ਪੰਜਾਬ

ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਦੀਵਾਲੀ ਤੱਕ ਛੁਡਾਏ ਜਾਣਗੇ ਨਜਾਇਜ਼ ਕਬਜ਼ੇ : ਧਰਮਸੋਤ

Forest, Diwali, Illegal, Possession, DharmSot

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਸਕੀਮ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ

ਨਾਭਾ, ਤਰੁਣ ਕੁਮਾਰ ਸ਼ਰਮਾ

ਪੰਜਾਬ ਸਰਕਾਰ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਅੱਜ ਨਾਭਾ ਵਿਖੇ ਮਨਾਏ ਗਏ 69ਵੇਂ ਰਾਜ ਪੱਧਰੀ ਵਣ ਮਹਾਂ ਉਤਸਵ ਮੌਕੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਐਲਾਨ ਕੀਤਾ ਕਿ ਜੰਗਲਾਤ ਵਿਭਾਗ ਦੀ 31 ਹਜ਼ਾਰ ਏਕੜ ਜਮੀਨ ‘ਤੇ ਹੋਏ ਨਜ਼ਾਇਜ ਕਬਜਿਆਂ ‘ਚੋਂ 10 ਹਜ਼ਾਰ ਏਕੜ ਨਜ਼ਾਇਜ ਕਬਜ਼ੇ ਦੀਵਾਲੀ ਤੱਕ ਛੁਡਵਾ ਲਏ ਜਾਣਗੇ, ਜਦੋਂਕਿ 5 ਹਜ਼ਾਰ ਏਕੜ ਜਮੀਨ ਤੋਂ ਅਜਿਹੇ ਨਜ਼ਾਇਜ ਕਬਜੇ ਪਹਿਲਾਂ ਹੀ ਛੁਡਵਾ ਲਏ ਗਏ ਹਨ। ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਜਣਾ ਸੀ ਪਰੰਤੂ ਕੁਝ ਕਾਰਨਾਂ ਕਰਕੇ ਉਹ ਇੱਥੇ ਨਾ ਪੁੱਜ ਸਕੇ।

ਇਸ ਤੋਂ ਪਹਿਲਾਂ ਜੰਗਲਾਤ ਮੰਤਰੀ ਨੇ ਨਾਭਾ ਦੇ ਬੀੜ ਅੰਨੀਆਂ ਢੇਰੀਆਂ ਵਿਖੇ ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਨਾਲ 16 ਏਕੜ ਰਕਬੇ ‘ਚ ਬਣਾਏ ਗਏ ‘ਨੇਚਰ ਪਾਰਕ’ ਨੂੰ ਮੁੱਖ ਮੰਤਰੀ ਦੀ ਤਰਫ਼ੋਂ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਅਤੇ ਨਾਲ ਹੀ ਇੱਥੇ ਨਿੰਮ, ਬੋਹੜ ਤੇ ਪਿੱਪਲ ਦੀ ਤ੍ਰਿਵੇਣੀ ਲਾ ਕੇ ਇਸ ਦੇ ਦੂਜੇ ਪੜਾਅ ਦੇ ਕੰਮਾਂ ਦੀ ਸ਼ੁਰੂਆਤ ਵੀ ਕਰਵਾਈ। ਨਾਭਾ ਦੀ ਅਨਾਜ ਮੰਡੀ ਵਿਖੇ ਹੋਏ ਰਾਜ ਪੱਧਰੀ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੂਬੇ ਦੀ ਉੱਨਤੀ ਤੇ ਖੁਸ਼ਹਾਲੀ ਲਈ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕਰੇਗੀ। ਧਰਮਸੋਤ ਨੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਘਰ-ਘਰ ਹਰਿਆਲੀ ਸਕੀਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਤਹਿਤ ਸ਼ੁਰੂ ਕੀਤੀ ਮੁਬਾਇਲ ਐਪ ਆਈ ਹਰਿਆਲੀ ਨਾਲ ਹੁਣ ਤੱਕ 10 ਲੱਖ ਪਰਿਵਾਰ ਜੁੜ ਚੁੱਕੇ ਹਨ ਅਤੇ 15 ਲੱਖ ਤੋਂ ਵਧੇਰੇ ਬੂਟੇ ਵੰਡੇ ਗਏ ਹਨ।

ਇਸ ਮੌਕੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਮ. ਪੀ. ਸਿੰਘ, ਹਲਕਾ ਬਿਆਸ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ  ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਹਾਜ਼ਰ ਸਨ।

ਇਸ ਦੌਰਾਨ ਪੰਜਾਬ ਦੇ ਜੰਗਲੀ ਖੇਤਰ ਦੀ ਮੈਪਿੰਗ ਅਤੇ ਮੋਨੀਟਰਿੰਗ ਲਈ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਤਿਆਰ ਕੀਤੀ ਮੋਬਾਇਲ ਐਪ ਵੀ ਲਾਂਚ ਕੀਤੀ ਗਈ, ਇਸ ਐਪ ਨਾਲ ਜੀ.ਪੀ.ਐਸ. ਅਤੇ ਸੈਟੇਲਾਈਟ ਚਿੱਤਰ ਟੈਕਨਾਲੋਜੀ ਰਾਹੀਂ ਸੂਬੇ ਦੇ ‘ਗਰੀਨ ਕਵਰ’ ਦੀ ਮੈਪਿੰਗ ਅਤੇ ਮੋਨੀਟਰਿੰਗ ਕੀਤੀ ਜਾਵੇਗੀ, ਇਸ ਨੂੰ ਆਮ ਨਾਗਰਿਕਾਂ ਸਮੇਤ ਜੰਗਲਾਤ ਵਿਭਾਗ ਵਰਤ ਸਕੇਗਾ। ਇਸ ਮੌਕੇ ਜੰਗਲਾਤ ਮੰਤਰੀ ਵੱਲੋਂ ਪੰਜਾਬ ਦੇ ਜੰਗਲਾਤ ਵਿਭਾਗ ਵੱਲੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ‘ਤੇ ਅਧਾਰਿਤ ਐਨਰਾ ਟੈਕਨਾਲੋਜੀ ਏਜੰਸੀ ਦੀਆਂ ਸੇਵਾਵਾਂ ਲੈ ਕੇ ਸੂਬੇ ਦੇ ਜੰਗਲਾਂ ਦੀ ਰਾਖੀ ਤੇ ਮੈਪਿੰਗ ਲਈ ਡਰੋਨ ਤਕਨੀਕ ਦੀ ਵਰਤੋਂ ਕਰਦਿਆਂ ਅੱਜ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕਰਕੇ ਇੱਕ ਪਾਇਲਟ ਪ੍ਰਾਜੈਕਟ ਅਰੰਭ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top