ਵਿੱਤ ਮੰਤਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਦਾ ਐਲਾਨ

Finance Minister, Manpreet Singh Badal, Announced, Projects,  Development

ਮਾਘੀ ਮੌਕੇ 40 ਮੁਕਤਿਆਂ ਦੀ ਸ਼ਹਾਦਤ ਤੇ ਨਮਨ ਹੋਣ ਤੋਂ ਬਾਦ ਕੀਤੀ ਪ੍ਰੈਸ ਕਾਨਫਰੰਸ

ਸੁਰੇਸ਼ ਗਰਗ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਮਾਘੀ ਦੇ ਪਵਿੱਤਰ ਦਿਨ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਨਹਿਰੀ ਵਿਸ਼ਰਾਮ ਘਰ ਵਿਖੇ ਪੱਤਰਕਾਰਾਂ ਨਾਲ ਕਾਨਫਰੰਸ ਦੌਰਾਨ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਦਾ ਐਲਾਣ ਕੀਤਾ ਜਿੰਨ੍ਹਾਂ ਵਿਚ ਜਲਾਲਾਬਾਦ ਰੋਡ ਤੇ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਕਰਵਾਉਣਾ ਅਤੇ ਸਟੇਡੀਅਮ ਤੇ ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਨੂੰ ਅਪਗ੍ਰੇਡ ਕਰਨਾ ਸ਼ਾਮਿਲ ਹੈ।

ਮਾਘੀ ਮੌਕੇ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਕਰਨ ਦੇ ਮੁੱਦੇ ‘ਤੇ ਗੱਲ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਧਾਰਮਿਕ ਸਮਾਗਮ ਸਿਆਸਤ ਤੋਂ ਮੁਕਤ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਨੂੰ ਵੀ ਧਾਰਮਿਕ ਮੇਲਿਆਂ ਨੂੰ ਸਿਆਸਤ ਦੇ ਅਖਾੜੇ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਸਿਆਸਤ ਕਰਨ ਲਈ ਸਿਆਸੀ ਪਾਰਟੀਆਂ ਕੋਲ ਹੋਰ ਬਹੁਤ ਮੰਚ ਹਨ।

ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਸ਼ਹਿਰ ਵਿੱਚ ਜਲਾਲਾਬਾਦ ਰੋਡ ਤੇ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਲਈ ਉਹ ਤੁਰੰਤ ਫੰਡ ਜਾਰੀ ਕਰਨਗੇ ਅਤੇ ਛੇਤੀ ਹੀ ਇਸ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਦਾ ਨੀਂਹ ਪੱਥਰ ਸਾਬਕਾ ਉਪ ਮੁੱਖ ਮੰਤਰੀ ਨੇ ਬਹੁਤ ਸਮਾਂ ਪਹਿਲਾਂ ਰੱਖਿਆ ਸੀ ਪਰ ਉਸਾਰੀ ਸ਼ੁਰੂ ਨਹੀਂ ਕਰਵਾਈ ਸੀ।

ਉਨਾਂ ਕਿਹਾ ਕਿ ਇਸ ਤੋਂ ਬਿਨਾਂ ਪਿੱਛਲੀ ਕੈਪਟਨ ਸਰਕਾਰ ਸਮੇਂ ਬਣਾਏ ਸ੍ਰੀ ਮੁਕਤਸਰ ਸਾਹਿਬ ਦੇ ਸਟੇਡੀਅਮ, ਚਾਰ ਯਾਦਗਾਰੀ ਦਰਵਾਜਿਆਂ ਅਤੇ ਮੁਕਤ ਏ ਮਿਨਾਰ ਯਾਦਗਾਰ ਦੀ ਮੁਰਮੰਤ ਲਈ ਵੀ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾਣਗੇ। ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਦੀ ਇਮਾਰਤ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਯੁਨੀਵਰਸਿਟੀ ਤੋਂ ਉਸਦੇ ਵਿੱਤੀ ਘਾਟੇ ਸਬੰਧੀ ਰਿਪੋਰਟ ਮੰਗੀ ਹੈ ਤਾਂ ਜੋ ਇਸ ਸਬੰਧੀ ਅਗਲੇ ਬਜਟ ਵਿਚ ਉਪਬੰਧ ਕੀਤਾ ਜਾ ਸਕੇ। ਵਿੱਤ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕ ਅਤੇ ਠੋਸ ਕਚਰੇ ਦੇ ਨਿਪਟਾਰੇ ਲਈ ਡੰਪ ਬਣਾਉਣ ਲਈ ਫੰਡ ਮੁਹੱਈਆ ਕਰਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਵਿਕਾਸ ਪ੍ਰੋਜੈਕਟ ਲਈ ਫੰਡ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਿੱਚ ਆਪਣਾ ਵਿਸਵਾਸ਼ ਪ੍ਰਗਟਾਇਆ ਸੀ ਅਤੇ ਸਰਕਾਰ ਵੀ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦ੍ਰਿੜ ਸਕੰਲਪਿਤ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ 428 ਬਿੰਦੂ ਸਨ ਜਿੰਨਾਂ ਵਿੱਚੋ 125 ਤੋਂ ਵੱਧ ਉਹ ਚੋਣ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਲਈ ਕੋਈ ਵਿੱਤੀ ਪ੍ਰਬੰਧ ਦੀ ਜਰੂਰਤ ਨਹੀਂ ਸੀ। ਉਨਾਂ ਕਿਹਾ ਕਿ ਬੇਸ਼ਕ ਪਿੱਛਲੀ ਸਰਕਾਰ ਖਾਲੀ ਖ਼ਜਾਨਾ ਸਾਨੂੰ ਵਿਰਾਸਤ ਵਿਚ ਦੇ ਕੇ ਗਈ ਹੈ ਫਿਰ ਵੀ ਕਾਂਗਰਸ ਸਰਕਾਰ ਨੇ ਕਿਸਾਨੀ ਕਰਜੇ ਮਾਫੀ ਅਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੁਨਿਟ ਬਿਜਲੀ ਦੇਣ ਵਰਗੇ ਆਪਣੇ ਅਹਿਮ ਚੋਣ ਵਾਅਦੇ ਪੂਰੇ ਕਰਨ ਦੀ ਪ੍ਰਕ੍ਰਿਆ ਆਰੰਭੀ ਹੋਈ ਹੈ।

ਸੂਬੇ ਵਿਚ ਕਪਾਹ ਤੇ ਝੋਨੇ ਦੀ ਰਿਕਾਰਡ ਉਤਪਾਦਨ ਦੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇਸ ਨਾਲ ਰਾਜ ਦੇ ਅਰਥਚਾਰੇ ਵਿਚ 15000 ਕਰੋੜ ਰੁਪਏ ਸ਼ਾਮਿਲ ਹੋਏ ਹਨ। ਜਦ ਕਿ ਪਿੱਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਖੇਤੀ ਸੈਕਟਰ ਤਬਾਹੀ ਦੇ ਕੰਢੇ ਪਹੁੰਚ ਗਿਆ ਸੀ।  ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਅਰਥਚਾਰੇ ਨੂੰ ਲੀਹ ਤੇ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਚੌਥਾ ਬਜਟ ਵਾਧੂ ਮਾਲੀਏ ਵਾਲਾ ਬਜਟ ਹੋਵੇਗਾ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ, ਐਸ.ਐਸ.ਪੀ. ਸੁਸ਼ੀਲ ਕੁਮਾਰ, ਕਾਂਗਰਸ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਸੀਨਿਅਰ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ, ਗੁਰਸੰਤ ਸਿੰਘ ਬਰਾੜ, ਹਰਚਰਨ ਸਿੰਘ ਸੋਥਾ, ਬੀਬੀ ਚਰਨਜੀਤ ਕੌਰ ਬਰਾੜ, ਬਲਾਕ ਪ੍ਰਧਾਨ ਭਿੰਦਰ ਸ਼ਰਮਾ, ਸਿਮਰਜੀਤ ਸਿੰਘ, ਸਖਵਿੰਦਰ ਸਿੰਘ, ਗਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।