ਕੌਮ ਦਾ ਨਿਧੜਕ ਜਰਨੈਲ, ਬਾਬਾ ਬੰਦਾ ਸਿੰਘ ਬਹਾਦਰ

ਕੌਮ ਦਾ ਨਿਧੜਕ ਜਰਨੈਲ, ਬਾਬਾ ਬੰਦਾ ਸਿੰਘ ਬਹਾਦਰ

27 ਅਕਤੂਬਰ 1670, ਇਤਿਹਾਸ ’ਚ ਨਾ ਭੁੱਲਣਯੋਗ ਮਹਾਨ ਜਰਨੈਲ ਦਾ ਜਨਮ ਦਿਹਾੜਾ, ਜਿਸ ਨੇ ਜ਼ੋਰ-ਜਬਰ ਤੇ ਜ਼ੁਲਮ ਦੇ ਖਿਲਾਫ਼, ਹਕੂਮਤਾਂ ਨਾਲ ਟੱਕਰ ਲੈਂਦਿਆਂ, ਮਜ਼ਬੂਤ ਮੁਗਲ ਸਮਰਾਜ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ, ਨਾਂਅ ਹੈ, ਬੰਦਾ ਸਿੰਘ ਬਹਾਦਰ। ਰਾਜੌਰੀ (ਜੰਮੂ-ਕਸ਼ਮੀਰ) ਦੇ ਇੱਕ ਕਿਸਾਨ ਰਾਮ ਦੇਵ ਤੇ ਮਾਂ ਸੁਲੱਖਣੀ ਦੇਵੀ ਦੇ ਘਰ ਰਾਜਪੂਤ ਘਰਾਣੇ ਵਿਚ ਜਨਮ ਲੈਣ ਵਾਲੇ ਇਸ ਜਰਨੈਲ ਦਾ ਬਚਪਨ ਦਾ ਨਾਂਅ ਲਛਮਣ ਦਾਸ ਸੀ। ਮਾਪਿਆਂ ਨੇ ਸ਼ੁਰੂ ਤੋਂ ਹੀ ਲਛਮਣ ਦਾਸ ਨੂੰ ਨਿੱਡਰ ਯੋਧਾ ਬਣਾਉਣ ਹਿੱਤ, ਅਸਤਰ-ਸ਼ਸਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੌਂਕ ਪੈਦਾ ਕੀਤਾ ਪਰ ਅਚਾਨਕ ਗਲਤੀ ਨਾਲ ਲਛਮਣ ਦਾਸ ਦੇ ਹੱਥੋਂ ਤੀਰ ਵੱਜਣ ’ਤੇ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ, ਜੋ ਆਪਣੇ ਅਣਜੰਮੇ ਬੱਚਿਆਂ ਸਮੇਤ, ਉਸਦੇ ਸਾਹਮਣੇ ਹੀ ਤੜਫ਼-ਤੜਫ਼ ਕੇ ਮਰ ਗਈ, ਜਿਸ ਨੂੰ ਦੇਖ ਕੇ ਲਛਮਣ ਦਾਸ ਦਾ ਮਨ ਉਚਾਟ ਹੋ ਗਿਆ ਤੇ ਉਹ ਸਭ ਕੁੱਝ ਤਿਆਗ ਵੈਰਾਗੀ ਹੋ ਗਿਆ, ਜਿੱਥੇ ਸਾਧੂ ਜਾਨਕੀ ਦਾਸ ਨੇ ਉਸਨੂੰ ਮਾਧੋ ਦਾਸ ਨਾਂਅ ਦੇ ਦਿੱਤਾ।

ਫਿਰ ਉਹ ਸਾਧੂ ਰਾਮਦਾਸ ਤੇ ਔਘੜ ਨਾਥ ਦੇ ਸੰਪਰਕ ’ਚ ਰਿਹਾ ਹੌਲੀ-ਹੌਲੀ ਉਹ ਪ੍ਰਸਿੱਧ ਹੋ ਗਿਆ ਤੇ ਉਸਦੇ ਵੀ ਬਹੁਤ ਸਾਰੇ ਚੇਲੇ ਬਣ ਗਏ। ਇਸੇ ਦੌਰਾਨ ਇਸ ਮਹਾਨ ਜਰਨੈਲ ਦੀ ਆਪਣੇ ਅਸਲ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਾਲ ਮਿਲਣੀ ਹੋਈ ਦਰਅਸਲ ਨੰਦੇੜ ਸਾਹਿਬ ਪਹੁੰਚੇ ਗੁਰੂ ਸਾਹਿਬ ਨਾਲ ਹੋਈ ਪਹਿਲੀ ਮਿਲਣੀ ’ਚ ਹੀ ਬੰਦਾ ਵੈਰਾਗੀ, ਜੋ ਉਸ ਸਮੇਂ ਕਈ ਸਾਧੂਆਂ ਦੇ ਸੰਪਰਕ ’ਚ ਆ ਤੰਤਰ-ਮੰਤਰ ਦਾ ਮਾਹਿਰ ਮੰਨਿਆ ਜਾਂਦਾ ਸੀ, ਗੁਰੂ ਜੀ ਵੱਲੋਂ ਉਹਨੂੰ ਅਸਲ ਚਾਨਣ ਕਰਵਾਉਣ ’ਤੇ ਉਹ ਗੁਰੂ ਜੀ ਦੀ ਅਦੁੱਤੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਦੇ ਅਨਮੋਲ ਬਲਿਦਾਨ ਬਾਰੇ ਜਾਣ, ਉਹਨ੍ਹਾਂ ਦਾ ਮੁਰੀਦ ਈ ਬਣ ਗਿਆ।

ਗੁਰੂ ਜੀ ਨੂੰ ਉਸ ਦੀ ਛੁਪੀ ਹੋਈ ਵਿਲੱਖਣ ਤਾਕਤ ਦਾ ਤਾਂ ਅੰਦਾਜਾ ਹੋ ਹੀ ਗਿਆ ਸੀ, ਉਸ ਦੀ ਤੀਰਅੰਦਾਜੀ, ਯੁੱਧ ਕਲਾ ਤੇ ਦਲੇਰੀ ਵੇਖਦਿਆਂ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ‘ਬਹਾਦਰ’ ਦੀ ਉਪਾਧੀ ਬਖਸ਼, ਖੰਡੇ-ਬਾਟੇ ਦੀ ਪਹੁਲ ਛਕਾ ਕੇ, ਬੰਦਾ ਸਿੰਘ ਬਹਾਦਰ ਦਾ ਨਾਂਅ ਦਿੱਤਾ ਤੇ ਫੇਰ ਇਸ ਬਹਾਦਰ ਜਰਨੈਲ ਨੇ 1708 ਵਿੱਚ ਗੁਰੂ ਜੀ ਦਾ ਅਸ਼ੀਰਵਾਦ ਲੈ ਕੇ, ਪੰਜ ਪਿਆਰਿਆਂ ਦੀ ਅਗਵਾਈ ਹੇਠ, ਹੋਰ ਸਿਰਫ 20 ਕੁ ਸਿੱਖਾਂ ਨੂੰ ਨਾਲ ਲੈ ਪੰਜਾਬ ਵੱਲ ਨੂੰ ਦਿ੍ਰੜ੍ਹ ਨਿਸ਼ਚੇ ਨਾਲ ਚਾਲੇ ਪਾ ਦਿੱਤੇ।

ਹੁਣ ਉਸਨੇ, ਜਿੱਥੇ ਕਿਤੇ ਰਸਤੇ ’ਚ ਜ਼ਬਰ ਜ਼ੁਲਮ, ਬੇਇਨਸਾਫੀ ਹੁੰਦੀ ਦੇਖੀ, ਉਸਦੇ ਵਿਰੁੱਧ ਲੜਾਈ ਛੇੜ ਦਿੱਤੀ। ਬਾਂਗਰ ਦੇ ਡਾਕੂਆਂ, ਚੋਰਾਂ ਤੋਂ ਡਰਦੇ ਲੋਕ ਪਿੰਡ ਛੱਡ ਭੱਜ ਰਹੇ ਸਨ, ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਖ ਸਿਪਾਹੀਆਂ ਨੂੰ ਨਾਲ ਲੈ ਟਾਕਰਾ ਲੈ ਲਿਆ, ਡਾਕੂ ਤਾਂ ਉਲਟਾ ਆਪਣਾ ਲੁੱਟਿਆ ਹੋਇਆ ਮਾਲ ਵੀ ਛੱਡ ਗਏ, ਗਰੀਬਾਂ ਨੂੰ ਲੁੱਟਿਆ ਮਾਲ ਵਾਪਸ ਮਿਲਣ ’ਤੇ, ਤੇ ਬੰਦਾ ਸਿੰਘ ਬਹਾਦਰ ਦੀ ਹਿੰਮਤ ਤੇ ਹੌਂਸਲੇ ਦੀ ਚਰਚਾ ਨਾਲ ਪ੍ਰਸਿੱਧੀ ਹੋਣੀ ਸ਼ੁਰੂ ਹੋ ਗਈ ਤੇ ਹੁਣ ਲੋਕ ਉਸ ਕੋਲ ਫਰਿਆਦਾਂ ਲੈ ਕੇ ਆਉਣ ਲੱਗ ਪਏ।

ਉਸਨੇ ਐਲਾਨ ਕਰ ਦਿੱਤਾ, ਕੋਈ ਵੀ ਹੁਣ ਸਰਕਾਰੀ ਮਾਮਲਾ ਨਾ ਦੇਵੇ, ਤੁਹਾਡੀ ਰੱਖਿਆ ਮੈਂ ਕਰਾਂਗਾ, ਤੁਸੀਂ ਸਿਰਫ ਸਿੱਖਾਂ ਲਈ ਭੋਜਨ ਤੇ ਦੁੱਧ, ਦਹੀਂ, ਘਿਓ ਦਾ ਹੀ ਪ੍ਰਬੰਧ ਕਰਨਾ ਏ। ਇਸ ਤੋਂ ਬਾਅਦ ਸਾਰੇ ਪਾਸੇ ਗੱਲ ਚੱਲ ਪਈ ਕਿ, ਬੰਦਾ ਸਿੰਘ ਬਹਾਦਰ ਸੰਤ ਵੀ ਹੈ ਤੇ ਸਿਪਾਹੀ ਵੀ।
ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੇ ਹਰਮਨਪਿਆਰਤਾ ਬਾਰੇ ਜਦੋਂ ਮੁਗਲਾਂ ਨੂੰ ਪਤਾ ਲੱਗਾ ਤਾਂ ਉਹਨਾਂ ਬੰਦਾ ਸਿੰਘ ਬਹਾਦਰ ਨੂੰ ਕਮਜ਼ੋਰ ਕਰਨ ਲਈ ਸਾਜਿਸ਼ਾਂ ਕਰਨ ਲਈ, ਆਪਣੇ ਜਾਸੂਸ ਛੱਡ ਦਿੱਤੇ, ਇਸੇ ਲਈ ਦਿੱਲੀ ਦੀ ਸਰਹਦ ਤੱਕ ਜਾ ਕੇ, ਇੱਕ ਵਾਰ ਬੰਦਾ ਬਹਾਦਰ ਦੀ ਫੌਜ ਦੀ ਚਾਲ ਢਿੱਲੀ ਵੀ ਹੋ ਗਈ ਸੀ।

ਪਰ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗਲਾਂ ਵੱਲੋਂ ਕੀਤੇ ਅਮਾਨਵੀ ਕਾਰੇ ਦਾ ਰੋਸ ਸਿੱਖ ਸੰਗਤਾਂ ’ਚ ਜਾਗ ਪਿਆ, ਦੂਜੀ ਗੱਲ ਬੰਦਾ ਬਹਾਦਰ ਦੀ ਦਲੇਰੀ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਨੇੜਤਾ ਨੇ, ਲੋਕਾਂ ’ਚ ਵਿਸ਼ਵਾਸ ਪੈਦਾ ਕਰ’ਤਾ ਕਿ ਮੁਗਲਾਂ ਦਾ ਟਾਕਰਾ ਕੀਤਾ ਜਾ ਸਕਦਾ ਏ, ਉਹ ਬੰਦਾ ਸਿੰਘ ਬਹਾਦਰ ਦੀ ਫੌਜ ਨਾਲ ਸਿਰਫ ਜੁੜਨ ਹੀ ਨਹੀਂ ਲੱਗ ਪਏ, ਸਗੋਂ ਆਪਣਾ ਸਭ ਕੁੱਝ ਵੇਚ-ਵੱਟ ਕੇ, ਪੈਸੇ, ਹਥਿਆਰ ਤੇ ਘੋੜਿਆਂ ਸਮੇਤ ਬੰਦਾ ਸਿੰਘ ਬਹਾਦਰ ਨਾਲ ਆ ਖੜ੍ਹੇ। ਆਪਣੀ ਬਾਕਮਾਲ ਕਾਬਲੀਅਤ ਕਾਰਨ ਹੁਣ ਉਸ ਦੀ ਫੌਜ ਦੀ ਗਿਣਤੀ 25 ਤੋਂ 40 ਹਜ਼ਾਰ ਤੱਕ ਪੁੱਜ ਗਈ ਸੀ ਤੇ ਨਾਲ ਹੀ ਸਭਨਾਂ ਦੇ ਸਹਿਯੋਗ ਨਾਲ ਪੈਸੇ ਤੇ ਹਥਿਆਰਾਂ ਦੀ ਵੀ ਕਮੀ ਨਹੀਂ ਸੀ।

ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਸਿਹਰੀ, ਸੋਨੀਪਤ, ਕੈਥਲ ਜਿੱਤਿਆ, ਫੇਰ ਸ਼ਾਹੀ ਖਜ਼ਾਨਾ ਲੁੱਟ ਗਰੀਬਾਂ ’ਚ ਵੰਡ ਦਿੱਤਾ, ਮੁਗਲਾਂ ਨੂੰ ਹੁਣ ਹੱਥਾਂ-ਪੈਰਾਂ ਦੀ ਪੈ ਗਈ। ਬੰਦਾ ਸਿੰਘ ਬਹਾਦਰ ਦਾ ਮੁੱਖ ਉਦੇਸ਼ ਸਰਹੰਦ ਦੇ ਵਜ਼ੀਰ ਨੂੰ ਸੋਧਣਾ ਸੀ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ’ਤੇ ਅੰਨ੍ਹਾ ਤਸ਼ੱਦਦ ਕਰਕੇ ਸ਼ਹੀਦ ਕੀਤਾ ਸੀ, ਪਰ ਸਰਹੰਦ-ਬੇਹੱਦ ਮਜਬੂਤ ਫੌਜ ਤੇ ਪੜੋਸੀ ਫੌਜਾਂ ਵੀ ਉਹਦੇ ਨਾਲ ਸਨ ਪਰ ਬੰਦਾ ਸਿੰਘ ਬਹਾਦਰ ਕੂਟਨੀਤੀ ਦਾ ਮਾਹਿਰ ਸੀ, ਉਸਨੇ ਪਹਿਲਾਂ ਪੜੋਸੀਆਂ ਨੂੰ ਈ ਖਤਮ ਕਰ ਦਿੱਤਾ, ਸਮਾਣੇ ਤੇ ਫੇਰ ਘੜਾਮ, ਠਸਕਾ, ਸ਼ਾਹਬਾਦ, ਤੇ ਮੁਸਤਫਾਬਾਦ ’ਤੇ ਜਿੱਤ ਹਾਸਲ ਕਰ ਲਈ।

ਜਿਸ ਨਾਲ ਹੋਰ ਵੀ ਸਿੱਖ ਨਾਲ ਜੁੜਦੇ ਗਏ ਫੇਰ ਕਪੂਰੀ, ਅੰਬਾਲਾ, ਬਨੂੜ, ਖਰੜ ’ਤੇ ਜਿੱਤ ਹਾਸਲ ਕੀਤੀ। ਬੰਦਾ ਸਿੰਘ ਬਹਾਦਰ ਹੁਣ ਲੋਕਨਾਇਕ ਬਣ ਚੁੱਕਾ ਸੀ, ਮੁਗਲ ਹਕੂਮਤ ਵਿਰੁੱਧ ਬਗਾਵਤਾਂ ਤੇਜ਼ ਹੋ ਗਈਆਂ ਤੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਹੋਰ ਲੋਕ ਵੀ ਨਾਲ ਆਣ ਖੜੇ੍ਹ। ਬੰਦਾ ਸਿੰਘ ਬਹਾਦਰ ਸਾਰੇ ਧਰਮਾਂ ਦੇ ਲੋਕਾਂ ਦਾ ਨਾਇਕ ਸੀ, ਉਹ ਉਸ ਦੌਰ ਦਾ ਰਾਬਿਨਹੁੱਡ ਬਣ ਚੁੱਕਾ ਸੀ।

ਹੁਣ ਉਸ ਇਤਿਹਾਸਕ ਲੜਾਈ ਦੀ ਘੜੀ ਆ ਗਈ, ਜਿਸ ਦਾ ਬੰਦਾ ਸਿੰਘ ਬਹਾਦਰ ਤੇ ਉਸਦੀ ਪੂਰੀ ਫੌਜ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਬੰਦਾ ਸਿੰਘ ਬਹਾਦਰ ਨੇ, ਸਰਹਿੰਦ ਦੇ ਜ਼ਾਲਮ ਸ਼ਾਸਕ ਵਜੀਰ ਖ਼ਾਨ ਨੂੰ ਲਲਕਾਰਿਆ ਵਜੀਰ ਖਾਨ ਨੇ ਉਸਨੂੰ ਲੜਾਈ ਲਈ ਚੱਪੜਚਿੜੀ ਮੈਦਾਨ ’ਚ ਆਉਣ ਲਈ ਕਿਹਾ, ਕਿਉਂਕਿ ਚੱਪੜਚਿੜੀ ਵਿੱਚ ਜ਼ਿਆਦਾ ਅਬਾਦੀ ਮੁਸਲਮਾਨ ਫਿਰਕੇ ਦੀ ਸੀ, ਜੋ ਲਗਭਗ ਸਾਰੇ ਈ ਮੁਗਲ ਸੈਨਿਕਾਂ ਦੇ ਖਾਸ ਸਨ, ਤੇ ਵਜੀਰ ਖਾਨ ਨੇ ਸੋਚਿਆ ਕਿ ਪਹਿਲੀ ਗੱਲ ਤਾਂ ਬੰਦਾ ਸਿੰਘ ਬਹਾਦਰ ਉੱਥੇ ਲੜਨ ਹੀ ਨਹੀਂ ਆਵੇਗਾ ਤੇ ਜੇ ਆ ਵੀ ਗਿਆ ਤਾਂ ਕਮਜ਼ੋਰ ਪੈ ਜਾਵੇਗਾ, ਪਰ ਬੰਦਾ ਸਿੰਘ ਬਹਾਦਰ ਦੀ ਦਲੇਰ ਫੌਜ ਨੇ ਚੱਪੜਚਿੜੀ ਦੇ ਮੈਦਾਨ ’ਚ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਬਹੁਤ ਜਬਰਦਸਤ ਤੇ ਖਤਰਨਾਕ ਲੜਾਈ ’ਚ ਬਹਾਦਰੀ ਤੇ ਦਲੇਰੀ ਨਾਲ ਲੜਦਿਆਂ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਜਿੱਤ ਹੋਈ।

ਹੁਣ ਉਸ ਨੇ ਮੁਖਲਸਗੜ੍ਹ ਦੇ ਕਿਲੇ, ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ, ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਸਿੱਕੇ ਜਾਰੀ ਕਰ, ਖਾਲਸਾ ਰਾਜ ਦੀ ਅਨਮੋਲ ਸ਼ੁਰੂਆਤ ਕੀਤੀ। ਬੰਦਾ ਸਿੰਘ ਬਹਾਦਰ ਨੇ ਫੇਰ ਉਹ ਇਤਿਹਾਸਕ ਫੈਸਲਾ ਕੀਤਾ, ਜਿਸ ਲਈ ਕਦੇ ਵੀ ਕਿਸਾਨ, ਬੰਦਾ ਸਿੰਘ ਬਹਾਦਰ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਜਿੰਮੀਂਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ, ਜ਼ਮੀਨ ਵਾਹੁਣ ਵਾਲੇ ਮੁਜਾਰਿਆਂ ਨੂੰ ਜ਼ਮੀਨ ਦਾ ਹਮੇਸ਼ਾ ਲਈ ਸਥਾਈ ਮਾਲਕ ਬਣਾ ਦਿੱਤਾ। ਚੰਬਾ ਦੇ ਰਾਜਾ ਉਦੈ ਸਿੰਘ ਦੀ ਭਤੀਜੀ ਸੁਸ਼ੀਲ ਕੌਰ ਨਾਲ ਬੰਦਾ ਸਿੰਘ ਬਹਾਦਰ ਦਾ ਵਿਆਹ ਹੋਇਆ ਸੀ।

ਦਸੰਬਰ 1715 ਨੂੰ ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ ਇੱਕ ਗੜ੍ਹੀ ਵਿਚ ਘੇਰਾ ਪਾ ਲਿਆ, ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗਿ੍ਰਫਤਾਰ ਕਰਵਾਉਣ ਵਿੱਚ ਕੁਝ ਗੱਦਾਰਾਂ ਦਾ ਵੀ ਅਹਿਮ ਰੋਲ ਸੀ ਬਾਬਾ ਬੰਦ ਸਿੰਘ ਬਹਾਦਰ ਨੂੰ ਮੁਗਲ ਫੌਜ ਦਿੱਲੀ ਲੈ ਗਈ। ਫੇਰ ਤਸ਼ੱਦਦ ਤੇ ਜੁਲਮ ਦਾ ਜੋ ਨੰਗਾ ਨਾਚ ਜਕਰੀਆ ਖਾਨ, ਅਮੀਨ ਖਾਨ ਤੇ ਫਰਖਸੀਅਰ ਹੁਰਾਂ ਕੀਤਾ, ਉਹ ਇਤਿਹਾਸ ’ਚ ਦਰਜ ਹੈ, ਉਨ੍ਹਾਂ ਇਸਲਾਮ ਕਬੂਲ ਕਰਵਾਉਣ ਲਈ ਸਿੱਖਾਂ ਦੇ ਜੱਥੇ ’ਚੋਂ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੜ੍ਹੇ ਗਏ ਸਨ, ਨੂੰ ਰੋਜ਼ਾਨਾ 100-100 ਕਰਕੇ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ, ਪਰ ਵੱਡੀ ਗਿਣਤੀ ’ਚ ਸ਼ਹੀਦੀ ਪ੍ਰਾਪਤ ਕਰਕੇ ਵੀ ਗੁਰੂ ਦਾ ਇੱਕ ਵੀ ਸਿੱਖ ਨਾ ਡੋਲਿਆ

ਫੇਰ ਮੁਗਲਾਂ ਨੇ ਬਾਬਾ ਜੀ ਦੇ ਬੇਟੇ, ਭਾਈ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿਚ ਬਿਠਾ, ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿਚ ਖੰਜਰ ਫੜਾ ਹੁਕਮ ਦਿੱਤਾ ਕਿ, ਉਹ ਆਪਣੇ ਪੁੱਤਰ ਦਾ ਆਪ ਕਤਲ ਕਰੇ ਜਦੋਂ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਜਾਲਮਾਂ ਨੇ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਉਛਾਲ ਕੇ ਨੇਜੇ ’ਤੇ ਸੁੱਟ ਟੁਕੜੇ-ਟੁਕੜੇ ਕਰ ਕਤਲ ਕਰਦਿਆਂ, ਤੜਫਦੇ ਬੱਚੇ ਦਾ ਫੜਕਦਾ ਦਿੱਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਪਾ ਦਿੱਤਾ ਧੰਨ ਸਨ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਅਸੀਂ ਸਿਰ ਝੁਕਾ ਕੇ ਸਜਦਾ ਕਰਦੇ ਹਾਂ ਉਨ੍ਹਾਂ ਆਪਣਾ ਸਭ ਕੁੱਝ ਵਾਰ ਦਿੱਤਾ ਪਰ ਧਰਮ ਤੋਂ, ਨੈਤਿਕਤਾ ਤੋਂ ਨਹੀਂ ਡੋਲੇ।

ਫੇਰ ਬਾਬਾ ਜੀ ਦਾ ਇੱਕ-ਇੱਕ ਅੰਗ ਵੱਢ, ਅਣਮਨੁੱਖੀ ਤਸੀਹੇ ਦਿੱਤੇ ਗਏ ਪਰ ਬੰਦਾ ਸਿੰਘ ਬਹਾਦਰ ਫੇਰ ਵੀ ਨਹੀਂ ਡੋਲੇ ਤਾਂ ਅਖੀਰ ਉਨ੍ਹਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ ਪਰ ਇਸ ਮਹਾਨ, ਦਲੇਰ, ਮਹਾਂਯੋਧੇ ਦੇ ਚਿਹਰੇ ਦਾ ਲਾਸਾਨੀ ਨੂਰ ਫੇਰ ਵੀ ਕਾਇਮ ਸੀ, ਜੋ ਅੱਜ ਵੀ ਇਤਿਹਾਸ ਰਾਹੀਂ ਸਾਡੇ ਦਿਲਾਂ ’ਚ ਕਾਇਮ ਹੈ ਤੇ ਹਮੇਸ਼ਾ ਕਾਇਮ ਰਹੇਗਾ!
ਹਿੰਦੀ ਅਧਿਆਪਕ, ਖੂਈ ਖੇੜਾ, ਫਾਜ਼ਿਲਕਾ ।
ਮੋ. 98727-05078
ਅਸ਼ੋਕ ਸੋਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ