ਜਾਣੋ, ਕਦੋਂ ਬਣਿਆ ਸਲਾਬਤਪੁਰਾ ਡੇਰਾ

slabatpura-786x420

ਜਾਣੋ, ਕਦੋਂ ਬਣਿਆ ਸਲਾਬਤਪੁਰਾ ਡੇਰਾ

ਸਰਸਾ (ਸੱਚ ਕਹੂੰ ਨਿਊਜ਼)। 23 ਨਵੰਬਰ, 1999 ਨੂੰ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਦਿਹਾੜੇ ‘ਤੇ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਸਰਸਾ ’ਚ ਸੰਪੰਨ ਕਰਨ ਦੇ ਤੁਰੰਤ ਬਾਅਦ ਭਾਵ 24 ਨਵੰਬਰ ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਮ 4:00 ਵਜੇ ਸਲਾਬਤਪੁਰਾ ਪਧਾਰੇ। ਇਲਾਕੇ ਵਿੱਚ ਪਹਿਲਾਂ ਹੀ ਭਾਰੀ ਉਤਸ਼ਾਹ ਸੀ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਆਪਣੇ ਪਿਆਰੇ ਮੁਰਸ਼ਿਦ, ਮਹਿਬੂਬ ਦੇ ਸਵਾਗਤ ਲਈ ਲੰਬੀਆਂ ਲਾਈਨਾਂ ਵਿੱਚ ਸਜੀ ਹੋਈ ਸੀ। ਸ਼ਹਿਨਸ਼ਾਹੀ ਗੱਡੀਆਂ ਦੇ ਕਾਫਲੇ ਦੀ ਅਵਾਜ਼ ਸੁਣਦੇ ਹੀ ਸਾਧ-ਸੰਗਤ ਨੇ ਪਿਆਰੇ ਮੁਰਸ਼ਿਦ ਜੀ ਦਾ ਬੈਂਡ-ਬਾਜ਼ਿਆਂ ਦੀਆਂ ਮਿੱਠੀਆਂ ਧੁਨਾਂ ’ਤੇ ਨੱਚਦਿਆਂ ਸ਼ਾਨਦਾਰ ਸਵਾਗਤ ਕੀਤਾ।

ਉਪਰੋਕਤ ਸਾਰੀ ਕਾਰਵਾਈ ਲਗਭਗ ਦੋ ਘੰਟਿਆਂ ਵਿੱਚ ਪੂਰੀ ਕਰਨ ਤੋਂ ਬਾਅਦ, ਸ਼ਹਿਨਸ਼ਾਹ ਦਾਤਾਰ ਜੀ ਨੇ ਉਸੇ ਸ਼ਾਮ 6:40 ’ਤੇ ਆਪਣੇ ਪਵਿੱਤਰ ਕਮਲਾਂ ਨਾਲ (ਤੇਰਾ ਵਾਸ) ਦੀ ਨੀਂਹ ਰੱਖੀ ਦਿੱਤੀ। ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ। 600 ਮਿਸਤਰੀ ਭਾਈ ਅਤੇ 10-15 ਹਜ਼ਾਰ ਦੇ ਕਰੀਬ ਸੇਵਾਦਾਰ ਪਹੁੰਚੇ ਹੋਏ ਸਨ। ਮਿਸਤਰੀ ਅਤੇ ਸੇਵਾਦਾਰਾਂ ਵਿਚ ਏਨਾ ਉਤਸ਼ਾਹ ਸੀ ਕਿ ਕੁੱਲ ਮਾਲਕ ਜੀ ਦੇ ਬੱਲੇ-ਸ਼ਾਬਾ ਦਾ ਪਵਿੱਤਰ ਬਚਨ ਸੁਣਦੇ ਹੀ ਤਨ-ਮਨ ਆਦਿ ਸਭ ਕੁਝ ਸੇਵਾ ’ਚ ਲਾ ਦਿੱਤਾ।

ਸ਼ਹਿਨਸ਼ਾਹੀ ਤੇਰਾ ਵਾਸ ਕੰਪਲੈਕਸ ਦਾ ਘੇਰਾ ਲਗਭਗ ਇੱਕ ਏਕੜ ਵਿੱਚ ਫੈਲਿਆ ਹੋਇਆ ਹੈ। ਦੇਖਦੇ ਹੀ ਦੇਖਦੇ ਦੀਵਾਰਾਂ ਛੱਤ ਤੱਕ ਪਹੁੰਚ ਗਈਆਂ। ਓਧਰ ਪੂਜਨੀਕ ਸ਼ਹਿਨਸ਼ਾਹ ਜੀ ਨੇ 200 ਗੁਣਾ 200 (40,000) ਵਰਗ ਫੁੱਟ ਦਾ ਸ਼ੈੱਡ ਕਵਰ ਦੀ ਵੀ ਰਾਤ 10:20 ਵਜੇ ਨੀਂਹ ਰੱਖ ਕੇ ਕਾਰਜ ਆਰੰਭ ਕਰਵਾ ਦਿੱਤਾ। ਸੇਵਾਦਾਰਾਂ ਲਈ ਕੁਝ ਕਮਰੇ, ਲੰਗਰ ਘਰ, ਸ਼ੈੱਡ ਅਤੇ ਤੇਰਾ ਵਾਸ ਕੰਪਲੈਕਸ ਦਾ ਕਾਰਜ ਵੱਖ-ਵੱਖ ਸ਼ਿਫਟਾਂ ਵਿੱਚ ਰਾਤ-ਦਿਨ ਪੂਰੇ ਜ਼ੋਰਾਂ ਨਾਲ ਸ਼ੁਰੂ ਹੋ ਗਿਆ।

dera4

ਉਸੇ ਪਹਿਲੇ ਦਿਨ ਦੀ ਹੀ ਗੱਲ ਹੈ। ਜੋ ਮਿਸਤਰੀ ਉਨਾਂ ਨਾਲ ਸੇਵਾਦਾਰ ਭਾਈ ਸ਼ੈੱਡ ਦੀ ਸੇਵਾ ’ਚ ਲੱਗੇ ਹੋਏ ਸਨ, ਉਨਾਂ ’ਚੋਂ ਤਿੰਨ-ਚਾਰ ਮਿਸਤਰੀ ਭਾਈਆਂ ਨੇ ਆਪਸ ’ਚ ਸਲਾਹ ਬਣਾ ਲਈ ਕਿ ਹਾਲੇ ਤਾਂ ਪਹਿਲਾਂ ਹੀ ਦਿਨ ਹੈ ਪਤਾ ਨਹੀਂ ਇੱਥੇ ਕੰਮ ਕਿੰਨੇ ਦਿਨ ਚੱਲੇਗਾ, ਹੁਣ ਜਾ ਕੇ ਸੌਂ ਜਾਂਦੇ ਹਨ। ਸਵੇਰੇ ਉੱਠ ਕੇ ਕੰਮ ’ਤੇ ਲੱਗ ਜਾਵਾਂਗੇ। ਹਾਲਾਂਕਿ ਉਸ ’ਚੋਂ ਇੱਕ ਭਾਈ ਤਾਂ ਕਹਿੰਦਾ ਵੀ ਰਿਹਾ ਕਿ ਸਭ ਲੱਗੇ ਹੋਏ ਹਨ ਆਪਾਂ ਵੀ ਸੇਵਾ ਕਰਦੇ ਰਹੀਏ ਪਰੰਤੂ ਉਨਾਂ ਦੇ ਨਾਲ ਉਹ ਵੀ ਜਾ ਕੇ ਸੌਂ ਗਿਆ। ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੈੱਡ ਦੇ ਸਾਰੇ ਪਿਲਰ ਖੜੇ ਕਰ ਦਿੱਤੇ ਗਏ ਸਨ। ਤਾਂ ਉਨਾਂ ਬਹੁਤ ਪਛਤਾਵਾ ਹੋਇਆ ਕਿ ਜੇਕਰ ਇੱਕ ਰਾਤ ਨਾ ਸੌਂਦੇ ਤਾਂ ਕੀ ਹਰਜ਼ ਸੀ? ਹੁਣ ਕਿੱਥੇ ਸੇਵਾ ਕਰੀਈਏ? ਸਾਨੂੰ ਕੀ ਪਤਾ ਸੀ ਕਿ 40,000 ਵਰਗ ਫੁੱਟ ਦੇ ਸ਼ੈੱਡ ਦੇ ਸਾਰੇ ਪੀਲਰ 5-6 ਘੰਟਿਆਂ ਵਿੱਚ ਤਿਆਰ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਕੁੱਲ ਮਾਲਕ ਦੀ ਰਹਿਮਤ ਨਾਲ ਇੰਨਾ ਵੱਡਾ ਸ਼ੈੱਡ ਹੇਠਾਂ ਤੋਂ ਉੱਪਰ ਤੱਕ ਸਿਰਫ਼ 36 ਘੰਟਿਆਂ ਵਿੱਚ ਮੁਕੰਮਲ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਡੇਰਾ ਦਾ ਬਾਕੀ ਰਹਿੰਦਾ ਕੰਮ (ਗੋਲ ਆਲੀਸ਼ਾਨ ਤੇਰਾ ਵਾਸ, 4 ਏਕੜ ਰਕਬੇ ਵਿੱਚ ਬਹੁਤ ਹੀ ਆਕਰਸ਼ਕ ਵਿਸ਼ਾਲ ਚਾਰਦੀਵਾਰੀ, ਲੰਗਰ ਘਰ ਅਤੇ ਆਸ਼ਰਮ ਦੇ ਕਮਰੇ ਆਦਿ) ਕੁੱਲ ਮਿਲਾ ਕੇ ਸਿਰਫ਼ ਢਾਈ ਦਿਨਾਂ ਵਿੱਚ ਮੁਕੰਮਲ ਕਰਵਾ ਦਿੱਤਾ ਗਿਆ। ਸਤਿਗੁਰੂ ਜੀ ਦੇ ਇਸ ਅਲੌਕਿਕ ਖੇਡ ਨੂੰ ਦੇਖ ਕੇ ਦੁਨੀਆਂ ਹੈਰਾਨ ਰਹਿ ਗਈ ਕਿ ਇਹ ਕਿਵੇਂ ਸੰਭਵ ਹੋਇਆ? ਪਰ ਇਹ ਸੱਚਾਈ ਹੈ ਅਤੇ ਪ੍ਰਮਾਣ ਸਭ ਦੇ ਸਾਹਮਣੇ ਪ੍ਰਤੱਖ ਰੂਪ ’ਚ ਮੌਜ਼ੂਦ ਹਨ। ਮਿਤੀ 26 ਨਵੰਬਰ ਦੀ ਸ਼ਾਮ ਤੱਕ ਤੈਅ ਪ੍ਰੋਗਰਾਮ ਅਨੁਸਾਰ ਡੇਰੇ ਦਾ ਕਾਰਜ ਲਗਭਗ ਪੂਰਾ ਹੋ ਚੁੱਕਿਆ ਸੀ।

27 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਪੂਜਨੀਕ ਹਜ਼ੂਰ ਸ਼ਹਿਨਸ਼ਾਹ ਦਾਤਾ ਜੀ ਨੇ ਨਵੇਂ ਸ਼ੈੱਡ ਦੇ ਹੇਠਾਂ 3940 ਵਿਅਕਤੀਆਂ ਨੂੰ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ। ਪੂਜਨੀਕ ਸ਼ਹਿਨਸ਼ਾਹ ਜੀ ਨੇ ਇਸ ਡੇਰੇ ਦਾ ਨਾਮ ‘ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ’ (ਪੰਜਾਬ) ਰੱਖਿਆ। ਪੂਜਨੀਕ ਹਜ਼ੂਰ ਪਿਤਾ ਜੀ ਸ਼ਾਮ ਨੂੰ 4:25 ਵਜੇ ਸਰਸਾ ਆਸ਼ਰਮ ਵਾਪਸ ਪਧਾਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ