ਭੁੱਲ ਗਏ ਰਿਸ਼ਤੇਦਾਰ

ਭੁੱਲ ਗਏ ਰਿਸ਼ਤੇਦਾਰ

ਜਦੋਂ ਹੀ ਜਸਬੀਰ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਉਸ ਨੇ ਤੁਰੰਤ ਫੋਨ ਚੁੱਕਿਆ ਤਾਂ ਅੱਗੋਂ ਉਸ ਦੇ ਬੇਟੇ ਨੇ ਕਿਹਾ ਕਿ ਡੈਡੀ ਜੀ ਮੁਬਾਰਕਾਂ ਤੁਸੀਂ ਦਾਦਾ ਬਣ ਗਏ ।ਬੇਟੇ ਨੇ ਜਨਮ ਲਿਆ ਹੈ ਤਾਂ ਉਹ ਉਸੇ ਟੈਮ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਿਆ ਜਦੋਂ ਉਸ ਨੇ ਪੋਤੇ ਨੂੰ ਗੋਦੀ ਵਿਚ ਚੁੱਕਿਆ ਖੁਸ਼ ਅਤੇ ਭਾਵੁਕ ਹੋ ਗਿਆ।

ਕੁਝ ਮਹੀਨੇ ਪਹਿਲਾਂ ਜਸਬੀਰ ਦੀ ਪਤਨੀ ਦੀ ਮੌਤ ਹੋ ਗਈ ਸੀ ਉਹ ਸੋਚ ਰਿਹਾ ਸੀ ਕਿ ਜੇਕਰ ਅੱਜ ਮੇਰੇ ਘਰਵਾਲੀ ਹੁੰਦੀ ਤਾਂ ਉਸ ਨੇ ਆਪਣੇ ਪੋਤਰੇ ਦਾ ਚਾਅ-ਲਾਡ ਮਨਾਉਣਾ ਸੀ। ਜਸਬੀਰ ਦੇ ਬੇਟੇ ਨੇ ਆਪਣੇ ਡੈਡੀ ਨੂੰ ਕਿਹਾ ਕਿ ਮੈਂ ਮੇਰੀ ਨਾਨੀ ਨੂੰ ਇਹ ਖੁਸ਼ਖ਼ਬਰੀ ਸੁਣਾਉਂਦਾ ਹਾਂ। ਜਦੋਂ ਉਸ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਫੋਨ ਲਾਇਆ ਤਾਂ ਅੱਗੋਂ ਉਸ ਨੇ ਕਿਹਾ, ‘‘ਬਾਈ ਕੌਣ ਬੋਲਦਾ।’’

ਤਾਂ ਲਵਪ੍ਰੀਤ ਨੇ ਕਿਹਾ ਕਿ ਵੀਰੇ ਮੇਰਾ ਨੰਬਰ ਵੀ ਡਿਲੀਟ ਕਰਤਾ? ਤਾਂ ਅੱਗਿਓਂ ਉਸ ਦੇ ਮਾਮੇ ਦੇ ਮੁੰਡੇ ਨੇ ਕਿਹਾ, ‘‘ਨਹੀਂ ਬਈ ਤੇਰਾ ਨੰਬਰ ਨਿੱਕਲ ਗਿਆ ਸੀ, ਹਾਂ ਜੀ ਦੱਸੋ?’’ ਤਾਂ ਲਵਪ੍ਰੀਤ ਸਿੰਘ ਨੇ ਆਪਣੀ ਨਾਨੀ ਨਾਲ ਗੱਲ ਕਰਵਾਉਣ ਲਈ ਕਿਹਾ ਮਾਮੇ ਦੇ ਮੁੰਡੇ ਨੇ ਉਸ ਦੀ ਨਾਨੀ ਨਾਲ ਗੱਲ ਕਰਵਾਈ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਈ

ਬਹੁਤ ਸਾਰੀਆਂ ਮੁਬਾਰਕਾਂ ਦੇਣ ਤੋਂ ਬਾਅਦ ਭਾਵੁਕ ਹੋ ਕੇ ਰੋਣ ਲੱਗ ਪਈ। ਅਤੇ ਆਪਣੀ ਬੇਟੀ ਨੂੰ ਯਾਦ ਕਰਦੀ ਕਹਿਣ ਲੱਗੀ, ‘‘ਜੇ ਅੱਜ ਮੇਰੀ ਧੀ ਜਿਉਂਦੀ ਹੁੰਦੀ ਤਾਂ ਉਸ ਨੂੰ ਪੋਤਰੇ ਦਾ ਕਿੰਨਾ ਚਾਅ ਹੋਣਾ ਸੀ।’’ ਜਦ ਲਵਪ੍ਰੀਤ ਨੇ ਆਪਣੀ ਮਾਮੀ ਨੂੰ ਪੁੱਛਿਆ ਕਿ ਮਾਮੀ ਜੀ ਤੁਸੀਂ ਕਦੋਂ ਆ ਰਹੇ ਹੋ ਸਾਡੇ ਕੋਲ? ਤਾਂ ਮਾਮੀ ਨੇ ਕਿਹਾ, ‘‘ਸਾਨੂੰ ਤਾਂ ਕੁਝ ਦਿਨ ਲੱਗਣਗੇ ਬਿਜ਼ੀ ਹਾਂ।’’ ਇਸ ਤੋਂ ਬਾਅਦ ਜਸਬੀਰ ਨੂੰ ਇਹ ਪਤਾ ਲੱਗਾ ਕਿ ਉਸ ਦੀਆਂ ਦੋ ਸਾਲੀਆਂ ਵੀ ਗੱਲ ਕਰਨ ਸਮੇਂ ਕੋਲ ਬੈਠੀਆਂ ਸਨ।

ਪਰ ਕਿਸੇ ਨੇ ਵੀ ਵਧਾਈ ਜਾਂ ਗੱਲ ਕਰਨੀ ਠੀਕ ਨਹੀਂ ਸਮਝੀ ਕੁਝ ਦਿਨਾਂ ਬਾਅਦ ਲਵਪ੍ਰੀਤ ਨੇ ਆਪਣੀ ਡੈਡੀ ਨੂੰ ਕਿਹਾ ਕਿ ਤੁਸੀਂ ਵਿਆਹ ਕਰਵਾ ਲਵੋ ਆਪਣੀ ਨਵੀਂ ਰਿਸ਼ਤੇਦਾਰੀ ਬਣ ਜਾਵੇਗੀ ਕਿਉਂਕਿ ਹੁਣ ਮੇਰੇ ਨਾਨਕੇ ਮਾਸੀਆਂ ਅਤੇ ਸਾਰੇ ਰਿਸ਼ਤੇਦਾਰਾਂ ਨੇ ਤਾਂ ਆਪਾਂ ਨੂੰ ਤਿਆਗ ਦਿੱਤਾ ਹੈ। ਕੋਈ ਵੀ ਰਿਸ਼ਤੇਦਾਰ ਆਪਣੇ ਨਾਲ ਵਰਤਦਾ ਨਹੀਂ।

ਰਿਸ਼ਤੇਦਾਰੀਆਂ ਖ਼ਤਮ ਹੋਣ ਕਾਰਨ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦਾ। ਜਸਵੀਰ ਨੇ ਕਿਹਾ ਕਿ ਜੇਕਰ ਮੇਰੀ ਮੌਤ ਹੋ ਜਾਂਦੀ ਤਾਂ ਤੇਰੀ ਮਾਂ ਦੁਬਾਰਾ ਵਿਆਹ ਕਰਵਾ ਲੈਂਦੀ? ਤਾਂ ਅੱਗੋਗ ਲਵਪ੍ਰੀਤ ਨੇ ਕਿਹਾ ਕਿ ਨਹੀਂ ਡੈਡੀ ਮਾਤਾ ਨਾਲ ਤਾਂ ਬਹੁਤ ਸਾਰੇ ਰਿਸ਼ਤੇ ਜੁੜੇ ਰਹਿੰਦੇ ਹਨ ਜਿਸ ਤਰ੍ਹਾਂ ਸਹੁਰਿਆਂ ਦਾ ਰਿਸ਼ਤਾ ਹੋਰ ਪੱਕਾ ਹੋ ਜਾਂਦਾ ਹੈ। ਉਸ ਦੇ ਪੇਕੇ ਅਤੇ ਹੋਰ ਰਿਸ਼ਤੇਦਾਰ ਬਹੁਤ ਪਿਆਰ ਕਰਦੇ ਹਨ। ਪਰ ਜਦੋਂ ਇੱਕ ਆਦਮੀ ਦੀ ਘਰਵਾਲੀ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੇ ਰਿਸ਼ਤੇ ਖ਼ਤਮ ਹੋ ਜਾਂਦੇ ਹਨ।

ਜਸਬੀਰ ਆਪਣੇ ਬੇਟੇ ਵੱਲੋਂ ਇਨ੍ਹਾਂ ਗੱਲਾਂ ਨਾਲ ਧੁਰ ਅੰਦਰ ਤੱਕ ਹਿੱਲ ਗਿਆ ਕਿ ਗੱਲ ਠੀਕ ਹੈ ਸਮਾਜ ਵਿਚ ਹੋ ਤਾਂ ਇਸੇ ਤਰ੍ਹਾਂ ਰਿਹਾ ਹੈ। ਜਦ ਕਿਸੇ ਦੇ ਘਰ ਵਾਲੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸਹੁਰੇ ਪਰਿਵਾਰ ਨਾਲ ਦੂਜੀਆਂ ਸਾਰੀਆਂ ਰਿਸ਼ਤੇਦਾਰੀਆਂ ਖ਼ਤਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਜੋ ਹੋਰ ਵੀ ਨਜ਼ਦੀਕੀ ਰਿਸ਼ਤੇਦਾਰ ਹੁੰਦੇ ਹਨ ਜ਼ਿਆਦਾਤਰ ਅਜਿਹੇ ਹਾਦਸੇ ਵਾਪਰਨ ਤੋਂ ਬਾਅਦ ਕਿਸੇ ਦੇ ਨਾਲ ਖੜ੍ਹਦੇ ਨਹੀਂ ਹਨ।

ਜਸਬੀਰ ਦੀਆਂ ਅੱਖਾਂ ਸਾਹਮਣੇ ਉਹ ਸਾਰੇ ਹਾਲਾਤ ਦੁਬਾਰਾ ਘੁੰਮ ਗਏ ਜੋ ਕੁਝ ਮਹੀਨੇ ਪਹਿਲਾਂ ਉਸ ਦੀ ਪਤਨੀ ਦੀ ਮੌਤ ਮੌਕੇ ਪੈਦਾ ਹੋਏ ਸਨ। ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਦੇ ਜੋ ਸਾਰੇ ਰਿਸ਼ਤੇਦਾਰ ਦੂਰ ਹੋ ਗਏ ਸਨ। ਅੱਜ ਉਨ੍ਹਾਂ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ ਸੀ

ਜਸਬੀਰ ਨੂੰ ਇਹ ਪੂਰੀ ਉਮੀਦ ਸੀ ਕਿ ਉਸ ਦੀਆਂ ਸਾਲ਼ੀਆਂ ਸਹੁਰੇ ਘਰ ਆਈਆਂ ਹੋਈਆਂ ਹਨ ਅਤੇ ਦੂਸਰੇ ਰਿਸ਼ਤੇਦਾਰ ਉਸ ਨੂੰ ਫੋਨ ਕਰਕੇ ਵਧਾਈ ਜ਼ਰੂਰ ਦੇਣਗੇ ਪਰ ਕਿਸੇ ਪਾਸਿਓਂ ਵੀ ਫੋਨ ਜਾਂ ਸੁਨੇਹਾ ਨਾ ਆਉਣ ਕਰਕੇ ਜਿਨ੍ਹਾਂ ਰਿਸਦੇ ਹੋਏ ਜਖਮਾਂ ’ਤੇ ਪਹਿਲਾਂ ਹੀ ਬਹੁਤ ਦਰਦ ਹੋ ਰਿਹਾ ਸੀ, ਉਹ ਹੁਣ ਹੌਲੀ-ਹੌਲੀ ਠੀਕ ਹੋ ਰਹੇ ਸਨ। ਘਰ ਵਿੱਚ ਆਏ ਨੰਨ੍ਹੇ ਮਹਿਮਾਨ ਨੇ ਜਿੱਥੇ ਸਾਰਾ ਘਰ ਖ਼ੁਸ਼ੀਆਂ ਨਾਲ ਭਰ ਦਿੱਤਾ ਸੀ।
ਬੀਰਬਲ ਧਾਲੀਵਾਲ, ਮਾਨਸਾ
ਮੋ. 98155-34979

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ