ਦੂਰ ਹੋ ਰਹੇ ਹਨ ਪੰਜਾਬੀ ਹਾਕੀ ਦੀ ਤੇਜ਼-ਤਰਾਰ ਖੇਡ ਤੋਂ!

ਦੂਰ ਹੋ ਰਹੇ ਹਨ ਪੰਜਾਬੀ ਹਾਕੀ ਦੀ ਤੇਜ਼-ਤਰਾਰ ਖੇਡ ਤੋਂ!

ਪੰਜਾਬੀਆਂ ਦੀ ਸਿਰਮੌਰ ਖੇਡ ਸਦਕਾ ਹੀ ਹਾਕੀ ਨੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਨਾਂਅ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ। ਪ੍ਰੰਤੂ ਅਜੋਕੇ ਸਮੇਂ ਵਿੱਚ ਪੰਜਾਬੀਆਂ ਦਾ ਇਸ ਤੇਜ਼-ਤਰਾਰ ਖੇਡ ਤੋਂ ਦਿਨੋ-ਦਿਨ ਦੂਰ ਜਾਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਖੇਡ ਨੂੰ ਘੁਣ ਜਿਹੀ ਲੱਗ ਗਈ ਪ੍ਰਤੀਤ ਹੋ ਰਹੀ ਹੈ। 19ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੌਰਾਨ ਸ਼ੁਰੂ ਹੋਈ ਭਾਰਤੀ ਹਾਕੀ ਟੀਮ ਦੇ ਵਿਚ ਪੰਜਾਬ ਦੇ ਖਿਡਾਰੀਆਂ ਦੀ ਸਰਦਾਰੀ ਸ਼ੁਰੂ ਤੋਂ ਹੀ ਰਹੀ ਹੈ। 1925 ਵਿੱਚ ਭਾਰਤੀ ਹਾਕੀ ਫੈਡਰੇਸ਼ਨ ਦੇ ਨਾਲ ਹੀ ਭਾਰਤੀ ਹਾਕੀ ਦੀ ਸ਼ੁਰੂਆਤ ਹੋਈ। ਗੁਲਾਮੀ ਦੀਆਂ ਤਾਕਤਵਰ ਜ਼ੰਜੀਰਾ ਵਿੱਚ ਫਸਿਆ ਭਾਰਤ ਪਹਿਲਾ ਏਸ਼ਿਆਈ ਮੁਲਕ ਬਣਿਆ ਜੋ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦਾ ਹਿੱਸਾ ਬਣਨ ਵਾਲਾ ਗੈਰ-ਯੂਰਪੀ ਮੁਲਕ ਸੀ।

ਭਾਰਤ ਨੇ 1928 ਵਿੱਚ ਪਹਿਲਾ ਓਲੰਪਿਕ ਸੋਨ ਤਮਗਾ ਜਿੱਤ ਕੇ ਭਾਰਤੀ ਹਾਕੀ ਸ਼ੈਲੀ ਦਾ ਪ੍ਰਦਰਸ਼ਨ ਪੂਰੇ ਸੰਸਾਰ ਦੇ ਸਾਹਮਣੇ ਰੱਖਿਆ। ਇਤਿਹਾਸ ਗਵਾਹ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਪੰਜਾਬੀ ਖਿਡਾਰੀਆਂ ਨੇ ਵਿਰੋਧੀ ਟੀਮਾਂ ਦੇ ਪਾਲੇ ਵਿੱਚ ਸੈਂਕੜੇ ਗੋਲਾਂ ਦੀ ਬੁਛਾਰ ਕਰਕੇ ਵਿਰੋਧੀ ਟੀਮਾਂ ਦੇ ਫੱਟੇ ਖੜਕਾਏ ਹਨ। ਚਿੱਟੇ ਰੁਮਾਲਾਂ ਵਾਲੇ ਪੰਜਾਬੀ ਖਿਡਾਰੀਆਂ ਦੇ ਸਿਰਮੌਰ ਪ੍ਰਦਰਸ਼ਨ ਸਦਕਾ ਹੀ ਭਾਰਤ ਨੇ ਓਲੰਪਿਕ ਵਿੱਚ ਹਮੇਸ਼ਾ ਹੀ ਵਿਰੋਧੀ ਟੀਮਾਂ ਨੂੰ ਚਿੱਤ ਕੀਤਾ। ਹਾਲਤ ਇਹ ਸੀ ਕਿ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਹਾਕੀ ਸੋਨ ਤਮਗਾ ਭਾਰਤੀ ਟੀਮ ਲਈ ਪੱਕਾ ਹੀ ਮੰਨਿਆ ਜਾਂਦਾ ਸੀ।

ਮੁਲਕ ਦੀ ਬੇਭਾਗ ਵੰਡ ਨੇ ਜਿੱਥੇ ਸਦੀਆਂ ਤੋਂ ਮੁਹੱਬਤ ਦੇ ਨਾਲ ਰਹਿ ਰਹੇ ਲੋਕਾਂ ਨੂੰ ਤਾਂ ਵੰਡਿਆ ਹੀ ਸੀ, ੳੱੁਥੇ ਹੀ ਭਾਰਤੀ ਅਜੇਤੂ ਟੀਮ ਨੂੰ ਵੀ ਵੰਡ ਦਿੱਤਾ ਗਿਆ। ਜਿੱਥੇ ਕਈ ਦਿੱਗਜ ਖਿਡਾਰੀ ਲਹਿੰਦੇ ਪੰਜਾਬ ਜਾਂ ਲਾਹੌਰ ਵੱਲ ਚਲੇ ਗਏ, ਉੱਥੇ ਹੀ ਕਈ ਖਿਡਾਰੀ ਚੜ੍ਹਦੇ ਪੰਜਾਬ ਪਾਸੇ ਰਹਿ ਗਏ। ਮੁਲਕ ਦੀ ਵੰਡ ਤੋਂ ਬਾਅਦ ਟੀਮ ਦੀ ਅੱਧੀ ਸ਼ਕਤੀ ਘਟ ਗਈ ਪ੍ਰੰਤੂ ਬਟਵਾਰੇ ਤੋਂ ਬਾਅਦ ਹੋਏ 1948 ਦੇ ਲੰਡਨ ਓਲੰਪਿਕ ਵਿਚ ਵੀ ਭਾਰਤ ਦੀ ਸਰਦਾਰੀ ਬਰਕਰਾਰ ਰਹੀ। ਗ੍ਰੇਟ ਬਿ੍ਰਟੇਨ ਦੀ ਟੀਮ ਨੂੰ 4-1 ਦੇ ਫਰਕ ਨਾਲ ਹਰਾ ਕੇ ਭਾਰਤ ਨੇ ਲਗਾਤਾਰ ਛੇਵਾਂ ਸੋਨ ਤਮਗਾ ਜਿੱਤਿਆ।

ਪ੍ਰੰਤੂ ਸਾਡੀ ਰਾਸ਼ਟਰੀ ਖੇਡ ਹਾਕੀ ਲਈ ਲੋਕਾਂ ਵਿੱਚ ਦਿਨੋ-ਦਿਨ ਘਟ ਰਹੀ ਦਿਲਚਸਪੀ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਹੈ। ਪਿਛਲੀ ਸਦੀ ਦੇ ਲਗਭਗ ਸੱਤ-ਅੱਠ ਦਹਾਕਿਆਂ ਤੱਕ ਸਮੁੱਚੇ ਵਿਸ਼ਵ ਵਿੱਚ ਸਾਡੀ ਭਾਰਤੀ ਹਾਕੀ ਨੇ ਸਦਾ ਹੀ ਆਪਣੀ ਵੱਖਰੀ ਪਛਾਣ ਕਾਇਮ ਰੱਖੀ। ਜੇਕਰ ਭਾਰਤੀ ਹਾਕੀ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਸਾਡੀ ਹਾਕੀ ਦਾ ਇਤਿਹਾਸ ਮਾਣਮੱਤਾ ਰਿਹਾ ਹੈ, ਸੰਸਾਰ ਪ੍ਰਸਿੱਧ ਓਲੰਪਿਕ ਖੇਡਾਂ ਵਿੱਚ ਜੋ ਟੀਮ ਲਗਾਤਾਰ ਤਿੰਨ ਦਹਾਕਿਆਂ ਦੌਰਾਨ ਅਜੇਤੂ ਰਹੀ ਹੋਵੇ ਉਸ ਟੀਮ ਦੀ ਖੇਡ ਸ਼ੈਲੀ ਕਿਸ ਤਰ੍ਹਾਂ ਦੀ ਹੋਵੇਗੀ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਗੱਲ ਚਾਹੇ ਬਰਲਿਨ ਓਲੰਪਿਕ ਵਿਚ ਹਿਟਲਰ ਦੁਆਰਾ ਹਾਕੀ ਦੇ ਜਾਦੂਗਰ ਧਿਆਨ ਚੰਦ ਦੀ ਹਾਕੀ ਨੂੰ ਚੁੰਬਕੀ ਹਾਕੀ ਮੰਨਣ ਦੀ ਹੋਵੇ ਜਾਂ ਫਿਰ ਆਜ਼ਾਦੀ ਤੋਂ ਬਾਅਦ 1948 ਵਿੱਚ ਹੋਏ ਓਲੰਪਿਕ ਦੌਰਾਨ ਗ੍ਰੇਟ ਬਿ੍ਰਟੇਨ ਦੇ ਵੱਕਾਰ ਨੂੰ ਮੂਧੇ ਮੂੰਹ ਸੁੱਟਣ ਦੀ ਹੋਵੇ, ਸਾਡੀ ਹਾਕੀ ਦੀ ਲੰਮਾ ਸਮਾਂ ਝੰਡੀ ਰਹੀ ਹੈ।

ਸਾਡੀ ਭਾਰਤੀ ਹਾਕੀ ਨੇ ਆਪਣਾ ਓਲੰਪਿਕ ਦਾ ਸਫ਼ਰ 1928 ਦੇ ਵਿਚ ਅਜਿਹਾ ਸ਼ੁਰੂ ਕੀਤਾ ਕਿ ਲਗਾਤਾਰ ਛੇ ਸੋਨ ਤਮਗੇ ਭਾਰਤ ਦੀ ਝੋਲੀ ਵਿੱਚ ਪਾਏ। ਇਸ ਤਰ੍ਹਾਂ ਲਗਾਤਾਰ ਛੇ ਸੋਨ ਤਮਗੇ ਜਿੱਤ ਕੇ ਨਵਾਂ ਰਿਕਾਰਡ ਪੈਦਾ ਕੀਤਾ।1960 ਦੇ ਰੋਮ ਓਲੰਪਿਕ ਵਿੱਚ ਫਾਈਨਲ ਮੁਕਾਬਲੇ ਵਿੱਚ ਫਸਵੀਂ ਟੱਕਰ ਦੌਰਾਨ ਭਾਰਤ ਮਸਾਂ ਹੀ 0-1 ਦੇ ਸਕੋਰ ਨਾਲ ਪਾਕਿਸਤਾਨ ਕੋਲੋਂ ਹਾਰਿਆ। ਇਸ ਤੋਂ ਬਾਅਦ ਲਗਪਗ 1980 ਤੱਕ ਭਾਰਤੀ ਹਾਕੀ ਦੀ ਪੂਰੀ ਸਰਦਾਰੀ ਰਹੀ।

ਜਜ਼ਬੇ ਨਾਲ ਖੇਡਦਿਆਂ ਭਾਰਤੀ ਖਿਡਾਰੀਆਂ ਨੇ ਦੋ ਹੋਰ ਸੋਨ ਤਮਗੇ ਤੇ ਵਿਸ਼ਵ ਕੱਪ ਭਾਰਤ ਦੀ ਝੋਲੀ ਪਾਇਆ। 19ਵੀਂ ਸਦੀ ਖ਼ਤਮ ਹੁੰਦਿਆਂ-ਹੁੰਦਿਆਂ ਭਾਰਤੀ ਹਾਕੀ ਦੀ ਸਰਦਾਰੀ ਵੀ ਘਟਣੀ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਲੋਕਾਂ ਦੀ ਦਿਲਚਸਪੀ ਵੀ ਦਿਨੋ-ਦਿਨ ਘਟਦੀ ਗਈ। ਭਾਰਤੀ ਹਾਕੀ ਵਿੱਚ ਕਾਲ਼ਾ ਦਿਨ ਵੀ ਆਇਆ ਜਦੋਂ ਲੀਗ ਮੈਚਾਂ ਵਿੱਚ ਗ੍ਰੇਟ ਬਿ੍ਰਟੇਨ ਕੋਲੋਂ 0-2 ਦੇ ਸਕੋਰ ਨਾਲ ਹਾਰ ਕੇ ਭਾਰਤੀ ਟੀਮ ਬੀਜਿੰਗ ਓਲੰਪਿਕ ਲਈ ਕੁਆਲੀਫਾਈ ਵੀ ਨਾ ਕਰ ਸਕੀ। ਸਮੁੱਚੇ ਹਿੰਦੁਸਤਾਨ ਤੇ ਪੂਰੀ ਦੁਨੀਆਂ ਵਿੱਚ ਵੱਸਦੇ ਹਾਕੀ ਪ੍ਰੇਮੀਆਂ ਦਾ ਦਿਲ ਟੁੱਟ ਗਿਆ। ਆਪ ਮੁਹਾਰੇ ਹੀ ਲੋਕਾਂ ਦਾ ਧਿਆਨ ਕਿ੍ਰਕਟ ਜਾਂ ਹੋਰ ਖੇਡਾਂ ਵੱਲ ਚਲਾ ਗਿਆ।

ਕਾਰਪੋਰੇਟ ਘਰਾਣਿਆਂ ਵੱਲੋਂ ਇੰਡੀਅਨ ਪ੍ਰੀਮੀਅਮ ਲੀਗ ਸ਼ੁਰੂ ਕਰਕੇ ਕਿ੍ਰਕਟ ਨੂੰ ਇੱਕ ਨਵਾਂ ਰਾਹ ਦਿਖਾਇਆ ਗਿਆ। ਹਰ ਓਵਰ ਤੋਂ ਬਾਅਦ ਆਉਂਦੀਆਂ ਕਮਰਸ਼ੀਅਲ ਮਸ਼ਹੂਰੀਆਂ ਨੇ ਜਿੱਥੇ ਕਾਰਪੋਰੇਟ ਵਪਾਰ ਵਿੱਚ ਤੇਜ਼ੀ ਲਿਆਂਦੀ, ਉੱਥੇ ਦੂਜੇ ਪਾਸੇ ਹਾਕੀ ਦੀ ਲੋਕਪਿ੍ਰਅਤਾ ਦਾ ਗ੍ਰਾਫ ਵੀ ਬਹੁਤ ਥੱਲੇ ਲੈ ਆਂਦਾ। ਕਦੇ ਸਮਾਂ ਹੁੰਦਾ ਸੀ ਕਿ ਲਗਭਗ ਪੰਜਾਬ ਦੇ ਹਰ ਸਕੂਲ ਜਾਂ ਕਾਲਜ ਵਿਚ ਹਾਕੀ ਦੀਆਂ ਟੀਮਾਂ ਹੁੰਦੀਆਂ ਸਨ। ਇਨ੍ਹਾਂ ਟੀਮਾਂ ’ਚੋਂ ਬਿਹਤਰੀਨ ਖਿਡਾਰੀ ਪੈਦਾ ਹੋਏ ਜਿਹੜੇ ਆਪਣੇ ਸੂਬੇ ਤੇ ਦੇਸ਼ ਲਈ ਖੇਡੇ। ਪ੍ਰੰਤੂ ਅੱਜ ਸਥਿਤੀ ਅਜਿਹੀ ਹੈ ਕਿ ਪੰਜਾਬ ਦੇ ਲਗਭਗ 75 ਪ੍ਰਤੀਸ਼ਤ ਸਕੂਲਾਂ ਦੇ ਵਿੱਚੋਂ ਹਾਕੀ ਦੀ ਖੇਡ ਅਲੋਪ ਹੋ ਚੁੱਕੀ ਹੈ। ਨਵੀਂ ਪਨੀਰੀ ਦਾ ਧਿਆਨ ਜ਼ਿਆਦਾ ਕਿ੍ਰਕਟ ਵੱਲ ਹੈ ਜਾਂ ਫਿਰ ਆਨਲਾਈਨ ਖੇਡਾਂ ਵੱਲ।

ਸਮੁੱਚੀ ਭਾਰਤੀ ਹਾਕੀ ਲਈ ਇਹ ਇੱਕ ਬਹੁਤ ਹੀ ਖ਼ਤਰਨਾਕ ਰੁਝਾਨ ਰਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਵੀ ਸਾਡੀ ਇਸ ਰਾਸ਼ਟਰੀ ਖੇਡ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਨਾ ਹੀ ਵਧੀਆ ਉਪਰਾਲੇ ਕੀਤੇ ਹਨ। ਦੂਜੇ ਪਾਸੇ ਉੜੀਸਾ ਸਰਕਾਰ ਨੇ ਮਰਦ ਤੇ ਔਰਤ ਹਾਕੀ ਟੀਮਾਂ ਨੂੰ ਸਪਾਂਸਰਸ਼ਿਪ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਪ੍ਰੰਤੂ ਸਮੁੱਚੇ ਭਾਰਤ ਵਿੱਚ ਸਾਰੇ ਹੀ ਸੂਬਿਆਂ ਨੂੰ ਸਾਡੀ ਰਾਸ਼ਟਰੀ ਖੇਡ ਹਾਕੀ ਲਈ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।

ਪੇਂਡੂ ਪੱਧਰ ਤੋਂ ਲੈ ਕੇ ਅਕੈਡਮੀਆਂ ਤੱਕ ਚੰਗੀ ਪਨੀਰੀ ਤਿਆਰ ਕਰਨ ਦੀ ਜ਼ਰੂਰਤ ਹੈ। ਭਾਰਤੀ ਹਾਕੀ ਨੂੰ ਮੁੜ ਸੁਰਜੀਤ ਕਰਨ ਲਈ ਭਾਰਤੀ ਹਾਕੀ ਫੈਡਰੇਸ਼ਨ ਨੂੰ ਵੀ ਆਪਣੇ ਅਹਿਮ ਉਪਰਾਲੇ ਤੇ ਯੋਗਦਾਨ ਦੇਣੇ ਪੈਣਗੇ। ਪੰਜਾਬੀ ਖਿਡਾਰੀ ਮਨਪ੍ਰੀਤ ਕੁਰੀਅਨ ਦੀ ਅਗਵਾਈ ਵਾਲੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇੱਕ ਨਵੀਂ ਆਸ ਭਾਰਤੀ ਹਾਕੀ ਦੇ ਭਵਿੱਖ ਲਈ ਪੈਦਾ ਕੀਤੀ ਹੈ। ਹਾਕੀ ਨੂੰ ਹੋਰ ਤੇਜ਼-ਤਰਾਰ ਅਤੇ ਦਿਲਚਸਪ ਬਣਾਉਣ ਲਈ ਚਾਰ ਕੁਆਰਟਰਾਂ ਦੇ ਵਿਚ ਵੰਡਣਾ ਵਧੀਆ ਉਪਰਾਲਾ ਹੈ। ਇਸ ਖੇਡ ਨਾਲ ਜੁੜੇ ਸਮੁੱਚੇ ਅਧਿਕਾਰੀਆਂ ਨੂੰ ਇੱਕ ਵਧੀਆ ਹੰਭਲਾ ਮਾਰਨ ਦੀ ਜ਼ਰੂਰਤ ਹੈ। ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ ਸੀਨੀਅਰ ਅਤੇ ਧਨਰਾਜ ਪਿੱਲੈ ਨੇ ਭਾਰਤੀ ਹਾਕੀ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ, ਤੇ ਇੱਕ ਮਹਾਨ ਇਤਿਹਾਸ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਜੇਕਰ ਅਸੀਂ ਨਾ ਸਮਝੇ ਤਾਂ ਇਹ ਇਤਿਹਾਸ ਆਪ-ਮੁਹਾਰੇ ਹੀ ਮਿਟਣਾ ਸ਼ੁਰੂ ਹੋ ਜਾਵੇਗਾ।

ਸ.ਸ. ਮਾਸਟਰ, ਸ.ਸ.ਸ.ਸ ਹਮੀਦੀ
ਮੋ. 94633-17199
ਅਮਨਿੰਦਰ ਸਿੰਘ ਕੁਠਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here