ਪੰਜਾਬ

ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਦੇ ਪਹਿਲੇ ਦਿਨ ਹੀ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ

First Day, Supply,Power, Farmers, Power Demand, Record

ਬਿਜਲੀ ਦੀ ਮੰਗ 11,114 ਮੈਗਾਵਾਟ ‘ਤੇ ਪੁੱਜੀ, 1900 ਮੈਗਾਵਾਟ ਦਾ ਹੋਇਆ ਵਾਧਾ

ਪਾਵਰਕੌਮ ਨੇ ਆਪਣੇ ਸਰਕਾਰੀ ਥਰਮਲਾਂ ਦੇ ਯੂਨਿਟਾਂ ਨੂੰ ਭਖਾਇਆ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪਾਵਰਕੌਮ ਵੱਲੋਂ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਇਕਦਮ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬਿਜਲੀ ਦੀ ਮੰਗ ਅੱਜ 11,114 ਮੈਗਾਵਾਟ ‘ਤੇ ਪੁੱਜ ਗਈ ਹੈ ਜੋ ਕਿ ਪਿਛਲੇ ਦਿਨੀਂ 9300 ਮੈਗਾਵਾਟ ਦੇ ਨੇੜੇ ਸੀ। ਇੱਧਰ ਅੱਜ ਕਈ ਥਾਈਂ ਵੱਡੇ ਕੱਟ ਵੀ ਲੱਗੇ ਹਨ ਜਿਸ ਨਾਲ ਕਿ ਆਮ ਲੋਕਾਂ ਨੂੰ ਮੁਸ਼ਕਲ ਝੱਲਣੀ ਪਈ ਹੈ।  ਇਕੱਤਰ ਜਾਣਕਾਰੀ ਅਨੁਸਾਰ ਪਾਵਰਕੌਮ ਵੱਲੋਂ 13 ਜੂਨ ਤੋਂ ਟਿਊਬਵੈੱਲਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ, ਜਿਸ ਤੋਂ ਬਾਅਦ ਪਾਵਰਕੌਮ ‘ਤੇ ਪਹਿਲੇ ਦਿਨ ਹੀ ਵੱਡਾ ਲੋਡ ਵਧਿਆ ਹੈ। ਪਹਿਲੇ ਦਿਨ ਹੀ ਬਿਜਲੀ ਦੀ ਮੰਗ ਵਿੱਚ 1900 ਮੈਗਾਵਾਟ ਦਾ ਵੱਡਾ ਵਾਧਾ ਹੋਇਆ ਹੈ।  ਜਦਕਿ ਪਿਛਲੇ ਸਾਲ ਝੋਨੇ ਲਈ ਬਿਜਲੀ ਸਪਲਾਈ ਦੇਣ ਤੋਂ ਬਾਅਦ 1363 ਮੈਗਾਵਾਟ ਦਾ ਭਾਰ ਵਧਿਆ ਸੀ। ਇਸ ਦੇ ਨਾਲ ਹੀ ਪਾਵਰਕੌਮ ਵੱਲੋਂ ਬਿਜਲੀ ਦੀ ਵਧੀ ਮੰਗ ਕਾਰਨ ਆਪਣੇ ਸਰਕਾਰੀ ਥਰਮਲਾਂ ਦੇ ਦੋ ਹੋਰ ਯੂਨਿਟਾਂ ਨੂੰ ਭਖਾਉਣਾ ਪਿਆ ਹੈ।

ਉਂਜ ਦੇਰ ਸ਼ਾਮ ਕਈ ਇਲਾਕਿਆਂ ਵਿੱਚ ਹੋਈ ਬਾਰਸ਼ ਕਾਰਨ ਪਾਵਰਕੌਮ ਨੂੰ ਕੁਝ ਰਾਹਤ ਵੀ ਮਿਲੀ ਹੈ ਤੇ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਨੂੰ ਨੁਕਸਾਨ ਪੁੱਜਿਆ ਹੈ। ਅੱਜ ਮੁੜ ਗਰਮੀ ਨੇ ਆਪਣਾ ਜ਼ੋਰ ਫੜ ਲਿਆ ਹੈ, ਜਿਸ ਕਾਰਨ ਅਗਲੇ ਦਿਨਾਂ ‘ਚ ਇਹ ਮੰਗ ਹੋਰ ਉੱਪਰ ਜਾਵੇਗੀ। ਉਂਜ ਝੋਨੇ ਦੇ ਸੀਜ਼ਨ ਵਿੱਚ ਵੱਧ ਤੋਂ ਵੱਧ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ‘ਤੇ ਪੁੱਜਣ ਦਾ ਅਨੁਮਾਨ ਹੈ। ਜਦਕਿ ਪਿਛਲੇ ਸਾਲ ਇਸ ਮੰਗ ਨੇ 12638 ਮੈਗਾਵਾਟ ‘ਤੇ ਪੁੱਜ ਗਈ ਸੀ। ਪਾਵਰਕੌਮ ਵੱਲੋਂ ਜਿਆਦਤਰ ਬਿਜਲੀ ਪ੍ਰਾਈਵੇਟ ਥਰਮਲਾਂ ਸਮੇਤ ਹੋਰ ਸ੍ਰੋਤਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਪਾਵਰਕੌਮ ਦਾ ਤਰਕ ਹੈ ਕਿ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਮਹਿੰਗੀ ਪੈਂਦੀ ਹੈ। ਇੱਧਰ ਅੱਠ ਘੰਟੇ ਸਪਲਾਈ ਮਿਲਣ ਤੋਂ ਬਾਅਦ ਕਿਸਾਨਾਂ ਵੱਲੋਂ ਧੜਾਧੜ ਆਪਣੇ ਖੇਤਾਂ ‘ਚ ਪਾਣੀ ਛੱਡ ਦਿੱਤਾ ਗਿਆ ਹੈ। ਕਿਸਾਨਾਂ ਨੂੰ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਵੀ ਦਿੱਕਤ ਪੈਦਾ ਹੋਣ ਲੱਗੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੀ ਆਮਦ ਘਟੀ ਹੈ।

ਇਸ ਵਾਰ ਪਹਿਲਾਂ ਝੋਨੇ ਦੀ ਲਵਾਈ ਸ਼ੁਰੂ ਹੋਣ ਕਰਕੇ ਜਿਆਦਾਤਰ ਪ੍ਰਵਾਸੀ ਮਜ਼ਦੂਰ ਪੰਜਾਬ ਅੰਦਰ ਨਹੀਂ ਪੁੱਜੇ ਹਨ ਜਦਕਿ ਪਿਛਲੇ ਸਾਲ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਹੋਈ ਸੀ। ਇੱਕ ਪ੍ਰਵਾਸੀ ਮਜ਼ਦੂਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਰੀਖ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਸਾਥੀ ਅਜੇ ਰਸਤਿਆਂ ਵਿੱਚ ਹੀ ਹਨ ਤੇ ਕਈਆਂ ਨੂੰ ਫੋਨ ਕਰਕੇ ਬੁਲਾਇਆ ਜਾ ਰਿਹਾ ਹੈ। ਬਿਜਲੀ ਦੀ ਮੰਗ ਵਧਣ ਕਾਰਨ ਅੱਜ ਕਈ ਥਾਈਂ ਲੰਮੇ ਕੱਟ ਵੀ ਲੱਗੇ ਹਨ। ਪਟਿਆਲਾ ਦੀ ਛੋਟੀ ਬਰਾਂਦਰੀ ਸਮੇਤ ਹੋਰ ਇਲਾਕਿਆਂ ਵਿੱਚ ਕਈ ਘੰਟੇ ਬਿਜਲੀ ਗੁੱਲ ਰਹੀ ਹੈ ਜਦਕਿ ਸੰਗਰੂਰ ਦੇ ਭਵਾਨੀਗੜ੍ਹ ਇਲਾਕਿਆਂ ‘ਚ ਸਵੇਰੇ 9 ਵਜੇਂ ਬਿਜਲੀ ਗੁੱਲ ਹੋਣ ਤੋਂ ਬਾਅਦ ਦੁਪਹਿਰ 3 ਵਜੇ ਆਈ ਹੈ। ਪਾਵਰਕੌਮ ਦੇ ਅਧਿਕਾਰੀ ਇਨ੍ਹਾਂ ਨੂੰ ਤਕਨੀਕੀ ਨੁਕਸਾਂ ਦਾ ਨਾਂਅ ਦੇ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਅੰਦਰ ਪਿਛਲੇ ਸਾਲ ਟਿਊਬਵੈੱਲਾਂ ਦੀ ਗਿਣਤੀ 13,66,160 ਸੀ ਜਦਕਿ ਇਸ ਸਾਲ ਇਹ ਅੰਕੜਾ ਵਧ ਕੇ 13,78,960 ‘ਤੇ ਪੁੱਜ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top