Breaking News

ਗਲੋਬਲ ਕਬੱਡੀ ਲੀਗ; ਕੈਲੇਫੋਰਨੀਆ-ਹਰਿਆਣਾ ਭਿੜਨਗੇ ਫਾਈਨਲ ‘ਚ

ਕੈਲੇਫੋਰਨੀਆ ਈਗਲਜ਼ ਨੇ ਕੈਨੇਡਾ ਨੂੰ 57-53 ਨਾਲ ਹਰਾਇਆ

 ਹਰਿਆਣਾ ਲਾਇਨਜ਼, ਸਿੰਘ ਵਾਰੀਅਰਜ਼ ਪੰਜਾਬ ਨੂੰ ਹਰਾ ਕੇ ਪਹੁੰਚੀ ਫਾਈਨਲ ‘ਚ

ਜੇਤੂ ਨੂੰ ਮਿਲੇਗਾ 1 ਕਰੋੜ

 

ਫਾਈਨਲ ਸ਼ਾਮ 6 ਵਜੇ
ਸੁਖਜੀਤ ਮਾਨ
ਮੋਹਾਲੀ, 2 ਨਵੰਬਰ
ਗਲੋਬਲ ਕਬੱਡੀ ਲੀਗ ‘ਚ ਭਲਕੇ ਹਰਿਆਣਾ ਲਾਇਨਜ਼ ਅਤੇ ਕੈਲੇਫੋਰਨੀਆ ਈਗਲਜ਼ ਦੀਆਂ ਟੀਮਾਂ ਖਿਤਾਬੀ ਜਿੱਤ ਹਾਸਿਲ ਕਰਨ ਲਈ ਮੈਦਾਨ ‘ਚ ਨਿੱਤਰਨਗੀਆਂ  ਅੱਜ ਸੈਮੀਫਾਈਨਲ ਮੈਚ ਦੌਰਾਨ ਹਰਿਆਣਾ ਲਾਇਨਜ਼ ਨੇ ਸਿੰਘ ਵਾਰੀਅਰਜ਼ ਪੰਜਾਬ ਨੂੰ 60-46 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਦੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ।  ਦੂਜੇ ਸੈਮੀਫਾਇਨਲ ਵਿੱਚ ਕੈਲੇਫੋਰਨੀਆ ਈਗਲਜ਼ ਨੇ ਮੈਪਲ ਲੀਫ ਕੈਨੇਡਾ ਨੂੰ 57-53 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਇਹ ਮੈਚ ਮੋਹਾਲੀ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਖੇਡੇ ਗਏ

 

 

ਪਹਿਲੇ ਸੈਮੀਫਾਇਨਲ ਵਿੱਚ ਹਰਿਆਣਾ ਲਾਇਨਜ਼ ਦੇ ਜਾਫੀਆਂ ਨੇ ਸਿੰਘ ਵਾਰੀਅਰਜ਼ ਦੇ ਤਕੜੇ ਰੇਡਰਾਂ ਨੂੰ ਸਭ ਤੋਂ ਵੱਧ ਜੱਫੇ ਲਾ ਕੇ ਮੈਚ ਦੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ। ਪਹਿਲੇ ਕਵਾਰਟਰ ਵਿੱਚ ਹਰਿਆਣਾ ਲਾਇਨਜ਼ 17-8 ਦੇ ਫਰਕ ਨਾਲ ਅੱਗੇ ਸੀ। ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 31-21 ਨਾਲ ਅੱਗੇ ਸੀ। ਸਿੰਘ ਵਾਰੀਅਰਜ਼ ਦਾ ਕੋਈ ਵੀ ਰੇਡਰ ਇਹੋ ਜਿਹਾ ਨਹੀਂ ਸੀ ਜਿਸ ਨੂੰ ਜੱਫਾ ਨਾ ਲੱਗਾ ਹੋਵੇ। ਹਰਿਆਣਾ ਲਾਇਨਜ਼ ਦੇ ਜਾਫੀ ਬਿੱਲਾ ਬਲਵੇੜਾ ਅਤੇ ਕਾਲਾ ਨੇ ਦਰਸ਼ਕਾਂ ਦਾ ਮਨ ਮੋਹਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 60-46 ਦੇ ਫਰਕ ਨਾਲ ਹਰਿਆਣਾ ਲਾਇਨਜ਼ ਦੇ ਹੱਕ ਵਿੱਚ ਰਿਹਾ। ਹਰਿਆਣਾ ਦੇ ਰੇਡਰਾਂ ਰਵੀ ਦਿਓਰਾ ਅਤੇ ਵਿਨੈ ਖਤਰੀ ਨੇ 14-14 ਅੰਕ ਬਣਾਏ ਜਦਕਿ ਉਨਾਂ ਦੇ ਜਾਫੀ ਬਿੱਲਾ ਬਰਵਾੜਾ ਨੇ 5 ਅੰਕ ਬਣਾਏ। ਸਿੰਘ ਵਾਰੀਅਰਜ਼ ਦੇ ਰੁਪਿੰਦਰ ਪਿੰਦੂ ਨੇ 15 ਅੰਕ ਬਣਾਏ।

 

 

ਦੂਜਾ ਸੈਮੀਫਾਇਨਲ ਕਾਫੀ ਸੰਘਰਸ਼ਪੂਰਨ ਰਿਹਾ। ਖੇਡ ਦੇ ਪਹਿਲੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ 14-13 ਨਾਲ ਅੱਗੇ ਸੀ। ਇਸ ਮੈਚ ਦੌਰਾਨ ਜਿਥੇ ਬੇਹਤਰੀਨ ਰੇਡਾਂ ਦੇਖਣ ਨੂੰ ਮਿਲੀਆਂ ਉਥੇ ਹੀ ਜਾਫੀਆਂ ਨੇ ਵੀ ਬੱਲੇ-ਬੱਲੇ ਕਰਵਾਈ। ਅੱਧੇ ਸਮੇਂ ਤੱਕ  ਸਕੋਰ 28-26 ਮੈਪਲ ਲੀਫ ਕੈਨੇਡਾ ਦੇ ਹੱਕ ਵਿੱਚ ਸੀ। ਤੀਜੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਤੀਜੇ ਕਵਾਰਟਰ ਦੀ ਸਮਾਪਤੀ ਤੱਕ ਸਕੋਰ-43-39ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਸੀ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 57-53 ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਰਿਹਾ ਅਤੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਜੇਤੂ ਟੀਮ ਵਲੋਂ ਨਵਜੋਤ ਸ਼ੰਕਰ ਨੇ ਸਭ ਤੋਂ ਵੱਧ 20ਅੰਕ ਬਣਾਏ ਜਦਕਿ ਉਨਾ ਦੇ ਜਾਫੀ ਅ੍ਰਮਿੰਤ ਔਲਖ ਨੇ 8 ਅੰਕ ਬਣਾਏ। ਕੈਨੇਡਾ ਵਲੋਂ ਕਾਲਾ ਧਾਲੀਵਾਲ ਬੇਟ ਨੇ 12 ਅੰਕ ਬਣਾਏ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਸ਼ੇਸ਼ ਮਹਿਮਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਉਨਾਂ ਨੂੰ ਹੱਲਾਸ਼ੇਰੀ ਦਿੱਤੀ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top