ਲਸਣ ਤੇ ਪਿਆਜ਼-ਜੜ੍ਹ ਗੰਢ ਰੋਗਿਤ ਖੇਤਾਂ ਲਈ ਵਰਦਾਨ

ਲਸਣ ਤੇ ਪਿਆਜ਼-ਜੜ੍ਹ ਗੰਢ ਰੋਗਿਤ ਖੇਤਾਂ ਲਈ ਵਰਦਾਨ

ਸ਼ਬਜ਼ੀਆਂ ’ਤੇ ਵੱਖ-ਵੱਖ ਤਰ੍ਹਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਹਮਲਾ ਕਰਦੀਆਂ ਹਨ ਜਿਨ੍ਹਾਂ ’ਚੋਂ ਜੜ੍ਹ ਗੰਢ ਰੋਗ ਸ਼ਬਜੀਆਂ ਦਾ ਇੱਕ ਮੁੱਖ ਰੋਗ ਹੈ ਇਹ ਰੋਗ ਜ਼ਮੀਨ ਵਿਚਲੇ ਇੱਕ ਬਹੁਤ ਹੀ ਸੂਖ਼ਮ ਨੀਮਾਟੋਡ (ਸੂਤਰ ਕਿਰਮੀ) ਦੁਆਰਾ ਲੱਗਦਾ ਹੈ ਨੀਮਾਟੋਡ ਬਹੁਤ ਹੀ ਛੋਟੇ, ਇੱਕ ਧਾਗੇ ਵਾਂਗ ਪਤਲੇ ਜੀਵ ਹੁੰਦੇ ਹਨ ਜੋ ਕਿ ਸਿਰਫ਼ ਖੁਰਦਬੀਨ ਦੀ ਸਹਾਇਤਾ ਨਾਲ ਹੀ ਵੇਖੇ ਜਾ ਸਕਦੇ ਹਨ ਜੜ੍ਹ ਗੰਢ ਨੀਮਾਟੋਡ ਦੀ ਜ਼ਿਆਦਾਤਰ ਮਿਲਾਏਡੋਗਾਈਨ ਇਨਕੋਗਨੀਟਾ ਕਿਸਮ ਪਾਈ ਜਾਂਦੀ ਹੈ

ਪਰ ਇਸ ਤੋਂ ਇਲਾਵਾ ਮਿਲਾਏਡੋਗਾਈਨ ਜੈਵਾਨੀਕਾ ਅਤੇ ਮਿਲਾਏਡੋਗਾਈਨ ਐਰੀਨੇਰੀਆ ਕਿਸਮਾਂ ਵੀ ਪਾਈਆਂ ਜਾਂਦੀਆਂ ਹਨ ਇਹ ਨੀਮਾਟੋਡ ਟਮਾਟਰ, ਬੈਂਗਣ, ਭਿੰਡੀ, ਕੱਦੂ ਜਾਤੀ ਦੀਆਂ ਸ਼ਬਜੀਆਂ ਆਦਿ ’ਤੇ ਹਮਲਾ ਕਰਦੇ ਹਨ ਅਤੇ ਇਨ੍ਹਾਂ ਦੀਆਂ ਜੜ੍ਹਾਂ ਵਿੱਚ ਗੰਢਾਂ ਬਣਾ ਦਿੰਦੇ ਹਨ ਇਨ੍ਹਾਂ ਰਾਹੀਂ ਫ਼ਸਲ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਾਉਣਾ ਕਈ ਵਾਰ ਔਖਾ ਹੋ ਜਾਂਦਾ ਹੈ ਕਿਉਂਕਿ ਇਸ ਰੋਗ ਦੁਆਰਾ ਪੌਦੇ ਦੇ ਧਰਤੀ ਤੋਂ ਉੱਪਰ ਵਾਲੇ ਹਿੱਸੇ ਵਿੱਚ ਹੋਣ ਵਾਲਾ ਬਦਲਾਓ ਕੋਈ ਬਹੁਤਾ ਸਪੱਸ਼ਟ ਨਹੀਂ ਹੁੰਦਾ

ਰੋਗ ਦੀ ਪਹਿਚਾਣ:

ਇਸ ਰੋਗ ਦੀ ਪਹਿਚਾਣ ਦਾ ਸਭ ਤੋਂ ਮਹੱਤਵਪੂਰਨ ਚਿੰਨ੍ਹ ਜੜ੍ਹਾਂ ਵਿੱਚ ਗੰਢਾਂ ਦਾ ਬਣਨਾ ਹੈ ਇਹ ਨੀਮਾਟੋਡ ਪੌਦੇ ਦੇ ਹੇਠਲੇ ਭਾਗ ਯਾਨੀ ਕਿ ਜੜ੍ਹਾਂ ਵਿੱਚ ਗੰਢਾਂ ਬਣਾ ਦਿੰਦੇ ਹਨ ਇਹ ਗੰਢਾਂ ਫ਼ਸਲ ਦੀ ਜ਼ਮੀਨ ’ਚੋਂ ਪਾਣੀ ਤੇ ਜ਼ਰੂੁਰੀ ਤੱਤ ਲੈਣ ਦੀ ਸਮਰੱਥਾ ਘਟਾਉਂਦੀਆਂ ਹਨ ਜਿਸ ਕਰਕੇ ਹਮਲਾਗ੍ਰਸਤ ਪੌਦੇ ਜਾਂ ਬੂਟੇ ਦਿਨ ਵੇਲੇ ਛੇਤੀ ਮੁਰਝਾ ਜਾਂਦੇ ਹਨ ਨੀਮਾਟੋਡ ਅਤੇ ਫ਼ਸਲ ਦੀ ਕਿਸਮ ਦੇ ਮੁਤਾਬਿਕ ਇਹ ਗੰਢਾਂ ਛੋਟੀਆਂ ਜਾਂ ਵੱਡੀਆਂ ਹੋ ਸਕਦੀਆਂ ਹਨ ਇਸ ਰੋਗ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਤੇ ਝੜਨ ਲੱਗਦੇ ਹਨ,

ਫਸਲ ਦਾ ਵਾਧਾ ਰੁਕ ਜਾਂਦਾ ਹੈ ਪੌਦੇ ਮੁਰਝਾ ਜਾਂਦੇ ਹਨ ਤੇ ਫ਼ਸਲ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਕਈ ਵਾਰੀ ਕਿਸਾਨ ਭਰਾ ਇਸ ਰੋਗ ਨੂੰ ਜ਼ਰੂਰੀ ਤੱਤਾਂ ਦੀ ਘਾਟ ਜਾਂ ਪਾਣੀ ਦੀ ਕਮੀ ਹੀ ਸਮਝ ਲੈਂਦੇ ਹਨ ਇਹ ਨੀਮਾਟੋਡ ਕਾਫ਼ੀ ਸਮੇਂ ਮਿੱਟੀ ਵਿੱਚ ਜਿਉਂਦੇ ਰਹਿੰਦੇ ਹਨ ਜੜ੍ਹ ਗੰਢ ਰੋਗ ਹਲਕੀ ਰੇਤਲੀ ਜ਼ਮੀਨ ਵਿੱਚ ਵਧੇਰੇ ਨੁਕਸਾਨ ਕਰਦਾ ਹੈ ਨੀਮਾਟੋਡ ਦੁਆਰਾ ਹੋਇਆ ਨੁਕਸਾਨ ਇਨ੍ਹਾਂ ਦੀ ਸੰਖਿਆ ’ਤੇ ਨਿਰਭਰ ਕਰਦਾ ਹੈ ਅਤੇ ਇਨ੍ਹਾਂ ਦੀ ਸੰਖਿਆ ਸਾਰੇ ਖੇਤ ਵਿੱਚ ਇੱਕਸਾਰ ਨਹੀਂ ਹੁੰਦੀ ਇਹ ਸਾਰੇ ਖੇਤ ਵਿੱਚ ਕਿਤੇ ਜ਼ਿਆਦਾ ਤੇ ਕਿਤੇ ਘੱਟ ਹੋ ਸਕਦੀ ਹੈ ਖੇਤ ਵਿੱਚ ਫ਼ਸਲ ਹੋਣ ’ਤੇ ਇਨ੍ਹਾਂ ਦੀ ਸੰਖਿਆ ਵਧਦੀ ਰਹਿੰਦੀ ਹੈ ਪਰ ਫ਼ਸਲ ਨਾ ਹੋਣ ’ਤੇ ਵੀ ਇਹ ਅੰਡਿਆਂ ਦੇ ਰੂਪ ਵਿੱਚ ਜਿਉਂਦੇ ਰਹਿ ਸਕਦੇ ਹਨ

ਨੀਮਾਟੋਡ ਖੇਤ ਵਿੱਚ ਕਿਵੇਂ ਫੈਲਦੇ ਹਨ:

ਨੀਮਾਟੋਡ ਬਿਮਾਰ ਪਨੀਰੀ, ਪਾਣੀ ਜਾਂ ਖੇਤੀ ਦੇ ਔਜਾਰਾਂ ਨਾਲ ਲੱਗੀ ਮਿੱਟੀ ਰਾਹੀਂ ਖੇਤ ਵਿੱਚ ਆਉੁਂਦੇ ਹਨ ਇੱਕ ਵਾਰੀ ਖੇਤ ਵਿੱਚ ਆਉਣ ਨਾਲ ਇਹ ਫ਼ਸਲ ’ਤੇ ਹਮਲਾ ਕਰਕੇ ਵਧਣ ਲੱਗ ਜਾਂਦੇ ਹਨ ਨੀਮਾਟੋਡ ਪੌਦਿਆਂ ਤੋਂ ਬਗੈਰ ਆਪਣਾ ਜੀਵਨ ਚੱਕਰ ਪੂਰਾ ਨਹੀਂ ਕਰ ਸਕਦੇ ਨੀਮਾਟੋਡ ਰੋਗਿਤ ਬੂਟਿਆਂ ’ਤੇ ਹੋਰ ਬਿਮਾਰੀਆਂ ਦਾ ਅਸਰ ਜਲਦੀ ਹੋ ਸਕਦਾ ਹੈ ਖੇਤ ਵਿੱਚ ਟਮਾਟਰ, ਬੈਂਗਣ, ਭਿੰਡੀ ਅਤੇ ਕੱਦੂ ਜਾਤੀ ਦੀਆਂ ਸ਼ਬਜੀਆਂ ਦੀ ਕਾਸ਼ਤ ਕਰਨ ਨਾਲ ਇਸ ਨੀਮਾਟੋਡ ਦੀ ਸੰਖਿਆ ਵਧਣ ਲੱਗ ਜਾਂਦੀ ਹੈ ਕਿਉਂਕਿ ਇਨ੍ਹਾਂ ਫ਼ਸਲਾਂ ’ਤੇ ਇਹ ਨੀਮਾਟੋਡ ਆਪਣਾ ਜੀਵਨ ਚੱਕਰ ਪੂਰਾ ਕਰ ਸਕਦੇ ਹਨ

ਰੋਕਥਾਮ:

ਸਬਜ਼ੀਆਂ ਦੀ ਖੇਤੀ ਨੂੰ ਇੱਕ ਲਾਹੇਵੰਦ ਕਿੱਤੇ ਦੇ ਤੌਰ ’ਤੇ ਸਫ਼ਲ ਬਣਾਉਣ ਲਈ ਜੜ੍ਹ ਗੰਢ ਦੀ ਰੋਕਥਾਮ ਅਤਿ ਜਰੂਰੀ ਹੈ ਅੱਜ-ਕੱਲ੍ਹ ਬਜ਼ਾਰ ਵਿੱਚ ਜੜ੍ਹ ਗੰਢ ਨੀਮਾਟੋਡ ਦੀ ਰੋਕਥਾਮ ਲਈ ਸੁਰੱਖਿਅਤ ਅਤੇ ਅਸਰਦਾਰ ਜ਼ਹਿਰਾਂ ਦੀ ਘਾਟ ਹੈ ਇਸ ਤੋਂ ਇਲਾਵਾ ਲੋਕਾਂ ਵਿੱਚ ਸਬਜ਼ੀਆਂ ਵਿੱਚ ਜ਼ਹਿਰਾਂ ਦੇ ਅੰਸ਼ ਅਤੇ ਸਿਹਤ ਪੱਖੀ ਜਾਗਰੂਕਤਾ ਦੇ ਨਾਲ ਜ਼ਹਿਰਾਂ ਰਹਿਤ ਸੁਰੱਖਿਅਤ ਖੇਤੀ ਦਾ ਰੁਝਾਨ ਕਾਫ਼ੀ ਵਧ ਰਿਹਾ ਹੈ ਇਸ ਲਈ ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜ਼ਹਿਰਾਂ ਦੇ ਸੁਰੱਖਿਅਤ ਬਦਲ ਦਾ ਰੁਝਾਨ ਵੀ ਵਧ ਰਿਹਾ ਹੈ

ਇਸ ਹਵਾਲੇ ਵਿੱਚ ਜੜ੍ਹ ਗੰਢ ਰੋਗ ਦੀ ਰੋਕਥਾਮ ਲਈ ਲਸਣ ਦੀ ਖੇਤੀ ਕਿਸਾਨਾਂ ਲਈ ਇੱਕ ਵਰਦਾਨ ਸਾਬਤ ਹੋ ਸਕਦੀ ਹੈ ਜੜ੍ਹ ਗੰਢ ਰੋਗਿਤ ਖੇਤਾਂ ਵਿੱਚ ਲਸਣ ਦੀ ਫ਼ਸਲ ਨੂੰ ਹੋਰ ਸਬਜ਼ੀਆਂ ਨਾਲ ਫ਼ਸਲੀ ਚੱਕਰ ਵਿੱਚ ਸ਼ਾਮਿਲ ਕਰਨ ਨਾਲ ਜ਼ਮੀਨ ਵਿੱਚ ਜੜ੍ਹ ਗੰਢ ਨੀਮਾਟੋਡ ਦੀ ਸੰਖਿਆ ਘਟਾਈ ਜਾ ਸਕਦੀ ਹੈ ਅਤੇ ਇਸ ਰੋਗ ਨਾਲ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਢੰਗ ਨਾਲ ਬਚਿਆ ਜਾ ਸਕਦਾ ਹੈ ਲਸਣ ਦੀ ਬਿਜਾਈ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ ਇੱਕ ਏਕੜ ਦੀ ਬਿਜਾਈ ਲਈ 225-250 ਕਿਲੋ ਨਰੋਈਆਂ ਤੁਰੀਆਂ ਦੀ ਲੋੜ ਹੈ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਸਣ ਦੀ ਕਿਸਮ ਪੀਜੀ-17 ਦੀ ਸਿਫ਼ਾਰਿਸ ਕੀਤੀ ਜਾਂਦੀ ਹੈ ਇਹ ਅਗੇਤੀ ਕਿਸਮ ਹੈ ਤੇ ਪੱਕਣ ਵਾਸਤੇ 165-170 ਦਿਨ ਲੈਂਦੀ ਹੈ ਜਿੱਥੇ ਹੋਰ ਸਬਜ਼ੀਆਂ ਜਿਵੇਂ ਕਿ ਟਮਾਟਰ, ਬੈਂਗਣ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਆਦਿ ਉਗਾਉਣ ਨਾਲ ਇਹ ਰੋਗ ਵਧਦਾ ਹੈ, ਲਸਣ ਉਗਾਉਣ ਨਾਲ ਇਸ ਨੀਮਾਟੋਡ ਦੀ ਸੰਖਿਆ ਘਟਣ ਲੱਗ ਜਾਂਦੀ ਹੈ ਲਸਣ ਦੀ ਖੇਤੀ ਨਾ ਸਿਰਫ਼ ਨੀਮਾਟੋਡ ਨੂੰ ਘਟਾਉਂਦੀ ਹੈ ਸਗੋਂ ਲਾਹੇਵੰਦ ਵੀ ਹੈ ਤੇ ਇਸ ਤਰ੍ਹਾਂ ਬਿਨਾ ਜ਼ਹਿਰਾਂ ਦੀ ਵਰਤੋਂ ਦੇ ਹੀ ਇਸ ਰੋਗ ’ਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੜ੍ਹ ਗੰਢ ਰੋਗਿਤ ਖੇਤਾਂ ਵਿੱਚ ਨੀਮਾਟੋਡ ਦੀ ਤਾਦਾਦ ਘਟਾਉਣ ਵਾਸਤੇ ਗੋਭੀ-ਪਿਆਜ਼-ਭਿੰਡੀ ਵਾਲਾ ਫ਼ਸਲੀ ਚੱਕਰ ਵੀ ਅਪਣਾਇਆ ਜਾ ਸਕਦਾ ਹੈ

ਜੜ੍ਹ ਗੰਢ ਰੋਗ ਖੇਤਾਂ ਵਿੱਚ ਬਿਮਾਰ ਪਨੀਰੀ ਅਤੇ ਸਿੰਚਾਈ ਦੇ ਪਾਣੀ ਨਾਲ ਫੈਲਦਾ ਹੈ ਇਸ ਲਈ ਕਿਸਾਨ ਵੀਰਾਂ ਨੂੰ ਰੋਗ ਰਹਿਤ ਪਨੀਰੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ ਅਤੇ ਨੀਮਾਟੋਡ ਰੋਗਿਤ ਖੇਤਾਂ ਵਾਲੇ ਪਾਣੀ ਦੀ ਸਿੰਚਾਈ ਵੀ ਨੀਮਾਟੋਡ ਰਹਿਤ ਖੇਤਾਂ ਵਿੱਚ ਨਹੀਂ ਕਰਨੀ ਚਾਹੀਦੀ

ਇਸ ਤੋਂ ਇਲਾਵਾ ਨੀਮਾਟੋਡ ਦੀ ਸੰਖਿਆ ਘਟਾਉਣ ਵਾਸਤੇ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ:-

ਪਨੀਰੀ ਬੀਜਣ ਲਈ ਨੀਮਾਟੋਡ ਰਹਿਤ ਜਗ੍ਹਾ ਦੀ ਚੋਣ ਕਰੋ ਟਮਾਟਰ ਦੀ ਪਨੀਰੀ ਵਾਲੇ ਖੇਤਾਂ ਵਿੱਚ ਤੋਰੀਆ ਜਾਂ ਤਾਰਾਮੀਰੇ ਦੀ 40 ਦਿਨਾਂ ਦੀ ਫ਼ਸਲ ਬਿਜਾਈ ਤੋਂ 10 ਦਿਨ ਪਹਿਲਾਂ ਵਾਹ ਦਿਓ ਤੇ 3-4 ਵਾਰੀ ਵਾਹ ਕੇ ਪਨੀਰੀ ਬੀਜਣ ਲਈ ਕਿਆਰੀਆਂ ਬਣਾਓ ਇਸ ਨਾਲ ਪਨੀਰੀ ਨੂੰ ਜੜ੍ਹ ਗੰਢ ਨੀਮਾਟੋਡ ਤੋਂ ਬਚਾਇਆ ਜਾ ਸਕਦਾ ਹੈ

ਸ਼ਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੀ ਥਾਂ ਨੂੰ ਭਰਵਾਂ ਪਾਣੀ ਲਾ ਕੇ ਪਲਾਸਟਿਕ ਦੀ ਚਾਦਰ (50 ਮਾਈਕ੍ਰੋਨ) ਨਾਲ ਮਈ-ਜੂਨ ਦੇ ਮਹੀਨੇ ’ਚ ਚੰਗੀ ਤਰ੍ਹਾਂ ਢੱਕ ਕੇ 40 ਦਿਨਾਂ ਵਾਸਤੇ ਧੁੱਪ ਲਗਾਓ

ਟਮਾਟਰਾਂ ਦੀ ਨਰਸਰੀ ਵਾਲੇ ਪੌਦਿਆਂ ਨੂੰ 10 ਮਿ.ਲੀ. ਰੋਗਰ 30 ਤਾਕਤ ਦਵਾਈ (0.03 ਡਾਈਮੈਥਾਏਟ) 10 ਲੀਟਰ ਪਾਣੀ ’ਚ ਘੋਲ ਕੇ ਖੇਤ ’ਚ ਲਗਾਉਣ ਤੋਂ ਪਹਿਲਾਂ 6 ਘੰਟੇ ਲਈ ਡੁਬੋ ਲਵੋ ਪੌਦਿਆਂ ਨੂੰ ਦਵਾਈ ਛਾਂ ਵਿੱਚ ਲਾਓ ਤੇ ਤਣੇ ਨੂੰ ਦਵਾਈ ਨਹੀਂ ਲੱਗਣੀ ਚਾਹੀਦੀ

ਬਿਮਾਰੀ ਵਾਲੀਆਂ ਜ਼ਮੀਨਾਂ ਵਿੱਚ ਝੋਨਾ, ਜਵੀ, ਕਣਕ ਅਤੇ ਤਾਰੇਮੀਰੇ ਨੂੰ ਫ਼ਸਲੀ ਚੱਕਰ ਵਿੱਚ ਲਿਆਉਣ ਨਾਲ ਵੀ ਇਸ ਨੀਮਾਟੋਡ ਦੀ ਸੰਖਿਆ ਘਟਾਈ ਜਾ ਸਕਦੀ ਹੈ ਇਨ੍ਹਾਂ ਫ਼ਸਲਾਂ ਵਿੱਚ ਇਹ ਨੀਮਾਟੋਡ ਆਪਣਾ ਜੀਵਨ ਚੱਕਰ ਪੂਰਾ ਨਹੀਂ ਕਰ ਸਕਦੇ ਤੇ ਇਨ੍ਹਾਂ ਦੀ ਸੰਖਿਆ ਘਟ ਜਾਂਦੀ ਹੈ

ਖੇਤ ਨੂੰ ਮਈ-ਜੂਨ ਦੇ ਮਹੀਨਿਆਂ ਵਿੱਚ 10-15 ਦਿਨਾਂ ਦੇ ਵਕਫ਼ੇ ’ਤੇ ਉਲਟਾਵੇਂ ਹਲ ਨਾਲ ਡੂੰਘਾ ਵਾਹ ਕੇ ਚੰਗੀ ਤਰ੍ਹਾਂ ਧੁੱਪ ਲੁਆਓ ਇਸ ਤਰ੍ਹਾਂ ਜ਼ਮੀਨ ਵਿੱਚ ਨਮੀ ਘਟਣ ਤੇ ਤਾਪਮਾਨ ਵਧਣ ਕਾਰਨ ਜੜ੍ਹ ਗੰਢ ਨੀਮਾਟੋਡ ਦੀ ਸੰਖਿਆ ਘਟ ਜਾਂਦੀ ਹੈ

ਜਿਨ੍ਹਾਂ ਖੇਤਾਂ ਵਿੱਚ ਬਿਮਾਰੀ ਲੱਗਦੀ ਹੋਵੇ ਉੱਥੇ ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ ਜਿਵੇਂ ਕਿ ਟਮਾਟਰਾਂ ਦੀ ਕਿਸਮ ਪੰਜਾਬ ਐਨਆਰ-7 ਵਿੱਚ ਰੋਗ ਨਾਲ ਟਾਕਰਾ ਕਰਨ ਦੀ ਸਮਰੱਥਾ ਹੈ

ਧੰਨਵਾਦ ਸਹਿਤ, ਚੰਗੀ ਖੇਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ