ਕਿਸਾਨਾਂ ਲਈ ਫੁੱਲਾਂ ਦੀ ਖੇਤੀ ਬਣ ਸਕਦੈ ਲਾਹੇਵੰਦ ਧੰਦਾ

0
188

ਕਿਸਾਨਾਂ ਲਈ ਫੁੱਲਾਂ ਦੀ ਖੇਤੀ ਬਣ ਸਕਦੈ ਲਾਹੇਵੰਦ ਧੰਦਾ

ਪੰਜਾਬ ਦੇ ਕਿਸਾਨਾਂ ਲਈ ਫੁੱਲਾਂ ਦੀ ਖੇਤੀ ਕਰਨਾ ਬਹੁਤ ਹੀ ਲਾਹੇਵੰਦ ਧੰਦਾ ਬਣ ਸਕਦਾ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕਾਰਨ ਫੁੱਲਾਂ ਦੀ ਖੇਤੀ ਨੂੰ ਵੀ ਮਾਰ ਝੱਲਣੀ ਪਈ ਹੈ। ਫਿਰ ਵੀ ਇਸ ਕਿਸਮ ਦੀ ਖੇਤੀ ਨਾਲ ਕਿਸਾਨ ਪ੍ਰਤੀ ਦਿਨ ਕਮਾਈ ਕਰ ਸਕਦੇ ਹਨ। ਕੋਰੋਨਾ ਦੀ ਚੱਲੀ ਲਹਿਰ ਕਾਰਨ ਧਾਰਮਿਕ ਸਥਾਨ, ਮੈਰਿਜ ਪੈਲੇਸ ਆਦਿ ਬੰਦ ਰਹਿਣ ਕਰਕੇ ਫੁੱਲਾਂ ਦੀ ਘਟ ਰਹੀ ਪਰ ਦੁਬਾਰਾ ਫਿਰ ਸਭ ਕੁਝ ਉਸੇ ਤਰ੍ਹਾਂ ਹੋਣ ਕਰਕੇ ਫੁੱਲਾਂ ਦੀ ਮੰਗ ਵਧਣ ਲੱਗ ਪਈ ਹੈ। ਕਿਸਾਨ ਤਾਜੇ ਫੁੱਲਾਂ ਦੀ ਵਿੱਕਰੀ ਕਰਨ ਦੇ ਨਾਲ ਹੀ ਫੁੱਲਾਂ ਦੇ ਬੀਜਾਂ ਦਾ ਵਪਾਰ ਵੀ ਕਰ ਸਕਦੇ ਹਨ। ਵਿਦੇਸ਼ੀ ਕੰਪਨੀਆਂ ਭਾਰਤ ਵਿੱਚੋਂ ਫੁੱਲਾਂ ਦਾ ਬੀਜ ਤਿਆਰ ਕਰਵਾਉਂਦੀਆਂ ਹਨ। ਜਿਸ ਕਰਕੇ ਕਿਸਾਨਾਂ ਲਈ ਫੁੱਲਾਂ ਦੀ ਖੇਤੀ ਕਰਨਾ ਲਾਹੇਵੰਦ ਹੋ ਸਕਦੀ ਹੈ।

ਗੁਲਦਾਉਦੀ ਫੁੱਲ ਦਾ ਵਪਾਰ:

ਗੁਲਦਾਉਦੀ ਫੁੱਲ ਦੀ ਕਿਸਮ ਗੁਲਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਸਮ ਹੈ। ਇਨ੍ਹਾਂ ਫੁੱਲਾਂ ਦੀ ਡੈਕੋਰੇਸ਼ਨ, ਘਰੇਲੂ ਗਾਰਡਨ ਅਤੇ ਗੁਲਦਸਤੇ ਲਈ ਭਾਰੀ ਮੰਗ ਰਹਿੰਦੀ ਹੈ। ਜਿਸ ਕਰਕੇ ਫੁੱਲਾਂ ਦੀ ਖੇਤੀ ਲਾਹੇਵੰਦ ਸੌਦਾ ਸਾਬਿਤ ਹੋ ਸਕਦੀ ਹੈ। ਦੇਸ਼ ਵਿੱਚ ਗੁਲਦਾਉਦੀ ਦੀ ਖੇਤੀ ਸਾਲ ਵਿੱਚ ਇੱਕ ਵਾਰ ਹੀ ਕੀਤੀ ਜਾਂਦੀ ਸੀ ਪਰ ਵਿਗਿਆਨਕਾਂ ਵੱਲੋਂ ਤਿਆਰ ਕੀਤੀਆਂ ਗਈਆਂ ਨਵੀਆਂ ਕਿਸਮਾਂ ਨੂੰ ਸਾਲ ਵਿੱਚ ਕਈ ਵਾਰ ਬੀਜ ਕੇ ਰੰਗ-ਬਰੰਗੇ ਫੁੱਲ ਵੀ ਲਏ ਜਾ ਸਕਦੇ ਹਨ। ਭਾਰਤੀ ਖੇਤੀ ਖੋਜ ਕੇਂਦਰ ਨੇ ਗਲਦਾਉਦੀ ਫੁੱਲ ਦੀ ਅਜੇ ਕਿਸਮ ਉੱਪਰ ਪ੍ਰਯੋਗ ਕਰਕੇ ਪੂਸਾ ਅਨਮੋਲ ਤਿਆਰ ਕੀਤੀ ਹੈ ਜਿਸ ਨੂੰ ਵੱਖੋ-ਵੱਖ ਰੰਗਾਂ ਵਿੱਚ ਪੂਰਾ ਸਾਲ ਤਿੰਨ ਵਾਰ ਬੀਜਿਆ ਜਾ ਸਕਦਾ ਹੈ। ਪੁਰਾਣੀ ਅਜੇ ਕਿਸਮ ਵਿੱਚ ਸਿਰਫ ਗੁਲਾਬੀ ਰੰਗ ਦੇ ਫੁੱਲ ਸਾਲ ਵਿੱਚ ਤਿੰਨ ਵਾਰ ਉਗਾਏ ਜਾ ਸਕਦੇ ਸਨ।

ਦੂਸਰੀ ਕਿਸਮ ਸੈਨੇਟਰੀ ਥਾਈ ਚੇਨ ਕਿਊਨ ਕਿਸਮ ਦੀ ਗੁਲਦਾਉਦੀ ਤੋਂ ਤਿਆਰ ਕੀਤੀ ਗਈ ਹੈ। ਇਹ ਫੁੱਲ ਸਜਾਵਟ ਲਈ ਗੁਲਦਸਤੇ ਵਿੱਚ ਵਰਤਿਆ ਜਾਂਦਾ ਹੈ। ਆਈ ਏ ਆਰ ਆਈ ਨੇ ਅਜੇ ਕਿਸਮ ਦੇ ਉਪਰ ਗਾਮਾ ਕਿਰਨਾਂ ਦੀ ਕਿਰਿਆ ਕਰਕੇ ਪੂਸਾ ਅਨਮੋਲ ਤਿਆਰ ਕੀਤੀ ਹੈ। ਗਾਮਾ ਕਿਰਨਾਂ ਤੋਂ ਤਿਆਰ ਕੀਤੀ ਪੂਸਾ ਅਨਮੋਲ ਗਲਦਾਉਦੀ ਦੀ ਖਾਸੀਅਤ ਇਹ ਹੈ ਕਿ ਇਸ ਦੇ ਫੁੱਲ ਜ਼ਿਆਦਾ ਤਾਪ ਅਤੇ ਪ੍ਰਕਾਸ਼ ਵਾਲੇ ਹੁੰਦੇ ਹਨ। ਇਨ੍ਹਾਂ ਦਾ ਰੰਗ ਪੀਲਾ ਹੁੰਦਾ ਹੈ। ਇਸ ਨਵੀਂ ਕਿਸਮ ਤੋਂ ਕਈ ਰੰਗਾਂ ਦੇ ਫੁੱਲ ਲਏ ਜਾ ਸਕਦੇ ਹਨ। ਜਦੋਂਕਿ ਅਜੇ ਕਿਸਮ ਤੋਂ ਸਿਰਫ ਗੁਲਾਬੀ ਰੰਗ ਦੇ ਫੁੱਲ ਲਏ ਜਾ ਸਕਦੇ ਸਨ।

ਗੁਲਾਬ ਤੋਂ ਤਿਆਰ ਹੁੰਦੈ ਤੇਲ ਅਤੇ ਅਰਕ:

ਕਲਮੀ ਗੁਲਾਬ ਤੋਂ ਦੇਸੀ ਢੰਗ ਨਾਲ ਤੇਲ, ਅਰਕ ਅਤੇ ਗੁਲਕੰਦ ਬਣਾਉਣ ਦਾ ਕਾਰੋਬਾਰ ਤੇਜੀ ਨਾਲ ਵਧ ਰਿਹਾ ਹੈ। ਆਮ ਤੌਰ ’ਤੇ ਕਿਸਾਨਾਂ ਵੱਲੋਂ ਤਾਜੇ ਫੁੱਲ ਹੀ ਤੋੜ ਕੇ ਵੇਚੇ ਜਾਂਦੇ ਹਨ। ਤਿੰਨ ਕਿਸਮਾਂ ਜਵਾਲਾ, ਨੂਰਜਹਾਂ ਅਤੇ ਰੋਜ਼ਡਸਕੀਨਾ ਦੀ ਖੇਤੀ ਕੀਤੀ ਜਾ ਸਕਦੀ ਹੈ। ਗੁਲਾਬ ਦਾ ਜਲ ਤਿਆਰ ਕਰਨ ਲਈ ਦੇਸੀ ਢੰਗ ਨਾਲ ਭੱਠੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਸੂਰਜ ਚੜ੍ਹਨ ਤੋਂ ਪਹਿਲਾਂ ਗੁਲਾਬ ਦੇ ਫੁੱਲਾਂ ਨੂੰ ਤੋੜਿਆ ਜਾਂਦਾ ਹੈ। ਭੱਠੀਆਂ ’ਤੇ ਰੱਖੇ ਗਏ ਤਾਂਬੇ ਦੇ ਭਾਂਡਿਆਂ ਵਿੱਚ 40 ਕਿੱਲੋ ਫੁੱਲ ਅਤੇ ਬਰਾਬਰ ਦਾ ਪਾਣੀ ਪਾ ਕੇ ਭੱਠੀ ਚਲਾ ਦਿੱਤੀ ਜਾਂਦੀ ਹੈ। ਦੇਗ ਅੰਦਰ ਜਿਹੜੀ ਭਾਫ਼ ਬਣਦੀ ਹੈ, ਉਸਨੂੰ ਬਾਂਸ ਦੀ ਨਲੀ ਰਾਹੀਂ ਤਾਂਬੇ ਦੇ ਭਾਂਡੇ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। ਗੁਲਾਬ ਦਾ ਅਰਕ ਤਿੰਨ ਭਾਗਾਂ ਵਿੱਚ ਕੱਢਿਆ ਜਾਂਦਾ ਹੈ।

ਇਸ ਨੂੰ ਤਿਆਰ ਕਰਨ ਲਈ ਛੇ ਕੁ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਇੱਕ ਸੀਜਨ ਵਿੱਚ ਚਾਰ ਹਜ਼ਾਰ ਲਿਟਰ ਤੋਂ ਜਿਆਦਾ ਅਰਕ ਤਿਆਰ ਹੋ ਜਾਂਦਾ ਹੈ। ਥੋੜ੍ਹਾ-ਬਹੁਤ ਗੁਲਾਬ ਦਾ ਤੇਲ ਵੀ ਤਿਆਰ ਕੀਤਾ ਜਾਂਦਾ ਹੈ। ਜਿਹੜਾ 40 ਕੁਇੰਟਲ ਵਿੱਚ ਇੱਕ ਕਿੱਲੋ ਹੀ ਨਿੱਕਲਦਾ ਹੈ। ਜਿਸ ਕਰਕੇ ਜ਼ਿਆਦਾਤਰ ਗੁਲਾਬ ਦਾ ਅਰਕ ਹੀ ਤਿਆਰ ਕੀਤਾ ਜਾਂਦਾ ਹੈ। ਗੁਲਾਬ ਦਾ ਅਰਕ ਦਵਾਈਆਂ, ਮਠਿਆਈਆਂ ਤੇ ਹੋਰ ਕਈ ਤਰ੍ਹਾਂ ਦੇ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ।

ਵਿਦੇਸ਼ੀ ਫੁੱਲਾਂ ਦੇ ਬਜਾਰ ਵਿੱਚ ਭਾਰਤੀ ਫੁੱਲਾਂ ਦੀ ਚੜ੍ਹਤ ਲਗਾਤਾਰ ਜਾਰੀ ਹੈ। ਭਾਰਤੀ ਫੁੱਲਾਂ ਦੇ ਸ਼ੌਕੀਨਾਂ ਵਿੱਚ ਯੂਰਪ ਅਤੇ ਅਮਰੀਕਾ ਹੀ ਨਹੀਂ ਸਗੋਂ ਅਰਬ ਦੇਸ਼ਾਂ ਦੇ ਲੋਕ ਵੀ ਭਾਰਤੀ ਫੁੱਲਾਂ ਦੇ ਦੀਵਾਨੇ ਹਨ। ਫੁੱਲਾਂ ਦੇ ਕਾਰੋਬਾਰੀਆਂ ਦਾ ਵਪਾਰ ਤੇਜੀ ਨਾਲ ਵਧ ਰਿਹਾ ਹੈ। ਜਿਸ ਨੂੰ ਵੇਖਦਿਆਂ ਕੇਂਦਰ ਸਰਕਾਰ ਦੇ ਨਾਲ ਹੀ ਰਾਜ ਸਰਕਾਰਾਂ ਵੀ ਇਸ ਖੇਤੀ ਨੂੰ ਉਤਸ਼ਾਹਿਤ ਕਰਨ ਲੱਗੀਆਂ ਹਨ।

ਸਰਕਾਰ ਵੱਲੋਂ ਫੁੱਲ ਉਤਪਾਦਕਾਂ ਦੇ ਨਾਲ ਹੀ ਨਿਰਯਾਤਕਾਰਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਵਿੱਚ ਫੁੱਲਾਂ ਦਾ ਛੇ ਸੌ ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਹੁੰਦਾ ਹੈ। ਕੇਂਦਰ ਸਰਕਾਰ ਬਾਗਬਾਨੀ ਮਿਸ਼ਨ ਅਤੇ ਪਹਾੜੀ ਰਾਜਾਂ ਉੱਤਰਾਂਚਲ, ਹਿਮਾਚਲ, ਪੂਰਬ ਉੱਤਰ ਰਾਜਾਂ ਅਤੇ ਜੰਮੂ-ਕਸ਼ਮੀਰ ਵਿੱਚ ਤਕਨੀਕ ਮਿਸ਼ਨ ਰਾਹੀਂ ਫੁੱਲਾਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲੱਗੀ ਹੋਈ ਹੈ। ਆਉਣ ਵਾਲੇ ਸਮੇਂ ਵਿੱਚ ਫੁੱਲਾਂ ਦੇ ਕਾਰੋਬਾਰ ਦਾ ਨਿਰਯਾਤ ਪੰਦਰਾਂ ਫੀਸਦੀ ਵਧ ਜਾਵੇਗਾ।

ਦੇਸ਼ ਵਿੱੱਚ ਪਿਛਲੇ ਇੱਕ ਦਹਾਕੇ ਦੌਰਾਨ ਫੁੱਲਾਂ ਹੇਠ ਰਕਬਾ 53 ਹਜਾਰ ਹੈਕਟੇਅਰ ਤੋਂ ਵਧ ਕੇ 1.30 ਲੱਖ ਹੈਕਟੇਅਰ ਹੋ ਗਿਆ। ਇਸ ਕਾਰੋਬਾਰ ਨਾਲ ਕਿਸਾਨ ਜਾਂ ਛੋਟੇ ਕਾਰੋਬਾਰੀ ਹੀ ਨਹੀਂ ਸਗੋਂ ਵੱਡੇ ਉਦਯੋਗਪਤੀ ਵੀ ਫੁੱਲਾਂ ਦੀ ਖੇਤੀ ਨਾਲ ਜੁੜ ਰਹੇ ਹਨ ਕਿਉਂਕਿ ਅੰਤਰਰਾਸ਼ਟਰੀ ਮੰਡੀ ਵਿੱਚ ਫੁੱਲਾਂ ਦੀ ਭਾਰੀ ਮੰਗ ਹੈ। ਫੁੱਲਾਂ ਦੀ ਖੇਤੀ ਵਿੱਚ ਕਿਸਾਨਾਂ ਨੂੰ ਵੀ ਵਧੀਆ ਮੁਨਾਫਾ ਹੋ ਰਿਹਾ ਹੈ। ਹੁਣ ਇਹ ਖੇਤੀ ਆਧੁਨਿਕ ਢੰਗਾਂ ਨਾਲ ਕੀਤੀ ਜਾ ਰਹੀ ਹੈ। ਉੁਤਰ ਭਾਰਤ ਅਤੇ ਪੂਰਬ ਉੱਤਰ ਰਾਜਾਂ ਵਿੱਚ ਫੁੱਲਾਂ ਦੀ ਖੇਤੀ ਲਈ ਬਹੁਤ ਸੰਭਾਵਨਾਵਾਂ ਹਨ। ਨੈਸ਼ਨਲ ਟੈਕਨਾਲੋਜੀ ਮਿਸ਼ਨ ਦੇ ਸ਼ੁਰੂ ਹੋਣ ਨਾਲ ਕਿਸਾਨ ਫੁੱਲਾਂ ਦੀ ਖੇਤੀ ਕਰਨ ਲੱਗ ਪਏ ਹਨ।

ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।