ਪਹਿਲਾ 4 ਰੋਜ਼ਾ ਅੰਡਰ 20 ਕਾਸਕੋ ਕ੍ਰਿਕਟ ਟੂਰਨਾਮੈਂਟ ਸੰਪੰਨ

0
166

ਪਹਿਲਾ 4 ਰੋਜ਼ਾ ਅੰਡਰ 20 ਕਾਸਕੋ ਕ੍ਰਿਕਟ ਟੂਰਨਾਮੈਂਟ ਸੰਪੰਨ

ਕੋਟਕਪੂਰਾ (ਸੁਭਾਸ਼ ਸ਼ਰਮਾ) ਨੇੜਲੇ ਪਿੰਡ ਲਾਲੇਆਣਾ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਲਾਲੇਆਣਾ ਵੱਲੋਂ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਐਤਵਾਰ ਦੇਰ ਸ਼ਾਮ ਸੰਪੰਨ ਹੋ ਗਿਆ ਹੈ। ਜਿਸ ਦੌਰਾਨ ਫਾਈਨਲ ਮੈਚ ਚ ਪਿੰਡ ਬਾਹਮਣਵਾਲਾ ਦੀ ਟੀਮ ਨੇ ਆਲਮਵਾਲਾ ਦੀ ਟੀਮ ਨੂੰ ਵੱਡੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੇ ਪਹਿਲੇ ਇਨਾਮ 7100 ਰੁਪਏ ਨਗਦ ਅਤੇ ਟ੍ਰਾਫੀ ਤੇ ਕਬਜ਼ਾ ਕੀਤਾ। 14 ਅਕਤੂਬਰ ਵੀਰਵਾਰ ਨੂੰ ਸ਼ੁਰੂ ਹੋਏ ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਪ੍ਰਬੰਧਕ ਕਮੇਟੀ ਮੈਂਬਰ ਸ਼ੀਤਲ ਸ਼ਰਮਾ (ਨੈਸ਼ਨਲ ਰਗਬੀ ਪਲੇਅਰ) ਅਤੇ ਜਸਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਲੱਗਭਗ 50 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ‘ਚੋਂ ਲਾਲੇਆਣਾ ਦੀ ਟੀਮ ਨੂੰ ਡਿਊਰੇਬਲ ਪਾਈਪ ਐਂਡ ਫਿਟਿੰਗ ਕੰਪਨੀ ਦੇ ਪੰਜਾਬ ਸਟੇਟ, ਰੀਜਨਲ ਸੇਲਸ ਮੈਨੇਜਰ ਫਕੀਰ ਚੰਦ ਸ਼ਰਮਾ ਵੱਲੋਂ ਕੰਪਨੀ ਦੀਆਂ ਕਿੱਟਾਂ ਦੇ ਕੇ ਸਪਾਂਸਰ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ ਸਰਪੰਚ ਕਿਸ਼ੋਰੀ ਲਾਲ ਸ਼ਰਮਾ ਨੇ ਰੀਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ ਅਤੇ ਟੂਰਨਾਮੈਂਟ ਦਾ ਪਹਿਲਾ ਮੈਚ ਠੱਠੀ ਭਾਈ ਅਤੇ ਪਿੰਡ ਡੋਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਚ ਠੱਠੀ ਭਾਈ ਦੀ ਟੀਮ ਨੇ ਡੋਡ ਨੂੰ 31 ਦੌੜਾਂ ਦੇ ਫਰਕ ਨਾਲ ਹਰਾ ਕੇ ਪਹਿਲੇ ਮੈਚ ਦੀ ਜਿੱਤ ਆਪਣੇ ਨਾਂਅ ਦਰਜ ਕਰਵਾਈ।

ਐਤਵਾਰ ਨੂੰ ਟੂਰਨਾਮੈਂਟ ਦੇ ਆਖਰੀ ਦਿਨ 4-4 ਔਵਰਾਂ ਦਾ ਪਹਿਲਾ ਸੈਮੀਫਾਈਨਲ ਮੈਚ ਜੈਤੋ ਅਤੇ ਆਲਮਵਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਚ ਆਲਮਵਾਲਾ ਦੀ ਟੀਮ ਜੇਤੂ ਰਹੀ ਅਤੇ ਦੂਸਰਾ ਮੈਚ ਪਿੰਡ ਬਾਹਮਣਵਾਲਾ ਅਤੇ ਫਿੱਡੇ (ਫਿਰੋਜ਼ਪੁਰ) ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ ਚ ਬਾਹਮਣਵਾਲਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਸੈਮੀਫਾਈਨਲ ਚ ਜਿੱਤਣ ਤੋਂ ਬਾਅਦ 5-5 ਔਵਰਾਂ ਦਾ ਫਾਈਨਲ ਮੁਕਾਬਲਾ ਬਾਹਮਣਵਾਲਾ ਅਤੇ ਆਲਮਵਾਲਾ ਦੀ ਟੀਮਾਂ ਵਿਚਕਾਰ ਹੋਇਆ। ਜਿਸ ਚ ਬਾਹਮਣਵਾਲਾ ਦੀ ਟੀਮ ਨੇ ਆਪਣੇ ਧੂੰਆਂਧਾਰ ਬੱਲੇਬਾਜ਼ਾਂ ਰਿਪਲਾ ਅਤੇ ਨਵੀ ਵੱਲੋਂ ਖੇਡੀ ਗਈ ਸ਼ਾਨਦਾਰ ਪਾਰੀ ਦੀ ਬਦੌਲਤ 81 ਸਕੋਰ ਬਣਾਏ, ਜਦਕਿ ਆਲਮਵਾਲਾ ਦੀ ਟੀਮ 5 ਔਵਰਾਂ ਚ ਸਿਰਫ 37 ਰਨ ਹੀ ਬਣਾ ਸਕੀ। ਜਿਸਦੇ ਚੱਲਦਿਆਂ ਬਾਹਮਣਵਾਲਾ ਦੀ ਟੀਮ ਨੇ ਆਲਮਵਾਲਾ ਦੀ ਟੀਮ ਨੂੰ ਵੱਡੇ ਫਰਕ ਨਾਲ ਪਛਾੜਦਿਆਂ ਟੂਰਨਾਮੈਂਟ ਦੇ ਫਾਈਨਲ ਮੈਚ ‘ਤੇ ਆਪਣਾ ਕਬਜ਼ਾ ਕਰ ਲਿਆ।

ਬਾਹਮਣਵਾਲਾ ਦੀ ਟੀਮ ਨੂੰ 7100 ਰੁਪਏ ਨਗਦ ਅਤੇ ਕੱਪ ਦੇ ਕੇ ਸਨਮਾਨਿਆ

ਇਸ ਦੌਰਾਨ ਕਲੱਬ ਵਲੋਂ ਬਾਹਮਣਵਾਲਾ ਦੀ ਟੀਮ ਨੂੰ 7100 ਰੁਪਏ ਨਗਦ ਅਤੇ ਕੱਪ ਦੇ ਕੇ ਸਨਮਾਨਿਆ ਗਿਆ। ਜਦਕਿ ਉਪ ਜੇਤੂ ਰਹੀ ਆਲਮਵਾਲਾ ਦੀ ਟੀਮ ਨੂੰ ਟੀਮ ਨੂੰ 4100 ਰੁਪਏ ਨਗਦ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨ ਆਫ ਦਿ ਸੀਰੀਜ ਚੁਣੇ ਗਏ ਰਿਪਲਾ ਬਾਹਮਣਵਾਲਾ ਨੂੰ ਛੱਤ ਵਾਲਾ ਪੱਖਾ, ਬੈਸਟ ਬਾਲਰ ਸੁੱਖੀ ਆਲਮਵਾਲਾ ਅਤੇ ਬੈਸਟ ਬੈਟਸਮੈਨ ਜੱਗੀ ਆਲਮਵਾਲਾ ਦੋਨਾਂ ਖਿਡਾਰੀਆਂ ਨੂੰ ਜੂਸਰ ਅਤੇ ਕੁਮੈਂਟਰ ਅਕਾਸ਼ਦੀਪ ਬਾਹਮਣਵਾਲਾ ਨੂੰ ਚਾਂਦੀ ਦੀ ਚੈਨ ਨਾਲ ਸਨਮਾਨਿਆ ਗਿਆ। ਜਦਕਿ ਕਲੱਬ ਵਲੋਂ ਕਾਕਾ ਬਾਹਮਣਵਾਲਾ ਨੂੰ ਪੰਜ ਫੁੱਟਾ ਵੱਡਾ ਕੱਪ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਜਿੱਥੇ ਕਲੱਬ ਵਲੋਂ ਟੂਰਨਾਮੈਂਟ ਚ ਭਾਗ ਲੈਣ ਪਹੁੰਚੀਆਂ ਟੀਮਾਂ ਅਤੇ ਦਰਸ਼ਕਾਂ ਲਈ ਹਰ ਰੋਜ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਉਥੇ ਹੀ ਫਾਈਨਲ ਮੁਕਾਬਲਿਆਂ ਦੌਰਾਨ ਸਮਾਜਸੇਵੀ ਹਾਕਮ ਸਿੰਘ ਸੰਧੂ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ।

ਫਾਈਨਲ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਅਤੇ ਕਾਂਗਰਸੀ ਆਗੂ ਨੀਲਾ ਸਰਪੰਚ ਵੱਲੋਂ ਫਾਈਨਲ ਮੈਚਾਂ ਚ ਅੰਪਾਇਰ ਦੀ ਭੂਮਿਕਾ ਨਿਭਾਉਣ ਵਾਲੇ ਅਮਨ ਸ਼ਰਮਾ, ਯਾਦਵਿੰਦਰ ਸ਼ਰਮਾ ਅਤੇ ਸਕੋਰਰ ਸ਼ੀਤਲ ਸ਼ਰਮਾ ਆਦਿ ਤੋਂ ਇਲਾਵਾ ਕਲੱਬ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਚ ਸੰਧੂ ਨੇ ਕਲੱਬ ਮੈਂਬਰਾਂ ਦੇ ਇਸ ਕਾਰਜ ਨੂੰ ਸ਼ਲਾਘਾਯੋਗ ਉਪਰਾਲਾ ਕਰਾਰ ਦਿੰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।

ਇਸ ਮੌਕੇ ਤੇ ਕਲੱਬ ਪ੍ਰਧਾਨ ਮਨਦੀਪ ਸਿੰਘ, ਖਜਾਨਚੀ ਗੁਰਨਿਸ਼ਾਂਤ ਸਿੰਘ, ਸਾਬਕਾ ਪੰਚ ਰਿੰਪੀ ਹੇਰਾਂ, ਗੋਰਾ ਸੰਧੂ, ਵਾਰਸ ਸੰਧੂ, ਯਾਦਵਿੰਦਰ ਯਾਦੂ ਸ਼ਰਮਾ, ਸੰਦੀਪ ਬੱਤਰਾ, ਗੁਰਭੇਤ ਸਿੰਘ ਝਲਾਰਾਂ, ਅਵਤਾਰ ਸਿੰਘ ਝਲਾਰਾਂ, ਸੁਰਜੀਤ ਸਿੰਘ ਭੌਣੀ, ਪਰਮਵੀਰ ਪ੍ਰਿੰਸ, ਗੁਰਦੀਪ ਸਿੰਘ ਠੇਕੇਦਾਰ, ਨਰਿੰਦਰ ਸ਼ਰਮਾ, ਯਾਦਵਿੰਦਰ ਸਿੰਘ ਕਾਲਾ ਮੱਤਾ, ਨਰਿੰਦਰ ਸਿੰਘ, ਕਰਮਜੀਤ ਖੰਡ, ਰਾਧੇ ਅਤੇ ਮੁਕੇਸ਼ ਕੁਮਾਰ ਤੋਂ ਇਲਾਵਾ ਖੇਡ ਪ੍ਰੇਮੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ