ਪ੍ਰੈਸ ਦੀ ਅਜ਼ਾਦੀ ਤੇ ਨਿਰਪੱਖਤਾ ਸਮਾਜ ਦੇ ਹਿੱਤ ‘ਚ ਲਾਜ਼ਮੀ

ਪ੍ਰੈਸ ਦੀ ਅਜ਼ਾਦੀ ਤੇ ਨਿਰਪੱਖਤਾ ਸਮਾਜ ਦੇ ਹਿੱਤ ‘ਚ ਲਾਜ਼ਮੀ

ਸੰਯੁਕਤ ਰਾਸ਼ਟਰ ਦੇ 1948 ਦੇ ਮਨੁੱਖੀ ਅਧਿਕਾਰਾਂ ਬਾਰੇ ਵਿਸ਼ਵਵਿਆਪੀ ਐਲਾਨ ਵਿਚ ਕਿਹਾ ਗਿਆ ਹੈ ਕਿ ਹਰੇਕ ਨੂੰ ਵਿਚਾਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ; ਇਸ ਅਧਿਕਾਰ ਵਿਚ ਬਿਨਾਂ ਕਿਸੇ ਦਖਲ ਦੇ ਵਿਚਾਰਾਂ ਨੂੰ ਕਿਸੇ ਵੀ ਮੰਚ ‘ਤੇ ਆਜ਼ਾਦੀ ਨਾਲ ਰੱਖਣਾ, ਕਿਸੇ ਵੀ ਮਸਲੇ ‘ਤੇ ਆਪਣੀ ਸਹਿਮਤੀ ਅਤੇ ਅਸਹਿਮਤੀ ਪ੍ਰਗਟਾਉਣ, ਰੱਖਣ ਦੀ ਆਜ਼ਾਦੀ ਸ਼ਾਮਲ ਹੈ।

ਪੱਤਰਕਾਰਤਾ ਦੀ ਅਜ਼ਾਦੀ ਦੀ ਮਹੱਤਤਾ ਨੂੰ ਵੇਖਦੇ ਹੋਏ ਹੀ ਸੰਯੁਕਤ ਰਾਸ਼ਟਰ ਸੰਘ ਨੇ 1993 ਵਿਚ 3 ਮਈ ਦੇ ਦਿਹਾੜੇ ਨੂੰ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਵਜੋਂ ਘੋਸ਼ਿਤ ਕੀਤਾ ਸੀ ਉਸ ਤੋਂ ਬਾਅਦ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਰਕਾਰਾਂ ਵੱਲੋਂ ਅਤੇ ਮੀਡੀਆ ਉਦਯੋਗ ਨਾਲ ਜੁੜੇ ਲੋਕਾਂ ਦੁਆਰਾ ਇਸ ਦਿਨ ਨੂੰ ਸਥਾਨਕ ਪੱਧਰ, ਰਾਜ ਪੱਧਰ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਜਾਂਦਾ ਹੈ।

ਇਸ ਵਾਰ ਯੂਨੈਸਕੋ ਨੇ 22 ਤੋਂ 24 ਅਪਰੈਲ ਤੱਕ ਹੇਗ ਵਿਖੇ ਵਿਸ਼ਵ ਪ੍ਰੈਸ ਅਜ਼ਾਦੀ ਕਾਨਫਰੰਸ ਕਰਵਾਉਣੀ ਤੈਅ ਕੀਤੀ ਸੀ ਜੋ ਕੋਰੋਨਾ ਵਾਇਰਸ ਕਰਕੇ ਅੱਗੇ ਪਾਈ ਗਈ ਹੈ ਜੋ ਹੁਣ 18 ਤੋਂ 20 ਅਕਤੂਬਰ ਤੱਕ ਉਸੇ ਸਥਾਨ ‘ਤੇ ਹੀ ਹੋਣੀ ਹੈ। ਯੂਨੈਸਕੋ ਵੱਲੋਂ ਤਿੰਨ ਮਈ ਨੂੰ ਇਸ ਦਿਹਾੜੇ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਆਨਲਾਈਨ ਡੀਬੇਟ ਅਤੇ ਵਰਕਸ਼ਾਪ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਇਹਨਾਂ ਸਾਰੇ ਪ੍ਰੋਗਰਾਮਾਂ ਦਾ ਕੇਂਦਰ ਬਿੰਦੂ ਹੋਵੇਗਾ-

(À) ਨਿਰਪੱਖ ਅਤੇ ਨਿੱਡਰ ਪੱਤਰਕਾਰੀ।
(ਅ) ਔਰਤ ਅਤੇ ਮਰਦ ਪੱਤਰਕਾਰਾਂ ਅਤੇ ਮੀਡੀਆ ਵਰਕਰਾਂ ਦੀ ਸੁਰੱਖਿਆ,
(Â)  ਸੁਤੰਤਰ ਅਤੇ ਪੇਸ਼ੇਵਰ ਪੱਤਰਕਾਰੀ, ਰਾਜਨੀਤਿਕ ਅਤੇ ਵਪਾਰੀ ਪ੍ਰਭਾਵ ਤੋਂ ਮੁਕਤ ਪੱਤਰਕਾਰਤਾ ਆਦਿ।

ਇਸ ਕਾਨਫਰੰਸ ਦੇ ਸਬ ਥੀਮ ਵੀ ਹੋਣਗੇ, ਜੋ ਪੱਤਰਕਾਰਤਾ, ਪੱਤਰਕਾਰ ਅਤੇ ਇਹਨਾਂ ਨਾਲ ਸਬੰਧਤ ਹੋਰ ਮਸਲਿਆਂ ਬਾਰੇ ਹੋਣਗੇ।
ਮੀਡੀਆ ਦੀ ਆਜ਼ਾਦੀ ਦੀ ਨਜ਼ਰਸਾਨੀ ਕਰਨ ਵਾਲੀ ਸੰਸਥਾ ‘ਰਿਪੋਰਟਰਜ਼ ਵਿਦ ਆਊਟ ਬਾਰਡਰਜ਼’ ਦੀ ਸਾਲਾਨਾ ਰਿਪੋਰਟ, 2018 ਅਨੁਸਾਰ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦਾ ਸਥਾਨ 180 ਮੁਲਕਾਂ ਵਿਚੋਂ 140ਵੇਂ ਨੰਬਰ ‘ਤੇ ਆ ਗਿਆ ਹੈ। ਮੀਡੀਆ ਸੰਸਥਾਵਾਂ ਅੰਦਰਲਾ ਮਾਹੌਲ ਸੁਤੰਤਰ ਪੱਤਰਕਾਰੀ ਲਈ ਬਿਲਕੁਲ ਹੀ ਗ਼ੈਰ-ਮੁਆਫਕ ਅਤੇ ਬਾਂਹ ਮਰੋੜੂ ਹੈ। ਸੱਚੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਭਾਰੀ ਦਬਾਅ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਾਰਪੋਰੇਟ ਸਮੂਹਾਂ ਅਤੇ ਵੱਡੇ ਰਾਜਸੀ ਰਸੂਖ ਵਾਲੇ ਤਾਕਤਵਰ ਹਿੱਸਿਆਂ ਕੋਲ ਇੱਕ ਹੋਰ ਜ਼ਬਰਦਸਤ ਹਥਿਆਰ ਮਾਣਹਾਨੀ ਦਾ ਮੁਕੱਦਮਾ ਹੈ। ਸੱਤਾਧਾਰੀਆਂ ਵੱਲੋਂ ਆਪਣਾ ਰਸੂਖ ਵਰਤ ਕੇ ਪੱਤਰਕਾਰਾਂ ਦੀ ਕਲਮ ਨੂੰ ਸੱਤਾ ਦੀ ਇੱਛਾ ਦੀ ਗੁਲਾਮ ਬਣਾਉਣ ਦੀ ਹਰ ਵਾਹ ਲਾਈ ਜਾਂਦੀ ਹੈ।

ਭਾਰਤੀ ਪ੍ਰੈਸ ਅੱਗੇ ਸਭ ਤੋਂ ਵੱਡੀ ਜਿੰਮੇਵਾਰੀ ਉਸ ਉੱਪਰ ਜਨਤਾ ਦਾ ਵਿਸ਼ਵਾਸ ਅਤੇ ਭਰੋਸਾ ਬਰਕਰਾਰ ਰੱਖਣਾ ਹੈ। ਮੀਡੀਆ ਦੇ ਇੱਕ ਹਿੱਸੇ ਦੁਆਰਾ ਪੀਲੀ ਪੱਤਰਕਾਰੀ ਤੋਂ ਵੀ ਅੱਗੇ ਜਾ ਕੇ ਫਿਰਕੂ ਪੱਤਰਕਾਰੀ ਤੱਕ ਪਹੁੰਚਦੇ ਹੋਏ ਰਾਜ ਦਰਬਾਰੀ ਪੱਤਰਕਾਰੀ ਵੱਲ ਜਾਣ ਦਾ ਰੁਝਾਨ ਵਧ ਰਿਹਾ ਹੈ।

ਇਸ ਤਰ੍ਹਾਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦਾ ਪੱਤਰਕਾਰ ਭਾਈਚਾਰਾ ਆਪਣਾ ਸਹੀ ਕੰਮ ਨਹੀਂ ਕਰ ਸਕਦਾ। ਇਸ ਲਈ ਜਨਤਾ ਵੀ ਜਾਗਰੂਕ ਹੋਵੇ ਅਤੇ ਉਹ ਇਮਾਨਦਾਰ ਮੀਡੀਆ ਨੂੰ ਉਭਾਰ ਕੇ ਭਾਰਤੀ ਪ੍ਰੈਸ ਦੇ ਰੋਲ ਨੂੰ ਇਮਾਨਦਾਰ ਅਖ਼ਬਾਰਾਂ ਅਤੇ ਪੱਤਰਕਾਰਾਂ ਰਾਹੀਂ ਜਾਨਦਾਰ ਤੇ ਸ਼ਾਨਦਾਰ ਬਣਾ ਸਕਦੀ ਹੈ। ਜਨਤਾ ਦਾ ਥਾਪੜਾ ਹੀ ਸਹੀ, ਸੱਚੇ ਤੇ ਸੁਹਿਰਦ ਪੱਤਰਕਾਰਾਂ ਨੂੰ ਆਪਣੇ ਫਰਜ਼ ਨਿਭਾਉਣ ਦੀ ਹਿੰਮਤ ਬਖਸ਼ੇਗਾ ਅਤੇ ਸਾਨੂੰ ਅਜ਼ਾਦ ਪ੍ਰੈਸ ਦੇ ਦਰਸ਼ਨ ਹੋ ਸਕਣਗੇ।
ਸਰਕਾਰੀ ਹਾਈ ਸਕੂਲ ਕੁਹਾੜਾ, ਲੁਧਿਆਣਾ।
ਮੋ. 98780-23768

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।