਹੈ। ਭਾਰਤ ਸਮੇਤ ਲਗਭੱਗ ਸਾਰੇ ਵਿਕਾਸਸ਼ੀਲ ਦੇਸ਼ ਤੇ ਇੱਥੋਂ ਤੱਕ ਹੀ ਵਿਕਸਿਤ ਦੇਸ਼ਾਂ ‘ਚ ਵੀ ਬਾਲ ਮਜ਼ਦੂਰ ਦੇਖਣ ਨੂੰ ਮਿਲਦੇ ਹਨ ।
ਚਾਹ ਵਾਲੇ ਦੀ ਦੁਕਾਨ ਹੋਵੇ ਜਾਂ ਕੋਈ ਹੋਟਲ, ਦੁਕਾਨ, ਖੇਤੀਬਾੜੀ, ਇੱਟਾਂ ਦਾ ਭੱਠਾ ਆਦਿ ‘ਚ ਬਾਲ ਮਜ਼ਦੂਰਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲਦੀ ਹੈ। ਚੂੜੀਆਂ ਬਣਾਉਣ, ਪਟਾਕੇ ਬਣਾਉਣ ਤੇ ਹੋਰ ਖਤਰਨਾਕ ਕੰਮਾਂ ‘ਚ ਵੀ ਬਾਲ ਮਜ਼ਦੂਰ ਵੱਡੀ ਗਿਣਤੀ ‘ਚ ਸ਼ਾਮਲ ਹੁੰਦੇ ਹਨ । ਇਨ੍ਹਾਂ ਬੱਚਿਆਂ ਨੂੰ ਕੁਝ ਪੈਸੇ ਦੇਕੇ

kuldeep chand

ਕੁਲਦੀਪ ਚੰਦ

ਇਨ੍ਹਾਂ ਤੋਂ ਵਿਤੋਂ ਵੱਧ ਕੰਮ ਕਰਵਇਆ ਜਾਂਦਾ ਹੈ। ਘੱਟ ਪੈਸਿਆਂ ‘ਚ ਇਹ ਬੱਚੇ ਵੱਡੇ ਮਜਦੂਰਾਂ ਨਾਲੋਂ ਜ਼ਿਆਦਾ ਕੰਮ ਕਰਦੇ ਹਨ ਤੇ ਕਦੇ ਵਿਰੋਧ ਵੀ ਨਹੀਂ ਕਰਦੇ। ਇਹੀ ਕਾਰਨ ਹੈ ਕਿ ਅਜਿਹੇ ਕਾਰਖਾਨਿਆਂ ਦੇ ਮਾਲਕ ਬੱਚਿਆਂ ਨੂੰ ਸ਼ੋਸ਼ਿਤ ਕਰਨ ਦਾ ਕੋਈ ਵੀ ਮੌਕਾ ਨਹੀਂ ਗਵਾਉਂਦੇ ਹਨ। ਬਾਲ ਮਜ਼ਦੂਰ ਕਾਨੂੰਨ ਬਣਨ ਦੇ ਬਾਅਦ ਵੀ ਬਾਲ ਮਜ਼ਦੂਰੀ ‘ਤੇ ਰੋਕ ਨਹੀਂ ਲੱਗ ਰਹੀ ਹੈ।  ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੇ ਮੁਤਾਬਕ ਵਿਸ਼ਵ ‘ਚ 215 ਮਿਲੀਅਨ ਬੱਚੇ ਮਜ਼ਦੂਰ ਦੇ ਰੂਪ  ‘ਚ ਕੰਮ ਕਰ ਰਹੇ ਹਨ । ਇਨ੍ਹਾਂ ‘ਚੋਂ 158 ਮਿਲੀਅਨ ਬੱਚਿਆਂ ਦੀ ਉਮਰ 5 ਤੋਂ 14 ਸਾਲ ਤੱਕ ਦੀ ਹੈ। ਜਿਨ੍ਹਾਂ ਵਿੱਚੋਂ ਬਹੁਤੇ ਬੱਚੇ ਮਾਮੂਲੀ ਤਨਖਾਹ ‘ਤੇ ਬੰਧੂਆ ਮਜ਼ਦੂਰੀ ਕਰਦੇ ਹਨ । ਹਰ ਸਾਲ ਵੱਡੀ ਗਿਣਤੀ ‘ਚ ਬੱਚੇ ਖਰੀਦੇ-ਵੇਚੇ ਜਾਂਦੇ ਹਨ
ਅਜਿਹੇ ਬੱਚੇ ਗੈਰ ਕਾਨੂੰਨੀ ਤਰੀਕੇ ਨਾਲ ਦੂਜੀਆਂ ਥਾਵਾਂ ‘ਤੇ ਲੈ ਜਾ ਕੇ ਉਨ੍ਹਾਂ ਦਾ ਸਰੀਰਕ ਤੇ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਬੱਚਿਆਂ ਦੇ  ਸ਼ੋਸ਼ਣ ਨੂੰ ਰੋਕਣ ਲਈ ਕਾਨੂੰਨ ਨਹੀਂ ਹੈ, ਪਰ ਇਹ ਕਾਨੂੰਨ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੈ। ਭਾਰਤ ‘ਚ ਕੁੱਲ ਮਜ਼ਦੂਰ ਸ਼ਕਤੀ ਦਾ ਲੱਗਭਗ 3.6 ਫੀਸਦੀ ਹਿੱਸਾ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ। ਲਗਭੱਗ 85 ਫੀਸਦੀ ਬਾਲ ਮਜਦੂਰ ਖੇਤੀਬਾੜੀ ਦੇ ਕੰਮਾਂ ‘ਚ ਲੱਗੇ ਹੋਏ ਹਨ, ਲੱਗਭੱਗ 9 ਫੀਸਦੀ ਉਤਪਾਦਨ, ਸੇਵਾ ਤੇ ਮੁਰੰਮਤ ਦੇ ਕੰਮਾਂ ‘ਚ ਲੱਗੇ ਹੋਏ ਹਨ, ਲੱਗਭੱਗ 0.8 ਫੀਸਦੀ ਬਾਲ ਮਜ਼ਦੂਰ ਕਾਰਖਾਨਿਆਂ ‘ਚ ਕੰਮ ਕਰਦੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਸਾਲ 1971 ਦੀ ਜਨਗਣਨਾ ਅਨੁਸਾਰ ਸਾਰੇ ਦੇਸ਼ ‘ਚ 10753985 ਬਾਲ ਮਜ਼ਦੂਰ ਸਨ ਤੇ ਸਾਲ 2011 ਦੀ ਜਨਗਣਨਾ ਅਨੁਸਾਰ 4353247 ਬਾਲ ਮਜ਼ਦੂਰ ਸਨ । ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ‘ਚ 1971 ਦੀ ਜਨਗਣਨਾ ਅਨੁਸਾਰ 232774  ਸਨ ਤੇ ਸਾਲ 2011 ਦੀ ਜਨਗਣਨਾ ਅਨੁਸਾਰ 90353 ਬਾਲ ਮਜ਼ਦੂਰ ਸਨ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ‘ਚ ਬਾਲ ਮਜ਼ਦੂਰਾਂ ਦੀ ਗਿਣਤੀ ਵਧੀ ਹੈ। ਚੰਡੀਗੜ੍ਹ ‘ਚ ਜਿੱਥੇ 1971 ‘ਚ 1086 ਬਾਲ ਮਜ਼ਦੂਰ ਸਨ, ਉਥੇ 2011 ‘ਚ ਵਧ ਕੇ 3135 ਹੋ ਗਏ ਹਨ। ਰਾਜਧਾਨੀ ਦਿੱਲੀ ‘ਚ ਵੀ 1971 ‘ਚ 17120 ਬਾਲ ਮਜ਼ਦੂਰ ਸਨ ਜੋ ਕਿ 2011 ‘ਚ  ਵਧ ਕੇ 26473 ਹੋ ਗਏ ਹਨ ।
ਜੇਕਰ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗੱਲ ਕਰੀਏ ਤਾਂ ਬੇਹੱਦ ਚਿੰਤਾ ਵਾਲੇ ਅੰਕੜੇ ਸਾਹਮਣੇ ਆਉਂਦੇ ਹਨ  ਦੇਸ਼ ‘ਚ ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਕਾਰਨ ਗਰੀਬੀ, ਬੇਰੁਜ਼ਗਾਰੀ ਤੇ ਜਿਆਦਾ ਅਬਾਦੀ ਹੈ। ਇਸ ਕਾਰਨ ਬਾਲ ਮਜ਼ਦੂਰ ਅਸਾਨੀ ਨਾਲ ਮਿਲ ਜਾਂਦੇ ਹਨ । Àੁੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ ਤੇ ਅਸਾਮ ਵਰਗੇ ਸੂਬਿਆਂ ਦੇ ਪਿੰਡਾਂ ‘ਚ ਫੈਲੀ ਗਰੀਬੀ ਤੇ ਬੇਰੁਜ਼ਗਾਰੀ ਕਰਕੇ ਲੋਕ ਆਪਣੇ ਬੱਚਿਆਂ ਨੂੰ ਦਿੱਲੀ, ਮੁੰਬਈ, ਪੰਜਾਬ ਹੋਰ ਰਾਜਾਂ ‘ਚ ਮਜ਼ਦੂਰੀ ਕਰਨ ਲਈ ਭੇਜ ਦਿੰਦੇ ਹਨ । ਗਰੀਬੀ, ਮਜ਼ਬੂਰੀ ਤੇ ਮਾਤਾ-ਪਿਤਾ ਵੱਲੋਂ ਦਬਾਅ ਬਣਾਏ ਜਾਣ ਕਰਕੇ ਇਹ ਬੱਚੇ ਬਾਲ ਮਜ਼ਦੂਰੀ ਦੀ ਦਲਦਲ ‘ਚਫਸ ਜਾਂਦੇ ਹਨ ।
ਗਰੀਬੀ ਕਰਕੇ ਅੱਜ ਲੱਖਾਂ ਬੱਚੇ ਸਕੂਲਾਂ ‘ਚ ਕਾਪੀਆਂ-ਕਿਤਾਬਾਂ ਤੇ ਦੋਸਤਾਂ ਦੇ ਵਿਚਕਾਰ ਨਹੀਂ, ਸਗੋਂ ਹੋਟਲਾਂ, ਘਰਾਂ, ਉਦਯੋਗਾਂ ‘ਚ ਭਾਂਡੇ ਮਾਂਜਣ, ਝਾੜੂ ਲਾਉਣ ਤੇ ਮਸ਼ੀਨਾਂ ‘ਚ ਗੁਜਾਰਦੇ ਹਨ। ਭਾਰਤ ਸਰਕਾਰ ਰਾਜਾਂ ਦੇ ਸਹਿਯੋਗ ਨਾਲ ਬਾਲ ਮਜ਼ਦੂਰੀ ਖਤਮ ਕਰਨ ਦੀ ਦਿਸ਼ਾ ‘ਚ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਹੀ ਹੈ। ਇਸ ਟੀਚੇ ਨੂੰ ਹਾਸਲ ਕਰਨ ਦੇ ਲਈ ਸਰਕਾਰ ਨੇ ਰਾਸ਼ਟਰੀ ਬਾਲ ਮਜ਼ਦੂਰ ਪਰਿਯੋਜਨਾ ਵਰਗੇ ਮਹੱਤਵਪੂਰਨ ਕਦਮ ਚੁੱਕੇ ਹਨ ਜਿਸ ਦੁਆਰਾ ਹਜ਼ਾਰਾਂ ਬੱਚਿਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ।  ਸਰਕਾਰ ਵੱਲੋਂ ਬੱਚਿਆਂ ਦੇ ਅਧਿਕਾਰਾਂ ਲਈ ਬਾਲ ਆਯੋਗ ਬਣਾਇਆ ਗਿਆ ਹੈ ਪਰੰਤੂ ਇਹ ਆਯੋਗ ਵੀ ਅਕਸਰ ਬੱਚਿਆਂ ਦੀਆਂ ਸਮੱਸਿਆਵਾਂ ਪ੍ਰਤੀ ਚੁੱਪ ਧਾਰਕੇ ਰੱਖਦਾ ਹੈ ਤੇ ਬੱਚਿਆਂ ਦੀ ਭਲਾਈ ਦੀ ਥਾਂ ਸਿਰਫ ਆਪਣੇ ਮੈਂਬਰਾਂ ਦੀ ਭਲਾਈ ਤੱਕ ਹੀ ਸੀਮਿਤ ਹੋਕੇ ਰਹਿ ਗਿਆ ਹੈ।
ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਤੇ ਮੱਦਦ ਲਈ ਚਾਇਲਡ ਹੈਲਪਲਾਇਨ 1098 ਸ਼ੁਰੁ ਕੀਤੀ ਗਈ ਹੈ  ਇਸ ਨੰਬਰ ‘ਤੇ ਬੱਚਿਆਂ ਨਾਲ ਵਾਪਰਨ ਵਾਲੀਆਂ ਅਪਰਾਧਿਕ ਘਟਨਾਵਾਂ ਸਬੰਧੀ ਬੇਸ਼ੱਕ ਰੋਜਾਨਾਂ ਹਜਾਰਾਂ ਸ਼ਿਕਾÎਇਤਾਂ ਦਰਜ਼ ਹੁੰਦੀਆਂ ਹਨ ਪਰ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਹੈ। ਬੱਚਿਆਂ ਦੀਆਂ ਸ਼ਿਕਾਇਤਾਂ ਲਈ ਕਾਰਵਾਈ ਕਰਨ ਨੂੰ ਕੋਈ ਵੀ ਅਧਿਕਾਰੀ ਪਹਿਲ ਨਹੀਂ ਕਰਦਾ ਹੈ ਤੇ ਬੱਚਿਆਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਸਾਲ 2014 ‘ਚ ਭਾਰਤ ‘ਚ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੇ ਸਮੂਹ ਬੱਚਪਨ ਬਚਾਓ ਅੰਦੋਲਨ ਦੇ ਮੁਖੀ ਕੈਲਾਸ਼ ਸਤਿਆਰਥੀ ਨੂੰ ਨੋਬਲ ਪ੍ਰਾਇਜ਼ ਮਿਲਿਆ ਹੈ। ਦੇਸ਼ ‘ਚ ਵਧਦੀ ਬਾਲ ਮਜ਼ਦੂਰੀ ਤੇ ਬੱਚਿਆਂ ਦਾ ਹੋ ਰਿਹਾ ਸ਼ੋਸ਼ਣ ਰੋਕਣ ਲਈ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਤੇ ਸੰਗਠਨਾਂ ਨੂੰ ਅੱਗੇ ਆਉਣਾ ਪਵੇਗਾ।
ਕੇਂਦਰ ਸਰਕਾਰ ਨੇ ਬਾਲ ਮਜਦੂਰੀ ਦੇ ਖਾਤਮੇ ਲਈ ਬਣਾਏ ਗਏ ਕਨੂੰਨ ‘ਚ ਸੋਧ ਕਰਕੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਿਨਾਂ ਖਤਰੇ ਵਾਲੇ ਘਰੇਲੂ ਕਾਰੋਬਾਰ ‘ਚ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਹ ਮਨਜ਼ੂਰੀ ਛੁੱਟੀਆਂ ਦੇ ਦਿਨ ਤੇ ਸਕੂਲ ਸਮੇਂ ਤੋਂ ਬਾਅਦ ਲਈ ਦਿੱਤੀ ਗਈ ਹੈ, ਪਰ ਇਸ ਨਾਲ ਬੱਚਿਆਂ ਦੀ ਸਿੱਖਿਆ ਤੇ ਸਿਹਤ ਤੇ ਅਸਰ ਪਵੇਗਾ। ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਕਾਨੂੰਨ ‘ਚ ਬਾਲ ਮਜ਼ਦੂਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਇਹ ਪਾਬੰਦੀ ਸਿਰਫ ਖਤਰਨਾਕ ਉਦਯੋਗਾਂ ਤੱਕ ਹੀ ਸੀਮਤ ਨਾ ਹੋਵੇ, ਸਗੋਂ ਸਾਰੇ ਉਦਯੋਗਾਂ ਲਈ ਹੋਵੇ। ਸਿੱਖਿਆ ਦੇ ਅਧਿਕਾਰ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਬਾਲ ਮਜਦੂਰੀ ਕਰਵਾਉਣ ਵਾਲਿਆਂ ਖਿਲਾਫ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ। ਬਾਲ ਮਜ਼ਦੂਰੀ ਦੇ ਖਾਤਮੇ ਲਈ ਠੋਸ ਯੋਜਨਾਵਾਂ ਉਲੀਕੀਆਂ ਜਾਣ ਅਤੇ ਅਜਿਹੀਆਂ ਯੋਜਨਾਵਾਂ ਸਖਤੀ ਨਾਲ ਲਾਗੂ ਕੀਤੀਆਂ ਜਾਣ ।
ਦੇਸ਼ ਤੇ ਸਮਾਜ ਦੇ ਵਿਕਾਸ ਲਈ ਦੇਸ਼ ਦਾ ਭਵਿੱਖ ਬੱਚਿਆਂ ਦਾ ਸੁਰਖਿੱਅਤ ਤੇ ਤੰਦਰੁਸਤ ਹੋਣਾ ਜਰੂਰੀ ਹੈ। ਅੱਜ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਹਰ ਸਾਲ ਵਾਂਗ ਵੱਡੇ-ਵੱਡੇ ਭਾਸ਼ਣ ਹੋਣਗੇ ਤੇ ਬੱਚਿਆਂ ਦੀ ਭਲਾਈ ਲਈ ਕਈ ਯੋਜਨਾਵਾਂ ਦਾ ਐਲਾਨ ਹੋਵੇਗਾ। ਜਰੂਰਤ ਹੈ ਇਨ੍ਹਾਂ ਯੋਜਨਾਵਾਂ ਤੇ ਬੱਚਿਆਂ ਦੀ ਭਲਾਈ ਲਈ ਬਣੇ ਕਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤੇ ਇਸ ‘ਚ ਅਣਗਹਿਲੀ ਵਰਤਣ ਵਾਲਿਆਂ ਖਿਲਾਫ ਸਖਤ ਕਰਵਾਈ ਕੀਤੀ ਜਾਵੇ ਨਹੀਂ ਤਾਂ ਇਹ 12 ਜੂਨ ਦਾ ਦਿਨ ਵੀ ਇੱਕ ਖਾਨਾਪੂਰਤੀ ਬਣਕੇ ਹੀ ਰਹਿ ਜਾਵੇਗਾ।
ਦੋਭੇਟਾ (ਰੂਪਨਗਰ)
ਮੋ.9417563054

ਪ੍ਰਸਿੱਧ ਖਬਰਾਂ

To Top