ਨਰਸਿੰਗ ਸਟਾਫ਼ ਨੂੰ ਤੋਹਫ਼ਾ, ਨਰਸਿੰਗ ਸਿਸਟਰਜ਼ ਹੁਣ ਨਰਸਿੰਗ ਅਫ਼ਸਰ ਹੋਣਗੀਆਂ

Patiala photo-02, Nursing Staff

ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕੌਮਾਂਤਰੀ ਨਰਸ ਦਿਵਸ ਮੌਕੇ ਕੀਤਾ ਐਲਾਨ

  •  ਨਰਸਿੰਗ ’ਚ ਖਾਲੀ ਪਈਆਂ ਅਸਾਮੀਆਂ ’ਤੇ ਪੱਕੀ ਭਰਤੀ ਕਰਨ ਲਈ ਸਰਕਾਰ ਵੱਚਨਬੱਧ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੌਮਾਂਤਰੀ ਨਰਸਿੰਗ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਨਰਸਿੰਗ ਸਟਾਫ਼ (Nursing Staff) ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਨਰਸਿੰਗ ਸਿਸਟਰਜ਼ ਦੇ ਅਹੁਦੇ ਨੂੰ ਹੁਣ ਨਰਸਿੰਗ ਅਫ਼ਸਰ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਵੱਲੋਂ ਨਰਸਿੰਗ ਦਿਵਸ ਮੌਕੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਅੱਜ ਫਲੋਰੈਂਸ ਨਾਈਟਿੰਗੇਲ ਦੀ ਜਨਮ ਵਰ੍ਹੇਗੰਢ ਮੌਕੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਪੰਜਾਬ ਨਰਸਿੰਗ ਐਸੋਸੀਏਸ਼ਨ ਤੇ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਸਿੰਗ ਸਟਾਫ਼ ਵੱਲੋਂ ਮਰੀਜ਼ਾਂ ਦੀ ਸਾਂਭ-ਸੰਭਾਲ ਅਤੇ ਕੋਵਿਡ ਮਹਾਂਮਾਰੀ ’ਚ ਨਿਭਾਈਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਨਰਸਿੰਗ ਸਟਾਫ਼ ਦੀਆਂ ਮੰਗਾਂ ਨੂੰ ਮੰਨਣ ਸਮੇਤ ਨਰਸਿੰਗ ਸਿਸਟਰਜ਼ ਦੇ ਅਹੁਦੇ ਨੂੰ ਨਰਸਿੰਗ ਅਫ਼ਸਰ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਰਸਿੰਗ ਸਟਾਫ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ’ਤੇ ਪੱਕੀ ਭਰਤੀ ਕਰਨ ਲਈ ਵੀ ਵਚਨਬੱਧ ਹੈ।

ਸਿਹਤ ਵਿਭਾਗ ’ਚ 710 ਨਰਸਿੰਗ ਅਮਲੇ ਨੂੰ ਨਿਯੁਕਤੀ ਪੱਤਰ ਦਿੱਤੇ

ਉਨ੍ਹਾਂ ਕੌਮਾਂਤਰੀ ਨਰਸ ਦਿਵਸ ਦੇ ਇਸ ਵਰ੍ਹੇ ਦੇ ਥੀਮ, ਵਿਸ਼ਵ ਭਰ ’ਚ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਨਰਸਿੰਗ ਪੇਸ਼ੇ ’ਚ ਸੁਰੱਖਿਆ, ਸਮਰਥਨ ਅਤੇ ਨਿਵੇਸ਼ ਕਰਨ ਦੀ ਲੋੜ ’ਤੇ ਕੇਂਦਰਿਤ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਰਸਿੰਗ ਸਟਾਫ਼ ਦੀਆਂ ਲੋੜਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਸਮਾਂਬੱਧ ਤਰੱਕੀ ਸਮੇਤ ਨਰਸਿੰਗ ਅਮਲੇ ਦੀ ਕੋਈ ਵੀ ਮੰਗ ਬਕਾਇਆ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਸਿਹਤ ਵਿਭਾਗ ’ਚ 710 ਨਰਸਿੰਗ ਅਮਲੇ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ।

ਇਸ ਮੌਕੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਕਨਵੀਨਰ ਪਰਮਜੀਤ ਕੌਰ ਸੰਧੂ ਅਤੇ ਰਾਜਿੰਦਰਾ ਹਸਪਤਾਲ ਦੀ ਨਰਸਿੰਗ ਸੁਪਰਡੈਂਟ ਮਨਜੀਤ ਕੌਰ ਧਾਲੀਵਾਲ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਸਿਹਤ ਮੰਤਰੀ ਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸਮਾਗਮ ਮੌਕੇ ਨਰਸਿੰਗ ਅਮਲੇ ਨੇ ਪ੍ਰਣ ਕੀਤਾ ਕਿ ਉਹ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਉਚਾ ਚੁੱਕਣ ’ਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਪ੍ਰਮੁੱਖ ਸਕੱਤਰ ਹੁਸਨ ਲਾਲ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਵਾਈਸ ਪਿ੍ਰੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਸਿਵਲ ਸਰਜਨ ਡਾ. ਰਾਜੂ ਧੀਰ ਸਮੇਤ ਵੱਡੀ ਗਿਣਤੀ ’ਚ ਨਰਸਿੰਗ ਅਮਲੇ ਦੇ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ।

ਨਰਸਿੰਗ ਅਫ਼ਸਰ ਭਾਈ ਘਨੱਈਆਂ ਜੀ ਦੇ ਵਾਰਸ : ਵਿਧਾਇਕ

ਇਸ ਤੋਂ ਪਹਿਲਾਂ ਵਿਧਾਇਕ ਡਾ. ਬਲਬੀਰ ਸਿੰਘ ਨੇ ਨਰਸਿੰਗ ਅਫ਼ਸਰਾਂ ਨੂੰ ਭਾਈ ਘਨੱਈਆ ਜੀ ਦੇ ਅਸਲ ਵਾਰਸ ਦੱਸਦਿਆਂ ਕਿਹਾ ਕਿ ਹੁਣ ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣੀਆਂ ਮੰਗਾਂ ਮੰਨਵਾਉਣ ਲਈ ਕੋਈ ਸੰਘਰਸ਼ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਵਿਖੇ 25 ਲੱਖ ਰੁਪਏ ਦੀਆਂ ਐਮਰਜੈਂਸੀ ਦਵਾਈਆਂ ਭੇਜੀਆਂ ਹਨ। ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਨਰਸਿੰਗ ਅਮਲੇ ਨੂੰ ਧਰਤੀ ਦੇ ਫ਼ਰਿਸਤੇ ਦੱਸਦਿਆਂ ਇਨ੍ਹਾਂ ਵੱਲੋਂ ਨਿਭਾਂਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here