ਹਸਪਤਾਲ ‘ਚ ਅੱਗ, ਚਾਰ ਬੱਚਿਆਂ ਦੀ ਮੌਤ

0
101

ਹਸਪਤਾਲ ‘ਚ ਅੱਗ, ਚਾਰ ਬੱਚਿਆਂ ਦੀ ਮੌਤ

ਭੋਪਾਲ (ਏਜੰਸੀ)। ਭੋਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਦੇ ਪਰਿਸਰ ‘ਚ ਕਮਲਾ ਨਹਿਰੂ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਸਥਿਤ ਸ਼ਿਸ਼ੂ ਵਾਰਡ (ਸਪੈਸ਼ਲ ਨਿਊਬੋਰਨ ਕੇਅਰ ਯੂਨਿਟ) ‘ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਅਤੇ ਬਾਕੀ 36 ਦੇ ਕਰੀਬ ਬੱਚਿਆਂ ਨੂੰ ਹੋਰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ ਅੱਗ ਰਾਤ ਕਰੀਬ 9 ਵਜੇ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਸਥਿਤ ਇਨਫੈਂਟ ਵਾਰਡ ਦੇ ਵੈਂਟੀਲੇਟਰ ‘ਚ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਜਲਦੀ ਹੀ ਵਾਰਡ ਦੇ ਕੁਝ ਹਿੱਸਿਆਂ ‘ਚ ਫੈਲ ਗਈ।

ਇਸ ਕਾਰਨ ਵਾਰਡ ਦਾ ਸਾਮਾਨ ਸੜ ਗਿਆ ਅਤੇ ਉਸ ਵਿੱਚ ਧੂੰਆਂ ਫੈਲ ਗਿਆ। ਇਸ ਦੌਰਾਨ ਡਾਕਟਰਾਂ ਅਤੇ ਨਰਸਾਂ ਆਦਿ ਦੀ ਮਦਦ ਨਾਲ ਬੱਚਿਆਂ ਨੂੰ ਕਿਸੇ ਹੋਰ ਥਾਂ ‘ਤੇ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਚਾਰ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਇਨ੍ਹਾਂ ਬੱਚਿਆਂ ਦੀ ਉਮਰ ਇੱਕ ਦਿਨ ਤੋਂ ਲੈ ਕੇ ਨੌਂ ਦਿਨਾਂ ਤੱਕ ਹੈ। ਬਾਕੀ 36 ਬੱਚਿਆਂ ਨੂੰ ਹਸਪਤਾਲ ਦੇ ਪ੍ਰਭਾਵਿਤ ਵਾਰਡ ਤੋਂ ਸ਼ਿਫਟ ਕੀਤਾ ਗਿਆ ਹੈ ਅਤੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਘਟਨਾ ਦੇ ਤੁਰੰਤ ਬਾਅਦ ਅਹਾਤੇ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਗਿਆ ਹੈ। ਪਰ ਕੁਝ ਹੀ ਦੇਰ ਬਾਅਦ ਖ਼ਬਰ ਆਈ ਕਿ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਬਾਅਦ ਵਿੱਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ।

ਇਸ ਦੌਰਾਨ ਹਸਪਤਾਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਹਾਲਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਅੱਧੀ ਦਰਜਨ ਦੇ ਕਰੀਬ ਬੱਚਿਆਂ ਨੂੰ ਬਿਹਤਰ ਇਲਾਜ ਲਈ ਸ਼ਹਿਰ ਦੇ ਕਿਸੇ ਹੋਰ ਸਰਕਾਰੀ ਹਸਪਤਾਲ ਵਿੱਚ ਭੇਜੇ ਜਾਣ ਦੀ ਵੀ ਖ਼ਬਰ ਹੈ। ਦੂਜੇ ਪਾਸੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੰਦਿਆਂ ਤੁਰੰਤ ਇਸ ਦੀ ਜ਼ਿੰਮੇਵਾਰੀ ਵਧੀਕ ਮੁੱਖ ਸਕੱਤਰ ਪੱਧਰ ਦੇ ਅਧਿਕਾਰੀ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ