ਪੰਜਾਬ

ਰਾਜਨੀਤੀ: ਸਰਕਾਰਾਂ ਨੂੰ ਨਹੀਂ ਦਿਸਿਆ ਬਠਿੰਡਾ ‘ਚ ਸਾਲਾਂ ਤੋਂ ਵਗਦਾ ਕਾਲਾ ਪਾਣੀ

Government, Does't, See, Black ,Water, Bathinda

ਲਸਾੜਾ ਡਰੇਨ ਦੇ ਕਾਲੇ ਪਾਣੀ ਨੇ ਖਾਧੇ ਮਨੁੱਖੀ ਸਰੀਰ

ਬਠਿੰਡਾ, ਅਸ਼ੋਕ ਵਰਮਾ।

ਕੈਂਸਰ ਮਾਰੇ ਬਠਿੰਡਾ ਜਿਲ੍ਹੇ ‘ਚ ਕਈ ਸਾਲ ਪਹਿਲਾਂ ਸੇਮ ਦੀ ਸਮੱਸਿਆ ਦੇ ਹੱਲ ਲਈ ਪੁੱਟੇ ਨਿਕਾਸੀ ਨਾਲਿਆਂ ‘ਚ ਵਗਦੇ ਕਾਲੇ ਪਾਣੀ ਵੱਲ ਕਿਸੇ ਦੀ ਨਜ਼ਰ ਨਹੀਂ ਗਈ ਹੈ ਧਨਾਢ ਘਰਾਣਿਆਂ ਦੀਆਂ ਸਨਅਤਾਂ ਵਿੱਚੋਂ ਨਿਕਲਿਆ ਕਾਲੇ ਰੰਗ ਦਾ ਜ਼ਹਿਰੀਲਾ ਪਾਣੀ ਵਹਿ ਰਿਹਾ ਹੈ ਜਿਸ ਨੇ ਪੰਜਾਬੀਆਂ ਦੀ ਸਿਹਤ ਨੂੰ ਖੋਰਾ ਲਾਇਆ ਹੈ। ਨਿਕਾਸੀ ਨਾਲਿਆਂ ‘ਚੋਂ ਸਭ ਤੋਂ ਮੰਦੇ ਹਾਲੀਂ 225 ਕਿਲੋਮੀਟਰ ਲੰਮਾ ਲਸਾੜਾ ਡਰੇਨ ਹੈ, ਜੋ ਲੁਧਿਆਣਾ ਜਿਲ੍ਹੇ ਤੋਂ ਸ਼ੁਰੂ ਹੋ ਕੇ ਸੰਗਰੂਰ, ਬਰਨਾਲਾ ਜ਼ਿਲ੍ਹਿਆਂ ਦੇ ਨਾਲ-ਨਾਲ ਬਠਿੰਡਾ ਦੇ ਤਲਵੰਡੀ ਸਾਬੋ ਇਲਾਕੇ ਦੇ ਪਿੰਡਾਂ ਗੁੜਥੜੀ, ਪਥਰਾਲਾ, ਦੁੱਨੇਵਾਲਾ, ਮਛਾਣਾ, ਸ਼ੇਰਗੜ੍ਹ ,ਕੁਟੀ ਤੇ ਜੱਸੀ ਆਦਿ ਲਾਗਿਓਂ ਲੰਘਦੀ ਹੈ ਪਿਛਲੇ ਕਾਫੀ ਵਰ੍ਹਿਆਂ ਤੋਂ ਇਸ ਡਰੇਨ ‘ਚ ਮਾਲਵੇ ਦੇ ਇੱਕ ਵੱਡੇ ਤੇ ਸਿਆਸੀ ਪ੍ਰਭਾਵ ਵਾਲੇ ਘਰਾਣੇ ਦੀ ਵੱਡੀ ਸਨਅਤ ਗੰਦ ਮੰਦ ਸੁੱਟ ਰਹੀ ਹੈ ਪ੍ਰੰਤੂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਬੇਵੱਸ ਹਨ।

ਪਤਾ ਲੱਗਿਆ ਹੈ ਕਿ ਇਸ ਸਨਅਤ ਦੀ ਆੜ ਹੇਠ ਸ਼ਰਾਬ ਸਨਅਤਾਂ ਅਤੇ ਕਈ ਨਗਰ ਕੌਂਸਲਾਂ ਵੀ ਇਸ ਡਰੇਨ ‘ਚ ਰਹਿੰਦ-ਖੂੰਹਦ ਸੁੱਟ ਰਹੀਆਂ ਹਨ। ਬਠਿੰਡਾ ਸ਼ਹਿਰ ਦੇ ਸੀਵਰੇਜ਼ ਦਾ ਪਾਣੀ ਵੀ ਵਾਇਆ ਸ਼ੇਰਗੜ੍ਹ ਇਸੇ ਡਰੇਨ ‘ਚ ਸੁੱਟਿਆ ਜਾ ਰਿਹਾ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੱਕ ਇੰਜਨੀਅਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਲਸਾੜਾ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਇਸ ਜ਼ਹਿਰੀਲੇ ਤੇ ਕਾਲੇ ਪਾਣੀ ਨੂੰ ਬੰਦ ਕਰਨ ਦੇ ਯਤਨ ਕੀਤੇ ਗਏ ਸਨ ਪਰ ਸਿਆਸੀ ਇਸ਼ਾਰੇ ਕਾਰਨ ਮਾਮਲਾ ਠੱਪ ਕਰ ਦਿੱਤਾ ਗਿਆ ਸੀ। ਪਿੰਡ ਦੁੱਨੇਵਾਲਾ ਦੇ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਦਾ ਕਹਿਣਾ ਸੀ ਕਿ ਦੁੱਨੇਵਾਲਾ, ਸ਼ੇਰਗੜ੍ਹ, ਭਗਵਾਨਗੜ੍ਹ ਤੇ ਮੱਲਵਾਲਾ ਆਦਿ ਪਿੰਡਾਂ ‘ਚ ਨਹਿਰੀ ਪਾਣੀ ਦੀ ਘਾਟ ਹੋਣ ਕਰਕੇ ਕਿਸਾਨ ਲਸਾੜਾ ਦਾ ਪਾਣੀ ਆਪਣੇ ਖੇਤਾਂ ਨੂੰ ਸਿੰਜਣ ਲਈ ਵਰਤਦੇ ਹਨ।

ਉਨ੍ਹਾਂ  ਦੱਸਿਆ ਕਿ  ਬਹੁਤੇ ਕਿਸਾਨਾਂ  ਨੇ ਨਾਲਿਆਂ ‘ਚੋਂ ਇਹ ਪਾਣੀ ਚੁੱਕਣ ਵਾਸਤੇ ਪੰਪ ਲਾਏ ਹੋਏ ਹਨ ਅਤੇ ਇਸ ਜ਼ਹਿਰੀਲੇ ਪਾਣੀ ਦੀ ਸਿੰਚਾਈ ਲਈ ਵਰਤੋਂ ਤੋਂ ਚਿੰਤਤ ਵੀ ਹਨ ਪਰ ਬਦਲ ਨਾ ਹੋਣ ਕਾਰਨ ਇਹ ਪਾਣੀ ਵਰਤਣਾ ਮਜ਼ਬੂਰੀ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਬਹੁਤ ਪ੍ਰਦੂਸ਼ਤ ਪਾਣੀ ਹੋਣ ਕਰਕੇ  ਲੋਕਾਂ ‘ਚ ਕੈਂਸਰ, ਚਮੜੀ ਰੋਗ ਤੇ ਸਾਹ ਨਾਲ ਸਬੰਧਤ ਬਿਮਾਰੀਆਂ ਆਮ ਹੋ ਰਹੀਆਂ ਹਨ। ਇਵੇਂ ਹੀ ਪਿੰਡ ਗੁਰਥੜੀ ਦੇ ਸਰਪੰਚ ਜਗਤਪਾਲ ਸਿੰਘ ਨੇ ਵੀ ਪਾਣੀ ਨੂੰ ਮਨੁੱਖੀ ਸਿਹਤ ਲਈ ਹਾਨੀਕਾਰਕ ਤਾਂ ਮੰਨਿਆ ਪਰ ਕਿਸਾਨਾਂ ਦੀ ਮਜਬੂਰੀ ਦੀ ਗੱਲ ਵੀ ਆਖੀ ਹੈ।

ਸਿਹਤ ਮਾਹਿਰਾਂ ਮੁਤਾਬਕ ਇਹ ਦੂਸ਼ਿਤ ਪਾਣੀ ਕੈਂਸਰ, ਚਮੜੀ ਰੋਗ ਤੇ ਸਾਹ ਆਦਿ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਵੇਰਵਿਆਂ ਮੁਤਾਬਕ ਜਲ ਸਪਲਾਈ ਵਿਭਾਗ ਨੇ ਵੀ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਸਨ। ਇਨ੍ਹਾਂ ਨਮੂਨਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਪੀਣ ਲਈ ਸਪਲਾਈ ਹੋ ਪਾਣੀ ‘ਚ ਯੂਰੇਨੀਅਮ, ਸਿੱਕਾ, ਨਿਕਲ, ਫਲੋਰਾਈਡ ਵਰਗੇ ਖਤਰਨਾਕ ਤੱਤ ਹਨ। ਰਿਪੋਰਟ  ਮੁਤਾਬਕ ਬਠਿੰਡਾ ਦੇ ਪਾਣੀਆਂ  ਵਿੱਚ ਸਭ ਤੋਂ ਖ਼ਤਰਨਾਕ ਧਾਤ ਸਿੱਕਾ ਵੀ ਮਿਲਿਆ ਹੈ ਸਿੱਕੇ ਦੇ ਮਨੁੱਖੀ ਸਰੀਰ ਵਿੱਚ ਜਾਣ ਨਾਲ ਹਾਈ ਬਲੱਡ ਪ੍ਰੈਸ਼ਰ, ਗੁਰਦਿਆਂ  ਦਾ ਫੇਲ੍ਹ ਹੋਣਾ, ਪੇਟ ਤੇ ਅੰਤੜੀਆਂ  ਦੇ ਰੋਗ, ਨਰਵਸ ਸਿਸਟਮ ‘ਚ ਕਮਜ਼ੋਰੀ ਅਤੇ ਔਰਤਾਂ ‘ਚ ਬਾਂਝਪਣ  ਹੋ ਸਕਦਾ ਹੈ।

ਜਲ ਸ਼ੁੱਧੀਕਰਨ ਪ੍ਰੋਜੈਕਟ ਲਾਉਣ ਦੇ ਹੁਕਮ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜਨੀਅਰ ਸ੍ਰੀ ਕਰੁਨੇਸ਼ ਗਰਗ ਦਾ ਕਹਿਣਾ ਸੀ ਕਿ ਲਸਾੜਾ, ‘ਚ ਪਾਣੀ ਸੁੱਟਣ ਵਾਲੀ ਸਨਅਤ ਨੂੰ ਪਾਣੀ ਦਾ ਸ਼ੁੱਧਕਰਨ ਪ੍ਰੋਜੈਕਟ ਲਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਕੰਪਨੀ ਨੇ ਕਰੀਬ 25 ਕਰੋੜ ਦੀ ਲਾਗਤ ਨਾਲ ਜੋ ਪ੍ਰੋਜੈਕਟ ਲਾਇਆ ਸੀ ਉਹ ਸਹੀ ਨਹੀਂ ਚੱਲਿਆ। ਉਨ੍ਹਾਂ ਦੱਸਿਆ ਕਿ ਕੁਝ ਤਕਨੀਕੀ ਮੁੱਦੇ ਹਨ ਜਿਨ੍ਹਾਂ ਦਾ ਹੱਲ ਨਿਕਲਦਿਆਂ ਹੀ ਲਸਾੜਾ ਡਰੇਨ ਵਾਲੀ ਸਮੱਸਿਆ ਖਤਮ ਹੋ ਜਾਵੇਗੀ।

ਕਾਲਾ ਪਾਣੀ ਰੋਕਣ ‘ਚ ਫੇਲ੍ਹ ਸਰਕਾਰ
ਜੁਆਇੰਟ ਐਕਸ਼ਨ ਕਮੇਟੀ ਬਠਿੰਡਾ ਦੇ ਕਨਵੀਨਰ ਐਮ ਐਮ ਬਹਿਲ ਦਾ ਕਹਿਣ ਹੈ ਕਿ ਸਰਕਾਰਾਂ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਸੋਮਿਆਂ ਖਿਲਾਫ ਕਾਰਵਾਈ ਕਰਨ ‘ਚ ਪੂਰੀ ਤਰ੍ਹਾਂ ਫੇਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਕਿ ਸਰਕਾਰ ਪਹਿਲਾਂ ਇਨ੍ਹਾਂ ਸਨਅਤਾਂ ਨੂੰ ਨੱਥ ਪਾਵੇ ਤੇ ਨਾਲ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਏ  ਸ੍ਰੀ ਬਹਿਲ ਨੇ ਕਿਹਾ ਕਿ ਲੋਕ ਵਰ੍ਹਿਆਂ ਤੋਂ ਪਾਣੀ ਨੂੰ ਤਰਸੇ ਪਏ ਹਨ ਅਤੇ ਮਾੜਾ ਪਾਣੀ ਲੋਕਾਂ ਦੇ ਸਰੀਰ ਖਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top