ਸਰਕਾਰ ਦੇ ਹੁਕਮਾਂ ਵਾਲੀ ਝੋਨੇ ਦੀ ਲੁਆਈ ਅੱਜ ਤੋਂ

From, Today, Order, Government, Paddy

ਪਾਵਰਕੌਮ ਵੱਲੋਂ ਮੰਗ ਤੋਂ ਵੱਧ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਦਾਅਵਾ

29 ਲੱਖ ਹੈਕਟੇਅਰ ਰਕਬੇ ਹੇਠ ਹੋਵੇਗੀ ਝੋਨੇ ਦੀ ਬਿਜਾਈ

14 ਲੱਖ ਟਿਊਬਵੈੱਲ ਚੱਲਣ ਨਾਲ ਵਧੇਗੀ ਧਰਤੀ ਹੇਠਲੇ ਪਾਣੀ ਦੀ ਕਮੀ ਦੀ ਸਮੱਸਿਆ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਪੰਜਾਬ ਅੰਦਰ ਝੋਨੇ ਦੀ ਬਿਜਾਈ ਲਈ ਪਾਵਰਕੌਮ ਵੱਲੋਂ 20 ਜੂਨ ਤੋਂ ਅਧਿਕਾਰਤ ਤੌਰ ‘ਤੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਟਿਊਬਵੈੱਲਾਂ ਲਈ ਦਿੱਤੀ ਜਾ ਰਹੀ ਹੈ। ਪਾਵਰਕੌਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਝੋਨੇ ਲਈ ਬਿਜਲੀ ਸਪਲਾਈ ਦੇ ਸਾਰੇ ਪ੍ਰਬੰਧ ਪੂਰੇ ਹਨ ਅਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਇੱਧਰ ਦੂਜੇ ਬੰਨੇ ਪੰਜਾਬ ਅੰਦਰ ਇਸ ਵਾਰ ਲਗਭਗ 29 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੇ ਜਾਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਪਾਵਰਕੌਮ ਲਈ ਕੱਲ੍ਹ ਤੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਨਾਲ ਹੀ ਬਿਜਲੀ ਦੀ ਮੰਗ ਵਿੱਚ ਇੱਕਦਮ ਵਾਧਾ ਹੋ ਜਾਵੇਗਾ ਕਿਉਂਕਿ ਪੰਜਾਬ ਦੇ 14 ਲੱਖ ਟਿਊਬਵੈੱਲ ਨਾਲ ਝੋਨੇ ਦੀ ਬਿਜਾਈ ਹੋਵੇਗੀ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡਿੱਗੇਗਾ। ਉਂਜ ਇਸ ਵਾਰ ਪਾਵਰਕੌਮ ਲਈ ਝੋਨੇ ਅਤੇ ਗਰਮੀ ਦਾ ਸੀਜ਼ਨ ਵੱਡੀ ਚੁਣੌਤੀ ਹੋਵੇਗਾ। ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਵੱਧ ਤੋਂ ਵੱਧ ਮੰਗ 12500 ਮੈਗਾਵਾਟ ਤੱਕ ਪਹੁੰਚ ਸਕਦੀ ਹੈ ਜਦਕਿ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਵਸੀਲਿਆਂ ਤੋਂ 13000 ਹਜਾਰ ਮੈਗਾਵਾਟ ਤੋਂ ਵੀ ਵੱਧ ਮੰਗ ਦੀ ਪੂਰਤੀ ਲਈ ਆਪਣੇ ਪ੍ਰਬੰਧ ਕੀਤੇ ਗਏ ਹਨ।

ਇੱਧਰ ਪਿਛਲੇ ਸਾਲ ਜੁਲਾਈ-2017 ਵਿੱਚ ਬਿਜਲੀ ਦੀ ਵੱਧ ਤੋਂ ਵੱਧ 11705 ਮੈਗਾਵਟ ਸੀ ਜਿਸ ਨੂੰ ਪਾਵਰਕੌਮ ਵੱਲੋਂ ਪੂਰਾ ਕਰ ਲਿਆ ਗਿਆ ਸੀ। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਹਰ ਸਬ-ਸ਼ਟੇਸ਼ਨਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਜਦਕਿ ਚਾਰ ਦਿਨਾਂ ਬਾਅਦ ਇਨ੍ਹਾਂ ਵਿੱਚ ਤਬਦੀਲੀ ਹੋਵੇਗੀ। ਜਦਕਿ ਬਾਰਡਰ ਏਰੀਏ ਨੂੰ ਇਸ ਵਾਰ ਦਿਨ ਵੇਲੇ 8 ਘੰਟੇ ਸਪਲਾਈ ਦਿੱਤੀ ਜਾਵੇਗੀ। ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਲਈ ਆਪਣੇ ਸਾਰੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਹੈਡ ਕੁਆਟਰ ਤੇ ਹਾਜ਼ਰ ਰਹਿਣ ਲਈ ਦਿਸ਼ਾ ਨਿਰਦੇਸ਼ ਜ਼ਾਰੀ ਕਰ ਦਿੱਤੇ ਗਏ। ਇਸ ਤੋਂ ਇਲਾਵਾ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਬਾਰੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜ਼ੋਨਲ ਪੱਧਰ ਤੇ ਕੰਟਰੋਲ ਰੂਮ ਸਮੇਤ ਇੱਕ ਕੰਟਰੋਲ ਰੂਮ ਮੁੱਖ ਦਫ਼ਤਰ ਪਟਿਆਲਾ ਵਿਖੇ ਸਥਾਪਿਤ ਕੀਤਾ ਗਿਆ ਹੈ।

ਜੇਕਰ ਕਿਸੇ ਫੀਡਰ ਵਿੱਚ ਨੁਕਸ ਪੈ ਜਾਂਦਾ ਹੈ ਤਾ ਉਸਦੀ ਰਹਿੰਦੀ ਸਪਲਾਈ ਅਗਲੇ 24 ਘੰਟਿਆਂ ਵਿੱਚ ਪੂਰੀ ਕੀਤੀ ਜਾਵੇਗੀ। ਪਾਵਰਕੌਮ ਵੱਲੋਂ ਆਪਣੇ ਬੰਦ ਪਏ ਥਰਮਲਾਂ ਦੇ ਯੂਨਿਟਾਂ  ਅੱਜ ਰਾਤ ਤੋਂ ਭਖਾ ਦਿੱਤਾ ਜਾਵੇਗਾ। ਇਸੇ ਦੇ ਨਾਲ ਹੀ ਆਪਣੇ ਪ੍ਰਾਈਵੇਟ ਥਰਮਲਾ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇਦਵਾਲ ਸਮੇਤ ਹਈਡ੍ਰਲਾਂ, ਬੈਕਿੰਗ ਅਤੇ ਕੇਂਦਰੀ ਪੂਲ ਆਦਿ ਸ੍ਰੋਤਾਂ ਤੋਂ ਮਿਲਣ ਵਾਲੀ ਬਿਜਲੀ ਹਾਸਲ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਸੂਬੇ ਅੰਦਰ ਲਗਭਗ 29 ਹੈਕਟੇਅਰ ਰਕਬੇ ਅੰਦਰ ਝੋਨੇ ਦੀ ਬਿਜਾਈ ਹੋਵੇਗੀ ਜੋਂ ਕਿ ਪਿਛਲੇ ਸਾਲ 30 ਲੱਖ ਹੈਕਟੇਅਰ ਤੋਂ ਉੱਪਰ ਸੀ। ਖੇਤੀਬਾੜੀ ਵਿਭਾਗ ਵੱਲੋਂ ਬਾਕੀ ਰਕਬਾ ਮੱਕੀ, ਦਾਲਾ ਅਤੇ ਹੋਰ ਬਦਲਵੀਆਂ ਫਸਲਾਂ ਲਈ ਰੱਖਿਆ ਗਿਆ ਹੈ।

ਕਿਸਾਨਾਂ ਤੇ ਆਮ ਖਪਤਕਾਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ : ਬਲਦੇਵ ਸਿੰਘ ਸਰਾਂ

ਪਾਵਰਕੌਮ ਦੇ ਚੇਅਰਮੈਂਨ ਕਮ ਮਨੈਜਿੰਗ ਡਾਇਰੈਕਟਰ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਸਮੇਤ ਆਮ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ 13 ਹਜਾਰ ਮੈਗਾਵਟ ਤੋਂ ਵੱਧ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਤਾ ਮੌਸਮ ਵਿਭਾਗ ਵੱਲੋਂ ਵੀ ਮੀਂਹ ਦੀ ਵੀ ਚੰਗੀ ਆਮਦ ਦੱਸੀ ਗਈ ਹੈ, ਪਰ ਫਿਰ ਵੀ ਜੇਕਰ ਕਿਸੇ ਕਾਰਨ ਔੜ ਪਈ ਤਾ ਵੀ ਪਾਵਰਕੌਮ ਕੋਲ ਸਾਰੇ ਪ੍ਰਬੰਧ ਹਨ।

ਪੰਜਾਬ ਅੰਦਰ 116 ਬਲਾਕ ਡਾਰਕ ਜੋਨ ‘ਚ

ਝੋਨੇ ਦੀ ਲਵਾਈ ਲਈ ਧਰਤੀ ਵਿੱਚੋਂ ਕੱਢੇ ਜਾ ਰਹੇ ਬੇਸ਼ੁਮਾਰ ਪਾਣੀ ਕਾਰਨ ਪੰਜਾਬ ਦੇ 138 ਬਲਾਕਾਂ ਵਿੱਚੋਂ 116 ਬਲਾਕ ਡਾਰਕ ਜੋਨ ਵਿੱਚ ਚਲੇ ਗਏ ਹਨ। ਇਨ੍ਹਾਂ ਬਲਾਕਾਂ ਅੰਦਰ ਇਸ ਤੋਂ ਅੱਗੇ ਪਾਣੀ ਲਗਭਗ ਖਤਮ ਕੰਢੇ ਹੈ। ਇੱਕ ਵਿਗਿਆਨੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦਾ ਬਦਲ ਜਲਦੀ ਹੀ ਲੱਭਣਾ ਪਵੇਗਾ, ਨਹੀਂ ਤਾਂ ਪੰਜਾਬ ਜਲਦੀ ਹੀ ਰੇਗਿਸਤਾਨ ਵਿੱਚ ਤਬਦੀਲ ਹੋ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।