ਪਹਿਲੀ ਵਾਰ ਪੰਜ ਰਤਨਾਂ ਨੂੰ ਮਿਲੇ ‘ਖੇਲ੍ਹ ਰਤਨ’ ਪੁਰਸਕਾਰ

0

ਪਹਿਲੀ ਵਾਰ ਪੰਜ ਰਤਨਾਂ ਨੂੰ ਮਿਲੇ ‘ਖੇਲ੍ਹ ਰਤਨ’ ਪੁਰਸਕਾਰ

ਕੋਈ ਜ਼ਮਾਨਾ ਸੀ, ਜਦੋਂ ਅਸੀਂ ਬਚਪਨ ਵਿੱਚ ਸੁਣਦੇ ਸਾਂ, ‘ਖੇਡੋਗੇ ਕੁੱਦੋਗੇ, ਬਣੋਗੇ ਖ਼ਰਾਬ। ਪੜ੍ਹੋਗੇ ਲਿਖੋਗੇ, ਬਣੋਗੇ ਨਵਾਬ’ ਪਰ ਅੱਜ ਖੇਡਾਂ ਦੀ ਦੁਨੀਆ ਕਰੀਅਰ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਖੇਡਾਂ ਹੁਣ ਸਿਰਫ਼ ਖੇਡਾਂ ਨਹੀਂ ਰਹਿ ਗਈਆਂ ਹਨ ਸਗੋਂ ਕਰੀਅਰ ਦਾ ਚੰਗੇਰਾ ਬਦਲ ਬਣ ਕੇ ਉੱਭਰ ਰਹੀਆਂ ਹਨ। ਵੱਖ-ਵੱਖ  ਖੇਡ ਮੁਕਾਬਲਿਆਂ ਵਿੱਚ ਚੰਗੇਰਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਹੁਣ ਪੈਸੇ ਅਤੇ ਮਾਣ-ਸਨਮਾਨ ਦੀ ਕੋਈ ਕਮੀ ਨਹੀਂ ਹੈ।

ਖੇਡ ਜਗਤ ਦਾ ਇਤਿਹਾਸ ਅਜਿਹੇ ਅਨੇਕਾਂ ਖਿਡਾਰੀਆਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਬੇਹੱਦ ਗਰੀਬੀ ਅਤੇ ਸੰਘਰਸ਼ਾਂ ਦੇ ਦੌਰ ‘ਚੋਂ ਲੰਘ ਆਪਣੀ ਇੱਕ ਵੱਖਰੀ ਪਛਾਣ ਬਣਾਈ ਅਤੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਨਾਂਅ ਦੁਨੀਆਭਰ ਵਿੱਚ ਰੌਸ਼ਨ ਕੀਤਾ। ਅਜਿਹੇ ਹੀ ਕੁੱਝ ਖਿਡਾਰੀਆਂ ਨੂੰ ਹਰ ਸਾਲ 29 ਅਗਸਤ ਨੂੰ ਖੇਡ ਦਿਵਸ ਦੇ ਮੌਕੇ ‘ਤੇ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਕੁੱਲ ਸੱਤ ਕੈਟਾਗਰੀ ਦੇ 74 ਖਿਡਾਰੀਆਂ ਅਤੇ ਕੋਚਾਂ ਨੂੰ ਕੋਰੋਨਾ ਦੇ ਚੱਲਦੇ ਪਹਿਲੀ ਵਾਰ ਹੋਏ ਵਰਚੁਅਲ ਸਮਾਰੋਹ ਵਿੱਚ ਰਾਸ਼ਟਰਪਤੀ ਦੁਆਰਾ ਵੱਖ-ਵੱਖ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ।

ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ‘ਚ ਦਿੱਤਾ ਜਾਣ ਵਾਲਾ ਸਰਵਉੱਚ ਰਾਸ਼ਟਰੀ ਖੇਡ ਸਨਮਾਨ ‘ਰਾਜੀਵ ਗਾਂਧੀ ਖੇਲ੍ਹ ਰਤਨ ਪੁਰਸਕਾਰ’ ਪਹਿਲੀ ਵਾਰ ਕੁੱਲ ਪੰਜ ਖਿਡਾਰੀਆਂ ਕ੍ਰਿਕਟਰ ਰੋਹਿਤ ਸ਼ਰਮਾ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਹਾਕੀ ਖਿਡਾਰੀ ਰਾਣੀ ਰਾਮਪਾਲ, ਪਹਿਲਵਾਨ ਵਿਨੇਸ਼ ਫੋਗਾਟ ਅਤੇ ਪੈਰਾਲੰਪਿਕ ਗੋਲਡ ਮੈਡਲਿਸਟ ਮਰੀਅੱਪਨ ਥਾਂਗਾਵੇਲੂ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ 2016 ਵਿੱਚ ਇਕੱਠੇ ਚਾਰ ਖਿਡਾਰੀਆਂ ਨੂੰ ਇਹ ਪੁਰਸਕਾਰ ਮਿਲਿਆ ਸੀ। ਜਿਵੇਂ ਕਿ ਇਸ ਸਨਮਾਨ ਦੇ ਨਾਂਅ ਤੋਂ ਹੀ ਸਾਫ਼ ਹੈ ਕਿ ਇਹ ਇਨਾਮ ਖੇਡ ਜਗਤ ਦੇ ਰਤਨਾਂ ਅਰਥਾਤ ਵੱਖ-ਵੱਖ ਖੇਡਾਂ ਵਿੱਚ ਅਸਧਾਰਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ। ਇਸ ਇਨਾਮ ਵਿੱਚ ਇੱਕ ਤਗਮਾ, ਇੱਕ ਪ੍ਰਸੰਸਾ ਪੱਤਰ ਅਤੇ ਸਾਢੇ ਸੱਤ ਲੱਖ ਰੁਪਏ ਪ੍ਰਦਾਨ ਕੀਤੇ ਜਾਂਦੇ ਸਨ ਪਰ ਪੁਰਸਕਾਰ ਰਾਸ਼ੀ ਵਧਾ ਕੇ ਇਸ ਵਾਰ ਤੋਂ 25 ਲੱਖ ਰੁਪਏ ਕਰ ਦਿੱਤੀ ਗਈ ਹੈ।

ਹੁਣ ਤੱਕ ਕੁਲ 43 ਖਿਡਾਰੀਆਂ ਨੂੰ ਖੇਡ ਰਤਨ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ। 12 ਮੈਂਬਰੀ ਰਾਸ਼ਟਰੀ ਖੇਡ ਪੁਰਸਕਾਰ ਚੋਣ ਕਮੇਟੀ ਓਲੰਪਿਕ, ਪੈਰਾਲੰਪਿਕ, ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਵਰਗੇ ਵੱਖ-ਵੱਖ ਅੰਤਰਰਾਸ਼ਟਰੀ ਆਯੋਜਨਾਂ ਵਿਚ ਕਿਸੇ ਖਿਡਾਰੀ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਆਪਣੀ ਸਿਫਾਰਿਸ਼ ਖੇਡ ਅਤੇ ਯੁਵਾ ਮੰਤਰਾਲੇ ਕੋਲ ਮਨਜ਼ੂਰੀ ਲਈ ਭੇਜਦੀ ਹੈ।
ਇਸ ਸਾਲ ਜਿਨ੍ਹਾਂ ਪੰਜ ਖਿਡਾਰੀਆਂ ਨੂੰ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਖ਼ਤ ਸੰਘਰਸ਼ ਕਰਨ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ।

ਤਮਿਲਨਾਡੂ ਦੇ ਸਾਲੇਮ ਜਿਲ੍ਹੇ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਵਿੱਚ ਜੰਮੇ ਮਰੀਅੱਪਨ ਦੇ ਪਿਤਾ ਬਹੁਤ ਸਾਲ ਪਹਿਲਾਂ ਹੀ ਪਰਿਵਾਰ ਛੱਡ ਕੇ ਚਲੇ ਗਏ ਸਨ ਅਤੇ ਮਾਂ ਸਰੋਜਾ ਨੇ ਸਬਜ਼ੀਆਂ ਵੇਚ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਜਦੋਂ ਮਰੀਅੱਪਨ ਪੰਜ ਸਾਲ ਦੇ ਸਨ, ਉਦੋਂ ਇੱਕ ਬੱਸ ਉਨ੍ਹਾਂ ਦੇ ਪੈਰ ਦੇ ਉੱਤੋਂ ਲੰਘ ਜਾਣ ਕਾਰਨ ਉਨ੍ਹਾਂ ਦਾ ਪੈਰ ਵੱਢਿਆ ਗਿਆ ਸੀ। ਉਸ ਭਿਆਨਕ ਸੜਕ ਹਾਦਸੇ ਤੋਂ ਬਾਅਦ 17 ਸਾਲ ਦੀ ਲੰਮੀ ਅਦਾਲਤੀ ਲੜਾਈ ਤੋਂ ਬਾਦ ਉਨ੍ਹਾਂ ਦੇ ਪਰਿਵਾਰ ਨੂੰ ਸਿਰਫ਼ ਦੋ ਲੱਖ ਰੁਪਏ ਮੁਆਵਜਾ ਮਿਲਿਆ, ਜਿਸ ਵਿਚੋਂ ਇੱਕ ਲੱਖ ਰੁਪਏ ਵਕੀਲਾਂ ਦੀ ਫੀਸ ਵਿੱਚ ਚਲੇ ਗਏ ਤੇ ਇੱਕ ਲੱਖ ਮਰੀਅੱਪਨ ਦੇ ਭਵਿੱਖ ਲਈ ਬੈਂਕ ਖਾਤੇ ਵਿੱਚ ਜਮ੍ਹਾ ਕਰ ਦਿੱਤੇ ਗਏ। ਉਨ੍ਹਾਂ ਦੇ ਇਲਾਜ ਲਈ ਲਿਆ ਗਿਆ ਤਿੰਨ ਲੱਖ ਰੁਪਏ ਦਾ ਕਰਜਾ ਵੀ ਉਨ੍ਹਾਂ ਦੁਆਰਾ ਪੈਰਾਲੰਪਿਕ ਵਿੱਚ ਗੋਲਡ ਮੈਡਲ ਜਿੱਤੇ ਜਾਣ ਤੱਕ ਨਹੀਂ ਮੋੜਿਆ ਜਾ ਸਕਿਆ ਸੀ।

ਉਨ੍ਹਾਂ ਨੇ 2016 ਦੇ ਰੀਓ ਪੈਰਾਲੰਪਿਕ ਵਿੱਚ ਉੱਚੀ ਛਾਲ ਵਿੱਚ ਸੋਨ ਤਮਗਾ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ। ਪੈਰਾਲੰਪਿਕ ਵਿੱਚ ਭਾਰਤ ਲਈ ਤਮਗਾ ਜਿੱਤਣ ‘ਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 75 ਲੱਖ ਰੁਪਏ ਅਤੇ ਤਮਿਲਨਾਡੂ ਦੀ ਤੱਤਕਾਲੀ ਮੁੱਖ ਮੰਤਰੀ ਜੈਲਲਿਤਾ ਨੇ ਦੋ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ।
ਟੀਮ ਇੰਡੀਆ ਦੇ ਹਿੱਟਮੈਨ ਰੋਹਿਤ ਸ਼ਰਮਾ ਦਾ ਜੀਵਨ ਵੀ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਮਹਾਂਰਾਸ਼ਟਰ ਦੇ ਨਾਗਪੁਰ ਵਿੱਚ 30 ਅਪਰੈਲ 1987 ਨੂੰ ਜੰਮੇ ਰੋਹਿਤ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਂਕ ਸੀ ਪਰ ਪਰਿਵਾਰ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਉਨ੍ਹਾਂ ਨੂੰ ਕ੍ਰਿਕਟ ਦੀ ਕੋਚਿੰਗ ਦਵਾਈ ਜਾ ਸਕੇ। ਉਨ੍ਹਾਂ ਦੇ ਚਾਚੇ ਅਤੇ ਕੁੱਝ ਦੋਸਤਾਂ ਦੁਆਰਾ ਥੋੜ੍ਹਾ-ਥੋੜ੍ਹਾ ਪੈਸਾ ਇਕੱਠਾ ਕਰਨ ਤੋਂ ਬਾਅਦ ਉਨ੍ਹਾਂ ਦਾ ਦਾਖਲਾ ਇੱਕ ਛੋਟੀ ਜਿਹੀ ਅਕੈਡਮੀ ਵਿੱਚ ਕਰਵਾਇਆ ਗਿਆ।

ਉੱਥੇ ਉਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚੀਆ ਅਤੇ ਇੱਕ ਕ੍ਰਿਕਟ ਕੈਂਪ ਵਿੱਚ ਕੋਚ ਦਿਨੇਸ਼ ਲਾਡ ਦਾ ਧਿਆਨ ਉਨ੍ਹਾਂ ‘ਤੇ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਚਾਰ ਸਾਲ ਤੱਕ ਰੋਹਿਤ ਲਈ ਸਕਾਲਰਸ਼ਿਪ ਦਾ ਪ੍ਰਬੰਧ ਕਰਵਾ ਦਿੱਤਾ ਅਤੇ ਫਿਰ ਰੋਹਿਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਕਦੇ ਸਪਿਨ ਗੇਂਦਬਾਜੀ ਨਾਲ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਹ ਕਦੋਂ ਮੱਧ ਕ੍ਰਮ ਬੱਲੇਬਾਜੀ ਤੋਂ ਟੀਮ ਇੰਡੀਆ ਦੇ ਇੱਕ ਸਫਲ ਤੇ ਭਰੋਸੇਮੰਦ ਓਪਨਰ ਅਤੇ ਟੈਸਟ ਮੈਚਾਂ ਦੇ ਸਲਾਮੀ ਬੱਲੇਬਾਜ ਬਣ ਗਏ, ਪਤਾ ਹੀ ਨਹੀਂ ਲੱਗਾ। ਅੱਜ ਰੋਹਿਤ ਦੇ ਨਾਂਅ ਰਿਕਾਰਡਾਂ ਦਾ ਅਜਿਹਾ ਅੰਬਾਰ ਲੱਗਾ ਹੈ ਕਿ ਉਨ੍ਹਾਂ ਨੂੰ ਰਿਕਾਰਡਾਂ ਦਾ ਬੇਤਾਜ ਬਾਦਸ਼ਾਹ ਵੀ ਕਿਹਾ ਜਾਂਦਾ ਹੈ ।

ਮਹਿਲਾ ਹਾਕੀ ਟੀਮ ਦੀ ਕਪਤਾਨ 25 ਸਾਲ ਦਾ ਰਾਣੀ ਰਾਮਪਾਲ ਦਾ ਜੀਵਨ ਵੀ ਘਾਟਾਂ ਦੇ ਦੌਰ ‘ਚੋਂ ਗੁਜਰਿਆ। ਉਨ੍ਹਾਂ ਦੇ ਪਿਤਾ ਰਾਮਪਾਲ ਘੋੜਾ ਗੱਡੀ ਚਲਾ ਕੇ ਅਤੇ ਇੱਟਾਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਰਾਣੀ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ ਪਰ ਉਨ੍ਹਾਂ ਦੇ ਸ਼ੌਕ ਨੂੰ ਪੂਰਾ ਕਰਨ ਵਿੱਚ ਗਰੀਬੀ ਅੜਿੱਕੇ ਡਾਹ ਰਹੀ ਸੀ। ਫਿਰ ਵੀ ਰਾਣੀ ਦੀ ਜਿੱਦ ਅੱਗੇ ਪਿਤਾ ਉਨ੍ਹਾਂ ਨੂੰ ਹਾਕੀ ਦੀ ਟ੍ਰੇਨਿੰਗ ਦਵਾਉਣ ਲਈ ਤਿਆਰ ਹੋ ਗਏ। ਜਿਵੇਂ-ਕਿਵੇਂ ਰਾਣੀ ਦਾ ਦਾਖਲਾ ਸ਼ਾਹਬਾਦ ਹਾਕੀ ਅਕਾਦਮੀ ਵਿੱਚ ਹੋ ਗਿਆ ਅਤੇ ਗੁਰੂ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਦੀ ਅਗਵਾਈ ਵਿੱਚ ਰਾਣੀ ਦੀ ਪ੍ਰਤਿਭਾ ਅਜਿਹੀ ਚਮਕੀ ਕਿ 15 ਸਾਲ ਦੀ ਉਮਰ ਵਿੱਚ ਹੀ ਉਹ ਸਭ ਤੋਂ ਯੁਵਾ ਭਾਰਤੀ ਖਿਡਾਰੀ ਦੇ ਰੂਪ ਵਿੱਚ ਵਿਸ਼ਵ ਕੱਪ ਵਿੱਚ ਭਾਗ ਲੈਣ ਵਾਲੀ ਟੂਰਨਾਮੈਂਟ ਦੀ ਸੀਨੀਅਰ ਫੀਲਡ ਗੋਲ ਸਕੋਰਰ ਰਹੀ ਅਤੇ ਟੂਰਨਾਮੈਂਟ ਦੀ ਸਭ ਤੋਂ ਸਰਵਸ੍ਰੇਸ਼ਠ ਯੁਵਾ ਖਿਡਾਰੀ ਚੁਣੀ ਗਈ।

ਉਸ ਤੋਂ ਬਾਅਦ ਰਾਣੀ ਨੇ ਅਨੇਕਾਂ ਅੰਤਰਰਾਸ਼ਟਰੀ ਮੈਚ ਖੇਡ ਕੇ ਕਈ ਪੁਰਾਣੇ ਰਿਕਾਰਡ ਤੋੜੇ ਅਤੇ ਭਾਰਤ ਨੂੰ ਕਈ ਅੰਤਰਰਾਸ਼ਟਰੀ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਵਾਈ। ਟੀਮ ਇੰਡੀਆ ਨੂੰ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਰਾਣੀ ਹਾਕੀ ਵਿੱਚ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਤੇ ਹੁਣ ਤੱਕ ਦੀ ਕੁੱਲ ਤੀਜੀ ਹਾਕੀ ਖਿਡਾਰਨ ਹੈ। ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਤਰਜਮਾਨੀ ਕਰ ਚੁੱਕੀ ਮਨਿਕਾ ਬੱਤਰਾ ਨੇ ਸਿਰਫ਼ ਚਾਰ ਸਾਲ ਦੀ ਉਮਰ ਵਿੱਚ ਹੀ ਟੇਬਲ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ। ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਰਹੀ 25 ਸਾਲਾ ਮਨਿਕਾ ਟੇਬਲ ਟੈਨਿਸ ਦੀ ਪਹਿਲੀ ਅਜਿਹੀ ਖਿਡਾਰਨ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਚੰਗੇਰੇ ਖੇਡ ਪ੍ਰਦਰਸ਼ਨ ਲਈ ਖੇਡ ਰਤਨ ਪੁਰਸਕਾਰ ਦਿੱਤਾ ਗਿਆ ਹੈ।

ਰਾਜ ਪੱਧਰੀ ਅੰਡਰ-8 ਮੁਕਾਬਲਾ ਜਿੱਤਣ ਤੋਂ ਬਾਅਦ ਮਨਿਕਾ ਲਗਾਤਾਰ ਅੱਗੇ ਵਧਦੀ ਰਹੀ ਅਤੇ 2011 ਵਿੱਚ ਚਿੱਲੀ ਓਪਨ ਵਿੱਚ ਅੰਡਰ-21 ਸ਼੍ਰੇਣੀ ਦਾ ਚਾਂਦੀ ਤਮਗਾ ਆਪਣੇ ਨਾਂਅ ਕੀਤਾ। 2015 ਦੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਕੁੱਲ ਤਿੰਨ ਤਮਗੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। 2016 ਦੀਆਂ ਦੱਖਣ ਏਸ਼ੀਆਈ ਖੇਡਾਂ ਵਿੱਚ ਵੀ ਮਨਿਕਾ ਨੇ ਤਿੰਨ ਸੋਨ ਤਮਗੇ ਅਤੇ ਇੱਕ ਚਾਂਦੀ ਤਮਗਾ ਆਪਣੇ ਨਾਂਅ ਕੀਤੇ। ਮਨਿਕਾ ਦੀ ਅਗਵਾਈ ਵਿੱਚ ਟੀਮ ਇੰਡੀਆ ਨੇ 2018 ਦੇ ਰਾਸ਼ਟਰਮੰਡਲ ਖੇਡਾਂ ਵਿੱਚ ਸਿੰਗਾਪੁਰ ਨੂੰ ਹਰਾ ਕੇ ਮਹਿਲਾ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਉਨ੍ਹਾਂ  ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਟੀਮ ਅਤੇ ਮਹਿਲਾ ਸਿੰਗਲ ਵਿੱਚ ਸੋਨੇ ਸਮੇਤ ਕੁੱਲ ਚਾਰ ਤਮਗੇ ਜਿੱਤੇ ਸਨ।

ਜਕਾਰਤਾ ਵਿੱਚ 2018 ਏਸ਼ੀਆਈ ਖੇਡਾਂ ਵਿੱਚ ਵੀ ਉਨ੍ਹਾਂ ਨੇ ਇਤਿਹਾਸਿਕ ਮਿਸ਼ਰਤ ਜੋੜੀ ਦਾ ਕਾਂਸੀ ਤਮਗਾ ਜਿੱਤਿਆ ਸੀ। ਉਹ ਹੁਣ ਤੱਕ ਅਜਿਹੇ ਹੀ ਕਈ ਮੁਸ਼ਕਲ ਮੁਕਾਬਲਿਆਂ ਵਿੱਚ ਵੀ ਅਨੇਕਾਂ ਤਮਗੇ ਜਿੱਤ ਕੇ ਟੇਬਲ ਟੈਨਿਸ ਵਿੱਚ ਭਾਰਤ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਦਰਜ਼ ਕਰਵਾ ਚੁੱਕੀ ਹਨ। ਆਪਣੇ 2018 ਸੀਜਨ ਦੇ ਬਾਅਦ ਤੋਂ ਉਹ ਭਾਰਤੀ ਟੇਬਲ ਟੈਨਿਸ ਦੀ ਪੋਸਟਰ ਗਰਲ ਰਹੀ ਹਨ। ਖੇਡ ਰਤਨ ਪੁਰਸਕਾਰ ਮਿਲਣ ‘ਤੇ ਮਨਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਹੁਣ ਇੱਕ ਵਧੇਰੇ ਜ਼ਿੰਮੇਦਾਰੀ ਹੈ ਕਿ ਉਹ ਅੱਗੇ ਵਧੇ ਅਤੇ ਦੇਸ਼ ਨੂੰ ਹੋਰ ਜ਼ਿਆਦਾ ਸਨਮਾਨ ਦੁਆਵੇ। ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤੀ ਗਈ ਵਿਨੇਸ਼ ਫੋਗਾਟ ਦੇ ਨਾਂਅ ਦੀ ਸਿਫਾਰਿਸ਼ ਇਸ ਸਾਲ ਜੂਨ ਮਹੀਨੇ ਵਿੱਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੁਆਰਾ ਕੀਤੀ ਗਈ ਸੀ।

ਵਿਨੇਸ਼ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇੱਕੋ-ਇੱਕ ਭਾਰਤੀ ਮਹਿਲਾ ਪਹਿਲਵਾਨ ਹਨ। 53 ਕਿੱਲੋਗ੍ਰਾਮ ਭਾਰ ਵਰਗ ਵਿੱਚ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਭਾਰਤ ਦੀ ਸਭ ਤੋਂ ਸਫਲ ਮਹਿਲਾ ਪਹਿਲਵਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ 2018 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਅਤੇ 2020 ਦੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਕਾਂਸੀ ਤਮਗਾ ਜਿੱਤਿਆ ਸੀ। ਵਿਨੇਸ਼ ਕਹਿੰਦੀ ਹੈ ਕਿ ਖੇਲ ਰਤਨ ਪੁਰਸਕਾਰ ਮਿਲਣ ਤੋਂ ਬਾਅਦ ਉਨ੍ਹਾਂ ਤੋਂ ਲੋਕਾਂ ਦੀਆਂ ਉਮੀਦਾਂ ਕਾਫ਼ੀ ਵਧ ਗਈਆਂ ਹਨ ਅਤੇ ਹੁਣ ਉਹ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਲਈ ਸਖ਼ਤ ਮਿਹਨਤ ਕਰੇਗੀ। ਉਹ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਦਿੱਤੇ ਗਏ ਸਰਵਉੱਚ ਖੇਡ ਸਨਮਾਨ ਦਾ ਮਾਣ ਰੱਖੇਗੀ ।
ਯੋਗੇਸ਼ ਕੁਮਾਰ ਗੋਇਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.