ਅੱਗ ਲੱਗਣ ਨਾਲ 53 ਵਿੱਘੇ ਕਣਕ ਤੇ 63 ਵਿੱਘੇ ਨਾੜ ਸੜ ਕੇ ਸੁਆਹ

0

ਕਿਸਾਨਾਂ ਦੇ ਨੁਕਸਾਨ ਦੀ ਹੋਵੇਗੀ ਪੂਰੀ ਭਰਪਾਈ : ਬ੍ਰਹਮ ਮਹਿੰਦਰਾ

ਖੁਸ਼ਵੀਰ ਸਿੰਘ ਤੂਰ

ਪਟਿਆਲਾ, 14 ਅਪਰੈਲ

ਪਟਿਆਲਾ ਨੇੜਲੇ ਪਿੰਡ ਲਚਕਾਣੀ ਦੇ ਕਿਸਾਨਾਂ ਦੀ ਅਚਾਨਕ ਅੱਗ ਲੱਗਣ ਨਾਲ 53 ਵਿੱਘੇ ਦੇ ਕਰੀਬ ਕਣਕ ਤੇ 63 ਵਿੱਘੇ ਨਾੜ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਟਰੈਕਟਰਾਂ ਦੇ ਸਹਿਯੋਗ ਨਾਲ ਵੱਡੀ ਜੱਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਦੂਜੇ ਪਾਸੇ ਫਾਇਰ ਬ੍ਰਿਗੇਡ ਦੀ ਗੱਡੀ ਨਾ ਪਹੁੰਚਣ ‘ਤੇ ਕਿਸਾਨ ਯੂਨੀਅਨ ਦੇ ਆਗੂਆਂ ਤੇ ਕਿਸਾਨਾਂ ਨੇ ਰੋਸ ਜਤਾਇਆ।

ਅੱਗ ਲੱਗਣ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਉਪ ਪ੍ਰਧਾਨ ਕਰਨੈਲ ਸਿੰਘ ਲੰਗ ਨੇ ਦੱਸਿਆ ਕਿ ਕਣਕ ਦੀ ਪੱਕੀ ਫ਼ਸਲ ‘ਚ ਅਚਾਨਕ ਅੱਗ ਲੱਗ ਗਈ। ਜਿਸ ਦੌਰਾਨ ਦਰਸ਼ਨ ਸਿੰਘ ਤੇ ਹੋਰ ਕਿਸਾਨਾਂ ਦੀ 53 ਵਿੱਘੇ ਕਣਕ ਤੇ ਕਿਸਾਨ ਜੰਗ ਸਿੰਘ ਤੇ ਹੋਰ ਕਿਸਾਨਾਂ ਦਾ 63 ਵਿਘੇ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਨੂੰ ਪਿੰਡ ਦੇ ਕਿਸਾਨਾਂ ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਅੱਗ ਦੀ ਘਟਨਾ ਸਬੰਧੀ ਉਨ੍ਹਾਂ ਐਸਡੀਐਮ ਪਟਿਆਲਾ ਨੂੰ ਫੋਨ ‘ਤੇ ਸੰਪਰਕ ਕੀਤਾ।

ਉਨ੍ਹਾਂ ਤੁਰੰਤ ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀ ਨੂੰ ਮੌਕੇ ‘ਤੇ ਭੇਜਿਆ। ਉਨ੍ਹਾਂ ਨੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤਾ। ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਗ ਲੱਗਣ ਦੀ ਘਟਨਾ ਸਬੰਧੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਨ੍ਹਾਂ ਕੋਲ ਡਰਾਇਵਰ ਨਹੀਂ ਇੱਕ ਗੱਡੀ ਕਿਸੇ ਹੋਰ ਥਾਂ ‘ਤੇ ਗਈ ਹੋਈ ਹੈ। ਅੱਗ ਲੱਗਣ ਦੀ ਘਟਨਾ ਸਬੰਧੀ ਜਦੋਂ ਹਲਕਾ ਵਿਧਾਇਕ ਤੇ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਮੌਕੇ ‘ਤੇ ਭੇਜ ਦਿੱਤਾ ਹੈ। ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ  ਨੂੰ ਨੁਕਸਾਨ ਦੇ ਇੱਕ-ਇੱਕ ਰੁਪਏ ਦੀ ਭਰਪਾਈ ਕੀਤੀ ਜਾਵੇਗੀ। ਕਿਸਾਨਾਂ ਨੇ ਬ੍ਰਹਮ ਮਹਿੰਦਰਾ ਦਾ
ਧੰਨਵਾਦ ਕੀਤਾ।

ਇਸ ਮੌਕੇ ਕਾਨੂੰਨਗੋ ਪਵਨ ਕੁਮਾਰ, ਪਟਵਾਰੀ ਸਤਵਿੰਦਰ ਸਿੰਘ, ਰਾਕੇਸ ਕੁਮਾਰ, ਕਿਸਾਨ ਯੂਨੀਅਨ ਆਗੂ ਸੁਰਜੀਤ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ, ਫਤਿਹ ਸਿੰਘ ਤੋਂ ਇਲਾਵਾ ਹੋਰ ਆਗੂ ਅਤੇ ਕਿਸਾਨ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।