ਪੰਜ ਮੰਜ਼ਿਲਾ ਕੱਪੜਾ ਫੈਕਟਰੀ ਚੋਂ ਨਿੱਕਲੇ ਅੱਗ ਦੇ ਭਾਂਬੜ, 20 ਗੱਡੀਆਂ ਨੇ ਪਾਇਆ ਕਾਬੂ

ਪੰਜ ਮੰਜ਼ਿਲਾ ਕੱਪੜਾ ਫੈਕਟਰੀ ਚੋਂ ਨਿੱਕਲੇ ਅੱਗ ਦੇ ਭਾਂਬੜ, 20 ਗੱਡੀਆਂ ਨੇ ਪਾਇਆ ਕਾਬੂ

ਲੁਧਿਆਣਾ, (ਰਘਬੀਰ ਸਿੰਘ) । ਸਥਾਨਕ ਬਹਾਦਰ ਕੇ ਰੋਡ ‘ਤੇ ਸਥਿੱਤ ਇੱਕ 5 ਮੰਜ਼ਿਲਾ ਹੌਜਰੀ ਦਾ ਕੱਪੜਾ ਬਨਾਉਣ ਵਾਲੀ ਫੈਕਟਰੀ ‘ਚੋਂ ਅੱਜ ਸਵੇਰੇ ਸੁਵੱਖਤੇ ਅਚਾਨਕ ਅੱਗ ਦੇ ਭਾਂਬੜ ਨਿੱਕਲਣ ਲੱਗ ਪਏ। ਇਸ  ਕਾਰਨ ਫੈਕਟਰੀ ਅੰਦਰ ਪਿਆ ਹੌਜਰੀ ਦਾ ਸਾਮਾਨ ਅਤੇ ਮਸ਼ੀਨਾਂ ਸੜ ਕੇ ਸੁਆਹ ਹੋ ਗਿਆ। ਤਕਰੀਬਨ 4 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਦ ਫਾਇਰ ਬ੍ਰਿਗੇਡ ਦੀਆਂ ਕਰੀਬ 20 ਗੱਡੀਆਂ ਨੇ ਪਾਣੀ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਜਾਣਕਾਰੀ ਮੁਤਾਬਕ ਅੱਜ ਸੇਵੇਰੇ ਸੁਵੱਖਤੇ ਇੱਥੋਂ ਦੇ ਬਹਾਦਰ ਕੇ ਰੋਡ ‘ਤੇ ਸਥਿੱਤ ਜੇ. ਪੀ ਨਿਟਵੀਅਰ ਨਾਂਅ ਦੀ 5 ਮੰਜ਼ਿਲਾ ਹੌਜ਼ਰੀ ਫੈਕਟਰੀ ਵਿੱਚ ਤਕਰੀਬਨ 5.30 ਵਜੇ ਅਚਾਨਕ ਅੱਗ ਲੱਗ ਗਈ। ਅੱਗ ਦੇ ਭਾਂਬੜ ਨਿੱਕਲਣ ਕਾਰਨ ਆਸ ਪਾਸ ਰਹਿੰਦੇ ਲੋਕ ਜਾਗ ਗਏ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ‘ਤੇ ਇਸ ਦੀ ਸੂਚਨਾ ਦਿੱਤੀ।

ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫੈਕਟਰੀ ਅੰਦਰ ਪਿਆ ਹੌਜਰੀ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦਫਤਰ ਤੋਂ ਮੁਤਾਬਕ ਉਨ੍ਹਾਂ ਨੂੰ ਸਵੇਰੇ ਤਕਰੀਬਨ 5.30 ਵਜੇ ਫੋਨ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਤੁਰੰਤ ਬਾਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਵਾਨਾ ਕਰ ਦਿੱਤੀਆਂ।

ਕਾਬੂ ਪਾਉਂਣ ਲਈ ਤਕਰੀਬਨ 20 ਗੱਡੀਆਂ ਪਾਣੀ ਦੀਆਂ ਖਰਚ ਹੋ ਗਈਆਂ ਅਤੇ ਫਾਇਰ ਕਰਮੀਆਂ ਨੂੰ ਅੱਗ ‘ਤੇ ਕਾਬੂ ਪਾਉਣ ਲਈ ਲਗਭਗ 4 ਘੰਟੇ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਮੌਕੇ ਤੇਜ ਹਵਾ ਚੱਲਣ ਕਾਰਨ ਅੱਗ ਜਲਦ  ਫੈਲ ਗਈ ਜਿਸ ਕਾਰਨ ਫਾਇਰ ਕਰਮੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅੱਗ ਲੱਗਣ ਕਾਰਨ ਅੰਦਰ ਪਿਆ ਧਾਗਾ ਅਤੇ ਹੋਰ ਸਾਮਾਨ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।