ਅੱਗ ਲੱਗਣ ਨਾਲ ਸਨਅਤੀ ਵਿਕਾਸ ਕੇਂਦਰ ‘ਚ ਸ਼ੂਅ ਫੈਕਟਰੀ ਤਬਾਹ

Fire Shocks, Factory, Industrial, Development Center

ਕਰੋੜਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ

ਅਸ਼ੋਕ ਵਰਮਾ, ਬਠਿੰਡਾ

ਬਠਿੰਡਾ-ਮਾਨਸਾ ਮਾਰਗ ‘ਤੇ ਸਨਅਤੀ ਵਿਕਾਸ ਕੇਂਦਰ ‘ਚ ਅੱਜ ਇੱਕ ਸ਼ੂਅ ਫੈਕਟਰੀ ਅੱਗ ਦੀ ਭੇਂਟ ਚੜ੍ਹ ਗਈ, ਜਿਸ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਦਾ ਸਮਾਚਾਰ ਹੈ ਬਠਿੰਡਾ ਦੇ ਸਨਅਤੀ ਕੇਂਦਰ ‘ਚ ਸਵੇਰੇ ਕਰੀਬ ਸੱਤ ਵਜੇ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਦੇਖਦੇ ਹੀ ਅੱਗ ਦੀਆਂ ਲਪਟਾਂ ਅਸਮਾਨੀ ਚੜ੍ਹ ਗਈਆਂ ਜਿਨ੍ਹਾਂ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੂੰ ਕਰੀਬ 2 ਘੰਟੇ ਜੱਦੋ-ਜਹਿਦ ਕਰਨੀ ਪਈ ਜਦੋਂਕਿ ਅੱਧੀ ਦਰਜਨ ਗੱਡੀਆਂ ਅੱਗ ਬੁਝਾਉਣ ਲਈ ਕਾਫੀ ਸਮਾਂ ਤਾਇਨਾਤ ਰਹੀਆਂ ਮੌਕੇ ‘ਤੇ ਪਤਾ ਲੱਗਣ ਕਰਕੇ ਸਨਅਤੀ ਖੇਤਰ ‘ਚ ਅੱਗ ਨੂੰ ਫੈਲਣ ਤੋਂ ਬਚਾਅ ਲਿਆ ਗਿਆ

ਵੇਰਵਿਆਂ ਅਨੁਸਾਰ ਸਨਅਤੀ ਕੇਂਦਰ ਦੇ ਡੀ-26 ਪਲਾਟ ‘ਚ ਸਥਿਤ ਸ੍ਰੀ ਗਨੇਸ਼ ਇੰਡਸਟਰੀਜ਼ ਦੀ ਸ਼ੂਅ ਫੈਕਟਰੀ ਸਪੋਰਟਸ ਸ਼ੂਅ ਤਿਆਰ ਕਰਦੀ ਹੈ ਜੋ ਕਿ ਅੱਗੇ ਵਿਕਰੀ ਲਈ ਸਪਲਾਈ ਕੀਤੇ ਜਾਂਦੇ ਹਨ ਦੇਰ ਸ਼ਾਮ ਵਕਤ ਜਦੋਂ ਫੈਕਟਰੀ ਮਾਲਕ ਆਪਣੀ ਫੈਕਟਰੀ ਬੰਦ ਕਰਨ ਮਗਰੋਂ ਆਪਣੇ ਘਰ ਮੌੜ ਮੰਡੀ ਵਾਪਸ ਚਲੇ ਗਏ ਸਨ ਫੈਕਟਰੀ ਮਾਲਕ ਬੀਰਬਲ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲੇਬਰ ਤੋਂ ਪਤਾ ਲੱਗਾ ਕਿ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ਵਾਪਰ ਗਈ ਹੈ ਉਨ੍ਹਾਂ ਦੱਸਿਆ ਕਿ ਅਜੇ ਤੱਕ ਨੁਕਸਾਨ ਦਾ ਵੀ ਕੋਈ ਅੰਦਾਜਾ ਨਹੀਂ ਹੈ

ਫੈਕਟਰੀ ਦੇ ਗੁਦਾਮ ‘ਚ ਪਿਆ ਸਾਰਾ ਮਾਲ ਤੇ ਚਮੜਾ ਵਗੈਰਾ ਵੀ ਸੁਆਹ ਹੋ ਗਿਆ ਹੈ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ ਫਿਰ ਵੀ ਮੋਟੇ ਤੌਰ ‘ਤੇ ਕਰੋੜਾਂ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ ਨਗਰ ਨਿਗਮ ਬਠਿੰਡਾ ਦੀਆਂ ਛੇ ਗੱਡੀਆਂ ਅੱਗ ਬੁਝਾਉਣ ਲਈ ਸਭ ਤੋਂ ਪਹਿਲਾਂ ਪੁੱਜੀਆਂ ਤੇ ਮਗਰੋਂ ਬਠਿੰਡਾ ਥਰਮਲ ਦੀ ਇੱਕ ਗੱਡੀ, ਕੌਮੀ ਖਾਦ ਕਾਰਖ਼ਾਨੇ ਦੀ ਇੱਕ ਗੱਡੀ, ਗਿੱਦੜਬਹਾ ਤੇ ਰਾਮਪੁਰਾ ਦੀ ਇੱਕ ਇੱਕ ਫਾਇਰ ਬ੍ਰਿਗੇਡ ਗੱਡੀ ਪੁੱਜੀ

ਟੀਨਾਂ ਦੀਆਂ ਚਾਦਰ ਉੱਪਰ ਹੋਣ ਕਰਕੇ ਅੱਗ ਬੁਝਾਉਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ ਮੌਕੇ ‘ਤੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਪਰਨੀਤ ਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਤੋਂ ਇਲਾਵਾ ਪੁਲਿਸ ਅਧਿਕਾਰੀ ਵੀ ਪੁੱਜ ਗਏ, ਜਿਨ੍ਹਾਂ ਨੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਅੱਗ ਤੇਜ਼ ਹੋਣ ਕਰਕੇ ਮਸ਼ੀਨਰੀ ਵੀ ਤਬਾਹ ਹੋ ਗਈ ਤੇ ਪ੍ਰਬੰਧਕੀ ਬਲਾਕ ਵੀ ਸੁਆਹ ਹੋ ਗਿਆ ਅੱਗ ਲੱਗਣ ਦੀ ਇਸ ਘਟਨਾ ਦੌਰਾਨ ਕਿਸੇ ਕਿਸਮ ਦੇ  ਜਾਨੀ ਨੁਕਸਾਨ ਤੋਂ ਤਾਂ ਬਚਾਓ ਰਿਹਾ ਹੈ ਪਰ ਫੈਕਟਰੀ ਦੀ ਇਮਾਰਤ ਤਬਾਹ ਹੋ ਗਈ ਅੱਗ ਐਨੀ ਜਿਆਦਾ ਭਿਆਨਕ ਸੀ, ਜਿਸ ਨੇ ਸਮੂਹ ਫਾਇਰ ਟੈਂਡਰਾਂ ਨੂੰ ਬੇਦਮ ਕਰੀ ਰੱਖਿਆ

ਫਾਇਰ ਟੈਂਡਰਾਂ ਦੇ ਯਤਨਾਂ ਸਦਕਾ ਅੱਗ ਸ਼ਾਂਤ ਹੋ ਗਈ ਪ੍ਰੰਤੂ ਆਖਰੀ ਖਬਰਾਂ ਲਿਖੇ ਜਾਣ ਤੱਕ ਫੈਕਟਰੀ ਧੁਖ ਰਹੀ ਸੀ ਫਾਇਰ ਬ੍ਰਿਗੇਡ ਬਠਿੰਡਾ ਦੇ ਸਬ ਅਫਸਰ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਅੱਜ ਸਵੇਰੇ 10 ਵਜੇ ਬਾਹਰਲੇ ਸ਼ਹਿਰਾਂ ਦੀਆਂ ਗੱਡੀਆਂ ਨੂੰ ਫ਼ਾਰਗ ਕਰ ਦਿੱਤਾ ਗਿਆ ਸੀ ਤੇ ਅੱਗ ਨੂੰ ਦੋ ਘੰਟਿਆਂ ‘ਚ ਫੈਲਣ ਤੋਂ ਬਚਾਅ ਲਿਆ ਉਨ੍ਹਾਂ ਦੱਸਿਆ ਕਿ ਹਾਲਾਤਾਂ ਤੋਂ ਜਾਪਦਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਫੈਕਟਰੀ ਦਾ ਵੱਡਾ ਨੁਕਸਾਨ ਹੋਇਆ ਹੈ ਉਨ੍ਹਾਂ ਦੱਸਿਆ ਕਿ ਨੁਕਸਾਨ ਦਾ ਅਨੁਮਾਨ ਫੈਕਟਰੀ ਮਾਲਕ ਜਾਇਜ਼ਾ ਲੈਣ ਉਪਰੰਤ ਹੀ ਦੱਸ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।